ਪੰਜ ਰਾਜਾਂ ਦੀਆਂ ਚੋਣਾਂ: ਅਜੇ ਨਕਸ਼ਾ ਸਪਸ਼ਟ ਨਹੀਂ

-ਜਤਿੰਦਰ ਪਨੂੰ
ਪੰਜ ਰਾਜਾਂ ਦੇ ਲੋਕ ਇਸ ਵਕਤ ਵਿਧਾਨ ਸਭਾ ਚੋਣਾਂ ਵਾਸਤੇ ਤਿਆਰ ਹੋ ਰਹੇ ਹਨ। ਸਭ ਧਿਰਾਂ ਦਾ ਧਿਆਨ ਆਪਣੀ ਜਿੱਤ ਜਾਂ ਜਿੱਤਣ ਜੋਗੇ ਨਹੀਂ ਤਾਂ ਸਥਿਤੀ ਮਜ਼ਬੂਤ ਕਰਨ ਵੱਲ ਲੱਗਾ ਹੋਇਆ ਹੈ। ਨਵੀਂ ਉਭਰੀ ਆਮ ਆਦਮੀ ਪਾਰਟੀ ਸਿਰਫ ਪੰਜਾਬ ਅਤੇ ਗੋਆ ਵਿਚ ਕੋਈ ਪ੍ਰਭਾਵ ਪਾਉਣ ਵਾਲੀ ਸਥਿਤੀ ਵਿਚ ਹੈ ਤੇ ਦੋਵੇਂ ਥਾਂ ਅਗਲੀ ਸਰਕਾਰ ਬਣਾਉਣ ਦੇ ਦਾਅਵੇ ਵੀ ਕਰਦੀ ਹੈ। ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਪੰਜ ਰਾਜਾਂ ਵਿਚ ਇਸ ਵਾਰੀ ਜਿੱਤ ਦੇ ਝੰਡੇ ਗੱਡਣ ਦੇ ਦਾਅਵੇ ਕਰਨ ਤੋਂ ਕੰਜੂਸੀ ਨਹੀਂ ਕਰਦੀ।

ਮਨੀਪੁਰ ਵਿਚ ਕਾਂਗਰਸ ਦੀ ਸਰਕਾਰ ਪਿਛਲੀਆਂ ਤਿੰਨ ਵਾਰੀਆਂ ਤੋਂ ਲਗਾਤਾਰ ਚੱਲ ਰਹੀ ਹੈ ਤੇ ਉਤਰਾਖੰਡ ਵਿਚ ਪਿਛਲੇ ਪੰਜਾਂ ਸਾਲਾਂ ਵਿਚ ਖੱਪੇ ਛੱਡ ਕੇ ਚੱਲਦੀ ਰਹੀ ਹੈ, ਪਰ ਉਤਰ ਪ੍ਰਦੇਸ਼ ਵਿਚ ਨਾ ਇਸ ਦੀ ਸਰਕਾਰ ਹੁਣ ਹੈ, ਨਾ ਬਣਨ ਦੀ ਆਸ ਹੈ। ਕੇਂਦਰ ਸਰਕਾਰ ਚਲਾ ਰਹੀ ਤੇ ਇਸ ਵੇਲੇ ਸਭ ਤੋਂ ਮਜ਼ਬੂਤ ਕਹੀ ਜਾਂਦੀ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਗੱਠਜੋੜ ਦੀ ਲਗਾਤਾਰ ਤੀਸਰੀ ਸਰਕਾਰ ਬਣਨ ਦੀ ਆਸ ਬਹੁਤੀ ਨਹੀਂ ਕਰਦੀ, ਦਾਅਵਾ ਭਾਵੇਂ ਕਰੀ ਜਾ ਰਹੀ ਹੈ। ਉਹ ਉਤਰ ਪ੍ਰਦੇਸ਼ ਅਤੇ ਉਤਰਾ ਖੰਡ ਉਤੇ ਕਬਜ਼ੇ ਲਈ ਸੁਫਨੇ ਲੈਣ ਦੇ ਨਾਲ ਗੋਆ ਵਾਲਾ ਰਾਜ ਬਚਾ ਲੈਣ ਲਈ ਆਸਵੰਦ ਹੈ। ਪੰਜਵਾਂ ਰਾਜ ਮਨੀਪੁਰ ਦੂਰ ਉਤਰ-ਪੂਰਬ ਵਿਚ ਹੋਣ ਕਾਰਨ ਬਹੁਤੀ ਚਰਚਾ ਵਿਚ ਨਹੀਂ, ਪਰ ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਉਥੇ ਕਬਜ਼ਾ ਕਰ ਲੈਣਾ ਹੈ। ਉਤਰ ਪ੍ਰਦੇਸ਼ ਵਿਚ ਰਾਜ ਕਰਦੀ ਸਮਾਜਵਾਦੀ ਪਾਰਟੀ ਦਾ ਟੱਬਰ ਪਾਟਾ ਹੋਣ ਦੇ ਬਾਵਜੂਦ ਅਖਿਲੇਸ਼ ਯਾਦਵ ਦੀ ਨਿੱਜੀ ਖਿੱਚ ਲੋਕਾਂ ਵਿਚ ਹੈ ਤੇ ਬਹੁਜਨ ਸਮਾਜ ਪਾਰਟੀ ਨੂੰ ਵੀ ਆਪਣਾ ਹਾਥੀ ਸ਼ਾਨ ਨਾਲ ਜੇਤੂ ਜਲੂਸ ਕੱਢਣ ਦੇ ਝਓਲੇ ਪਾ ਰਿਹਾ ਹੈ।
ਜਦੋਂ ਹਕੀਕਤ ਦੀ ਗੱਲ ਕਰਨੀ ਹੋਵੇ ਤਾਂ ਕਿਸੇ ਵੀ ਰਾਜ ਦੀ ਹਾਲਤ ਦੂਸਰੇ ਨਾਲ ਨਹੀਂ ਮਿਲਦੀ ਤੇ ਇਹ ਵੀ ਕਿ ਸਿਆਸੀ ਨਕਸ਼ਾ ਕਿਸੇ ਥਾਂ ਵੀ ਅਜੇ ਤੱਕ ਪੂਰਾ ਸਪਸ਼ਟ ਨਹੀਂ ਹੈ।
ਗੋਆ ਵਿਚ ਕਾਂਗਰਸ ਆਪਸੀ ਖਹਿਬੜ ਦੇ ਬਾਵਜੂਦ ਦਸ ਸਾਲ ਸਰਕਾਰ ਚਲਾ ਗਈ ਸੀ। ਪਿਛਲੀ ਵਾਰੀ ਭਾਜਪਾ ਜਿੱਤ ਗਈ ਤਾਂ ਮਨੋਹਰ ਪਾਰਿਕਰ ਨੂੰ ਮੁੱਖ ਮੰਤਰੀ ਬਣਾਇਆ ਗਿਆ, ਜਿਸ ਦੇ ਰਾਜ ਦੀ ਹਰ ਕੋਈ ਸਿਫਤ ਕਰੀ ਜਾਂਦਾ ਸੀ। ਪ੍ਰਧਾਨ ਮੰਤਰੀ ਬਣ ਕੇ ਨਰਿੰਦਰ ਮੋਦੀ ਨੇ ਉਸ ਨੂੰ ਕੇਂਦਰੀ ਰੱਖਿਆ ਮੰਤਰੀ ਬਣਨ ਲਈ ਦਿੱਲੀ ਸੱਦ ਲਿਆ। ਦਿੱਲੀ ਵਿਚ ਕਾਮਯਾਬ ਨਹੀਂ ਹੋ ਸਕਿਆ ਤੇ ਪਿੱਛੇ ਗੋਆ ਦਾ ਕੰਮ ਖਰਾਬ ਹੋ ਗਿਆ ਜਾਪਦਾ ਹੈ। ਉਥੇ ਆਰ ਐਸ ਐਸ ਦਾ ਉਸ ਰਾਜ ਦਾ ਮੁਖੀ ਸੁਭਾਸ਼ ਵੇਲਿੰਗਕਰ ਬਾਗੀ ਹੋ ਗਿਆ ਅਤੇ ਸ਼ਿਵ ਸੈਨਾ ਨਾਲ ਗੱਠਜੋੜ ਬਣਾ ਕੇ ਹੁਣ ਭਾਜਪਾ ਨੂੰ ਚੁਣੌਤੀ ਦੇ ਰਿਹਾ ਹੈ। ਆਮ ਆਦਮੀ ਪਾਰਟੀ ਵੀ ਉਥੇ ਚੋਖਾ ਪ੍ਰਭਾਵ ਪਾ ਰਹੀ ਹੈ, ਪਰ ਇਸ ਭਾਜੜ ਦੇ ਮਾਹੌਲ ਵਿਚ ਕਾਂਗਰਸ ਵੀ ਰਾਜ ਮਹਿਲਾਂ ਵਿਚ ਵਾਪਸੀ ਲਈ ਆਸਵੰਦ ਹੈ। ਸਰਵੇਖਣ ਭਾਵੇਂ ਕੁਝ ਵੀ ਕਹੀ ਜਾਣ, ਗੋਆ ਵਿਚ ਕਿਸੇ ਧਿਰ ਦੇ ਦਾਅਵਿਆਂ ਵਿਚ ਵੀ ਜਿੱਤ ਦਾ ਦਮ ਨਹੀਂ ਲੱਭਦਾ।
ਉਤਰ ਪ੍ਰਦੇਸ਼ ਵਿਚ ਭਾਜਪਾ ਦੀ ਹਾਲਤ ਇਹ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਡੇ ਪ੍ਰੋਗਰਾਮ ਕਰਵਾ ਕੇ ਲਹਿਰ ਬਣਾਉਣਾ ਚਾਹੁੰਦੀ ਹੈ। ਸਿਰਫ ਜਲਸਿਆਂ ਨਾਲ ਜਿੱਤ ਨਹੀਂ ਹੋਣੀ। ਦਿੱਲੀ ਦੇ ਲੋਕਾਂ ਉਤੇ ਇਸ ਦਾ ਅਸਰ ਨਹੀਂ ਸੀ ਪਿਆ ਤੇ ਨਰਿੰਦਰ ਮੋਦੀ ਦੀਆਂ ਵੱਡੀਆਂ ਰੈਲੀਆਂ ਦੇ ਬਾਵਜੂਦ ਆਮ ਆਦਮੀ ਪਾਰਟੀ ਜਿੱਤ ਗਈ ਸੀ, ਜਿਸ ਨੇ ਕੋਈ ਵੱਡੀ ਰੈਲੀ ਕੀਤੀ ਹੀ ਨਹੀਂ ਸੀ। ਹੁਣੇ ਹੋਈ ਲਖਨਊ ਦੀ ਭਾਜਪਾ ਰੈਲੀ ਰਿਕਾਰਡ ਤੋੜਨ ਵਾਲੀ ਸੀ, ਪਰ ਇਸ ਨੂੰ ਬਾਹਰ ਭਾਵੇਂ ਉਹ ਬਹੁਤ ਉਭਾਰ ਕੇ ਪੇਸ਼ ਕਰਦੀ ਹੈ, ਅੰਦਰੋਂ ਇਸੇ ਭੀੜ ਤੋਂ ਡਰ ਰਹੀ ਹੈ। ਕਾਰਨ ਇਹ ਕਿ ਟਿਕਟਾਂ ਦੇ ਦਾਅਵੇਦਾਰਾਂ ਨੂੰ ਕਿਹਾ ਗਿਆ ਸੀ ਕਿ ਟਿਕਟ ਫੇਰ ਮੰਗਿਓ, ਲਖਨਊ ਵਾਲੀ ਰੈਲੀ ਵਿਚ ਵੱਧ ਤੋਂ ਵੱਧ ਭੀੜ ਪਹਿਲਾਂ ਜੋੜਨੀ ਹੈ। ਇਸ ਕਰ ਕੇ 403 ਹਲਕਿਆਂ ਤੋਂ ਟਿਕਟਾਂ ਦੇ ਚਾਹਵਾਨ ਆਪੋ ਆਪਣੇ ਹਲਕੇ ਤੋਂ ਬੱਸਾਂ ਭਰ ਲਿਆਏ ਸਨ ਤੇ ਉਨ੍ਹਾਂ ਦਾ ਆਪੋ ਵਿਚ ਮੁਕਾਬਲਾ ਸੀ। ਰੈਲੀ ਤੋਂ ਬਾਅਦ ਟਿਕਟਾਂ ਦੀ ਦਾਅਵੇਦਾਰੀ ਹੁਣ ਖਿੱਚੋਤਾਣ ਵਿਚ ਬਦਲ ਗਈ ਹੈ ਤੇ ਜਿਸ ਕਿਸੇ ਨੂੰ ਟਿਕਟ ਨਾ ਮਿਲੀ, ਉਸ ਨੇ ਭਾਜਪਾ ਨਾਲ ਲਮਕਦੇ ਰਹਿਣ ਦੀ ਥਾਂ ਕੋਈ ਨਾ ਕੋਈ ਹੋਰ ਝੰਡਾ ਚੁੱਕ ਤੁਰਨਾ ਹੈ। ਇਸ ਗੱਲੋਂ ਭਾਜਪਾ ਆਗੂ ਵੀ ਡਰਦੇ ਪਏ ਹਨ।
ਬਹੁਜਨ ਸਮਾਜ ਪਾਰਟੀ ਦੇ ਅੰਦਰ ਵੀ ਵਿਰੋਧ ਹੈ, ਪਰ ਘੱਟ ਜਾਪਦਾ ਹੈ ਤੇ ਸਮਾਜਵਾਦੀ ਪਾਰਟੀ ਦਾ ਟੱਬਰ ਜੇ ਪਾਟ ਵੀ ਗਿਆ ਤਾਂ ਅਖਿਲੇਸ਼ ਸਿੰਘ ਦਾ ਧੜਾ ਕਾਂਗਰਸ ਨਾਲ ਮਿਲ ਕੇ ਪੈਰ-ਧਰਾਵਾ ਜਿਹਾ ਕਰਨ ਜੋਗੀ ਤਾਕਤ ਰੱਖਦਾ ਹੈ।
ਵਾਜਪਾਈ ਸਰਕਾਰ ਵੇਲੇ ਉਤਰ ਪ੍ਰਦੇਸ਼ ਤੋਂ ਵੱਖਰਾ ਕਰ ਕੇ ਬਣਾਏ ਗਏ ਉਤਰਾਖੰਡ ਵਿਚ ਪਹਿਲੇ ਡੇਢ ਸਾਲ ਦੇ ਰਾਜ ਪਿੱਛੋਂ ਭਾਜਪਾ ਦੇ ਭਾਂਡੇ ਮੂਧੇ ਹੋ ਗਏ ਸਨ ਤੇ ਕਾਂਗਰਸ ਦੇ ਨਾਰਾਇਣ ਦੱਤ ਤਿਵਾੜੀ ਨੇ ਪੰਜ ਸਾਲ ਤੜ੍ਹੀ ਨਾਲ ਰਾਜ ਕੀਤਾ ਸੀ। ਅਗਲੀ ਚੋਣ ਵਿਚ ਕਾਂਗਰਸ ਹਾਰ ਗਈ ਤਾਂ ਭਾਜਪਾ ਕੋਲ ਕਮਾਨ ਆ ਗਈ ਸੀ। ਉਸ ਸਰਕਾਰ ਦਾ ਮੁਖੀ ਸਾਬਕਾ ਮੇਜਰ ਜਨਰਲ ਭੁਵਨ ਚੰਦਰ ਖੰਡੂਰੀ ਬਣਿਆ, ਜਿਹੜਾ ਇਮਾਨਦਾਰ ਅਕਸ ਨਾਲ ਲੋਕਾਂ ਵਿਚ ਚੰਗੀ ਭੱਲ ਖੱਟ ਰਿਹਾ ਸੀ, ਪਰ ਗੰਗਾ ਨਦੀ ਦੀਆਂ ਖੱਡਾਂ ਵਿਚੋਂ ਰੇਤ-ਬੱਜਰੀ ਕੱਢਣ ਵਾਲੇ ਭ੍ਰਿਸ਼ਟਾਚਾਰੀ ਮਾਫੀਆ ਨੇ ਉਸ ਦੀ ਕੁਰਸੀ ਪਲਟ ਕੇ ਰਮੇਸ਼ ਪੋਖਰੀਆਲ ਨਿਸ਼ੰਕ ਨੂੰ ਮੁੱਖ ਮੰਤਰੀ ਬਣਾ ਲਿਆ। ਭਾਜਪਾ ਦੇ ਉਦੋਂ ਦੇ ਸਭ ਤੋਂ ਵੱਡੇ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਦੇ ਆਸ਼ੀਰਵਾਦ ਵਾਲੇ ਰਮੇਸ਼ ਪੋਖਰੀਆਲ ਨੇ ਏਦਾਂ ਦਾ ਮਾਹੌਲ ਬਣਾਇਆ ਕਿ ਹਰ ਪਾਸੇ ਭ੍ਰਿਸ਼ਟਾਚਾਰ ਦੀ ਸੜ੍ਹਿਆਂਦ ਫੈਲ ਗਈ। ਫਿਰ ਉਸ ਨੂੰ ਕੱਢ ਕੇ ਭੁਵਨ ਚੰਦਰ ਖੰਡੂਰੀ ਸੱਦਣਾ ਤੇ ਉਸ ਨੂੰ ਕਮਾਨ ਸੌਂਪਣੀ ਪੈ ਗਈ। ਹਰ ਕੋਈ ਜਦੋਂ ਇਹ ਸਮਝਦਾ ਸੀ ਕਿ ਭਾਜਪਾ ਬੁਰੀ ਤਰ੍ਹਾਂ ਹਾਰੇਗੀ ਤਾਂ ਛੇ ਮਹੀਨੇ ਰਾਜ ਸੰਭਾਲ ਕੇ ਖੰਡੂਰੀ ਨੇ ਹਾਲਾਤ ਨੂੰ ਮੋੜਾ ਦੇ ਦਿੱਤਾ। ਨਤੀਜਾ ਇਹ ਨਿਕਲਿਆ ਕਿ ਸਰਕਾਰ ਭਾਵੇਂ ਭਾਜਪਾ ਨਹੀਂ ਸੀ ਬਣਾ ਸਕੀ, ਕਾਂਗਰਸ ਤੋਂ ਉਸ ਦੀ ਸਿਰਫ ਇੱਕ ਸੀਟ ਘੱਟ ਸੀ ਤੇ ਕਾਂਗਰਸ ਨੂੰ ਬਹੁਜਨ ਸਮਾਜ ਪਾਰਟੀ ਦੀ ਮਦਦ ਦੇ ਨਾਲ ਸਰਕਾਰ ਬਣਾਉਣੀ ਪਈ ਸੀ।
ਖਾਸ ਗੱਲ ਇਹ ਸੀ ਕਿ ਭਾਜਪਾ ਦੀ ਹਾਲਤ ਸੁਧਾਰਨ ਵਾਲਾ ਭੁਵਨ ਚੰਦਰ ਖੰਡੂਰੀ ਆਪਣੀ ਸੀਟ ਇਸ ਲਈ ਹਾਰ ਗਿਆ ਸੀ ਕਿ ਭਾਜਪਾ ਲੀਡਰਾਂ ਨੇ ਖੰਡੂਰੀ ਦੀ ਹਾਰ ਯਕੀਨੀ ਬਣਾਉਣ ਲਈ ਆਪੋ ਵਿਚ ਹੱਥ ਮਿਲਾ ਲਿਆ ਸੀ। ਖੰਡੂਰੀ ਜਦੋਂ ਪਹਿਲਾਂ ਮੁੱਖ ਮੰਤਰੀ ਬਣਿਆ ਤਾਂ ਧੂਮਾਕੋਟ ਦੀ ਸੀਟ ਤੋਂ ਉਸ ਨੇ ਪੌਣੇ ਅਠਾਈ ਹਜ਼ਾਰ ਵੋਟਾਂ ਲਈਆਂ ਸਨ ਤੇ ਮੁਕਾਬਲੇ ਦਾ ਕਾਂਗਰਸੀ ਉਮੀਦਵਾਰ ਮਸਾਂ ਅੱਠ ਹਜ਼ਾਰ ਟੱਪ ਸਕਿਆ ਸੀ। ਮੁੜ ਮੁੱਖ ਮੰਤਰੀ ਬਣਾ ਕੇ ਖੰਡੂਰੀ ਨੂੰ ਉਸ ਕੋਟਦਵਾਰ ਹਲਕੇ ਤੋਂ ਚੋਣ ਲੜਨ ਲਈ ਮਜਬੂਰ ਕੀਤਾ ਗਿਆ, ਜਿੱਥੋਂ ਚੜ੍ਹਤ ਦੇ ਦਿਨਾਂ ਵਿਚ ਭਾਜਪਾ ਮਸਾਂ ਸੱਤ ਸੌ ਵੋਟਾਂ ਨਾਲ ਜਿੱਤ ਸਕੀ ਸੀ। ਭਾਜਪਾ ਲੀਡਰਾਂ ਦੇ ਸਾਂਝੇ ਵਿਰੋਧ ਦੇ ਕਾਰਨ ਇਮਾਨਦਾਰ ਗਿਣਿਆ ਜਾਂਦਾ ਖੰਡੂਰੀ ਆਪਣੀ ਸੀਟ ਵੀ ਹਾਰ ਗਿਆ, ਪਰ ਮੋਦੀ ਦਾ ਰਾਜ ਆਏ ਤੋਂ ਉਸ ਰਾਜ ਵਿਚ ਫਿਰ ਉਸ ਦੀ ਕੋਈ ਪੁੱਛ-ਗਿੱਛ ਨਹੀਂ ਹੋ ਸਕੀ। ਹਾਲੇ ਵੀ ਰੇਤ-ਬੱਜਰੀ ਮਾਫੀਆ ਨਾਲ ਸਾਂਝ ਰੱਖਣ ਵਾਲਿਆਂ ਦਾ ਸਿੱਕਾ ਚੱਲਦਾ ਹੈ, ਜਿਸ ਕਾਰਨ ਪਾਰਟੀ ਕੋਲ ਉਸ ਰਾਜ ਵਿਚ ਪੈਸੇ ਹੀ ਛਣਕਦੇ ਹਨ, ਅਕਸ ਹਾਲੇ ਧੁੰਦਲਾ ਹੈ।
ਉਥੇ ਭਾਜਪਾ ਨੂੰ ਓਨੀ ਆਸ ਆਪਣੀ ਖੇਚਲ ਦਾ ਫਲ ਮਿਲਣ ਦੀ ਨਹੀਂ, ਜਿੰਨੀ ਕਾਂਗਰਸ ਦੀ ਕੁਪੱਤੀ ਧਾੜ ਦੇ ਪਾਏ ਪੁਆੜਿਆਂ ਤੋਂ ਹੈ, ਜਿਹੜੀ ਆਪਣਾ ਰਾਜ ਆਪ ਹੀ ਕਾਇਮ ਨਹੀਂ ਰੱਖਣਾ ਚਾਹੁੰਦੀ।
ਕਾਂਗਰਸ ਦਾ ਐਨ ਇਹੋ ਜਿਹਾ ਹਾਲ ਉਤਰ ਪੂਰਬ ਵਾਲੇ ਰਾਜ ਮਨੀਪੁਰ ਦਾ ਹੈ। ਉਥੇ ਕਾਂਗਰਸ ਦਾ ਓਕਰਮ ਇਬੋਬੀ ਸਿੰਘ ਪਿਛਲੇ ਪੰਦਰਾਂ ਸਾਲਾਂ ਤੋਂ ਮੁੱਖ ਮੰਤਰੀ ਹੈ। ਪਿਛਲੇ ਸਾਲ ਭਾਜਪਾ ਨੇ ਜਦੋਂ ਅਰੁਣਾਂਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਸਰਕਾਰਾਂ ਪਲਟਾਈਆਂ ਸਨ, ਜਿਹੜੀਆਂ ਸੁਪਰੀਮ ਕੋਰਟ ਵਿਚ ਜਾ ਕੇ ਬਹਾਲ ਕਰਨੀਆਂ ਪਈਆਂ ਸਨ, ਉਦੋਂ ਮਨੀਪੁਰ ਦੀ ਸਰਕਾਰ ਪਲਟਣ ਦਾ ਯਤਨ ਵੀ ਬੜੇ ਜ਼ੋਰ ਨਾਲ ਕੀਤਾ ਸੀ। ਉਥੇ ਯਤਨ ਇਸ ਲਈ ਸਫਲ ਨਹੀਂ ਸੀ ਹੋਏ ਕਿ ਓਕਰਮ ਇਬੋਬੀ ਸਿੰਘ ਦੀ ਪਕੜ ਕਾਫੀ ਸੀ, ਪਰ ਕਾਂਗਰਸ ਦੇ ਆਪਣੇ ਲੋਕਾਂ ਨੇ ਉਥੇ ਵੀ ਭਾਜਪਾ ਨਾਲ ਅੱਖ ਮਿਲਾਉਣੋਂ ਕਸਰ ਨਹੀਂ ਸੀ ਛੱਡੀ। ਪਹਿਲੀ ਵਾਰ ਮੁੱਖ ਮੰਤਰੀ ਬਣਨ ਵੇਲੇ ਇਬੋਬੀ ਸਿੰਘ ਦੀ ਅਗਵਾਈ ਹੇਠ ਕਾਂਗਰਸ ਕੋਲ ਵਿਧਾਨ ਸਭਾ ਦੀਆਂ ਸੱਠ ਸੀਟਾਂ ਵਿਚੋਂ ਵੀਹ ਸਨ ਅਤੇ ਸਾਂਝਾ ਮੋਰਚਾ ਸਰਕਾਰ ਬਣਾਈ ਸੀ, ਅਗਲੀ ਵਾਰ ਉਹ ਸੱਠਾਂ ਵਿਚੋਂ ਤੀਹ ਸੀਟਾਂ ਲੈ ਗਿਆ। ਤੀਸਰੀ ਵਾਰੀ ਦਿੱਲੀ ਤੋਂ ਕਾਂਗਰਸ ਹਾਈ ਕਮਾਨ ਦੇ ਕੁਝ ਲੋਕ ਉਸ ਨੂੰ ਹਰਾਉਣ ਲਈ ਜ਼ੋਰ ਲਾ ਰਹੇ ਸਨ, ਪਰ ਉਹ ਫਿਰ ਸੱਠਾਂ ਵਿਚੋਂ ਬਤਾਲੀ ਸੀਟਾਂ ਜਿੱਤ ਕੇ ਪਕੜ ਵਧਾਉਣ ਵਿਚ ਸਫਲ ਰਿਹਾ ਸੀ। ਇਸ ਵਾਰ ਉਹ ਦੋਵੇਂ ਪਾਸਿਓਂ ਦਬਾਅ ਹੇਠ ਹੈ। ਕਾਂਗਰਸ ਦੇ ਅੰਦਰੋਂ ਢਾਹ ਲਾਈ ਜਾ ਰਹੀ ਹੈ ਤੇ ਭਾਜਪਾ ਆਪਣੀ ਸਾਰੀ ਤਾਕਤ ‘ਅਭੀ ਜਾਂ ਕਭੀ ਨਹੀਂ’ ਵਾਲੀ ਸੋਚ ਨਾਲ ਝੋਕ ਰਹੀ ਹੈ, ਪਰ ਉਥੋਂ ਆਉਂਦੀਆਂ ਖਬਰਾਂ ਇਹ ਦੱਸਦੀਆਂ ਹਨ ਕਿ ਓਕਰਮ ਇਬੋਬੀ ਸਿੰਘ ਏਡੀ ਛੇਤੀ ਇਸ ਦੁਵੱਲੀ ਮਾਰ ਅੱਗੇ ਝੁਕਣ ਵਾਲਾ ਨਹੀਂ।
ਬਾਕੀ ਸਾਡਾ ਪੰਜਾਬ ਰਹਿ ਜਾਂਦਾ ਹੈ, ਜਿਸ ਦੀ ਗੱਲ ਕਰਨ ਨੂੰ ਜੀਅ ਤਾਂ ਕਰਦਾ ਹੈ, ਪਰ ਹਾਲੇ ਨਕਸ਼ਾ ਕੁਝ ਸਾਫ ਨਹੀਂ ਦਿੱਸ ਰਿਹਾ। ਅਗਲਾ ਇੱਕ ਹਫਤਾ ਇਸ ਦੀ ਤਸਵੀਰ ਨਿਖਾਰਨ ਵਿਚ ਸਹਾਈ ਹੋ ਸਕਦਾ ਹੈ।