ਪੰਜਾਬ ਵਿਚ ਹਥਿਆਰਾਂ ਅਤੇ ਨਸ਼ਿਆਂ ਦਾ ਅਤਿਵਾਦ

ਮੋਹਨ ਸ਼ਰਮਾ
ਫੋਨ: +91-94171-48866
ਪੰਜਾਬ ਦੇ ਮੱਥੇ ‘ਤੇ ਉਦਾਸੀ ਦੀ ਧੂੜ ਜੰਮੀ ਪਈ ਹੈ। ਅੰਦਾਜ਼ਨ 65 ਕੁ ਵਰ੍ਹੇ ਪਹਿਲਾਂ ਪੰਜਾਬੀ ਦੇ ਵਿਦਵਾਨ ਸ਼ਾਇਰ ਪ੍ਰੋæ ਮੋਹਨ ਸਿੰਘ ਨੇ ‘ਰੰਗਲੇ ਪੰਜਾਬ’ ਦੀ ਉਸਤਤ ਕਰਦਿਆਂ ਲਿਖਿਆ ਸੀ- ‘ਭਾਰਤ ਹੈ ਵਾਂਗ ਮੁੰਦਰੀ, ਵਿਚ ਨਗ ਪੰਜਾਬ ਦਾ’, ਪਰ ਹੁਣ ਇਹ ਪੰਜਾਬ ਰੂਪੀ ਨਗ ਧੁਆਂਖ਼ਿਆ ਗਿਆ ਹੈ। ਇਕ ਪਾਸੇ ਜਿਥੇ ਪੰਜਾਬੀਆਂ ਦਾ ਵੱਡਾ ਹਿੱਸਾ ਚਲਦੇ-ਫਿਰਦੇ ਟਾਈਮ ਬੰਬ ਨਸ਼ਿਆਂ ਦੀ ਲਪੇਟ ਵਿਚ ਹੈ,

ਉਥੇ ਹੀ ਬਹੁਤ ਸਾਰੇ ਸੁੱਧ-ਬੁੱਧ ਗਵਾਈ ਭੂਤਰੇ ਹੋਏ ਨੌਜਵਾਨਾਂ ਦੇ ਹੱਥਾਂ ਵਿਚ ਫੜੇ ਮਾਰੂ ਹਥਿਆਰਾਂ ਨੇ ਖੌਫ਼ ਦੀਆਂ ਦੀਵਾਰਾਂ ਖੜ੍ਹੀਆਂ ਕਰ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਹਥਿਆਰਾਂ ਅਤੇ ਨਸ਼ਿਆਂ ਦੇ ਵਧਦੇ ਰੁਝਾਨ ਨੇ ਨੈਤਿਕਤਾ, ਸਦਾਚਾਰ, ਉਚ ਆਦਰਸ਼ ਅਤੇ ਸਹਿਣਸ਼ੀਲਤਾ ਤੋਂ ਸੱਖਣੇ ਪੰਜਾਬੀਆਂ ਦੇ ਵੱਡੇ ਹਿੱਸੇ ਨੂੰ ਇਨਸਾਨੀਅਤ ਅਤੇ ਰੂਹਾਨੀਅਤ ਪੱਖੋਂ ਖੋਖਲਾ ਕਰ ਦਿੱਤਾ ਹੈ। ਇਸ ਵੇਲੇ ਇਸ ਪ੍ਰਾਂਤ ਵਿਚ ਰੋਜ਼ਾਨਾ 2 ਕਤਲ (ਪੰਜਾਬ ਦੇ ਕਿਸਾਨਾਂ ਤੇ ਕਿਰਤੀਆਂ ਦੀ ਖ਼ੁਦਕੁਸ਼ੀ ਨੂੰ ਛੱਡ ਕੇ), ਦੋ ਕਾਤਲਾਨਾ ਹਮਲੇ, ਚੋਰੀ ਦੀਆਂ 11 ਵਾਰਦਾਤਾਂ, 18 ਸਟਰੀਟ ਕਰਾਈਮ, ਹਰ ਦੋ ਦਿਨਾਂ ਬਾਅਦ ਇਕ ਬੰਦਾ ਅਗਵਾ ਅਤੇ ਬਾਅਦ ਵਿਚ ਫ਼ਿਰੌਤੀਆਂ ਜਾਂ ਕਤਲਾਂ ਦਾ ਰੁਝਾਨ, ਦੋ ਦਿਨਾਂ ਵਿਚ ਪੰਜ ਔਰਤਾਂ ਦਾ ਬਲਾਤਕਾਰ, ਦੋ ਦਿਨਾਂ ਵਿਚ ਸੱਤ ਬੰਦੇ ਝਪਟਮਾਰਾਂ ਦਾ ਸ਼ਿਕਾਰ ਹੋਣ ਕਾਰਨ ਪੰਜਾਬ ਦੀ ਹਾਲਤ ਉਸ ਗੁਬਾਰੇ ਵਾਂਗ ਬਣੀ ਹੋਈ ਹੈ, ਜਿਹੜਾ ਅਣਗਿਣਤ ਸੂਈਆਂ ਦੀ ਨੋਕ ‘ਤੇ ਖੜ੍ਹਾ ਹੋਵੇ।
ਨਸ਼ਿਆਂ ਕਾਰਨ ਕਈ ਪਿੰਡਾਂ ਦੀ ਪਛਾਣ ਇਸ ਕਰ ਕੇ ਬਣੀ ਹੋਈ ਹੈ ਕਿ ਉਸ ਪਿੰਡ ਵਿਚ ਨਸ਼ਾ ਜ਼ਿਆਦਾ ਵਿਕਦਾ ਹੈ। ਕਈ ਪਿੰਡਾਂ ਨੂੰ ਛੜਿਆਂ ਦਾ ਪਿੰਡ ਅਤੇ ਕਈ ਪਿੰਡਾਂ ਨੂੰ ਵਿਧਵਾਵਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਕਿਸੇ ਸਮੇਂ ਪਿੰਡ ਦੇ ਹਰ ਮੁਹੱਲੇ ਦੀ ਆਪਣੀ ਕਬੱਡੀ ਦੀ ਟੀਮ ਹੁੰਦੀ ਸੀ ਅਤੇ ਉਹ ਦੂਜੇ ਮੁਹੱਲੇ ਦੇ ਨੌਜਵਾਨ ਖਿਡਾਰੀਆਂ ਨਾਲ ਕਬੱਡੀ ਖੇਡ ਕੇ ਵਰਜ਼ਿਸ਼ ਕਰਦੇ ਸਨ, ਪਰ ਹੁਣ ਨਸ਼ਿਆਂ ਦੀ ਮਾਰੂ ਹਨੇਰੀ ਨੇ ਨੌਜਵਾਨ ਵਰਗ ਦੇ ਜੁੱਸਿਆਂ ਨੂੰ ਝੰਬ ਕੇ ਰੱਖ ਦਿੱਤਾ ਹੈ ਅਤੇ 7-8 ਪਿੰਡਾਂ ਦੇ ਨੌਜਵਾਨ ਮੁੰਡਿਆਂ ਨੂੰ ਰਲਾ ਕੇ ਵੀ ਚੱਜ ਦੀ ਕਬੱਡੀ ਟੀਮ ਨਹੀਂ ਬਣਦੀ। ਇਸ ਵੇਲੇ ਖੇਡਾਂ ਦੇ ਮੈਦਾਨ ਨਸ਼ਈਆਂ ਦੇ ਅੱਡੇ ਬਣੇ ਹੋਏ ਹਨ। ਐਨੀਆਂ ਨਸ਼ੀਲੀਆਂ ਦਵਾਈਆਂ ਦੇ ਪੱਤੇ ਅਤੇ ਖ਼ਾਲੀ ਸ਼ੀਸ਼ੀਆਂ ਹਸਪਤਾਲ ਦੇ ਨੇੜਿਉਂ ਨਹੀਂ ਮਿਲਦੀਆਂ, ਜਿੰਨੀਆਂ ਖੇਡ ਸਟੇਡੀਅਮਾਂ ਦੇ ਨੇੜਿਉਂ ਮਿਲਦੀਆਂ ਹਨ। ਪੰਜਾਬ ਦੇ ਨਸ਼ਈਆਂ ਵਿਚ 76æ47 ਫ਼ੀਸਦੀ ਸ਼ਰਾਬ, 20æ41 ਫ਼ੀਸਦੀ ਨਸ਼ੇ ਦੀਆਂ ਗੋਲੀਆਂ, 15æ87 ਫ਼ੀਸਦੀ ਕੈਪਸੂਲ, 8æ65 ਫ਼ੀਸਦੀ ਟੀਕੇ ਅਤੇ 4æ85 ਫ਼ੀਸਦੀ ਗਾਂਜਾ ਅਤੇ ਚਰਸ ਦੀ ਵਰਤੋਂ ਕਰ ਰਹੇ ਹਨ। ਵੱਡੇ ਸ਼ਹਿਰਾਂ ਵਿਚ ਵਰਤੇ ਜਾਂਦੇ ‘ਚਿੱਟੇ’ ਨੇ ਹੁਣ ਪਿੰਡਾਂ ਵਿਚ ਵੀ ਘੁਸਪੈਠ ਕਰ ਲਈ ਹੈ ਅਤੇ ਇਸ ਨਸ਼ੇ ਦੇ ਮਾਰੂ ਅਸਰ ਕਾਰਨ ਸੱਥਰਾਂ ‘ਚ ਇਹ ਸੁਆਲ ਧੁਖ਼ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੈ ਜਿਸ ਨੇ ਸਮਾਜਿਕ ਚੂਲਾਂ ਹੀ ਹਿਲਾ ਕੇ ਰੱਖ ਦਿੱਤੀਆਂ ਹਨ। ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਿਆਂ ਕਾਰਨ ਵਧ ਰਹੀਆਂ ਬਿਮਾਰੀਆਂ ਨੂੰ ਰੋਕਣ ਲਈ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ, ਇਸ ਦੇ ਸੇਵਨ ਕਾਰਨ ਹੋਈਆਂ ਮੌਤਾਂ ਦੇ ਮੁਆਵਜ਼ੇ ਅਤੇ ਨਸ਼ਿਆਂ ਕਾਰਨ ਪੈਦਾ ਹੋਣ ਵਾਲੇ ਅਪਰਾਧਾਂ ਉਪਰ ਹੋਣ ਵਾਲੇ ਖ਼ਰਚ ਦਾ ਕੁਝ ਹਿੱਸਾ ਹੀ ਜੇ ਨਸ਼ਿਆਂ ਦੀ ਰੋਕਥਾਮ ‘ਤੇ ਖ਼ਰਚ ਕੀਤਾ ਜਾਵੇ ਤਾਂ ਨਸ਼ਿਆਂ ਰੂਪੀ ਦੈਂਤ ਨੂੰ ਚਿੱਤ ਕੀਤਾ ਜਾ ਸਕਦਾ ਹੈ, ਪਰ ਜਦੋਂ ਸੁਰੱਖਿਆ ਕਰਨ ਵਾਲਿਆਂ ਦੇ ਹੱਥ ਮੁਜਰਮਾਂ ਨਾਲ ਮਿਲ ਜਾਣ, ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਅਤੇ ਮਾਲੀ ਦਗ਼ਾਬਾਜ਼ ਹੋ ਜਾਣ ਤਾਂ ਜਿਥੇ ਮਹਿਕਾਂ ਦੀ ਪੱਤ ਵੀ ਰੁਲ ਜਾਂਦੀ ਹੈ, ਉਥੇ ਹੀ ਵਸਦੇ ਘਰਾਂ ਵਿਚੋਂ ਆ ਰਹੇ ਠਹਾਕਿਆਂ ਨੂੰ ਵੀ ਗ੍ਰਹਿਣ ਲੱਗ ਜਾਂਦਾ ਹੈ। ਪੰਜਾਬ ਅੰਦਰ ਅੰਦਾਜ਼ਨ 7500 ਕਰੋੜ ਸਾਲਾਨਾ ਗ਼ੈਰ-ਕਾਨੂੰਨੀ ਨਸ਼ਿਆਂ ਦੇ ਧੰਦੇ ਦੇ ਨਾਲ ਨਾਲ 41 ਕਰੋੜ ਸ਼ਰਾਬ ਦੀਆਂ ਬੋਤਲਾਂ ਨੇ ਪੰਜਾਬੀਆਂ ਨੂੰ ਸਿਰਫ਼ ਆਰਥਿਕ ਪੱਖ ਤੋਂ ਹੀ ਕੰਗਾਲ ਨਹੀਂ ਕੀਤਾ, ਸਗੋਂ ਘਰੇਲੂ ਕਲੇਸ਼, ਭਾਈਚਾਰਕ ਤਰੇੜ ਦੇ ਨਾਲ-ਨਾਲ ਸਾਂਝੀਵਾਲਤਾ, ਸਹਿਜਤਾ ਅਤੇ ਨਿਮਰਤਾ ਨੂੰ ਲੋਪ ਕਰ ਕੇ ਪੰਜਾਬੀਆਂ ਦੀਆਂ ਸ਼ਾਨਦਾਰ ਰਵਾਇਤਾਂ ਦਾ ਵੀ ਮਲੀਆਮੇਟ ਕੀਤਾ ਹੈ। ਪਿਛਲੇ ਸਤਾਰਾਂ ਸਾਲਾਂ ਵਿਚ ਬੀਅਰ ਦੀ ਖਪਤ ਵਿਚ 209 ਫ਼ੀਸਦੀ, ਅੰਗਰੇਜ਼ੀ ਸ਼ਰਾਬ ਦੀ ਖਪਤ ਵਿਚ 131 ਫ਼ੀਸਦੀ ਅਤੇ ਦੇਸੀ ਸ਼ਰਾਬ ਦੀ ਖਪਤ ਵਿਚ 67 ਫ਼ੀਸਦੀ ਦਾ ਵਾਧਾ ਹੋਇਆ ਹੈ। ਸ਼ਰਾਬ ਦੀ ਪ੍ਰਤੀ ਬੋਤਲ 23 ਰੁਪਏ ਵਾਧੂ ਲਾਇਸੈਂਸ ਫੀਸ ਲੈ ਕੇ 10 ਰੁਪਏ ਐਜੂਕੇਸ਼ਨ, 8 ਰੁਪਏ ਖੇਡਾਂ ਅਤੇ 5 ਰੁਪਏ ਸਭਿਆਚਾਰਕ ਵਿਕਾਸ ਦੇ ਨਾਂ ‘ਤੇ ਖ਼ਰਚ ਕਰਨ ਨੂੰ ਵੀ ਤੱਥ, ਤਰਕ ਅਤੇ ਜ਼ਮੀਨੀ ਹਕੀਕਤ ਦੇ ਆਧਾਰ ‘ਤੇ ਸਹੀ ਨਹੀਂ ਠਹਿਰਾਇਆ ਜਾ ਸਕਦਾ।
ਜਿਹੜੇ ਹੱਥ ਕਿਰਤ ਦੇ ਸੰਕਲਪ ਨਾਲ ਜੁੜੇ ਹੋਣੇ ਚਾਹੀਦੇ ਹਨ, ਜਿਹੜੇ ਹੱਥਾਂ ਵਿਚ ਉਸਾਰੂ ਸਾਹਿਤ ਹੋਣਾ ਚਾਹੀਦਾ ਹੈ, ਜਿਹੜੇ ਹੱਥ ਲੋੜਵੰਦਾਂ ਲਈ ਮਦਦਗਾਰ ਹੋਣੇ ਚਾਹੀਦੇ ਹਨ, ਉਨ੍ਹਾਂ ਹੱਥਾਂ ਵਿਚ ਆਏ ਮਾਰੂ ਹਥਿਆਰਾਂ ਨੇ ਨਿਪੱਤਿਆਂ ਦੀ ਪੱਤ ਰੱਖਣ, ਨਿਆਸਰਿਆਂ ਨੂੰ ਆਸਰਾ ਦੇਣ ਅਤੇ ਗ਼ਰੀਬ ਦੀ ਰਾਖੀ ਕਰਨ ਦੀ ਮਰਿਆਦਾ ਨੂੰ ਬੁਰੀ ਤਰ੍ਹਾਂ ਦਾਗ਼ੀ ਕੀਤਾ ਹੈ। ਪਰੰਪਰਾ ਅਤੇ ਕਦਰਾਂ-ਕੀਮਤਾਂ ਤੋਂ ਹਟ ਕੇ ਸਾਡੇ ਨੌਜਵਾਨ ਸੂਰਬੀਰਾਂ ਅਤੇ ਗੈਂਗਸਟਰਾਂ ਵਿਚਲਾ ਫਰਕ ਹੀ ਭੁੱਲ ਗਏ ਹਨ। ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਕੇਸਾਂ ਵਿਚ ਜੁਰਮ ਕਰਨ ਵਾਲੇ ਨਸ਼ਾ ਕਰ ਕੇ ਭੂਤਰੇ ਹੁੰਦੇ ਹਨ। ਨਸ਼ੇ ਅਤੇ ਹਥਿਆਰਾਂ ਦੇ ਮੇਲ ਕਾਰਨ ਕਿਤੇ ਮੈਰਿਜ ਪੈਲਿਸਾਂ ਵਿਚ ਕੀਤੇ ਫ਼ਾਇਰਾਂ ਨੇ ਖੁਸ਼ੀ ਦੇ ਮਾਹੌਲ ਨੂੰ ਮਾਤਮ ਵਿਚ ਬਦਲਿਆ ਹੈ, ਕਿਤੇ ਆਪਣੀ ਹੀ ਧੀ ਦੀ ਇੱਜ਼ਤ ਬਚਾਉਂਦਿਆਂ ਪੁਲਿਸ ਅਫਸਰ ਗੋਲੀ ਦਾ ਸ਼ਿਕਾਰ ਹੋਇਆ ਹੈ, ਕਿਤੇ ਅਮਨ-ਕਾਨੂੰਨ ਦੀ ਰੱਖਿਆ ਕਰਦਿਆਂ ਹੌਲਦਾਰ ਦੀ ਪਹਿਲਾਂ ਕੁੱਟਮਾਰ ਅਤੇ ਫਿਰ ਨਿਰਵਸਤਰ ਕਰ ਕੇ ਸਾਰੇ ਪਿੰਡ ਵਿਚ ਘੁੰਮਾਉਣ ਦੀ ਸ਼ਰਮਨਾਕ ਘਟਨਾ ਵਾਪਰੀ ਹੈ, ਕਿਤੇ ਕੁੜੀ ਦੇ ਉਧਾਲੇ ਸਮੇਂ ਦਹਿਸ਼ਤ ਦਾ ਨੰਗਾ ਨਾਚ, ਕਿਤੇ ਗੈਂਗਸਟਰਾਂ ਦੇ ਗਰੁੱਪ ਵੱਲੋਂ ਦੂਜੇ ਗਰੁੱਪ ਦੇ ਗੈਂਗਸਟਰ ਨੂੰ ਪੇਸ਼ੀ ‘ਤੇ ਲਿਜਾਂਦੇ ਸਮੇਂ ਦਿਨ-ਦਿਹਾੜੇ ਗੋਲੀਆਂ ਨਾਲ ਭੁੰਨਣ ਉਪਰੰਤ ਸੜਕ ‘ਤੇ ਭੰਗੜਾ ਪਾਉਣਾ, ਕਿਤੇ ਅਤਿ ਦੀ ਸੁਰੱਖਿਆ ਵਾਲੀ ਜੇਲ੍ਹ ਵਿਚੋਂ 100 ਤੋਂ ਵੱਧ ਫ਼ਾਇਰ ਕਰਨ ਉਪਰੰਤ ਚਿੱਟੇ ਦਿਨ ਆਪਣੇ ਗੈਂਗਸਟਰ ਸਾਥੀਆਂ ਨੂੰ ਬਿਨਾ ਰੋਕ-ਟੋਕ ਭਜਾ ਕੇ ਲੈ ਜਾਣਾ, ਕਿਤੇ ਭੂਤਰੇ ਹੋਏ ਗੁੰਡਿਆਂ ਵੱਲੋਂ ਦਹਿਸ਼ਤ ਅਤੇ ਧਾਂਕ ਜਮਾਉਣ ਲਈ ਬਿਨਾਂ ਕਿਸੇ ਰੋਕ-ਟੋਕ ਅਤੇ ਡਰ ਦੇ ਹਵਾਈ ਫ਼ਾਇਰ ਕਰਨ ਨਾਲ ਅਮਨ-ਪਸੰਦ ਸ਼ਹਿਰੀਆਂ ਲਈ ਪ੍ਰੇਸ਼ਾਨੀ ਅਤੇ ਅਸੁਰੱਖਿਅਤਾ ਦਾ ਸਬੱਬ ਬਣਿਆ ਹੈ। ਹੁਣ ਤਾਂ ਮੈਰਿਜ ਪੈਲਿਸਾਂ ਵਿਚ ਹੁੰਦੀ ਸ਼ਰੇਆਮ ਹਥਿਆਰਾਂ ਦੀ ਨੁਮਾਇਸ਼, ਗੀਤ-ਸੰਗੀਤ ਦਾ ਥਾਂ ਹਿੰਸਾ ਅਤੇ ਕਾਮੁਕਤਾ ਦੇ ਭਾਰੂ ਹੋਣ ਕਾਰਨ ਲੋਕ ਸ਼ਗਨ ਦੇਣ ਉਪਰੰਤ ਸੁੱਖ-ਸਾਂਦ ਨਾਲ ਘਰ ਪਰਤਣ ਨੂੰ ਹੀ ਤਰਜੀਹ ਦੇਣ ਲੱਗ ਪਏ ਹਨ। ਅਜਿਹੇ ਵਰਤਾਰੇ ਨੇ ਭਾਈਚਾਰਕ ਸਾਂਝ ਅਤੇ ਰਵਾਇਤੀ ਰਸਮਾਂ-ਰਿਵਾਜਾਂ ਨੂੰ ਹਾਸ਼ੀਏ ‘ਤੇ ਪਹੁੰਚਾ ਦਿੱਤਾ ਹੈ।
ਇਹ ਵੀ ਵਰਨਣਯੋਗ ਹੈ ਕਿ ਪਿਛਲੇ ਕੁਝ ਸਮੇਂ ਵਿਚ ਹੀ ਸਿਆਸਤਦਾਨਾਂ ਅਤੇ ਰਸੂਖਵਾਨਾਂ ਦੀ ਸਿਫਾਰਸ਼ ‘ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪ੍ਰਸ਼ਾਸਨ ਵੱਲੋਂ ਖਿੱਲਾਂ ਵਾਂਗ ਹਥਿਆਰਾਂ ਦੇ ਲਾਇਸੈਂਸ ਬਣਾਏ ਗਏ ਹਨ। ਇਸ ਵੇਲੇ ਪੰਜਾਬ ਵਿਚ ਲੋਕਾਂ ਕੋਲ ਨਿੱਜੀ ਹਥਿਆਰਾਂ ਲਈ ਅੰਦਾਜ਼ਨ 4æ5 ਲੱਖ ਲਾਇਸੈਂਸ ਹਨ ਅਤੇ ਇਕ ਲਾਇਸੈਂਸ ‘ਤੇ ਉਹ ਤਿੰਨ ਹਥਿਆਰ ਰੱਖ ਸਕਦੇ ਹਨ। ਦੂਜੇ ਸ਼ਬਦਾਂ ਵਿਚ ਪੰਜਾਬੀਆਂ ਕੋਲ ਅੰਦਾਜ਼ਨ ਬਾਰਾਂ ਲੱਖ ਹਥਿਆਰ ਹਨ। ਦੂਜੇ ਪਾਸੇ ਪੰਜਾਬ ਪੁਲਿਸ ਕੋਲ ਅੰਦਾਜ਼ਨ ਕੁੱਲ 80,000 ਹਥਿਆਰ ਹਨ। ਗ੍ਰਹਿ ਮੰਤਰਾਲੇ ਦਾ ਸਾਰੀਆਂ ਪ੍ਰਾਂਤਕ ਸਰਕਾਰਾਂ ਨੂੰ ਸਪਸ਼ਟ ਆਦੇਸ਼ ਹੈ ਕਿ ਕੋਈ ਵੀ ਪ੍ਰਾਂਤਕ ਸਰਕਾਰ ਆਪਣੀ ਪੁਲਿਸ ਨਫ਼ਰੀ ਦੇ ਹਥਿਆਰਾਂ ਤੋਂ ਢਾਈ ਗੁਣਾ ਤੋਂ ਵੱਧ ਲੋਕਾਂ ਨੂੰ ਹਥਿਆਰ ਜਾਰੀ ਨਹੀਂ ਕਰ ਸਕਦੀ, ਜਦੋਂ ਕਿ ਪੰਜਾਬ ਵਿਚ ਇਹ ਅੰਕੜਾ 7 ਫ਼ੀਸਦੀ ਦੇ ਨੇੜੇ-ਤੇੜੇ ਪੁੱਜ ਗਿਆ ਹੈ। ਹਥਿਆਰਾਂ ਦੇ ਇਸ ਅਵੱਲੜੇ ਸ਼ੌਕ ਨੇ ਹੀ ਗੈਂਗਸਟਰਾਂ ਅਤੇ ਮਾਫੀਆ ਗਰੋਹ ਨੂੰ ਜਨਮ ਦਿੱਤਾ ਹੈ। ਇਸ ਤੋਂ ਬਿਨਾ ਸਾਲ 2000 ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚੋਂ ਪੈਰੋਲ ‘ਤੇ ਆਏ ਅਪਰਾਧੀਆਂ ਵਿਚੋਂ ਵੀ ਬਹੁਤ ਸਾਰੇ ਭਗੌੜੇ ਹੋ ਕੇ ਅਮਨ ਕਾਨੂੰਨ ਲਈ ਖ਼ਤਰਾ ਬਣੇ ਹੋਏ ਹਨ। ਸਿਆਸੀ ਸਰਪ੍ਰਸਤੀ ਅਤੇ ਸਿਆਸੀ ਪੁਸ਼ਤਪਨਾਹੀ ਕਾਰਨ ਹੀ ਇਹ ਗਰੋਹ ਅਗਵਾ, ਫਿਰੌਤੀਆਂ , ਲੁੱਟਾਂ-ਖੋਹਾਂ, ਕਤਲ, ਜ਼ਮੀਨਾਂ ਦੇ ਨਾਜਾਇਜ਼ ਕਬਜ਼ੇ ਬੇਖੌਫ਼ ਹੋ ਕੇ ਕਰ ਰਹੇ ਹਨ। ਹੋਰ ਤਾਂ ਹੋਰ, ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਸਮੇਂ-ਸਮੇਂ ਆਪਣੇ ਸੌੜੇ ਸਿਆਸੀ ਮੰਤਵਾਂ ਅਤੇ ਕੁਰਸੀ ਨੂੰ ਸਲਾਮਤ ਰੱਖਣ ਲਈ ਉਨ੍ਹਾਂ ਨੂੰ ‘ਸਮਾਜ ਸੇਵਕ’ ਅਤੇ ‘ਪਤਵੰਤੇ ਸ਼ਹਿਰੀਆਂ’ ਵਾਂਗ ਸਟੇਜ ਉਤੇ ਪੇਸ਼ ਕਰਨ ਦੇ ਇਲਜ਼ਾਮਾਂ ਤੋਂ ਸਿਆਸੀ ਆਗੂਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ ।
ਦੁਖਾਂਤਕ ਪੱਖ ਇਹ ਵੀ ਹੈ ਕਿ ਪੰਜਾਬ ਵਿਚ ਜਿਥੇ ਪੜ੍ਹਿਆਂ-ਲਿਖਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਉਥੇ ਨਸ਼ਿਆਂ ਅਤੇ ਹਥਿਆਰਾਂ ਦੀ ਅੰਨ੍ਹੀ ਦੌੜ ਨੇ ਮਨੁੱਖਤਾ ਦੀ ਦਰ ਨੂੰ ਘਟਾਇਆ ਹੈ ਅਤੇ ਜੁਰਮ ਗਰਾਫ਼ ਵਿਚ ਵਾਧਾ ਕੀਤਾ ਹੈ। 1999-2000 ਵਿਚ ਜੇਲ੍ਹਾਂ ਵਿਚ ਪੜ੍ਹੇ-ਲਿਖੇ 2295 ਮਰਦ ਅਤੇ 105 ਔਰਤਾਂ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਕੈਦ ਸਨ, ਪਰ ਹੁਣ ਪੜ੍ਹੇ-ਲਿਖੇ ਮਰਦ ਮੁਜਰਮਾਂ ਦੀ ਗਿਣਤੀ 19365 ਅਤੇ ਪੜ੍ਹੀਆਂ-ਲਿਖੀਆਂ ਔਰਤਾਂ ਦੀ ਗਿਣਤੀ 1265 ਤੇ ਪਹੁੰਚ ਗਈ ਹੈ।
ਨਸ਼ਿਆਂ ਤੇ ਮਾਰੂ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਤੱਥ, ਤਰਕ ਅਤੇ ਜ਼ਮੀਨੀ ਹਕੀਕਤ ਅਨੁਸਾਰ ਠੀਕ ਨਹੀਂ। ਖੂਨ ਦੇ ਅੱਥਰੂ ਕੇਰਦੇ ਹੱਡੀਆਂ ਦੀ ਮੁੱਠ ਬਣੇ ਬੇਵੱਸ ਮਾਪੇ, ਚਿੱਟੀਆਂ ਚੁੰਨੀਆਂ ਪਹਿਨੀ ਮੋਏ ਸੁਪਨਿਆਂ ਦੀ ਕਬਰ ਆਪਣੇ ਅੰਦਰ ਬਣਾਈ ਬੈਠੀਆਂ ਔਰਤਾਂ ਅਤੇ ਬਾਪ-ਹੀਣ ਹੋਏ ਮਾਸੂਮਾਂ ਦੇ ਅੱਥਰੂ ਪੂੰਝਣ ਲਈ ਉਸਾਰੂ ਜਨਤਕ ਲਹਿਰ ਦੀ ਜ਼ਰੂਰਤ ਹੈ।