ਅਜਮੇਰ ਸਿੰਘ ਦੇ ਖਿਆਲਾਂ ਦੀ ਹਕੀਕਤ

ਕਮਿਊਨਿਸਟ (ਨਕਸਲੀ) ਆਗੂ ਤੋਂ ਸਿੱਖ ਵਿਦਵਾਨ ਬਣੇ ਸ਼ ਅਜਮੇਰ ਸਿੰਘ ਨੇ ਇਕ ਟੀæਵੀæ ਚੈਨਲ ਨੂੰ ਦਿਤੀ ਇੰਟਰਵਿਊ ਦੌਰਾਨ ਇਹ ਕਹਿ ਕੇ ਕਿ ਕਾਮਰੇਡ ਅਤੇ ਖਾਲਿਸਤਾਨੀ ਇਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਉਹ ਖਾਲਿਸਤਾਨੀਆਂ ਨਾਲ ਦੋ ਮਿੰਟ ਵੀ ਨਹੀਂ ਬੈਠ ਸਕਦੇ ਕਿਉਂਕਿ ਇਹ ਡਿਸਗਸਟਿੰਗ ਹੈ, ਸਿੱਖ ਹਲਕਿਆਂ ਵਿਚ ਤਰਥੱਲੀ ਮਚਾ ਦਿੱਤੀ। ਉਨ੍ਹਾਂ ‘ਨੇਸ਼ਨ ਸਟੇਟ’ ਦੇ ਮੁੱਦੇ ਉਤੇ ਸਮੁੱਚੇ ਖਾਲਿਸਤਾਨੀਆਂ ਬਾਰੇ ਅਜਿਹੀ ਰਾਏ ਪ੍ਰਗਟ ਕੀਤੀ ਜਿਸ ਤੋਂ ਕੁਝ ਧਿਰਾਂ ਨੂੰ ਵੱਡੀ ਮਾਯੂਸੀ ਹੋਈ।

ਹੁਣ ਜਦੋਂ ਉਹ ਇਕ ਤਰ੍ਹਾਂ ਨਾਲ ਨੇਸ਼ਨ ਸਟੇਟ ਦੇ ਖਿਲਾਫ ਆਣ ਡਟੇ ਹਨ ਤਾਂ ਕੁਝ ਸਿੱਖ ਹਲਕਿਆਂ ਨੇ ਉਨ੍ਹਾਂ ਉਤੇ ਸਵਾਲਾਂ ਦੀ ਵਾਛੜ ਕਰ ਦਿੱਤੀ ਹੈ। ਇਸੇ ਪ੍ਰਸੰਗ ਵਿਚ ਪੰਜਾਬੀ ਟ੍ਰਿਬਿਊਨ (ਚੰਡੀਗੜ੍ਹ) ਦੇ ਸਾਬਕਾ ਅਸਿਸਟੈਂਟ ਐਡੀਟਰ ਅਤੇ ਸਿੱਖ ਵਿਦਵਾਨ ਸ਼ ਕਰਮਜੀਤ ਸਿੰਘ ਚੰਡੀਗੜ੍ਹ ਦਾ ਲੇਖ ‘ਪੰਜਾਬ ਟਾਈਮਜ਼’ ਦੇ 7 ਜਨਵਰੀ ਦੇ ਅੰਕ ਵਿਚ ਛਾਪਿਆ ਗਿਆ ਸੀ ਜਿਸ ਵਿਚ ਉਨ੍ਹਾਂ ਸ਼ ਅਜਮੇਰ ਸਿੰਘ ਦੇ ਸਿਆਸੀ ਪੈਂਤੜਿਆਂ ਨੂੰ ਖੁੱਲ੍ਹੀ ਚੁਣੌਤੀ ਦਿਤੀ ਸੀ। ਸਾਡਾ ਲੇਖਕਾਂ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜਰੂਰੀ ਨਹੀਂ। ਸਾਡਾ ਮਨਸ਼ਾ ਇਸ ਮਸਲੇ ਬਾਰੇ ਸੰਜੀਦਾ ਬਹਿਸ ਚਲਾਉਣਾ ਹੈ। ‘ਪੰਜਾਬ ਟਾਈਮਜ਼’ ਪਹਿਲਾਂ ਵੀ ਅਜਿਹੇ ਗੰਭੀਰ ਮਸਲਿਆਂ ਬਾਰੇ ਵਿਚਾਰ-ਚਰਚਾ ਛੇੜਨ ਦੇ ਮਨੋਰਥ ਨਾਲ ਲਿਖਤਾਂ ਛਾਪਦਾ ਰਿਹਾ ਹੈ। ਇਸ ਤੋਂ ਪਹਿਲਾਂ ਸ਼ ਕਰਮਜੀਤ ਸਿੰਘ ਤੋਂ ਇਲਾਵਾ ਸ਼ ਹਜਾਰਾ ਸਿੰਘ ਮਿਸੀਸਾਗਾ ਅਤੇ ਸ਼ ਤਰਲੋਕ ਸਿੰਘ ਨਿਊ ਜਰਸੀ ਦੇ ਪ੍ਰਤੀਕਰਮ ਛਾਪ ਚੁਕੇ ਹਾਂ। ਇਸੇ ਲੜੀ ਹੇਠ ਸ਼ ਕਮਲਜੀਤ ਸਿੰਘ ਬਾਸੀ ਅਤੇ ਡਾæ ਸੰਦੀਪ ਸਿੰਘ ਦੇ ਵਿਚਾਰ ਛਾਪੇ ਜਾ ਰਹੇ ਹਨ। ਇਸ ਮਸਲੇ ‘ਤੇ ਆਈਆਂ ਹੋਰ ਲਿਖਤਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। ਬੱਸ ਇਕ ਹੀ ਬੇਨਤੀ ਹੈ ਕਿ ਧੀਰਜ ਤੇ ਸ਼ਾਇਸਤਗੀ ਦਾ ਪੱਲਾ ਨਾ ਛੱਡਿਆ ਜਾਵੇ। -ਸੰਪਾਦਕ

ਡਾæ ਸੰਦੀਪ ਸਿੰਘ
ਮੈਂ ਅਜਮੇਰ ਸਿੰਘ ਦੀ ਯਾਦਵਿੰਦਰ ਸਿੰਘ ਨੂੰ ਦਿੱਤੀ ਇੰਟਰਵਿਊ ਸੁਣਨ ਤੋਂ ਬਾਅਦ ਕਰਮਜੀਤ ਸਿੰਘ ਦਾ ਉਹ ਲੇਖ ਵੀ ਪੜ੍ਹਿਆ ਹੈ ਜਿਸ ਵਿਚ ਉਹ ਦੱਸਦੇ ਹਨ ਕਿ ਅਜਮੇਰ ਸਿੰਘ ਦੇ ਮੂੰਹੋਂ ਅਜਿਹੇ ਬੋਲ ਨਿਕਲਣ ਦੇ ਮਨੋਵਿਗਿਆਨਕ ਕਾਰਨ ਕੀ ਹਨ? ਇਹ ਲੇਖ ਸੋਸ਼ਲ ਮੀਡੀਆ ਉਤੇ ਆਉਣ ਤੋਂ ਬਾਅਦ ਸਿੱਖ ਹਲਕਿਆਂ ਅੰਦਰ ਜੋ ਬਹਿਸ ਛਿੜੀ ਹੈ, ਉਸ ਵਿਚ ਬਹੁਤਾ ਤਾਂ ਇਕ-ਦੂਜੇ ਉਤੇ ਦੂਸ਼ਣਬਾਜ਼ੀ ਹੀ ਕੀਤੀ ਜਾ ਰਹੀ ਹੈ, ਕੁਝ ਬੰਦੇ ਹੀ ਮੁੱਦੇ ਉਤੇ ਵਿਚਾਰ-ਚਰਚਾ ਕਰ ਰਹੇ ਹਨ। ਇਸ ਕਰ ਕੇ ਮਸਲੇ ਨੂੰ ਸਾਫ ਅਤੇ ਸਪਸ਼ਟ ਕਰ ਕੇ ਪੇਸ਼ ਕਰਨਾ ਜ਼ਰੂਰੀ ਹੈ, ਤਾਂ ਜੋ ਜਿਨ੍ਹਾਂ ਨੂੰ ਅਜੇ ਤੱਕ ਮਸਲੇ ਦੀ ਸਮਝ ਨਹੀਂ ਆਈ, ਉਹ ਇਸ ਨੂੰ ਸਮਝ ਸਕਣ। ਜੋ ਸਾਫ ਤੇ ਪ੍ਰਤੱਖ ਦੇਖਣ ਅਤੇ ਮੰਨਣ ਤੋਂ ਹੀ ਇਨਕਾਰੀ ਹਨ, ਉਨ੍ਹਾਂ ਨੂੰ ਵੀ ਹਕੀਕਤ ਦਾ ਸ਼ੀਸ਼ਾ ਦਿਖਾਇਆ ਜਾਵੇ।
ਅਜਮੇਰ ਸਿੰਘ ਦੀ ਇੰਟਰਵਿਊ ਤੋਂ ਇਹ ਗੱਲ ਸਾਫ ਹੈ ਕਿ ਉਹ ਖੁਦ ਭੰਬਲਭੂਸੇ ਵਿਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਖੁਦ ਸਮਝ ਨਹੀਂ ਆ ਰਹੀ ਕਿ ਸਿੱਖਾਂ ਨੂੰ ਇਸ ਔਖੀ ਸਥਿਤੀ ਵਿਚੋਂ ਬਾਹਰ ਕਿਵੇਂ ਕੱਢਿਆ ਜਾਵੇ? ਉਹ ਖੁਦ ਕਿਸੇ ਜਵਾਬ ਜਾਂ ਹੱਲ ਦੀ ਤਲਾਸ਼ ਵਿਚ ਪੱਛਮ ਵੱਲ ਦੇਖ ਰਹੇ ਹਨ। ਉਹ ਕਹਿੰਦੇ ਹਨ ਕਿ ਨਾ ਤਾਂ ਇਹ ਠੀਕ ਹੈ, ਤੇ ਨਾ ਹੀ ਉਹ ਠੀਕ ਹੈ, ਤੇ ਤੀਜਾ ਬਦਲ (ਜੋ ਉਹ ਸੋਚਦੇ ਹਨ) ਅਜੇ ਉਭਰਿਆ ਨਹੀਂ।
ਅਜਮੇਰ ਸਿੰਘ ਖਾਲਿਸਤਾਨੀਆਂ ਵਾਸਤੇ ਅੰਗਰੇਜ਼ੀ ਦਾ ਸ਼ਬਦ ‘ਡਿਸਗਸਟਿੰਗ’ ਇਸਤੇਮਾਲ ਕਰਦੇ ਹਨ। ਖਾਲਿਸਤਾਨੀ ਉਨ੍ਹਾਂ ਵਾਸਤੇ ‘ਡਿਸਗਸਟਿੰਗ’ ਉਸੇ ਤਰ੍ਹਾਂ ਹਨ ਜਿਵੇਂ ਬ੍ਰਾਹਮਣ ਵਾਸਤੇ ਸ਼ੂਦਰ ਡਿਸਗਸਟਿੰਗ ਹੈ। ਬ੍ਰਾਹਮਣ ਕਿਸੇ ਸ਼ੂਦਰ ਨਾਲ ਦੋ ਮਿੰਟ ਨਹੀਂ ਬਹਿ ਸਕਦਾ, ਇਸੇ ਤਰ੍ਹਾਂ ਅਜਮੇਰ ਸਿੰਘ ਵੀ ਖਾਲਿਸਤਾਨੀਆਂ ਨਾਲ ਦੋ ਮਿੰਟ ਨਹੀਂ ਬਹਿ ਸਕਦੇ। ਖਾਲਿਸਤਾਨੀ ਉਨ੍ਹਾਂ ਵਾਸਤੇ ਸ਼ੂਦਰਾਂ ਵਾਂਗ ਅਛੂਤ ਬਣ ਗਏ ਹਨ।
ਕੁਝ ਲੋਕਾਂ ਨੇ ਸੋਸ਼ਲ ਮੀਡੀਆ ਉਤੇ ਆਪਣੀਆਂ ਟਿੱਪਣੀਆਂ ਵਿਚ ਕਿਹਾ ਹੈ ਕਿ ਖਾਲਿਸਤਾਨੀਆਂ ਨੂੰ ‘ਡਿਸਗਸਟਿੰਗ’ ਕਹਿਣਾ ਠੀਕ ਹੈ, ਕੋਈ ਗਲਤ ਨਹੀਂ, ਕਿਉਂਕਿ ਉਹ ਖਾਲਿਸਤਾਨੀਆਂ ਨੂੰ ‘ਡਿਸਗਸਟਿੰਗ’ ਜਾਂ ਇਸ ਤੋਂ ਵੀ ਮਾੜਾ ਸਮਝਦੇ ਹਨ, ਤੇ ਕਿਸੇ ਨੇ ਤਾਂ ਆਪਣੇ ਆਪ ਨੂੰ ‘ਡਿਸਗਸਟਿੰਗ’ ਕਹਾਉਣਾ ਵੀ ਕਬੂਲ ਲਿਆ ਹੈ, ਇਹ ਸਵੈ-ਨਫਰਤ ਨਹੀਂ ਤਾਂ ਹੋਰ ਕੀ ਹੈ?
ਹੁਣ ਜੇ ਅਜਮੇਰ ਸਿੰਘ ਨੂੰ ਲਲਕਾਰ ਕੇ ਚੰਗੀ ਤਰ੍ਹਾਂ ਤਸੱਲੀਬਖਸ਼ ਤਰੀਕੇ ਨਾਲ ਨਾ ਹਰਾਇਆ ਗਿਆ ਤੇ ਲੋਕ ਉਨ੍ਹਾਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਮੰਨਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਸਾਰੇ ਸਿੱਖ ਸਵੈ-ਨਫਰਤ ਦੀ ਮਾਨਸਿਕ ਬਿਮਾਰੀ ਦੀ ਸ਼ਿਕਾਰ ਹੋ ਜਾਣਗੇ। ਅਜਮੇਰ ਸਿੰਘ ਦੇ ਭਾਸ਼ਣ, ਵਾਰਤਾਲਾਪ ਅਤੇ ਕਿਤਾਬਾਂ ਦਾ ਅੰਤਿਮ ਪ੍ਰਭਾਵ ਲੋਕਾਂ ਉਤੇ ਇਹ ਪੈਂਦਾ ਹੈ ਕਿ ਇਹ ਲੋਕਾਂ ਵਿਚੋਂ ਉਨ੍ਹਾਂ ਦੀ ਰੂਹ/ਆਤਮਾ ਖਤਮ ਕਰ ਦਿੰਦਾ ਹੈ ਜਾਂ ਕੱਢ ਦਿੰਦਾ ਹੈ। ਜੋ ਵੀ ਉਸ ਨੂੰ ਸੁਣ ਜਾਂ ਪੜ੍ਹ ਕੇ ਉਸ ਦੇ ਪ੍ਰਭਾਵ ਥੱਲੇ ਆਉਂਦਾ ਹੈ, ਉਹ ਚੜ੍ਹਦੀ ਕਲਾ ਵਿਚ ਨਹੀਂ ਰਹਿੰਦਾ।
ਇੰਟਰਵਿਊ ਤੋਂ ਸਾਫ ਹੈ ਕਿ ਉਹ ਖਾਲਿਸਤਾਨ ਦੇ ਵਿਰੁਧ ਹਨ; ਜਦਕਿ ਉਨ੍ਹਾਂ ਦੇ ਮੁਰੀਦ ਦੋ ਭਾਗਾਂ ਵਿਚ ਵੰਡੇ ਹੋਏ ਪ੍ਰਤੀਤ ਹੁੰਦੇ ਹਨ- ਇਕ ਉਹ ਹਨ ਜੋ ਉਨ੍ਹਾਂ ਨੂੰ ਇਹ ਕਹਿ ਕੇ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜੋ ਅਜਮੇਰ ਸਿੰਘ ਨੇ ਕਿਹਾ, ਉਹ ਕੁਝ ਹੋਰ ਕਹਿਣਾ ਚਾਹ ਰਹੇ ਸਨ, ਉਹ ਕੁਝ ਨਹੀਂ ਜੋ ਲਫਜ਼ਾਂ ਤੋਂ ਪ੍ਰਤੱਖ ਸਮਝ ਵਿਚ ਆਉਂਦਾ ਹੈ। ਦੂਜੇ ਉਹ ਹਨ, ਜਿਹੜੇ ਅਜਮੇਰ ਸਿੰਘ ਨੇ ਜੋ ਵੀ ਕਿਹਾ, ਉਸ ਨੂੰ ਸਹੀ ਠਹਿਰਾਉਂਦੇ ਹਨ ਅਤੇ ਇਹ ਵੀ ਕਹਿੰਦੇ ਹਨ ਕਿ ਜੋ ਵੀ ਉਨ੍ਹਾਂ ਕਿਹਾ ਹੈ, ਉਸ ਨੂੰ ਮੰਨਣ ਵਿਚ ਕੀ ਹਰਜ ਹੈ? ਅਜਮੇਰ ਸਿੰਘ ਨੂੰ ਮੰਨਣ ਵਾਲੇ ਬੇਸ਼ੱਕ ਦੋ ਭਾਗਾਂ ਵਿਚ ਵੰਡੇ ਹੋਏ ਪ੍ਰਤੀਤ ਹੁੰਦੇ ਹਨ, ਪਰ ਅਸਲ ਵਿਚ ਇਹ ਦੋਵੇਂ ਹੀ ਖਾਲਿਸਤਾਨ ਵਿਰੋਧੀ ਹਨ।
ਨੇਸ਼ਨ ਸਟੇਟ ਬਾਰੇ ਅਜਮੇਰ ਸਿੰਘ ਦੀ ਸਮਝ ਅਧੂਰੀ ਹੈ, ਉਹ ਗਹਿਰਾਈ ਤੱਕ ਨਹੀਂ ਗਏ ਅਤੇ ਉਨ੍ਹਾਂ ਨੂੰ ਮੰਨਣ ਵਾਲੇ ਵੀ ਉਨ੍ਹਾਂ ਦੇ ਪਰੋਸੇ ਹੋਏ ਨੂੰ ਹੀ ਪੂਰਾ ਸੱਚ ਮੰਨ ਰਹੇ ਹਨ। ਉਹ ਨੇਸ਼ਨ ਸਟੇਟ ਨੂੰ ਇਸ ਆਧਾਰ ‘ਤੇ ਰੱਦ ਕਰ ਰਹੇ ਹਨ ਕਿ ਨੇਸ਼ਨ ਸਟੇਟ ਕਰ ਕੇ ਬਹੁਤ ਲੜਾਈਆਂ ਅਤੇ ਖੂਨ ਖਰਾਬਾ ਹੁੰਦਾ ਹੈ, ਜਿਵੇਂ ਸੰਸਾਰ ਜੰਗਾਂ ਵਿਚ ਹੋਇਆ।
ਹੁਣ ਤਾਂ (ਪੱਤਰਕਾਰ ਤੇ ਸਿੱਖ ਚਿੰਤਕ) ਜਸਪਾਲ ਸਿੰਘ ਸਿੱਧੂ ਵੀ ਆਪਣੇ ਲੇਖ ਨਾਲ ਅਜਮੇਰ ਸਿੰਘ ਦੀ ਹਮਾਇਤ ਵਿਚ ਆ ਗਏ ਹਨ। ਜਸਪਾਲ ਸਿੰਘ ਨੇਸ਼ਨ ਸਟੇਟ ਦਾ ਕਰੂਰ ਰੂਪ ਪੇਸ਼ ਕਰ ਰਹੇ ਹਨ ਅਤੇ ਹਿਟਲਰ, ਮੁਸੋਲੀਨੀ ਤੇ ਹਿੰਦੋਸਤਾਨ ਦੇ ਹਿੰਦੂਤਵੀ ਰਾਜ ਦੀ ਉਦਾਹਰਣ ਦੇ ਰਹੇ ਹਨ ਜਿਸ ਵਿਚ ਘੱਟ ਗਿਣਤੀ ਕੌਮਾਂ ਨੂੰ ਦਬਾਇਆ ਜਾਂਦਾ ਹੈ। ਉਹ ਇਹ ਵੀ ਕਹਿ ਰਹੇ ਹਨ ਕਿ ਨੇਸ਼ਨ ਸਟੇਟ ਸਿਰਫ ਉਥੇ ਹੀ ਆਦਰਸ਼ ਰਾਜ ਦੇ ਰੂਪ ਵਿਚ ਸੰਭਵ ਹੈ, ਜਿਥੇ ਇਕੋ ਕੌਮ ਦੇ ਹੀ ਲੋਕ ਰਹਿੰਦੇ ਹਨ। ਉਹ ਕਹਿਣਾ ਚਾਹੁੰਦੇ ਹਨ ਕਿ ਜਿਥੇ ਵੀ ਨੇਸ਼ਨ ਸਟੇਟ ਵਿਚ ਇਕ ਤੋਂ ਵੱਧ ਕੌਮਾਂ ਹੋਣਗੀਆਂ, ਉਥੇ ਦੂਜੀਆਂ ਕੌਮਾਂ ਨੂੰ ਦਬਾਇਆ ਜਾਵੇਗਾ। ਉਨ੍ਹਾਂ ਦਾ ਇਸ਼ਾਰਾ ਇਸ ਕਾਲਪਨਿਕ ਗੱਲ ਵੱਲ ਹੈ ਕਿ ਨੇਸ਼ਨ ਸਟੇਟ ਖਾਲਿਸਤਾਨ ਵਿਚ ਹਿੰਦੂਆਂ, ਮੁਸਲਮਾਨਾਂ ਅਤੇ ਇਸਾਈਆਂ ਨੂੰ ਦਬਾਇਆ ਜਾਵੇਗਾ। ਜਸਪਾਲ ਸਿੰਘ ਸਿੱਧੂ ਦੀ ਇਸ ਗੱਲ ਦਾ ਕੋਈ ਆਧਾਰ ਨਹੀਂ ਹੈ, ਕਿਉਂਕਿ ਸਿੱਖ ਜਦ ਵੀ ਰਾਜ ਕਰਨਗੇ, ਉਹ ਗੁਰੂ ਸਾਹਿਬਾਨ ਦੇ ਦੱਸੇ ਮੁਤਾਬਕ ਹਲੀਮੀ ਨੇਸ਼ਨ ਸਟੇਟ ਰਾਜ ਪ੍ਰਬੰਧ ਕਾਇਮ ਕਰਨਗੇ।
ਜਸਪਾਲ ਸਿੰਘ ਸਿੱਧੂ 1947 ਦੀ ਵੰਡ ਸਮੇਂ ਵਾਪਰੀ ਕਤਲੋਗਾਰਤ ਦਾ ਕਾਰਨ ਵੀ ਭਾਰਤ ਅਤੇ ਪਾਕਿਸਤਾਨ ਨੇਸ਼ਨ ਸਟੇਟਸ ਦੀ ਕਾਇਮੀ ਨੂੰ ਦੱਸ ਰਹੇ ਹਨ; ਜਦਕਿ ਉਸ ਕਤਲੋਗਾਰਤ ਦਾ ਕਾਰਨ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਸਦੀਆਂ ਤੋਂ ਦਬੀ ਹੋਈ ਨਫਰਤ ਦਾ ਖੁੱਲ੍ਹ ਕੇ ਬਾਹਰ ਆਉਣਾ ਸੀ। ਸ਼ ਸਿੱਧੂ ਇਹ ਮੰਨਣ ਨੂੰ ਵੀ ਤਿਆਰ ਨਹੀਂ ਹਨ ਕਿ ਇਹ ਕਤਲੋਗਾਰਤ ਧਾਰਮਿਕ ਦੁਸ਼ਮਣੀ ਕਾਰਨ ਵਾਪਰੀ, ਬਲਕਿ ਉਹ ਇਹ ਪ੍ਰਚਾਰ ਰਹੇ ਹਨ ਕਿ ਹਿੰਦੂ ਤੇ ਮੁਸਲਮਾਨ ਸਦੀਆਂ ਤੋਂ ਆਪਸ ਵਿਚ ਸ਼ਾਂਤੀ ਨਾਲ ਰਹਿ ਰਹੇ ਸਨ, ਜੋ ਸੱਚਾਈ ਤੋਂ ਬਹੁਤ ਪਰੇ ਦੀ ਗੱਲ ਹੈ। ਸ਼ ਸਿੱਧੂ ਨੇਸ਼ਨ ਸਟੇਟ ਦੇ ਖਿਆਲ ਨੂੰ ਸਿੱਖਾਂ ਵਾਸਤੇ ਬੇਗਾਨਾ ਅਤੇ ਸਰਾਪ ਕਹਿ ਰਹੇ ਸਨ ਜਿਸ ਤੋਂ ਸਿੱਖਾਂ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ।
ਗਿਆਨ ਦੀ ਕੋਈ ਵੀ ਗੱਲ ਕਿਸੇ ਖਿੱਤੇ ਨਾਲ ਸੀਮਤ ਨਹੀਂ ਰੱਖੀ ਜਾ ਸਕਦੀ ਅਤੇ ਨਾ ਹੀ ਰੱਖਣੀ ਚਾਹੀਦੀ ਹੈ। ਜੇ ਜਸਪਾਲ ਸਿੰਘ ਸਿੱਧੂ ਦੀ ਮੰਨੀਏ ਤਾਂ ਸਿੱਖ ਧਰਮ ਪੰਜਾਬ ਵਿਚ ਸ਼ੁਰੂ ਹੋਇਆ, ਇਹ ਪੱਛਮ ਵਾਸਤੇ ਬੇਗਾਨਾ ਹੈ ਅਤੇ ਇਸ ਨੂੰ ਪੱਛਮ ਵਿਚ ਫੈਲਣਾ ਨਹੀਂ ਚਾਹੀਦਾ। ਜਸਪਾਲ ਸਿੰਘ ਸਿੱਧੂ ਪਾਤਸ਼ਾਹੀ ਨੂੰ ਸੌਵਰੈਨਿਟੀ ਤੋਂ ਘੱਟ ਮੰਨ ਰਹੇ ਹਨ। ਉਹ ਸਿੱਖਾਂ ਨੂੰ ਸੌਵਰਨ ਜਾਂ ਆਜ਼ਾਦ ਨਹੀਂ ਦੇਖਣਾ ਚਾਹੁੰਦੇ।
ਨੇਸ਼ਨ ਸਟੇਟ ਤਾਂ ਐਬਸਟਰੈਕਟ ਕਨਸੈਪਟ ਹੈ ਜੋ ਦੋ ਕਨਸੈਪਟਸ ਨੇਸ਼ਨ ਅਤੇ ਸਟੇਟ ਦੇ ਮੇਲ ਨਾਲ ਬਣਿਆ ਹੈ। ਉਹ ਲੋਕ ਜਿਨ੍ਹਾਂ ਦਾ ਸਾਂਝਾ ਇਤਿਹਾਸ, ਸਭਿਅਤਾ, ਨਸਲ, ਭਾਸ਼ਾ ਜਾਂ ਧਰਮ ਹੁੰਦਾ ਹੈ, ਜੋ ਉਨ੍ਹਾਂ ਨੂੰ ਇਕ ਦੂਜੇ ਨਾਲ ਜੋੜਦਾ ਹੈ, ਉਹ ਨੇਸ਼ਨ/ਕੌਮ ਹਨ ਅਤੇ ਉਨ੍ਹਾਂ ਕੋਲ ਸਟੇਟ (ਜ਼ਮੀਨ ਅਤੇ ਸਰਕਾਰ ਜਿਸ ‘ਤੇ ਉਨ੍ਹਾਂ ਦਾ ਖੁਦ ਦਾ ਅਖਤਿਆਰ ਹੋਵੇ) ਵੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਅੱਜ ਅਤੇ ਕੱਲ੍ਹ ਦੇ ਫੈਸਲੇ ਖੁਦ ਲੈ ਸਕਣ। ਜੰਗ ਅਤੇ ਖੂਨ ਖਰਾਬਾ ਗਲਤ ਲੋਕਾਂ ਦੇ ਸੱਤਾ ਵਿਚ ਆਉਣ ਨਾਲ ਹੋਇਆ ਅਤੇ ਹੁੰਦਾ ਹੈ। ਨੇਸ਼ਨ ਸਟੇਟ ਦੇ ਐਬਸਟਰੈਕਟ ਕਨਸੈਪਟ ਜਾਂ ਖਿਆਲ ਨੇ ਕੋਈ ਖੂਨ ਖਰਾਬਾ ਨਹੀਂ ਕੀਤਾ। ਖੂਨ ਖਰਾਬਾ ਹੋਣ ਦਾ ਖਦਸ਼ਾ ਪੈਦਾ ਕਰ ਕੇ ਖਾਲਿਸਤਾਨ ਦੀ ਕਾਇਮੀ ਖਿਲਾਫ ਵਿਚਾਰ ਖੜ੍ਹੇ ਕੀਤੇ ਜਾ ਰਹੇ ਹਨ ਅਤੇ ਇਹ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖਾਲਿਸਤਾਨੀ ਖੂਨ ਖਰਾਬਾ ਚਾਹੁੰਦੇ ਹਨ ਜੋ ਸੱਚ ਨਹੀਂ। ਕੋਈ ਵੀ ਖਾਲਿਸਤਾਨੀ ਖੂਨ ਖਰਾਬਾ ਨਹੀਂ ਚਾਹੁੰਦਾ, ਪਰ ਹਿੰਦੋਸਤਾਨ ਦੀ ਸਰਕਾਰ ਸਿੱਖਾਂ ਨੂੰ ਜਬਰ ਅਤੇ ਜ਼ੁਲਮ ਨਾਲ ਦਬਾ ਰਹੀ ਹੈ।
ਸਵਾਲ ਹੈ ਕਿ ਕੀ ਹੁਣ ਸਿੱਖ ਖਾਲਿਸਤਾਨ ਲੈਣ ਲਈ ਸੰਘਰਸ਼ ਨਾ ਕਰਨ ਅਤੇ ਹਿੰਦੋਸਤਾਨ ਦੀ ਸਰਕਾਰ ਦਾ ਜ਼ੁਲਮ ਤੇ ਜਬਰ ਝੱਲੀ ਜਾਣ? ਨੇਸ਼ਨ ਸਟੇਟ ਦਾ ਐਬਸਟਰੈਕਟ ਕਨਸੈਪਟ ਅਤੇ ਨੇਸ਼ਨ ਸਟੇਟ ਦੀ ਹਕੀਕਤ ਦੋ ਵੱਖ-ਵੱਖ ਗੱਲਾਂ ਹਨ। ਇਕ ਖਿਆਲ ਹੈ ਤੇ ਦੂਜਾ ਫਿਨੋਮਿਨਾ ਹੈ। ਨੇਸ਼ਨ ਸਟੇਟ ਦੇ ਖਿਆਲ ਅਤੇ ਉਸ ਦੇ ਅਮਲ ਵਿਚ ਫਰਕ ਹੋ ਸਕਦਾ ਹੈ, ਤੇ ਜੇ ਅਮਲ ਸਹੀ ਨਹੀਂ ਕੀਤਾ ਤਾਂ ਉਸ ਪਿੱਛੇ ਖਿਆਲ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ। ਇਹ ਮਨੁੱਖ ਦੀ ਕਮਜ਼ੋਰੀ ਹੈ ਕਿ ਉਹ ਖਿਆਲ ਨੂੰ ਸਰਵਉਚ ਤਰੀਕੇ ਨਾਲ ਅਮਲ ਵਿਚ ਨਹੀਂ ਲਿਆ ਸਕੇ।
ਭਾਰਤ ਜਿਸ ਵਿਚ ਕਈ ਕੌਮਾਂ ਵੱਸਦੀਆਂ ਹਨ, ਨੂੰ ਨੇਸ਼ਨ ਸਟੇਟ ਨਹੀਂ ਕਿਹਾ ਜਾ ਸਕਦਾ, ਪਰ ਅਜਮੇਰ ਸਿੰਘ ਭਾਰਤ ਨੂੰ ਨੇਸ਼ਨ ਸਟੇਟ ਮੰਨਦੇ ਹਨ ਅਤੇ ਉਹ ਨੇਸ਼ਨ ਸਟੇਟ ਦਾ ਕਰੂਰ ਦੈਂਤ ਵਾਲਾ ਚਿਹਰਾ ਪੇਸ਼ ਕਰ ਕੇ ਖਾਲਿਸਤਾਨ ਦੇ ਖਿਆਲ ਵਿਰੁਧ ਖੜ੍ਹ ਰਹੇ ਹਨ। ਉਹ ਇਸ ਗੱਲ ਵੱਲ ਝਾਤ ਹੀ ਨਹੀਂ ਮਾਰ ਰਹੇ ਕਿ ਸਿੱਖ ਭਾਰਤ ਵਿਚ ਕਿੰਨਾ ਤਸ਼ੱਦਦ ਸਹਾਰ ਰਹੇ ਹਨ, ਉਹ ਸਿੱਖਾਂ ਉਤੇ ਹੋ ਰਹੇ ਜ਼ੁਲਮ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਰਹੇ ਹਨ। ਸਿੱਖਾਂ ਨੂੰ ਆਪਣੇ ਆਜ਼ਾਦ ਮੁਲਕ ਦੀ ਲੋੜ ਹੈ ਜਿਸ ਵਿਚ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ ਅਤੇ ਆਪਣੇ ਭਵਿੱਖ ਦੇ ਫੈਸਲੇ ਖੁਦ ਕਰ ਸਕਣ। ਅਜਮੇਰ ਸਿੰਘ ਖਾਲਿਸਤਾਨ ਖਿਲਾਫ ਇਸ ਕਰ ਕੇ ਖੜ੍ਹੇ ਹਨ ਕਿ ਉਹ ਨੇਸ਼ਨ ਸਟੇਟ ਦੇ ਖਿਆਲ ਨੂੰ ਨਫਰਤ ਕਰਦੇ ਹਨ। ਉਹ ਖਾਲਿਸਤਾਨ ਦੇ ਖਿਆਲ ਉਤੇ ਹਮਲਾ ਕਰ ਕੇ ਖਾਲਿਸਤਾਨ ਨੂੰ ਹੋਂਦ ਵਿਚ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।
ਅਜਮੇਰ ਸਿੰਘ ਕਹਿੰਦੇ ਹਨ ਕਿ ਖਾਲਿਸਤਾਨੀ ਅਤੇ ਕਾਮਰੇਡ ਇਕੋ ਸਿੱਕੇ ਦੇ ਦੋ ਪਹਿਲੂ ਹਨ, ਕਿਉਂਕਿ ਉਨ੍ਹਾਂ ਵਾਸਤੇ ਇਹ ਦੋਵੇਂ ਹੀ ‘ਡਿਸਗਸਟਿੰਗ’ ਹਨ, ਮਤਲਬ ਉਹ ਆਪਣੇ ਆਪ ਨੂੰ ਇਨ੍ਹਾਂ ਤੋਂ ਕਿਤੇ ਉਚੀ ਥਾਂ ‘ਤੇ ਮੰਨਦੇ ਹਨ। ਅਸਲ ਵਿਚ ਅਜਮੇਰ ਸਿੰਘ ਕਦੇ ਵੀ ਕਮਿਊਨਿਸਟ ਪ੍ਰਭਾਵ ਤੋਂ ਉਪਰ ਉਠ ਨਹੀਂ ਸਕੇ ਅਤੇ ਇਹੀ ਸੋਚ ਉਨ੍ਹਾਂ ਦੇ ਖਿਆਲਾਂ ਉਤੇ ਹੁਣ ਵੀ ਕਿਸੇ ਅਣਦਿਖ ਤਰੀਕੇ ਨਾਲ ਪ੍ਰਭਾਵ ਪਾ ਰਹੀ ਹੈ।
ਕਰਮਜੀਤ ਸਿੰਘ ਨੇ ਆਪਣੇ ਲੇਖ ਵਿਚ ਸੱਚ ਤੋਂ ਪਰਦਾ ਚੁੱਕਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਅਜਮੇਰ ਸਿੰਘ ਦੇ ਮੂੰਹੋਂ ਖਾਲਿਸਤਾਨੀਆਂ ਖਿਲਾਫ ਭੜਾਸ ਨਿਕਲਣ ਦੇ ਮਨੋਵਿਗਿਆਨਕ ਕਾਰਨ ਵੀ ਦੱਸੇ ਹਨ ਤਾਂ ਜੋ ਲੋਕ ਅਜਮੇਰ ਸਿੰਘ ਦੇ ਸ਼ਬਦਾਂ ਨੂੰ ਅੰਤਿਮ ਸੱਚ ਮੰਨਣਾ ਬੰਦ ਕਰ ਦੇਣ ਅਤੇ ਉਨ੍ਹਾਂ ਦਾ ਪਰਸਨੈਲਿਟੀ ਕਲਟ ਡਿੱਗ ਜਾਵੇ। ਜਿਹੜੇ ਲੋਕ ਅਜੇ ਵੀ ਅਜਮੇਰ ਸਿੰਘ ਨੂੰ ਚਾਨਣ ਮੁਨਾਰਾ ਮੰਨਦੇ ਹਨ, ਉਨ੍ਹਾਂ ਨੂੰ ਇਹ ਗੱਲ ਜਾਣ ਤੇ ਸਮਝ ਲੈਣੀ ਚਾਹੀਦੀ ਹੈ ਕਿ ਜੇ ਤੁਸੀਂ ਕਿਸੇ ਨੂੰ ਆਪਣਾ ਆਈਡਲ ਮੰਨਦੇ ਹੋ ਤਾਂ ਤੁਸੀਂ ਉਸ ਤੋਂ ਪਰੇ ਨਹੀਂ ਸੋਚ ਸਕਦੇ। ਤੁਸੀਂ ਵਧ-ਫੁਲ ਨਹੀਂ ਸਕਦੇ ਤੇ ਤੁਹਾਡਾ ਖਿਆਲ ਤੁਹਾਡੇ ਆਈਡਲ ਤੋਂ ਪਰੇ ਨਹੀਂ ਜਾਵੇਗਾ।
ਅਜਮੇਰ ਸਿੰਘ ਆਪਣੀ ਇੰਟਰਵਿਊ ਵਿਚ ਖੁਦ ਇਹ ਗੱਲ ਸਾਫ ਕਰਦੇ ਹਨ ਕਿ ਉਨ੍ਹਾਂ ਕੋਲ ਸਾਰੇ ਸਵਾਲਾਂ ਦੇ ਜਵਾਬ ਨਹੀਂ ਹਨ ਅਤੇ ਉਹ ਖੁਦ ਪੱਛਮ ਵਿਚੋਂ ਕਿਸੇ ਜਵਾਬ ਜਾਂ ਬਦਲ ਦੇ ਉਭਰਨ ਦੀ ਉਮੀਦ ਰੱਖਦੇ ਹਨ। ਜਿਹੜੇ ਲੋਕ ਹੁਣ ਵੀ ਅਜਮੇਰ ਸਿੰਘ ਤੋਂ ਕਿਸੇ ਜਵਾਬ ਜਾਂ ਬਦਲ ਦੀ ਉਮੀਦ ਵਿਚ ਬੈਠੇ ਹਨ, ਉਨ੍ਹਾਂ ਨੂੰ ਇਹ ਗੱਲ ਜਾਣ ਤੇ ਮੰਨ ਲੈਣੀ ਚਾਹੀਦੀ ਹੈ ਕਿ ਉਸ ਕੋਲ ਕੋਈ ਜਵਾਬ ਨਹੀਂ ਹੈ ਅਤੇ ਉਨ੍ਹਾਂ ਨੂੰ ਕਿਤੇ ਹੋਰ ਜਵਾਬ ਤਲਾਸ਼ਣਾ ਚਾਹੀਦਾ ਹੈ, ਜਾਂ ਖੁਦ ਹੀ ਜਵਾਬ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਉਨ੍ਹਾਂ ਨੂੰ ਜਵਾਬ ਪਰੋਸ ਕੇ ਦੇਵੇ, ਇਸ ਉਡੀਕ ਵਿਚ ਨਹੀਂ ਬੈਠੇ ਰਹਿਣਾ ਚਾਹੀਦਾ।