ਕਰਮਜੀਤ ਸਿੰਘ ਚੰਡੀਗੜ੍ਹ ਦੇ ਤਰਕਾਂ ਦੀਆਂ ਕਮਜ਼ੋਰ ਤੰਦਾਂ

ਕਮਲਜੀਤ ਸਿੰਘ ਬਾਸੀ
ਫਰੀਮਾਂਟ, ਕੈਲੀਫੋਰਨੀਆ
‘ਪੰਜਾਬ ਟਾਈਮਜ਼’ (7 ਜਨਵਰੀ 2017) ਵਿਚ ‘ਥਿੜਕ ਗਏ ਹਨ ਅਜਮੇਰ ਸਿੰਘ ਆਪਣੀ ਮੰਜ਼ਿਲ ਤੋਂ’ ਸਿਰਲੇਖ ਹੇਠ ਕਰਮਜੀਤ ਸਿੰਘ ਚੰਡੀਗੜ੍ਹ ਦਾ ਲੇਖ ਪੜ੍ਹਨ ਤੋਂ ਬਾਅਦ ਮਹਿਸੂਸ ਹੋਇਆ ਕਿ ਖਾਲਿਸਤਾਨ ਦੇ ਹਾਮੀ ਲੇਖਕ ਨੂੰ ਇਕ ਸਾਥੀ ਵੱਲੋਂ ਸਾਥ ਛੱਡ ਦੇਣ ਦੀ ਤਕਲੀਫ ਕਰਕੇ ਲੇਖ ਲਿਖਣਾ ਪਿਆ। ਕਰਮਜੀਤ ਸਿੰਘ ਨੂੰ ਇਸ ਗੱਲੋਂ ਬਹੁਤ ਤਕਲੀਫ ਹੋਈ ਹੈ ਕਿ ਅਜਮੇਰ ਸਿੰਘ ਨੇ ਆਪਣੇ ਖਾਲਿਸਤਾਨੀ ਮੁੱਦੇ ਉਤੇ ਦੂਜੀ ਨਜ਼ਰ ਮਾਰਨ ਦਾ ਹੱਕ ਵਰਤਿਆ ਹੈ, ਜਿਵੇਂ ਮੋਢੀ ਖਾਲਿਸਤਾਨੀ ਡਾæ ਜਗਜੀਤ ਸਿੰਘ ਚੌਹਾਨ ਜਾਂ ਡਾæ ਸੋਹਣ ਸਿੰਘ ਦੇ ਵਿਚਾਰਾਂ ਵਿਚ ਤਬਦੀਲੀ ਆਈ ਸੀ।

ਕਰਮਜੀਤ ਸਿੰਘ ਨੇ ਅਜਮੇਰ ਸਿੰਘ ਉਤੇ ਤਰਕ ਅਤੇ ਜਜ਼ਬਾਤ ਦਾ ਮੇਲ ਕਰ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ ਹੈ ਅਤੇ ਆਪ ਵੀ ਧਾਰਮਿਕ ਫਲਸਫਿਆਂ ਦੀ ਜਜ਼ਬਾਤੀ ਓਟ ਲੈ ਕੇ ਤਰਕ ਨੂੰ ਤਕੜਿਆਂ ਕਰਨ ਦਾ ਹੀਲਾ ਕੀਤਾ ਹੈ। ਕਰਮਜੀਤ ਸਿੰਘ ਲਿਖਦੇ ਹਨ, “ਖਾਲਿਸਤਾਨ ਲਈ ਹਜ਼ਾਰਾਂ ਵੀਰਾਂ-ਭੈਣਾਂ ਦੇ ਡੁੱਲ੍ਹੇ ਖੂਨ ਨੂੰ ਅਣਡਿਠ ਕਰ ਦਿੱਤਾ ਹੈ”, ਪਰ ਇਸ ਪ੍ਰਸੰਗ ਵਿਚ ਉਹ ਖੁਦ ਵੀ ਸੜਕਾਂ ਉਤੇ ਸੁੱਤੇ ਪਏ ਪਰਵਾਸੀ ਮਜ਼ਦੂਰਾਂ ਦਾ ਖਾਲਿਸਤਾਨੀਆਂ ਵੱਲੋਂ ਖੂਨ ਵਹਾਉਣ ਜਾਂ ਖਾਲਿਸਤਾਨੀ ‘ਵੀਰਾਂ-ਭੈਣਾਂ’ ਵੱਲੋਂ ਬੇਕਸੂਰ ਲੋਕਾਂ ਦੇ ਬੰਬਾਂ ਨਾਲ ਡੋਲ੍ਹੇ ਖੂਨ ਦੀ ਬਦਬੋ ਤੋਂ ਨੱਕ ਵੱਟ ਲੈਂਦੇ ਹਨ। ਉਨ੍ਹਾਂ ਦਿੱਲੀ ਵਿਚ ਸਿੱਖਾਂ ਦੇ ਕਤਲਾਂ ਦੀ ਜੜ੍ਹ ਲੱਭਣ ਅਤੇ ਫਿਰੌਤੀਆਂ ਲੈ ਕੇ ਖਾਲਿਸਤਾਨ ਬਣਾਉਣ ਦੀ ਗੱਲ ਕਰਨ ਦਾ ਹੀਆ ਨਹੀਂ ਕੀਤਾ। ਨਾ ਹੀ ਉਨ੍ਹਾਂ ਇਸ ਸੰਘਰਸ਼ ਦਾ ਹਿੰਸਕ ਅਤੇ ਸੰਪਤੀ ਜਮ੍ਹਾਂ ਕਰਨ ਦਾ ਪੱਖ ਕਿਤੇ ਵੀ ਫਰੋਲਿਆ ਹੈ, ਜਿਸ ਦੀ ਮਿਸਾਲ ਵ੍ਹਾਈਟ ਹਾਊਸ, ਪਟਿਆਲਾ ਵਿਚ ਰਹਿੰਦੇ ਉਚ-ਕੋਟੀ ਦੇ ਖਾੜਕੂ ਦੀ ਰਿਹਾਇਸ਼ ਸੀ।
ਕਰਮਜੀਤ ਸਿੰਘ ਨੇ ਕਿਤੇ ਦੇਖਿਆ ਹੋਵੇਗਾ ਕਿ ਦਿੱਲੀ ਦੇ ਨਜਫ਼ਗੜ੍ਹ ਰੋਡ ‘ਤੇ ਉਤਮਨਗਰ ਜਾਂ ਰਾਜਾ ਗਾਰਡਨ ਵਿਚ ਕਿੰਨੇ ਪੰਜਾਬੀਆਂ ਨੇ 1980-90ਵਿਆਂ ਵਿਚ ਜਾ ਕੇ ਆਪਣੀ ਜ਼ਿੰਦਗੀ ਮੁੜ ਸ਼ੁਰੂ ਕੀਤੀ ਸੀ ਜਿਨ੍ਹਾਂ ਨੂੰ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚੋਂ ਖਾਲਿਸਤਾਨੀ ‘ਵੀਰਾਂ-ਭੈਣਾਂ’ ਨੇ ਕੱਢ ਕੇ ਇਸੇ ਜਨਮ ਵਿਚ ਦੂਸਰਾ ‘ਸੰਤਾਲੀ’ ਹੰਢਾਉਣ ਵਾਸਤੇ ਮਜਬੂਰ ਕਰ ਦਿੱਤਾ ਸੀ। ਕਰਮਜੀਤ ਸਿੰਘ ਆਪਣੀ ਅੰਤਰ-ਆਤਮਾ ਤੋਂ ਪੁੱਛਣ ਕਿ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦੀ ਜੜ੍ਹ ਉਨ੍ਹਾਂ ‘ਵੀਰਾਂ-ਭੈਣਾਂ’ ਵੱਲੋਂ ਕੀਤੀ ਹਿੰਸਾ ਦਾ ਹੀ ਸਿੱਟਾ ਸੀ ਕਿ ਨਹੀਂ, ਜਿਨ੍ਹਾਂ ਵੀਰਾਂ-ਭੈਣਾਂ ਨੂੰ ਉਨ੍ਹਾਂ ਮੁਤਾਬਕ ਅਜਮੇਰ ਸਿੰਘ ਨੇ ਅਣਗੌਲਿਆ ਕਰ ਦਿੱਤਾ!
ਕੀ ਕਰਮਜੀਤ ਸਿੰਘ ਨੇ ਕਦੇ ‘ਖਾਲਿਸਤਾਨੀ ਵੀਰਾਂ-ਭੈਣਾਂ’ ਤੋਂ ਪੁੱਛਿਆ ਹੈ ਕਿ ਉਹ ਉਨ੍ਹਾਂ ਸਿੱਖਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨਗੇ ਜੋ ਭਾਰਤ ਦੇ ਦੂਜੇ ਹਿੱਸਿਆਂ ਤੋਂ ਖਾਲਿਸਤਾਨ ਬਣਨ ਬਾਅਦ ਨਵੇਂ ਦੇਸ਼ ਵੱਲ ਆਉਣਗੇ? ਕੀ ਕਰਮਜੀਤ ਸਿੰਘ ਨੂੰ ਕਦੀ ਇਹ ਵਿਚਾਰ ਵੀ ਆਇਆ ਕਿ 1947 ਤੋਂ ਬਾਅਦ ਧਾਰਮਿਕ ਨੀਂਹਾਂ ਉਤੇ ਉਸਾਰਿਆ ਗਿਆ ਇਸਲਾਮ ਦਾ ਕਿਲ੍ਹਾ 25 ਸਾਲ ਵੀ ਸਾਬਤ ਨਹੀਂ ਰਹਿ ਸਕਿਆ? ਜਾਂ ਕਰਮਜੀਤ ਸਿੰਘ ਇਹ ਪੜਚੋਲ ਕਰਨਗੇ ਕਿ ਯੂਰਪ ਵਿਚ ਵੀ ਕਦੇ ਚਰਚ ਹੇਠ ਰਾਜ ਚੱਲ ਕੇ ਢਹਿ ਚੁੱਕੇ ਹਨ ਜਾਂ ਆਪਣੇ ਆਪ ਨੂੰ ਦਰਜਨਾਂ ਮੁਲਕ ਜੋ ਆਪਣੇ ਆਪ ਵਿਚ ਇਸਲਾਮਕ ਸਟੇਟ ਅਖਵਾਉਂਦੇ ਹਨ, ਦਾ ਇਕੋ ਹੀ ਮੁਲਕ ਕਿਉਂ ਨਹੀਂ ਬਣ ਸਕਿਆ? ਕੀ ਕਰਮਜੀਤ ਸਿੰਘ 1947 ਦੇ ਸੰਤਾਪ ਅਤੇ ਉਸ ਤੋਂ ਬਾਅਦ ਦੇ ਦੋ ਤੇ ਫਿਰ ਤਿੰਨ ਮੁਲਕਾਂ ਦੀ ਧਾਰਮਿਕ ਹਾਲਤ ਬਾਰੇ ਸੋਚਣਗੇ? ਕੀ ਉਹ ਜਾਣਦੇ ਹਨ ਕਿ ‘ਇਸਲਾਮ ਦੇ ਕਿਲ੍ਹੇ’ ਯਾਨਿ ਅਜੋਕੇ ਪਾਕਿਸਤਾਨ ਵਿਚ ਧਾਰਮਿਕ ਕਤਲ ਜ਼ਿਆਦਾ ਹੁੰਦੇ ਹਨ, ਜਿਥੇ 99 ਫੀਸਦੀ ਆਬਾਦੀ ਮੁਸਲਮਾਨਾਂ ਦੀ ਹੈ?
ਜੇ ਕਰਮਜੀਤ ਸਿੰਘ ਇਸ ਨੂੰ ਡੂੰਘਾਈ ਨਾਲ ਵਿਚਾਰਨ ਤਾਂ ਸ਼ਾਇਦ ਉਨ੍ਹਾਂ ਨੂੰ ਇਸ ਸਾਰੀ ਧਾਰਮਿਕ ਹਿੰਸਾ ਦੀ ਜੜ੍ਹ ਧਰਮ ਅਤੇ ਸਿਆਸਤ ਦੀ ਜ਼ਹਿਰੀਲੀ ਕੌਕਟੇਲ ਵਿਚੋਂ ਮਿਲ ਜਾਵੇ। ਜਦੋਂ ਸਿਆਸਤ ਵਿਚ ਕਿਸੇ ਵੀ ਹੋਰ ਵਿਚਾਰਧਾਰਾ ਦਾ ਯੋਗ ਹੋ ਜਾਵੇ ਤਾਂ ਉਸ ਦਾ ਨਤੀਜਾ ਵਹਿਸ਼ਤ ਹੀ ਹੁੰਦਾ ਹੈ; ਚਾਹੇ ਸਿਆਸਤ ਦੀ ਰੋਸ਼ਨੀ ਵਿਚ ਯੂਨੀਵਰਸਿਟੀਆਂ ਖੋਲ੍ਹਣੀਆਂ ਹੋਣ, ਕਾਲਜ ਖੋਲ੍ਹਣੇ ਹੋਣ ਜਾਂ ਠੇਕੇ ਦੇਣੇ ਹੋਣ ਜਾਂ ਰੇਤ ਬਜਰੀ ਦਾ ਵਪਾਰ ਚਲਾਉਣਾ ਹੋਵੇ, ਸਭ ਕੁਝ ਬੇਈਮਾਨੀਆਂ ਨਾਲ ਭਰ ਜਾਂਦਾ ਹੈ।
ਕਰਮਜੀਤ ਸਿੰਘ ਨੇ ਆਪਣੇ ਲੇਖ ਵਿਚ ਸਿੱਖ ਨੇਸ਼ਨ ਸਟੇਟ ਦੀ ਹਾਮੀ ਭਰਦਿਆਂ ਮਹਾਰਾਜਾ ਰਣਜੀਤ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਕੀਤਾ ਹੈ। ਸਵਾਲ ਹੈ ਕਿ ਕੀ ਰਣਜੀਤ ਸਿੰਘ ਜਾਂ ਬੰਦਾ ਸਿੰਘ ਬਹਾਦਰ ਖਾਲਿਸਤਾਨ ਨਹੀਂ ਸੀ ਬਣਾ ਸਕਦੇ? ਜੇ ਬਣਾ ਸਕਦੇ ਸਨ ਤਾਂ ਉਨ੍ਹਾਂ ਨੂੰ ਕੀ ਸਿੱਖ ਧਰਮ ਬਾਰੇ ਪਤਾ ਨਹੀਂ ਸੀ? ਇਹ ਸਵਾਲ ਕਰਮਜੀਤ ਸਿੰਘ ਲਈ ਖੁੱਲ੍ਹੇ ਛੱਡ ਦਿੱਤੇ ਹਨ। ਇਕ ਗੱਲ ਬੜੇ ਗਹੁ ਨਾਲ ਸੋਚਣੀ ਬਣਦੀ ਹੈ ਕਿ ਕਰਮਜੀਤ ਸਿੰਘ ਆਪਣੇ ਆਪ ਨੂੰ ਤਾਂ ‘ਸਾਨੂੰ’ ਲਿਖਦੇ ਹਨ ਅਤੇ ਅਜਮੇਰ ਸਿੰਘ ਨੂੰ ਕਿਤੇ ਕਿਤੇ ‘ਤੂੰ’ ਵਿਚ ਲਪੇਟ ਲੈਂਦੇ ਹਨ। ਇਥੇ ਕਰਮਜੀਤ ਸਿੰਘ ਵੱਲੋਂ ਧਰਮ ਦੀ ਗੱਡੀ ‘ਤੇ ਸਵਾਰ ਹੋ ਕੇ ਸਿਆਸਤ ਦੀ ਮੰਜ਼ਿਲ ਤੱਕ ਅੱਪੜਨ ਦਾ ਹੀਲਾ ਕੀਤਾ ਗਿਆ ਹੈ। ਧਰਮ ਦੀ ਗੱਡੀ ਤਾਂ ਹਮੇਸ਼ਾ ਹੀ ਤਰਕ ਤੇ ਸਹਿ-ਭਾਵਨਾ ਦੇ ਤੇਲ ਨਾਲ ਚੱਲਦੀ ਹੈ ਅਤੇ ਸਿਆਸਤ ਨੂੰ ਇਸ ਦੇ ਉਲਟ ਜ਼ੋਰ, ਜਬਰ ਅਤੇ ਅਸਹਿਣਸ਼ੀਲਤਾ ਦਾ ਬਾਲਣ ਚਾਹੀਦਾ ਹੈ। ਫਿਰ ਕਿਵੇਂ ਵਿਦਵਾਨ ਕਰਮਜੀਤ ਸਿੰਘ ਇਨ੍ਹਾਂ ਦਾ ਸੁਮੇਲ ਕਰਨਗੇ? ਉਹ ਲਿਖਦੇ ਹਨ ਕਿ ਸਿੱਖ ਸਮਾਜ ਨੇ ਅਜੋਕੇ ਯੁਗ ਦੇ ਠੀਕ ਗਲਤ ਰੁਝਾਨ ਅਪਨਾਏ ਨਹੀਂ, ਬਲਕਿ ਆਪਣੀ ਤਰਜ਼ ਦੇ ਮੱਤ, ਬੁੱਧ ਅਤੇ ਮੌਲਿਕ ਪਰਿਭਾਸ਼ਾ ਨੂੰ ਨਹੀਂ ਛੱਡਿਆ। ਇਥੇ ਉਨ੍ਹਾਂ ਨੂੰ ਸਵਾਲ ਕਰਨਾ ਬਣਦਾ ਹੈ ਕਿ ਕਦੇ ਤਰਕ ਜਾਂ ਮੱਤ ਜਾਂ ਮੌਲਿਕ ਨਿਯਮ ਦੀਆਂ ਇਕ ਤੋਂ ਜ਼ਿਆਦਾ ਤਰਜ਼ਾਂ ਹੋ ਸਕਦੀਆਂ ਹਨ? ਤਰਕ ਜਾਂ ਮੌਲਿਕਤਾ ਤਾਂ ਇਕ ਹੀ ਹੋ ਸਕਦੀ ਹੈ। ਇਸ ਦੀਆਂ ਕਿਸਮਾਂ, ਤਰਕ ਨਹੀਂ ਹੋ ਸਕਦੀਆਂ। ਤਰਕ ਜਾਂ ਇਖਲਾਕ ਤਾਂ ਅੰਤਰ-ਆਤਮਾ ਦੀਆਂ ਆਵਾਜ਼ਾਂ ਹੁੰਦੇ ਹਨ ਅਤੇ ਅੰਤਰ-ਆਤਮਾ ਸਭ ਵਿਚ ਇਕ ਹੀ ਹੈ। ਜੋ ਇਸ ਨੂੰ ਦਬਾ ਦਿੰਦਾ ਹੈ, ਉਹ ‘ਸਿਆਸੀ’ ਹੋ ਜਾਂਦਾ ਹੈ। ਤਰਕ ਜਾਂ ਦਲੀਲ ਜਾਂ ਮੱਤ, ਬੁੱਧ ਨੂੰ ਦਬਾ ਕੇ ਜੋ ਵੀ ਹਾਸਲ ਹੋਵੇਗਾ, ਉਹ ਸਿਆਸਤ ਦੀ ਨਸ਼ੀਲੀ ਬੋਤਲ ਵਿਚੋਂ ਹੀ ਮਿਲੇਗਾ।
ਕਰਮਜੀਤ ਸਿੰਘ ਨੇ ਗੁਰਬਾਣੀ ਦੀਆਂ ਤੁਕਾਂ ਪੇਸ਼ ਕਰ ਕੇ ਖਾਲਿਸਤਾਨ ਦਾ ਪੱਖ ਪੂਰਦਿਆਂ ਲਿਖਿਆ ਹੈ ਕਿ ਸਿੱਖ ਸਮਾਜ ਬਾਹਰਲੀ ਪਰਿਭਾਸ਼ਾ ਤੋਂ ਨਿਵੇਕਲਾ ਰਿਹਾ ਹੈ। ਹੁਣ ਉਹ ਦੱਸਣ ਕਿ ਜੇ ਉਨ੍ਹਾਂ ਮੁਤਾਬਕ, ਸਿੱਖ ਸਮਾਜ ਬਾਹਰਲੀ ਤਰਜ਼ੇ-ਜ਼ਿੰਦਗੀ ਤੋਂ ਅਣਲੱਗ ਰਿਹਾ ਹੈ ਤਾਂ ਫਿਰ ਸਿੱਖ ਸਮਾਜ ਵਿਚ ਜਾਤ-ਪਾਤ ਕਿਥੋਂ ਆ ਵੜੀ? ਕਿੰਨੇ ਕੁ ਸਿੱਖ ਆਪਣੀ ਸਮਾਜੀ ਜਾਂ ਜਾਤੀ ਜ਼ਿੰਦਗੀ ਵਿਚ ਜਾਤ-ਪਾਤ ਤੋਂ ਉਪਰ ਉਠ ਕੇ ਵਰਤਦੇ ਹਨ। ਨੁਕਤੇ ਹੋਰ ਵੀ ਹਨ, ਬੱਸ ਇਥੇ ਇਸ ਵਿਦਵਾਨ ਵਾਸਤੇ ਇਹ ਸਵਾਲ ਹੀ ਬਹੁਤ ਹੈ।
ਅੱਗੇ ਜਾ ਕੇ ਉਨ੍ਹਾਂ ਲਿਖਿਆ ਹੈ ਕਿ ਅਜਮੇਰ ਸਿੰਘ ਸੰਗਤਾਂ ਨੂੰ ਗੁੰਮਰਾਹ ਕਰਨ ਵਿਚ ਕਾਮਯਾਬ ਹੋ ਗਏ ਹਨ, ਕਿਉਂਕਿ ਉਨ੍ਹਾਂ ਮੁਤਾਬਕ ਸੰਗਤਾਂ ਲਾਪਰਵਾਹ ਹਨ। ਇਥੇ ਕਰਮਜੀਤ ਸਿੰਘ ਦੀ ਵਿਦਵਤਾ ਦੇਖਣ ਵਾਲੀ ਹੈ। ਇਕ ਪਾਸੇ ਤਾਂ ਉਹ ਲਿਖਦੇ ਹਨ ਕਿ ਸਿੱਖ ਸਮਾਜ ਨੇ ਬਾਹਰਲੇ ਪ੍ਰਭਾਵ ਨੂੰ ਲਾਗੇ ਨਹੀਂ ਲੱਗਣ ਦਿੱਤਾ, ਪਰ ਕੁਝ ਹੀ ਫਿਕਰਿਆਂ ਬਾਅਦ ਸਿੱਖ ਸੰਗਤ ਨੂੰ ਲਾਪਰਵਾਹ ਤੇ ਬੇਵਕੂਫ ਗਰਦਾਨ ਦਿੱਤਾ। ਮੈਂ ਇਥੇ ਨਾ ਤਾਂ ਅਜਮੇਰ ਸਿੰਘ ਦੀ ਪੈਰਵੀ ਕਰ ਰਿਹਾ ਹਾਂ ਅਤੇ ਨਾ ਹੀ ਕਰਮਜੀਤ ਸਿੰਘ ਦਾ ਵਿਰੋਧ; ਪਰ ਕਰਮਜੀਤ ਸਿੰਘ ਆਪ ਹੀ ਦੋਗਲੇਪਣ ਦਾ ਸ਼ਿਕਾਰ ਹੋ ਗਏ ਹਨ। ਇਸ ਦੀ ਇਕੋ-ਇਕ ਵਜ੍ਹਾ ਉਨ੍ਹਾਂ ਦਾ ਇਕ ਸਾਥੀ, ਉਨ੍ਹਾਂ ਦਾ ਸਾਥ ਛੱਡ ਕੇ ਉਨ੍ਹਾਂ ਨੂੰ ਅਨਾਥ ਬਣਾ ਗਿਆ ਜਾਪਦਾ ਹੈ।
ਲੇਖਕ ਨੇ ਪੱਛਮੀ ਪੂੰਜੀਵਾਦ ਦਾ ਪ੍ਰਭਾਵ ਸਿੱਖ ਸਮਾਜ ਉਪਰ ਮੰਨਣ ਤੋਂ ਇਨਕਾਰ ਕੀਤਾ ਹੈ, ਪਰ ਉਹ ਭੁੱਲ ਜਾਂਦੇ ਹਨ ਕਿ ਜਿਨ੍ਹਾਂ ਨੇ ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਵਿਚ ਖਾਲਿਸਤਾਨ ਦੇ ਨਾਮ ਉਤੇ ਗਰੀਨ ਕਾਰਡ ਲਏ ਹਨ, ਉਹ ਜਾਂ ਉਨ੍ਹਾਂ ਦੇ ਬੱਚੇ ਗੁਰਦੁਆਰਿਆਂ ਵਿਚ ਪਹਿਲੀ ਜਨਵਰੀ ਅਤੇ ਕ੍ਰਿਸਮਸ ਟਰੀ ਲਗਾ ਕੇ ਕ੍ਰਿਸਮਸ ਵੀ ਮਨਾਉਂਦੇ ਹਨ।
ਕਰਮਜੀਤ ਸਿੰਘ ਖਾਲਿਸਤਾਨ ਦੀ ਲਹਿਰ ਨੂੰ ਰੂਹਾਨੀਅਤ ‘ਤੇ ਸਿਰਜੀ ਮੰਨਦੇ ਹਨ। ਕੀ ਰੂਹਾਨੀਅਤ ਜ਼ੋਰ ਦਾ ਇਸਤੇਮਾਲ ਦਰਸਾਉਂਦੀ ਹੈ? ਕੀ ਬਾਬੇ ਨਾਨਕ ਨੇ ਰੂਹਾਨੀਅਤ ਦਾ ਚਾਨਣ ਤਲਵਾਰ ਦੀ ਨੋਕ ‘ਤੇ ਜਗਾਇਆ ਸੀ? ਕੀ ਔਰੰਗਜ਼ੇਬ ਦੀ ਤਲਵਾਰ ਦੇ ਜ਼ੋਰ ਨਾਲ ਰੂਹਾਨੀਅਤ ਫੈਲਾਉਣ ਦੀ ਕੋਸ਼ਿਸ਼ ਹੀ ਖਾਲਸੇ ਦਾ ਜਨਮ ਦਾਤਾ ਸਿੱਧ ਨਹੀਂ ਹੋਈ?
ਲੇਖਕ ਨੇ ਕੁਝ ਨਾਂ ਦਿੱਤੇ ਹਨ ਜਿਨ੍ਹਾਂ ਹੱਸ ਕੇ ਫਾਂਸੀ ਦੇ ਰੱਸੇ ਚੁੰਮੇ। ਇਹ ਵਰਤਾਰਾ ਸਿਰਫ ਖਾਲਿਸਤਾਨੀ ਕਾਰਕੁਨਾਂ ਵਿਚ ਹੀ ਨਹੀਂ, ਸਗੋਂ ਜਿਥੇ-ਜਿਥੇ ਵੀ ਹਿੰਸਾ ਨਾਲ ਸਿਆਸਤ ‘ਤੇ ਕਬਜ਼ਾ ਕੀਤਾ ਜਾ ਰਿਹਾ ਹੋਵੇ, ਉਥੇ ਇਹ ਵਰਤਾਰਾ ਮਿਲੇਗਾ। ਇਸਲਾਮਕ ਸਟੇਟ ਪਾਕਿਸਤਾਨ ਵਿਚ ਸੁੰਨੀ/ਸ਼ੀਆ ਬੰਬ ਧਮਾਕੇ, ਸਰੀਰਾਂ ‘ਤੇ ਬੰਬ ਬੰਨ੍ਹ ਕੇ ਦੂਸਰੇ ਫਿਰਕੇ ਦੀਆਂ ਮਸਜਿਦਾਂ ਵਿਚ ਮਰਨਾ, ਜਾਂ ਸ੍ਰੀਲੰਕਾ ਦੀ ਕੁੜੀ ਵੱਲੋਂ ਪੇਟ ਨਾਲ ਬੰਬ ਬੰਨ੍ਹ ਕੇ ਮਰਨਾ-ਮਾਰਨਾ, ਜਾਂ ਆਈæਐਸ਼ ਵੱਲੋਂ ਨਾਬਾਲਗ ਬੱਚਿਆਂ ਨੂੰ ਸਵਰਗ ਦੇ ਸੁਪਨੇ ਵੇਚ ਕੇ ਫਾਂਸੀ ਉਤੇ ਚਾੜ੍ਹਨਾ, ਸਭ ਇਕੋ ਹੀ ਫਲਸਫੇ ਉਤੇ ਖੜ੍ਹੇ ਹਨ।
ਕਰਮਜੀਤ ਸਿੰਘ ਨੇ ਵਿਚਾਰ ਨੂੰ ਨੁਹਾਰਨਾ, ਨਵਿਆਉਣਾ ਜਾਂ ਬਦਲਣਾ ਰੱਦ ਕਰ ਕੇ ਅਜਮੇਰ ਸਿੰਘ ਨੂੰ ਤਾਅਨੇ-ਮਿਹਣੇ ਮਾਰਦਿਆਂ ਲਿਖਿਆ ਹੈ ਕਿ ਅਮਰੀਕਾ ਨੇ ਖਾਲਿਸਤਾਨ ਲਹਿਰ ਦੇ ਹਾਮੀਆਂ ਨੂੰ ਸ਼ਰਨ ਦਿੱਤੀ ਹੈ, ਪਰ ਉਹ ਭੁੱਲ ਜਾਂਦੇ ਹਨ ਕਿ ਜਿਥੇ ਇਨ੍ਹਾਂ ਵੀਰਾਂ ਨੇ ਸਿੱਖ ਸਟੇਟ ਬਣਾਉਣੀ ਸੀ, ਉਥੇ ਰਹਿਣ ਵਾਲੇ ਸਿੱਖਾਂ ਨੇ ਕਦੀ ਵੀ ਇਨ੍ਹਾਂ ਨੂੰ ਚੋਣਾਂ ਲੜਨ ਦਾ ਸੱਦਾ ਦਿੱਤਾ ਹੋਵੇ ਜਾਂ ਫਿਰ ਇਹ ਲੋਕ ਪੱਛਮੀ ਐਸ਼ੋ-ਅਰਾਮ ਨੂੰ ਛੱਡਣ ਲਈ ਤਿਆਰ ਹੋਣ ਜਿਵੇਂ ਗਦਰੀ ਯੋਧਿਆਂ ਨੇ ਕੀਤਾ ਸੀ। ਕੀ ਉਹ ਗਦਰੀ ਯੋਧੇ ਰੂਹਾਨੀ ਤੌਰ ‘ਤੇ ਘੱਟ ਸਨ?
ਕਰਮਜੀਤ ਸਿੰਘ ਆਪਣੇ ਆਪ ਨੂੰ ਵਾਰ-ਵਾਰ ‘ਅਸੀਂ’, ‘ਸਾਨੂੰ’ ਸੰਗਿਆ ਦੇ ਕੇ ਸਵੈ-ਉਚਤਾ ਦਰਸਾਉਂਦੇ ਨਜ਼ਰ ਆਉਂਦੇ ਹਨ। ਇਕ ਪਾਸੇ ਉਹ ਗੁਰਬਾਣੀ ਤੇ ਪੱਛਮੀ ਲੇਖਕਾਂ ਦਾ ਜ਼ਿਕਰ ਕਰਦੇ ਪਾਠਕਾਂ ਨੂੰ ਤਰਕ ਦੇ ਪਰਦੇ ਤੋਂ ਅੱਖਾਂ ਮੀਟਣ ਲਈ ਪਲੋਸਦੇ ਸਨ, ਦੂਜੇ ਪਾਸੇ ਤਰਕ ਅਤੇ ਦਲੀਲ ਦੇ ਦੰਗਲ ਵਿਚੋਂ ਭੱਜ ਕੇ ਅਜਮੇਰ ਸਿੰਘ ਨਾਲ ਜਾਤੀ ਲੁਕਣ ਮੀਟੀ ਖੇਡਣ ਲੱਗ ਪਏ ਜਾਪਦੇ ਹਨ; ਜਾਂ ਦੂਜੇ ਲਫਜ਼ਾਂ ਵਿਚ ਉਨ੍ਹਾਂ ਤੋਂ ਅਜਮੇਰ ਸਿੰਘ ਵੱਲੋਂ ਆਪਣੇ ਖਾਲਿਸਤਾਨੀ ਵਿਚਾਰਧਾਰਾ ਉਤੇ ਦੂਜੀ ਨਜ਼ਰ ਮਾਰਨ ਦਾ ਹੱਕ ਹਾਸਲ ਕਰਨ ਨਾਲ ਗੰਭੀਰ ਸਦਮਾ ਪਹੁੰਚਿਆ ਜਾਪਦਾ ਹੈ।