ਡਾæ ਗੁਰਨਾਮ ਕੌਰ, ਕੈਨੇਡਾ
ਭਾਈ ਗੁਰਦਾਸ ਦੀ ਤੀਸਰੀ ਵਾਰ ਦੀਆਂ ਪਹਿਲੀਆਂ ਪੰਜ ਪਉੜੀਆਂ ਦਾ ਅਧਿਐਨ ਅਸੀਂ 17 ਦਸੰਬਰ ਦੇ ਅੰਕ ਵਿਚ ਕਰ ਚੁੱਕੇ ਹਾਂ। ਉਪਰੋਕਤ ਸਿਰਲੇਖ ਤੀਸਰੀ ਵਾਰ ਦੀ ਛੇਵੀਂ ਪਉੜੀ ਦੀ ਆਖਰੀ ਪੰਕਤੀ ਹੈ ਜਿਸ ਵਿਚ ਭਾਈ ਗੁਰਦਾਸ ਇਸ ਪਉੜੀ ਦਾ ਸਿੱਟਾ ਕੱਢਦਿਆਂ ਦੱਸਦੇ ਹਨ ਕਿ ਜਿਸ ਤਰ੍ਹਾਂ ਖੂਹ ਦਾ ਪਾਣੀ ਖੇਤਾਂ ਨੂੰ ਹਰਾ-ਭਰਾ ਰੱਖਦਾ ਹੈ; ਇਸੇ ਤਰ੍ਹਾਂ ਸ਼ਬਦ ਰਾਹੀਂ ਆਪਣੀ ਚੇਤਨਾ ਨੂੰ ਸਦਾ ਤਾਜ਼ਾ ਰੱਖਣਾ ਚਾਹੀਦਾ ਹੈ।
ਸਿੱਖ ਧਰਮ ਚਿੰਤਨ ਵਿਚ ਮਨੁੱਖ ਦੀਆਂ ਦੋ ਹੀ ਕੋਟੀਆਂ ਪ੍ਰਵਾਨ ਕੀਤੀਆਂ ਗਈਆਂ ਹਨ: ਗੁਰਮੁਖਿ ਅਤੇ ਮਨਮੁਖਿ। ਹੋਰ ਕਿਸੇ ਵੀ ਕਿਸਮ ਦੀ ਮਨੁੱਖ ਦੀ ਵੰਡ ਪ੍ਰਵਾਨ ਨਹੀਂ ਕੀਤੀ ਗਈ। ਗੁਰਮੁਖਿ, ਜੋ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਾ ਹੋਇਆ ਆਪਣਾ ਜੀਵਨ ਸੁਆਰਦਾ ਹੈ ਅਤੇ ਸਰਬੱਤ ਦੇ ਭਲੇ ਲਈ ਯਤਨਸ਼ੀਲ ਹੁੰਦਾ ਹੈ। ਮਨਮੁਖਿ, ਜੋ ਆਪਣੇ ਮਨ ਦੀਆਂ ਬਿਰਤੀਆਂ ਅਨੁਸਾਰ ਚੱਲਦਾ ਹੈ ਅਤੇ ਸਿਰਫ ਆਪਣੇ ਸਵਾਰਥ ਪ੍ਰਤੀ ਸੋਚਦਾ ਤੇ ਕਾਰਜਸ਼ੀਲ ਹੁੰਦਾ ਹੈ। ਸਿੱਖ ਲਈ ਪਹਿਲਾ ਅਦੇਸ਼ ਹੀ ਗੁਰਮੁਖਿ ਹੋਣਾ ਹੈ। ਉਹ ਕਿਹੋ ਜਿਹਾ ਸਿੱਖ ਹੈ, ਇਸ ਦੀ ਪਰਖ ਵੀ ਗੁਰਮੁਖਿ ਹੋਣ ਦੀ ਕਸਵੱਟੀ ‘ਤੇ ਹੀ ਕੀਤੀ ਜਾਣੀ ਹੈ। ਪੰਜਵੀਂ ਪਉੜੀ ਵਿਚ ਭਾਈ ਗੁਰਦਾਸ ਇਸੇ ਤੱਥ ਨੂੰ ਸਪਸ਼ਟ ਕਰਨ ਦਾ ਯਤਨ ਕਰਦੇ ਹਨ ਕਿ ਗੁਰਮੁਖਿ ਪੰਥ ਕੀ ਹੈ ਅਤੇ ਇਸ ਰਸਤੇ ਦਾ ਪਾਂਧੀ ਅਰਥਾਤ ਗੁਰਮੁਖਿ ਪੰਥੀ ਕੌਣ ਹੈ। ਇਸ ਛੇਵੀਂ ਪਉੜੀ ਵਿਚ ਉਹ ਦੱਸਦੇ ਹਨ ਕਿ ਗੁਰਸਿੱਖੀ ਦਾ ਸੌਦਾ ਕੀ ਹੈ ਜੋ ਇੱਕ ਗੁਰਸਿੱਖ ਜਾਂ ਗੁਰਮੁਖਿ ਨੂੰ ਵਿਹਾਜਣਾ ਚਾਹੀਦਾ ਹੈ ਜਾਂ ਜਿਸ ਦੀ ਤਵੱਕੋ ਗੁਰੂ ਸਿੱਖ ਪਾਸੋਂ ਕਰਦਾ ਹੈ। ਕੋਈ ਵੀ ਵਣਜ ਕਰਨ ਲਈ ਸੌਦੇ ਦੀ, ਹੱਟ ਜਾਂ ਹੱਟੀ ਦੀ ਜ਼ਰੂਰਤ ਹੁੰਦੀ ਹੈ ਅਤੇ ਫਿਰ ਉਸ ਵਿਚ ਸੌਦਾ ਰੱਖਿਆ ਜਾਂਦਾ ਹੈ। ਉਸ ਦਾ ਵਣਜ ਤਾਂ ਹੀ ਹੋ ਸਕਦਾ ਹੈ ਜੇ ਉਸ ਦੀ ਖਰੀਦ ਕਰਨ ਵਾਲਾ ਕੋਈ ਗਾਹਕ ਹੋਵੇ। ਇਥੇ ਭਾਈ ਗੁਰਦਾਸ ਅਨੁਸਾਰ ਹੱਟ ਸਤਿਸੰਗਤ ਹੈ ਜਿਸ ਵਿਚ ਅਕਾਲ ਪੁਰਖ ਦੇ ਨਾਮ ਦਾ ਸੌਦਾ ਰੱਖਿਆ ਹੋਇਆ ਹੈ ਅਤੇ ਇਸ ਨੂੰ ਵਿਹਾਜਿਆ ਗੁਰੂ ਦੇ ਸ਼ਬਦ ਰਾਹੀਂ ਜਾਣਾ ਹੈ। ਭਾਵ ਅਕਾਲ ਪੁਰਖ ਦੇ ਨਾਮ ਦਾ ਸੌਦਾ ਸਤਿਸੰਗਤਿ ਵਿਚੋਂ ਮਿਲਦਾ ਹੈ ਅਤੇ ਇਸ ਦਾ ਵਣਜ ਗੁਰੁ ਦੀ ਸਿੱਖਿਆ ‘ਤੇ ਚੱਲ ਕੇ ਹੀ ਕੀਤਾ ਜਾਣਾ ਹੈ। ਉਸ ਅਕਾਲ ਪੁਰਖ ਦੀ ਵਡਿਆਈ ਕਿਵੇਂ ਕਰਨੀ ਹੈ? ਉਸ ਦੀ ਵਡਿਆਈ ਇਹ ਕਹਿ ਕੇ ਕੀਤੀ ਜਾਂਦੀ ਹੈ, ਉਸ ਨੂੰ ਪਰਖਣ ਦੀ ਕਸਵੱਟੀ ਇਹ ਹੈ ਕਿ ਉਹ ਆਪ ਸੰਪੂਰਨ ਹੈ, ਪੂਰਾ ਹੈ ਅਤੇ ਉਸ ਦੀ ਕਸਵੱਟੀ ਵੀ ਪੂਰੀ ਹੈ। ਉਸ ਪੂਰੇ ਦਾ ਖਜ਼ਾਨਾ, ਉਸ ਦੀ ਹੱਟੀ ਕਦੇ ਵੀ ਘੱਟ ਸੌਦੇ ਵਾਲੀ ਨਹੀਂ ਹੁੰਦੀ, ਸਦਾ ਹੀ ਪੂਰੀ ਹੁੰਦੀ ਹੈ ਕਿਉਂਕਿ ਉਹ ਸੱਚਾ ਪਾਤਿਸ਼ਾਹ ਹੈ, ਸੱਚ ਕਦੇ ਵੀ ਊਣਾ ਨਹੀਂ ਹੁੰਦਾ। ਇਸ ਵਿਚ ਵਣਜ ਅਤੇ ਖੇਤੀ ਦਾ ਦ੍ਰਿਸ਼ਟਾਂਤ ਦਿੱਤਾ ਗਿਆ ਹੈ।
ਭਾਈ ਗੁਰਦਾਸ ਕਹਿੰਦੇ ਹਨ ਕਿ ਇਸ ਸੌਦੇ ਵਿਚੋਂ ਪੂਰੇ ਸਤਿਗੁਰੂ ਨੂੰ ਖੱਟ ਕੇ, ਉਸ ਨੂੰ ਕਮਾ ਕੇ ਹੀ ਫਿਰ ਉਸ ḔਅਖੁੱਟḔ ਭੰਡਾਰ, ਕਦੇ ਵੀ ਨਾ ਮੁੱਕਣ ਵਾਲੇ ਅਕਾਲ ਪੁਰਖ ਵਿਚ ਸਮਾ ਜਾਈਦਾ ਹੈ। ਉਸ ਅਕਾਲ ਪੁਰਖ ਦਾ ਪਰਗਟ ਰੂਪ ਸਾਧਸੰਗਤਿ ਹੈ, ਇਸ ਲਈ ਸਦਾ ਹੀ ਗੁਰਮੁਖਿ ਸਾਧਸੰਗਤਿ ਵਿਚ ਜਾਂਦਾ ਹੈ ਅਤੇ ਸਾਧਸੰਗਤਿ ਨਾਲ ਰਹਿੰਦਾ ਹੈ। ਸਾਧਸੰਗਤਿ ਵਿਚ ਜੀਵਨ ਰੂਪੀ ਚਾਵਲ ਤੋਂ ਮਾਇਆ ਦੀ ਫੱਕ ਦੂਰ ਹੋ ਜਾਂਦੀ ਹੈ, ਜਿਸ ਨੂੰ ਦੂਸਰੀ ਸੱਟ ਦੀ ਜ਼ਰੂਰਤ ਨਹੀਂ ਪੈਂਦੀ। ਇਸ ਤਰ੍ਹਾਂ ਇਸੇ ਜੀਵਨ ਵਿਚ ਸੰਜਮ ਰੂਪੀ ਸੱਟਾਂ ਨਾਲ ਜਮਾਂ ਦੇ ਬੰਧਨ ਕੱਟ ਦਿੱਤੇ ਜਾਂਦੇ ਹਨ ਅਰਥਾਤ ਜਨਮ-ਮਰਨ ਦਾ ਚੱਕਰ ਮੁੱਕ ਜਾਂਦਾ ਹੈ ਅਤੇ ਇਲਾਹੀ ਬਖਸਿਸ਼, ਅਕਾਲ ਪੁਰਖ ਦੀ ਮਿਹਰ ਪ੍ਰਾਪਤ ਹੋ ਜਾਂਦੀ ਹੈ। ਇਸ ਤਰ੍ਹਾਂ ਪੰਜ ਦੂਤਾਂ-ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਇਕੱਠੇ ਕਰਕੇ ਮਾਰ ਦੇਣਾ ਚਾਹੀਦਾ ਹੈ। ਫਿਰ ਜਿਵੇਂ ਖੂਹ ਦਾ ਪਾਣੀ ਖੇਤਾਂ ਨੂੰ ਹਰਾ-ਭਰਾ ਰੱਖਦਾ ਹੈ, ਸ਼ਬਦ ਰਾਹੀਂ ਆਪਣੀ ਚੇਤਨਾ ਨੂੰ ਸਦਾ ਤਾਜ਼ਾ ਰੱਖਣਾ ਚਾਹੀਦਾ ਹੈ:
ਸਉਦਾ ਇਕਤੁ ਹਟਿ ਸਬਦਿ ਵਿਸਾਹੀਐ।
ਪੂਰਾ ਪੂਰੇ ਵਟਿ ਕਿ ਆਖਿ ਸਲਾਹੀਐ।
ਕਦੇ ਨ ਹੋਵੈ ਘਟਿ ਸਚੀ ਪਤਿਸਾਹੀਐ।
ਪੂਰੇ ਸਤਿਗੁਰ ਖਟਿ ਅਖੁਟੁ ਸਮਾਹੀਐ।
ਸਾਧਸੰਗਤਿ ਪਰਗਟਿ ਸਦਾ ਨਿਬਾਹੀਐ।
ਚਾਵਲ ਇਕਤੇ ਸਟਿ ਨ ਦੂਜੀ ਵਾਹੀਐ।
ਜਮ ਦੀ ਫਾਹੀ ਕਟਿ ਦਾਦਿ ਇਲਾਹੀਐ।
ਪੰਜੇ ਦੂਤ ਸੰਘਟਿ ਸੁ ਢੇਰੀ ਢਾਹੀਐ।
ਪਾਣੀ ਜਿਉ ਹਰਿਹਟਿ ਸੁ ਖੇਤਿ ਉਮਾਹੀਐ॥੬॥
ਇਥੇ ਆਮ ਵਿਅਕਤੀ ਨੂੰ ਇਹ ਭੁਲੇਖਾ ਲੱਗ ਸਕਦਾ ਹੈ ਕਿ ਭਾਈ ਗੁਰਦਾਸ ਜਿਸ ਸਾਧਸੰਗਤਿ ਦੀ ਗੱਲ ਕਰ ਰਹੇ ਹਨ, ਉਹ ਸ਼ਾਇਦ ਆਧੁਨਿਕ ਸਾਧਾਂ/ਸੰਤਾਂ ਜਾਂ ਡੇਰੇਦਾਰਾਂ ਦੀ ਸੰਗਤਿ ਵਰਗੀ ਕੋਈ ਗੱਲ ਹੋ ਰਹੀ ਹੈ ਜਿੱਥੇ ਕੰਨਾਂ ਵਿਚ ਨਾਮ-ਮੰਤਰ ਦਿੱਤਾ ਜਾਂਦਾ ਹੈ। ਅਜਿਹੀ ਗੱਲ ਬਿਲਕੁਲ ਨਹੀਂ ਹੈ। ਭਾਈ ਗੁਰਦਾਸ ਉਸੇ ਸਾਧਸੰਗਤਿ ਦੀ ਗੱਲ ਕਰ ਰਹੇ ਹਨ ਜਿਸ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਅਤੇ ਦੂਜੇ ਗੁਰੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕੀਤੀ ਹੈ; ਜਿਸ ਵਿਚ ਕਿਸੇ ਵਿਅਕਤੀ ਵਿਸ਼ੇਸ਼ ਦੀ, ਕਿਸੇ ਸੰਤ-ਬਾਬੇ ਦੀ ਵਡਿਆਈ ਨਹੀਂ ਕੀਤੀ ਜਾਂਦੀ ਬਲਕਿ ਉਸ ਅਕਾਲ ਪੁਰਖ ਦੀ ਹੀ ਉਸਤਤਿ ਕੀਤੀ ਜਾਂਦੀ ਹੈ ਅਤੇ ਉਸੇ ਦਾ ਨਾਮ ਸਿਮਰਨ ਕਰਨ ਦਾ ਉਪਦੇਸ਼ ਕੀਤਾ ਜਾਂਦਾ ਹੈ। ਗੁਰੂ ਨਾਨਕ ਪ੍ਰਸ਼ਨ ਕਰਦੇ ਹਨ ਕਿ ਕਿਸ ਕਿਸਮ ਦੇ ਇਕੱਠ ਨੂੰ ਸਤਿਸੰਗਤਿ ਕਹਿਣਾ ਚਾਹੀਦਾ ਹੈ? ਫਿਰ ਆਪ ਹੀ ਇਸ ਦੀ ਵਿਆਖਿਆ ਕਰਦੇ ਹਨ ਕਿ ਸਤਿਸੰਗਤ ਉਸ ਇਕੱਠ ਨੂੰ ਕਿਹਾ ਜਾਂਦਾ ਹੈ ਜਿੱਥੇ ਸਿਰਫ ਤੇ ਸਿਰਫ ਉਸ ਅਕਾਲ ਪੁਰਖ ਦੇ ਨਾਮ ਦੀ ਵਡਿਆਈ ਕੀਤੀ ਜਾਂਦੀ ਹੈ, ਉਸ ਦੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ, ਉਸ ਨੂੰ ਸਲਾਹਿਆ ਜਾਂਦਾ ਹੈ। ਇਹ ਗੱਲ ਸਤਿਗੁਰੂ ਨੇ ਸਮਝਾ ਦਿੱਤੀ ਹੈ ਕਿ ਸਤਿਸੰਗਤਿ ਵਿਚ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨਾ ਹੀ ਉਸ ਅਕਾਲ ਪੁਰਖ ਦਾ ਹੁਕਮ ਹੈ:
ਸਤਸੰਗਤਿ ਕੈਸੀ ਜਾਣੀਐ॥
ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ
ਸਤਿਗੁਰਿ ਦੀਆ ਬੁਝਾਇ ਜੀਉ॥੫॥ (ਪੰਨਾ ੭੨)
ਭਾਈ ਗੁਰਦਾਸ ਅਗਲੀ ਪਉੜੀ ਵਿਚ ਪੂਰੇ ਸਤਿਗੁਰੂ ਦੀ ਵਿਆਖਿਆ ਕਰਦੇ ਹਨ ਕਿ ਉਹ ਅਕਾਲ ਪੁਰਖ ਆਪ ਹੀ ਪੂਰਾ ਸਤਿਗੁਰੂ ਹੈ, ਸੱਚਾ ਗੁਰੂ ਹੈ ਜੋ ਅਪਰਤੱਖ ਹੈ, ਅਗੰਮ ਹੈ, ਅਗੋਚਰ ਹੈ ਭਾਵ ਜੋ ਸੂਖਮ ਹੈ ਅਤੇ ਜਿਸ ਨੂੰ ਦੇਖਿਆ ਨਹੀਂ ਜਾ ਸਕਦਾ। ਉਹ ਆਪਣੇ ਹੁਕਮ ਵਿਚ ਹੀ ਇਸ ਸੰਸਾਰ ਨੂੰ ਬਣਾਉਂਦਾ ਹੈ ਅਤੇ ਆਪਣੇ ਹੁਕਮ ਅਨੁਸਾਰ ਇਸ ਨੂੰ ਢਾਹ ਦਿੰਦਾ ਹੈ। ਪੈਦਾ ਕਰਨ ਅਤੇ ਨਸ਼ਟ ਕਰਨ ਦੇ ਪੁੰਨ ਤੇ ਪਾਪ ਦਾ, ਸੰਸਾਰ ਦੇ ਇਸ ਬਣਨ ਤੇ ਢਹਿਣ ਦਾ ਉਸ ਦੇ ਆਪਣੇ ਉਤੇ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਕੁਦਰਤ ਦੇ ਪ੍ਰਭਾਵਾਂ ਤੋਂ ਨਿਰਲੇਪ ਹੈ, ਉਹ ਆਪ ਆਪਣੀ ਇਸ ਕੁਦਰਤ ਨੂੰ ਬਣਾ ਕੇ ਇਸ ਵਿਚ ਸਮਾਇਆ ਵੀ ਹੋਇਆ ਹੈ ਪ੍ਰੰਤੂ ਇਸ ਤੋਂ ਅਪਰੰਪਰ ਹੈ। ਉਹ ਕਿਸੇ ਨੂੰ ਮਜਬੂਰ ਨਹੀਂ ਕਰਦਾ ਕਿ ਕੋਈ ਉਸ ਨੂੰ ਜਾਣੇ ਜਾਂ ਦੇਖੇ ਅਤੇ ਨਾ ਹੀ ਵਰ ਤੇ ਸਰਾਪ ਵਰਗੀਆਂ ਗੱਲਾਂ ਉਸ ‘ਤੇ ਕੋਈ ਅਸਰ ਕਰਦੀਆਂ ਹਨ। ਉਹ ਇਨ੍ਹਾਂ ਸਭ ਬੰਧਨਾਂ ਤੋਂ ਉਪਰ ਹੈ, ਨਿਰਲੇਪ ਹੈ। ਸੱਚਾ ਗੁਰੂ ਉਸ ਅਕਾਲ ਪੁਰਖ ਦੇ ਸ਼ਬਦ ਨੂੰ ਗਾਉਂਦਾ ਹੈ, ਉਸ ਅਕਾਲ ਪੁਰਖ ਦੀ ਅਕੱਥ ਕਥਾ ਸੁਣਾਉਂਦਾ ਹੈ ਭਾਵ ਉਸ ਅਕਾਲ ਪੁਰਖ ਦੇ ਸ਼ਬਦ ਦੀ ਵਡਿਆਈ ਅਤੇ ਉਸ ਦਾ ਗਿਆਨ ਗੁਰੂ ਪਾਸੋਂ ਪਤਾ ਲੱਗਦਾ ਹੈ। ਉਸ ਅਕੱਥ ਦੀ ਕਥਾ ਕਰਦਿਆਂ, ਉਸ ਦਾ ਵਰਣਨ ਕਰਦਿਆਂ ਅਤੇ ਉਸ ਦਾ ਜਾਪ ਕਰਦਿਆਂ ਤੇ ਕਰਵਾਉਂਦਿਆਂ ਗੁਰੂ ਸੰਸਾਰਕ ਚਤੁਰਾਈਆਂ ਅਤੇ ਛਲਾਂ ਤੋਂ ਨਿਰਲੇਪ ਰਹਿੰਦਾ ਹੈ। ਇਹ ਪੂਰੇ ਗੁਰੂ ਦੀ ਮਿਹਰ ਸਦਕਾ ਹੀ ਹੁੰਦਾ ਹੈ ਕਿ ਗਿਆਨ ਦੇ ਜਗਿਆਸੂਆਂ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਇਹ ਪੂਰੇ ਗੁਰੂ ਦੀ ਮਿਹਰ ਹੀ ਹੈ ਜਿਸ ਸਦਕਾ ਮਨੁੱਖਾਂ ਦੇ ਤਿੰਨੇ ਤਾਪ ਅਰਥਾਤ ਦੁੱਖ (ਅਕਾਲ ਪੁਰਖ ਵੱਲੋਂ ਮਿਲਿਆ ਕੁਦਰਤੀ ਦੁੱਖ, ਸਰੀਰਕ ਦੁੱਖ ਅਤੇ ਅਧਿਆਤਮਕ ਦੁੱਖ) ਦੂਰ ਹੋ ਜਾਂਦੇ ਹਨ। ਇਸ ਤਰ੍ਹਾਂ ਗੁਰਬਾਣੀ ਰਾਹੀਂ, ਗੁਰੂ ਦੇ ਸ਼ਬਦ ਰਾਹੀਂ ਮਨੁੱਖ ਸਹਿਜ ਵਿਚ ਆਉਂਦਾ ਹੈ ਅਤੇ ਆਪਣੇ ਸਵੈ ਦੀ ਅਸਲੀਅਤ ਨੂੰ ਅਨੁਭਵ ਕਰਦਾ ਹੈ:
ਪੂਰਾ ਸਤਿਗੁਰੁ ਆਪਿ ਨ ਅਲਖੁ ਲਖਾਵਈ।
ਦੇਖੈ ਥਾਪਿ ਉਥਾਪਿ ਜਿਉ ਤਿਸੁ ਭਾਵਈ।
ਲੇਪੁ ਨ ਪੁੰਨਿ ਨ ਪਾਪਿ ਉਪਾਇ ਸਮਾਵਈ।
ਲਾਗੂ ਵਰੁ ਨ ਸਰਾਪ ਨ ਆਪ ਜਣਾਵਈ।
ਗਾਵੈ ਸਬਦੁ ਅਲਾਪਿ ਅਕਥੁ ਸੁਣਾਵਈ।
ਅਕਥ ਕਥਾ ਜਪੁ ਜਾਪਿ ਨ ਜਗਤੁ ਕਮਾਵਈ।
ਪੂਰੇ ਗੁਰ ਪਰਤਾਪਿ ਆਪੁ ਗਵਾਵਈ।
ਲਾਹੇ ਤਿੰਨੇ ਤਾਪਿ ਸੰਤਾਪ ਘਟਾਵਈ।
ਗੁਰਬਾਣੀ ਮਨ ਧ੍ਰਾਪਿ ਨਿਜ ਘਰਿ ਆਵਈ॥੭॥
ਇਸ ਤੋਂ ਅਗਲੀ ਪਉੜੀ ਵਿਚ ਭਾਈ ਗੁਰਦਾਸ ਗੁਰਸਿੱਖਾਂ ਲਈ ਸਾਧਨ, ਦਸ਼ਾ ਤੇ ਵਰਤਨ ਦੀ ਗੱਲ ਕਰਦੇ ਹਨ। ਭਾਵ ਗੁਰਸਿੱਖਾਂ ਲਈ ਅਦੇਸ਼ ਕੀ ਹਨ, ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਵਤੀਰਾ ਕਿਹੋ ਜਿਹਾ ਹੋਣਾ ਚਾਹੀਦਾ ਹੈ, ਆਦਿ। ਸਭ ਤੋਂ ਪਹਿਲੀ ਗੱਲ ਗੁਰਸਿੱਖ ਵਾਸਤੇ ਸਮਝਣ ਵਾਲੀ ਇਹ ਹੈ ਕਿ ਪੂਰੇ ਸਤਿਗੁਰ ‘ਤੇ ਵਿਸ਼ਵਾਸ ਲਿਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੂਰਨ ਗੁਰੂ ਆਪ ਸਤਿ ਦਾ ਪਰਗਟ ਰੂਪ ਹੈ ਜਿਸ ਦਾ ਅਨੁਭਵ ਗੁਰਮੁਖਿ ਬਣ ਕੇ ਹੀ ਕੀਤਾ ਜਾ ਸਕਦਾ ਹੈ। ਅਨੁਭਵ ਕਰਨ ਲਈ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣਾ ਪੈਂਦਾ ਹੈ। ਪੂਰੇ ਗੁਰੂ ਦੀ ਇੱਛਾ ਇਹੀ ਹੁੰਦੀ ਹੈ ਕਿ ਗੁਰਸਿੱਖ ਜਾਂ ਗੁਰਮੁਖਿ ਹਮੇਸ਼ਾ ਸ਼ਬਦ ਨੂੰ ਆਪਣੇ ਮਨ ਵਿਚ ਵਸਾ ਕੇ ਰੱਖੇ। ਦੂਸਰੀ ਗੱਲ, ਆਪਣੇ ਅੰਦਰੋਂ ਹਉਮੈ ਨੂੰ ਬਿਲਕੁਲ ਧੋ ਸੁੱਟਣਾ। ਹਉਮੈ ਨੂੰ ਮਨ ਵਿਚੋਂ ਪੂਰੀ ਤਰ੍ਹਾਂ ਕੱਢ ਦੇਣ ਨਾਲ ਮਨੁੱਖ ਨੂੰ ਅਕਾਲ ਪੁਰਖ ਦੀ ਦਰਗਾਹ ਵਿਚ ਮਨਜ਼ੂਰੀ ਮਿਲਦੀ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਜਾਣਿਆ ਜਾਂਦਾ ਹੈ।
ਪੁਰਾਤਨ ਹਿੰਦੂ ਅਤੇ ਹੋਰ ਵੱਖ ਵੱਖ ਭਾਰਤੀ ਪਰੰਪਰਾਵਾਂ ਅਨੁਸਾਰ ਪਰਮਾਤਾਮਾ ਦਾ ਅਨੁਭਵ ਕਰਨ ਲਈ ਮਨੁੱਖ ਨੂੰ ਏਕਾਂਤ ਵਿਚ ਜਾ ਕੇ ਤਪੱਸਿਆ ਅਤੇ ਹੋਰ ਕਠਿਨ ਯੋਗਕ ਸਾਧਨਾ ਕਰਨ ਲਈ ਕਿਹਾ ਗਿਆ ਹੈ। ਪਰ ਗੁਰਮਤਿ ਅਨੁਸਾਰ ਇਕਾਂਤਵਾਸ ਹੋ ਕੇ ਕਠਿੱਨ ਤਪੱਸਿਆ ਕਰਨ ਨੂੰ ਨਕਾਰਿਆ ਗਿਆ ਹੈ। ਭਾਈ ਗੁਰਦਾਸ ਕਹਿੰਦੇ ਹਨ ਕਿ ਆਪਣੇ ਘਰ ਨੂੰ ਧਰਮ ਕਮਾਉਣ ਦਾ ਸਥਾਨ ਸਮਝ ਕੇ ਉਸ ਅੰਦਰ ਹੀ ਇਹ ਸਿੱਖਣਾ ਚਾਹੀਦਾ ਹੈ ਕਿ ਉਸ ਅਕਾਲ ਪੁਰਖ ਦਾ ਅਨੁਭਵ ਕਿਵੇਂ ਕਰਨਾ ਹੈ? ਭਾਵ ਗੁਰੂ ਦੇ ਸ਼ਬਦ ਦਾ ਅਨੁਸਾਰੀ ਹੋ ਕੇ ਘਰ-ਗ੍ਰਹਿਸਥੀ ਦੇ ਫਰਜ਼ ਪੂਰੇ ਕਰਦਿਆਂ ਹੀ ਆਪਣੀ ਸੁਰਤਿ ਨੂੰ ਪਰਮਾਤਮ-ਸੁਰਤਿ ਨਾਲ ਇੱਕਸੁਰ ਕਰਨ ਦੀ ਜਾਚ ਆਉਣੀ ਚਾਹੀਦੀ ਹੈ। ਜਿਹੜੇ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਆਪਣਾ ਜੀਵਨ ਉਸ ਅਨੁਸਾਰ ਗੁਜ਼ਾਰਦੇ ਹਨ, ਉਹ ਮੁਕਤੀ ਪ੍ਰਾਪਤ ਕਰ ਲੈਂਦੇ ਹਨ ਭਾਵ ਉਨ੍ਹਾਂ ਦੀ ਸੁਰਤਿ ਪਰਮਾਤਮ-ਸੁਰਤਿ ਨਾਲ ਇੱਕਸੁਰ ਹੋ ਜਾਂਦੀ ਹੈ, ਉਨ੍ਹਾਂ ਦਾ ਮਨ ਅਕਾਲ ਪੁਰਖ ਦੀ ਪ੍ਰੀਤ ਵਿਚ ਲੱਗ ਜਾਂਦਾ ਹੈ। ਉਹ ਆਪਣੇ ਅੰਤਰ-ਆਤਮੇ ਵਿਚ ਉਸ ਅਕਾਲ ਪੁਰਖ ਦੀ ਪ੍ਰੇਮਾ-ਭਗਤੀ ਦਾ ਅਨੁਭਵ ਕਰਕੇ ਸਦੀਵੀ ਅਨੰਦ ਪ੍ਰਾਪਤ ਕਰ ਲੈਂਦੇ ਹਨ ਅਤੇ ਅਕਾਲ ਪੁਰਖ ਦੀ ਮਿਹਰ ਸਦਕਾ ਉਹ ਨਿਹਾਲ ਹੋ ਜਾਂਦੇ ਹਨ। ਉਹ ਪਾਤਿਸ਼ਾਹੀਅਤ ਨੂੰ ਪ੍ਰਾਪਤ ਹੋ ਜਾਂਦੇ ਹਨ ਅਰਥਾਤ ਉਹ ਆਪਣੇ ਆਪ ਦੇ ਬਾਦਸ਼ਾਹ ਹੋ ਜਾਂਦੇ ਹਨ, ਸਦਾ ਸੁੱਖ ਭੋਗਦੇ ਹਨ। ਉਹ ਆਪਣੇ ਅੰਦਰੋਂ ਹਉਮੈ ਅਤੇ ਨਿਜੀ ਸਵਾਰਥ ਦੂਰ ਕਰਕੇ ਸਤਿ-ਸੰਗਤ ਦੀ ਸੇਵਾ ਕਰਨ ਵਿਚ ਮਸਰੂਫ ਹੋ ਜਾਂਦੇ ਹਨ ਜਿਵੇਂ ਸਤਿਸੰਗਤਿ ਲਈ ਪਾਣੀ ਢੋਣਾ, ਅਨਾਜ ਪੀਸਣਾ ਆਦਿ। ਉਨ੍ਹਾਂ ਦਾ ਜੀਵਨ ਹਲੀਮੀ ਅਤੇ ਅਨੰਦ ਕਾਰਨ ਅਨੋਖਾ ਹੋ ਜਾਂਦਾ ਹੈ ਕਿਉਂਕਿ ਉਹ ਬੇਹੱਦ ਹਲੀਮ ਅਤੇ ਅਨੰਦਮਈ ਹੁੰਦੇ ਹਨ, ਸਦਾ ਖਿੜਾਉ ਵਿਚ ਰਹਿੰਦੇ ਹਨ:
ਪੂਰਾ ਸਤਿਗੁਰ ਸਤਿ ਗੁਰਮੁਖਿ ਭਾਲੀਐ।
ਪੂਰੀ ਸਤਿਗੁਰ ਮਤਿ ਸਬਦਿ ਸਮ੍ਹਾਲੀਐ।
ਦਰਗਹ ਧੋਈਐ ਪਤਿ ਹਉਮੈ ਜਾਲੀਐ।
ਘਰ ਹੀ ਜੋਗ ਜੁਗਤਿ ਬੈਸਣਿ ਧਰਮਸਾਲੀਐ।
ਪਾਵਣ ਮੋਖ ਮੁਕਤਿ ਗੁਰ ਸਿਖਿ ਪਾਲੀਐ।
ਅੰਤਰਿ ਪ੍ਰੇਮ ਭਗਤਿ ਨਦਰਿ ਨਿਹਾਲੀਐ।
ਪਤਿਸਾਹੀ ਇਕ ਛਤਿ ਖਰੀ ਸੁਖਾਲੀਐ।
ਪਾਣੀ ਪੀਹਣੁ ਘਤਿ ਸੇਵਾ ਘਾਲੀਐ।
ਮਸਕੀਨੀ ਵਿਚਿ ਵਤਿ ਚਾਲੇ ਚਾਲੀਐ॥੮॥
ਗੁਰੂ ਨਾਨਕ ਦੇਵ ਗੁਰੂ ਦੇ ਦੱਸੇ ਰਸਤੇ ਦੀ ਗੱਲ ਕਰਦੇ ਹਨ ਕਿ ਗੁਰੂ ਦੀ ਸ਼ਰਨ ਪੈ ਕੇ ਆਪਣੇ ਮੂਲ-ਸ੍ਰੋਤ ਅਕਾਲ ਪੁਰਖ ਦੀ ਵਿਚਾਰ ਕਰ ਅਤੇ ਇਸ ਨਾਲ ਅਕਾਲ ਪੁਰਖ ਦੇ ਚਰਨ-ਕੰਵਲਾਂ ਦੀ ਪ੍ਰੀਤ ਪੈਦਾ ਕਰਨ ਵਾਲਾ ਨਾਮ ਰੂਪੀ ਧਨ ਮਿਲਦਾ ਹੈ। ਜਿਸ ਮਨੁੱਖ ਨੇ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰਕੇ ਗੁਰੂ ਦੇ ਸ਼ਬਦ ਵਿਚ ਆਪਣੇ ਮਨ ਨੂੰ ਜੋੜ ਲਿਆ ਹੈ, ਉਸ ਨੇ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਕੀਤੇ ਪ੍ਰੇਮ ਰਾਹੀਂ ਅਕਾਲ ਪੁਰਖ ਨੂੰ ਆਪਣੇ ਮਨ ਅੰਦਰ ਹੀ ਲੱਭ ਲਿਆ ਹੈ, ਉਸ ਦਾ ਅਨੁਭਵ ਕਰ ਲਿਆ ਹੈ। ਗੁਰੂ ਨਾਨਕ ਅੱਗੇ ਫੁਰਮਾਉਂਦੇ ਹਨ ਕਿ ਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ ਮਨੁੱਖ (ਗੁਰਮੁਖਿ) ਦਾ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਨੂੰ ਆਤਮਕ ਅਨੰਦ ਪ੍ਰਾਪਤ ਹੁੰਦਾ ਹੈ। ਜਿਹੜਾ ਮਨੁੱਖ ਆਪਣੇ ਅੰਦਰ ਗੁਰੂ ਦੇ ਸ਼ਬਦ ਨੂੰ ਵਸਾ ਲੈਂਦਾ ਹੈ ਅਤੇ ਸ਼ਬਦ ਰਾਹੀਂ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ, ਗੁਰੂ ਦੀ ਸ਼ਰਨ ਪੈ ਕੇ ਉਸ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰ ਲਈ ਹੈ, ਉਸ ਦਾ ਮਨ ਸਦਾ ਲਾਭ ਵਿਚ ਰਹਿੰਦਾ ਹੈ ਤੇ ਉਸ ਅੰਦਰ ਸਦਗੁਣ ਪੈਦਾ ਹੋ ਜਾਂਦੇ ਹਨ:
ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ॥
ਸਾਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ॥
ਘਰ ਹੀ ਸੋ ਪਿਰੁ ਪਾਇਆ ਗੁਰ ਕੇ ਹੇਤਿ ਅਪਾਰੁ॥੫॥
ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥
ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ॥
ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ॥੬॥ (ਪੰਨਾ ੬੧)
ਨੌਵੀਂ ਪਉੜੀ ਵਿਚ ਭਾਈ ਗੁਰਦਾਸ ਗੁਰਮੁਖਿ ਦੇ ਲੱਛਣ ਦੱਸਦੇ ਹਨ ਕਿ ਉਹ ਕਿਹੋ ਜਿਹੀ ਸ਼ਖਸੀਅਤ ਦਾ ਮਾਲਕ ਹੁੰਦਾ ਹੈ ਜਿਸ ਤੋਂ ਉਸ ਦੀ ਪਛਾਣ ਹੁੰਦੀ ਹੈ। ਉਨ੍ਹਾਂ ਅਨੁਸਾਰ ਗੁਰੂ ਸਿੱਖ ਨੂੰ, ਗੁਰਮੁਖਿ ਨੂੰ ਆਪਣੇ ਚਲਣ ਵਿਚ ਸੱਚਾ ਰਹਿਣ ਦਾ ਉਪਦੇਸ਼ ਦਿੰਦਾ ਹੈ ਅਤੇ ਗੁਰਮੁਖਿ ਸਤਿਸੰਗਤਿ ਵਿਚ ਜਾ ਕੇ ਸ਼ਬਦ ਵਿਚ ਲੀਨ ਰਹਿੰਦਾ ਹੈ। ਭਾਈ ਸਾਹਿਬ ਅੱਗੇ ਫੁੱਲਾਂ ਅਤੇ ਤਿਲਾਂ ਦੇ ਤੇਲ ਦਾ ਦ੍ਰਿਸ਼ਟਾਂਤ ਦਿੰਦੇ ਹਨ ਕਿ ਫੁੱਲਾਂ ਦੀ ਸੰਗਤਿ ਵਿਚ ਰਹਿ ਕੇ ਤਿਲਾਂ ਦੇ ਤੇਲ ਵਿਚੋਂ ਵੀ ਫੁੱਲਾਂ ਵਰਗੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਭਾਵ ਚੰਗੀ ਸੰਗਤਿ ਦਾ ਅਸਰ ਵੀ ਚੰਗਾ ਹੁੰਦਾ ਹੈ। ਗੁਰੂ ਦਾ ਸਿੱਖ ਸਦਾ ਹੀ ਅਕਾਲ ਪੁਰਖ ਦੇ ਹੁਕਮ ਵਿਚ ਵਿਚਰਦਾ ਹੈ ਜਿਸ ਨੂੰ ਭਾਈ ਸਾਹਿਬ ਨੇ ਗੁਰਸਿੱਖ ਦੇ ਨੱਕ ਵਿਚ ਅਕਾਲ ਪੁਰਖ ਦੇ ਹੁਕਮ/ਭਾਣੇ ਦੀ ਨਕੇਲ ਕਿਹਾ ਹੈ, ਭਾਵ ਉਹ ਰੱਬੀ ਹੁਕਮ ਦੇ ਅਨੁਸਾਰ ਵਿਚਰਦਾ ਹੈ। ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅਕਾਲ ਪੁਰਖ ਦੇ ਸੌਰ-ਮੰਡਲ ਵਿਚ ਜੁੜਿਆ ਰਹਿੰਦਾ ਹੈ; ਉਸ ਦੀ ਸੁਰਤਿ ਰੱਬੀ-ਸੁਰਤਿ ਵਿਚ ਲੀਨ ਰਹਿੰਦੀ ਹੈ। ਉਹ ਆਪਣੇ ਮਨ ਵਿਚ ਗੁਰੂ ਨੂੰ ਯਾਦ ਕਰਦਾ ਹੋਇਆ ਗੁਰੂ ਨਾਲ ਇਕਮਿਕ ਹੋ ਜਾਂਦਾ ਹੈ ਅਤੇ ਸੁਖੀ ਰਹਿੰਦਾ ਹੈ। ਉਹ ਅਕਾਲ ਪੁਰਖ ਦੇ ਭਉ ਨੂੰ ਮਨ ਵਿਚ ਵਸਾਉਂਦਾ ਅਤੇ ਉਸ ਦੇ ਪ੍ਰੇਮ ਵਿਚ ਜੁੜਿਆ ਰਹਿੰਦਾ ਹੈ ਜਿਸ ਕਰਕੇ ਉਸ ਨੂੰ ਸ੍ਰੇਸ਼ਟ ਸਾਧੂ ਕਰਕੇ ਜਾਣਿਆ ਜਾਂਦਾ ਹੈ। ਗੁਰਮੁਖਿ ਉਤੇ ਅਕਾਲ ਪੁਰਖ ਦੇ ਪ੍ਰੇਮ ਦਾ ਪੱਕਾ ਰੰਗ ਨਿੱਤ ਦੂਣ-ਸਵਾਇਆ ਚੜ੍ਹਦਾ ਰਹਿੰਦਾ ਹੈ। ਗੁਰਮੁਖਿ ਸਦਾ ਹੀ ਉਸ ਅਕਾਲ ਪੁਰਖ ਨਾਲ ਜੁੜਿਆ ਰਹਿੰਦਾ ਹੈ ਜਿਹੜਾ ਮਹਾਂ ਅਨੰਦ ਅਤੇ ਨਿਰਭੈਤਾ ਬਖਸ਼ਿਸ਼ ਕਰਦਾ ਹੈ:
ਗੁਰਮੁਖਿ ਸਚਾ ਖੇਲੁ ਗੁਰ ਉਪਦੇਸਿਆ।
ਸਾਧਸੰਗਤਿ ਦਾ ਮੇਲੁ ਸਬਦਿ ਅਵੇਸਿਆ।
ਫੁਲੀਂ ਤਿਲੀਂ ਫੁਲੇਲ ਸੰਗਿ ਸਲੇਸਿਆ।
ਗੁਰ ਸਿਖ ਨਕ ਨਕੇਲ ਮਿਟੈ ਅੰਦੇਸਿਆ।
ਨ੍ਹਾਵਣੁ ਅੰਮ੍ਰਿਤ ਵੇਲ ਵਸਣ ਸੁਦੇਸਿਆ।
ਗੁਰ ਜਪੁ ਰਿਦੈ ਸੁਹੇਲੁ ਗੁਰ ਪਰਵੇਸਿਆ।
ਭਾਉ ਭਗਤਿ ਭਉ ਭੇਲੁ ਸਾਧ ਸਰੇਸਿਆ।
ਨਿਤ ਨਿਤ ਨਵਲ ਨਵੇਲ ਗੁਰਮੁਖਿ ਭੇਸਿਆ।
ਖੈਰ ਦਲਾਲ ਦਲੇਲ ਸਵ ਸਹੇਸਿਆ॥੯॥