ਬੂਹਾ ਬੰਦਗੀ ਕਰਦਾ ਰਹੇ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਘਰ ਦੀਆਂ ਬਰਕਤਾਂ ਦੀ ਵਾਰਤਾ ਸੁਣਾਉਂਦਿਆਂ ਕਿਹਾ ਸੀ ਕਿ ਘਰ ਜਦੋਂ ਘਰ ਦੇ ਸਮੁੱਚੇ ਅਰਥਾਂ ‘ਚ ਸਾਡੀ ਜ਼ਿੰਦਗੀ ਦਾ ਹਿੱਸਾ ਬਣਦਾ ਏ ਤਾਂ ਉਹ ਸਾਡੀ ਝੋਲੀ ‘ਚ ਹਰ ਤਰ੍ਹਾਂ ਦੀਆਂ ਨਿਆਮਤਾਂ ਪਾਉਂਦਾ, ਸਾਡੀ ਸਰਬ-ਸੁੱਖੀ ਖੁਸ਼ਹਾਲੀ ਦਾ ਸ਼ੁਭਚਿੰਤਕ ਬਣ ਜਾਂਦਾ ਏ। ਉਹ ਆਖਦੇ ਹਨ, ਘਰ ਸੁਪਨ ਸਿਰਜਨ ਏ, ਸ਼ਾਂਤੀ-ਸਰੂਪ ਏ, ਪ੍ਰੇਮ ਦਾ ਦੂਤ ਏ, ਮੋਹ ਦਾ ਜਗਦਾ ਦੀਪ ਏ, ਸਾਂਝ ਦੀ ਨਿੱਘੀ ਬੁੱਕਲ ਏ, ਜ਼ਿੰਦਗੀ ਦਾ ਠਾਠਾਂ ਮਾਰਦਾ ਦਰਿਆ ਏ ਅਤੇ ਫਿਜ਼ਾ ‘ਚ ਖਿਲਰਿਆ ਚਾਅ ਏ।

ਹਥਲੇ ਲੇਖ ਵਿਚ ਉਨ੍ਹਾਂ ਘਰ ਦੇ ਬੂਹੇ ਦੀਆਂ ਬਰਕਤਾਂ ਦੀ ਬਾਤ ਪਾਈ ਹੈ। -ਸੰਪਾਦਕ
ਡਾæ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 647-702-5445
ਬੂਹਾ, ਕਿਸੇ ਦੀ ਪੈੜ੍ਹ-ਚਾਲ ਨੂੰ ਸੁਣਨ ਲਈ ਤਰਸੇ ਕੰਨਾਂ ਦੀ ਆਸ ਪੁਗਾਉਂਦਾ ਏ ਅਤੇ ਉਸ ਨੂੰ ਖੁਸ਼-ਆਮਦੀਦ ਕਹਿਣ ਲਈ ਆਪਣਾ ਆਪਾ ਉਸ ਦੇ ਕਦਮਾਂ ਵਿਚ ਵਿਛਾਉਂਦਾ ਏ।
ਨਿਰੀਆਂ ਕੰਧਾਂ ਕਦੇ ਵੀ ਕਮਰਾ ਨਹੀਂ ਬਣਦੀਆਂ। ਬੂਹੇ ਨਾਲ ਹੀ ਕੰਧਾਂ ਕਮਰਾ ਬਣ ਕੇ ਹੁੰਗਾਰਾ ਭਰਦੀਆਂ ਨੇ। ਕਮਰਾ, ਜੋ ਜੀਵਨ ਦਾ ਪ੍ਰਤੀਰੂਪ ਏ, ਸਾਡੇ ਨਾਲ ਸਾਹਾਂ ਦੀ ਸਾਂਝ ਪਾਲਦਾ ਏ, ਸਾਡੀਆਂ ਕ੍ਰਿਆਵਾਂ ਤੇ ਭਾਵਨਾਵਾਂ ਦਾ ਰਾਜ਼ਦਾਰ ਵੀ ਹੁੰਦਾ ਏ ਅਤੇ ਸਾਡੀਆਂ ਹੋਣੀਆਂ-ਅਣਹੋਣੀਆਂ ਦਾ ਭਾਗੀਦਾਰ ਵੀ।
ਬੂਹਾ, ਬੀਤ ਚੁੱਕੇ ਇਤਿਹਾਸ ਦਾ ਦਸਤਾਵੇਜ਼ ਹੁੰਦਾ ਏ, ਜਿਹੜੀ ਇਸ ਦੇ ਪਿੰਡੇ ਨੇ ਹੰਢਾਈ ਹੁੰਦੀ ਏ ਅਤੇ ਜਿਸ ਦੇ ਰੂਬਰੂ ਹੁੰਦਿਆਂ, ਇਹ ਕਈ ਵਾਰ ਬਹੁਤ ਘਬਰਾ ਜਾਂਦਾ ਏ।
ਬੂਹਾ, ਉਨ੍ਹਾਂ ਬਰਕਤਾਂ ਦਾ ਭੰਡਾਰ ਏ ਜੋ ਬੂਹੇ ਸਕਦਾ, ਸਾਡੀ ਝੋਲੀ ਪੈਂਦੀਆਂ ਨੇ ਭਾਵੇਂ ਉਹ ਮਿੱਤਰਾਂ ਦਾ ਮੋਹ ਹੋਵੇ, ਚਿਰ-ਵਿਛੁੰਨਿਆਂ ਦੀ ਨਿੱਘੀ ਗਲਵੱਕੜੀ ਹੋਵੇ, ਬੂਹੇ ਦੇ ਉਹਲੇ ‘ਚ ਦੋ ਰੂਹਾਂ ਦਾ ਮਿਲਾਪ ਹੋਵੇ ਜਾਂ ਸੱਜਣਾਂ ਸੰਗ ਬਿਤਾਏ ਪਲਾਂ ਦੀ ਯਾਦ ਹੁਸੀਨ ਹੋਵੇ, ਜਦੋਂ ਦਿਲਾਂ ਦੇ ਭੇਤ ਸਾਂਝੇ ਕੀਤੇ ਅਤੇ ਉਮਰਾਂ ਜੇਡ ਲੰਮੀਆਂ ਮਿਲਣ-ਰਾਤਾਂ ਦਾ ਸੁਪਨਾ ਸਿਰਜਿਆ ਹੋਵੇ।
ਬੂਹਾ, ਸਹਿਜ ਸਰੂਪ ਏ, ਜ਼ਿੰਦਗੀ ਦੀ ਸਾਰਥਿਕਤਾ ਦਾ, ਨਰੋਈਆਂ ਕਦਰਾਂ-ਕੀਮਤਾਂ ਦੀ ਸਦੀਵਤਾ ਦਾ ਅਤੇ ਸੁੱਖਨਵਰ ਸੋਚਾਂ ਦੀ ਸਜੀਵਤਾ ਦਾ, ਜਿਨ੍ਹਾਂ ਸਦਕਾ ਜੀਵਨ ਦਾ ਕਾਰਵਾਂ ਨਿਰੰਤਰ ਚੱਲਦਾ ਰਹਿੰਦਾ ਏ।
ਬੂਹਾ, ਬਦਲਦੇ ਸਮਿਆਂ ਨੂੰ ਆਪਣੇ ਪਿੰਡੇ ‘ਤੇ ਹੰਢਾਉਂਦਾ, ਵਕਤ ਦੀ ਨਬਜ਼ ਵੀ ਪਛਾਣਦਾ ਏ ਅਤੇ ਵਕਤੋਂ ਬੇ-ਵਕਤ ਹੋ ਗਏ ਪਲਾਂ ਨੂੰ ਘੇਰ ਕੇ ਵਾਪਸ ਵੀ ਲਿਆਉਂਦਾ ਏ ਤਾਂ ਕਿ ਤੁਸੀਂ ਬੂਹੇ ਦੀਆਂ ਅੱਖਾਂ ‘ਚ ਅੱਖਾਂ ਪਾ, ਬੀਤੇ ਪਲਾਂ ਨੂੰ ਨਿਹਾਰ ਸਕੋ।
ਬੂਹਾ, ਜੁਸਤਜੂ ਹੈ, ਬੇਮੁਖ ਹੋਏ ਪੈਰਾਂ ਲਈ, ਜੋ ਘਰ ਦਾ ਰਾਹ ਭੁੱਲ ਕੇ, ਭਟਕਣਾ ‘ਚ ਰੁਲ ਕੇ, ਫਿਰ ਦਰਾਂ ਦੀ ਦਸਤਕ ਬਣਨ ਦੀ ਆਰਜਾ ਮਨ ‘ਚ ਪਾਲਦੇ ਨੇ।
ਬੂਹਾ, ਨਵੀਆਂ ਸੋਚਾਂ ਦੀ ਤਾਜ਼ੀ ਹਵਾ ਦਾ ਨਿਉਂਦਾ ਏ, ਜਿਸ ਸਦਕਾ ਮੌਲਦੀ ਮਨੁੱਖਤਾ ਨੇ, ਸਰਬ-ਸੁਖਨ ਦਾ ਸੰਦੇਸ਼, ਉਨ੍ਹਾਂ ਹਵਾਵਾਂ ਦੇ ਕੰਧਾੜੇ ਧਰਨਾ ਹੁੰਦਾ ਏ।
ਬੂਹਾ, ਉਨ੍ਹਾਂ ਪਲਾਂ ਦਾ ਚਸ਼ਮਦੀਦ ਗਵਾਹ ਹੁੰਦਾ ਏ ਜਿਨ੍ਹਾਂ ਪਲਾਂ ‘ਚ ਅਸੀਂ ਜ਼ਿੰਦਗੀ ਨੂੰ ਜੀਅ ਭਰ ਕੇ ਮਾਣਿਆ ਅਤੇ ਇਸ ਨੇ ਸਾਡੇ ਦੁਆਲੇ ਪਰਦਾ ਤਾਣਿਆ।
ਦੂਰੋਂ ਤੁਰੇ ਆਉਂਦੇ ਸੱਜਣਾਂ ਦੀ ਪੈੜਚਾਲ, ਬੂਹੇ ਦੇ ਮਨ ‘ਚ ਇਕ ਚਾਅ ਪੈਦਾ ਕਰਦੀ ਏ, ਉਹ ਧੜਕਦਾ ਏ, ਮੌਲਦਾ ਏ ਤੇ ਸੱਜਣਾਂ ਨੂੰ ਮਿਲਣ ਲਈ ਅਹੁਲਦਾ ਏ। ਇਸ ਦੇ ਦਰੀਂ ਸ਼ਗਨਾਂ ਦਾ ਤੇਲ, ਸੁਹਾਵਣੇ ਪਲਾਂ ਦੀ ਨਿਸ਼ਾਨਦੇਹੀ ਕਰਦਾ ਏ। ਬੂਹਾ, ਇਕ ਨਵੇਂ ਜੀਵਨ ਦੀ ਸ਼ੁਰੂਆਤ ਵੀ ਏ। ਜਦੋਂ ਘਰ ਦੀ ਪਟਰਾਣੀ, ਆਪਣੇ ਬੂਹੇ ਦੇ ਸਾਥ ‘ਚ, ਨੂੰਹ-ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ‘ਦੁੱਧੀਂ ਨਹਾਵੇਂ, ਪੁੱਤੀਂ ਫਲੇਂ’ ਦੀ ਅਸੀਸ ਦਿੰਦੀ ਏ। ਇਹੋ ਜਿਹੇ ਸਮੇਂ ‘ਚ ਬੂਹੇ ‘ਤੇ ਫੈਲੀ ਹੋਈ ਸੂਹੀ ਭਾਅ ਚਾਵਾਂ ਤੇ ਲਾਡਾਂ ‘ਚ ਭਰੀ-ਭਕੁੰਨੀ ਰੁੱਤ ਦਾ ਸੁਖਨ ਹੁੰਦੀ ਏ।
ਜਦੋਂ ਬੂਹੇ ਉਤੇ ਲੱਗੇ ਨਿੰਮ ਦੇ ਪੱਤੇ ਵਾਰਸ ਦੇ ਆਗਮਨ ਦਾ ਸ਼ੁਭ ਸੰਦੇਸ਼ ਦਿੰਦੇ ਨੇ ਤਾਂ ਇਸ ਦਾ ਮੁਖੜਾ ਸੁਰਖ ਸਵੇਰ ਵਰਗਾ ਹੁੰਦਾ ਏ। ਇਹ ਆਪਣੇ ਸੁਨਹਿਰੇ ਭਵਿੱਖ ਨੂੰ ਚਿਤਵਦਾ, ਸੁਪਨਈ ਸੰਸਾਰ ਸਿਰਜਦਾ ਏ ਅਤੇ ਸ਼ਗਨਾਂ ਦਾ ਇਕ ਲੰਮਾ ਸਿਲਸਿਲਾ ਇਸ ਦਾ ਨਸੀਬ ਬਣਦਾ ਏ। ਇਹ ਵਧਾਈਆਂ ਕਬੂਲਦਾ, ਹਰ ਇਕ ਦੀ ਹਥੇਲੀ ‘ਤੇ ਗੁੜ ਦੀ ਭੇਲੀ ਧਰਦਾ ਏ।
ਬੂਹਾ, ਮਿਲਾਪ ਵੀ ਮਾਣਦਾ ਏ ਅਤੇ ਵਿਛੜਨ ਦਾ ਸੰਤਾਪ ਵੀ ਹੰਢਾਉਂਦਾ ਏ। ਜਦੋਂ ਸਜ-ਵਿਆਹੀ ਨਾਰ ਦਾ ਪਤੀ ਨੌਕਰੀ ਦੀਆਂ ਮਜਬੂਰੀਆਂ ਸਦਕਾ ਦਰੋਂ ਬਾਹਰ ਪੈਰ ਧਰਦਾ ਏ ਤਾਂ ਹੰਝੂਆਂ ‘ਚ ਘੁਲਦੀ ਮਹਿੰਦੀ ਨੂੰ ਦੇਖ, ਬੂਹੇ ਦਾ ਗੱਚ ਭਰ ਆਉਂਦਾ ਏ। ਉਹ ਕਦੇ ਛਲਕਦੇ ਦੀਦਿਆਂ ਨਾਲ, ਮੁੜ ਮੁੜ ਪਿਛਾਂਹ ਨੂੰ ਤਕਦਿਆਂ, ਹੱਥ ਹਿਲਾਉਂਦੇ, ਪਰਦੇਸ ਨੂੰ ਤੁਰੇ ਜਾਂਦੇ ਵੰਨੀ ਝਾਕਦਾ ਏ ਅਤੇ ਕਦੇ ਕੋਸੀ ਧੁੱਪ ਦੇ ਨੈਣਾਂ ਵਿਚਲੇ ਸੂਹੇ ਸੁਪਨਿਆਂ ਦੇ ਸੰਤਾਪ ਦੀ ਪਰਿਭਾਸ਼ਾ ਪੜ੍ਹਦਾ ਏ। ਬੂਹਾ ਢਾਰਸ ਬਣਦਾ ਏ, ਵਿਲਕਦੇ ਚਾਵਾਂ ਲਈ ਤੇ ਸਿਸਕਦੇ ਭਾਵਾਂ ਲਈ। ਹੌਲੀ ਹੌਲੀ ਨਿੱਘ ਤੋਂ ਵਿਰਵੀ ਧੁੱਪ, ਬੂਹੇ ਦੇ ਗਲ ਲੱਗ ਰੋਂਦੀ, ਆਪਣੇ ਦੁੱਖਾਂ ਤੇ ਵਿਛੋੜੇ ਦੀ ਬਾਤ ਪਾਉਂਦੀ, ਬੂਹੇ ਵਿਚਲਾ ਬੁੱਤ ਬਣ ਜਾਂਦੀ ਏ। ਸੱਚੀਂ! ਕਿੰਨਾ ਔਖਾ ਏ ਬੂਹੇ ਲਈ ਬੇਬਸੀ ‘ਚ ਬਲਦੇ ਬਿਰਖ ਦੀ ਹੋਣੀ ਦਾ ਸਾਥ ਨਿਭਾਉਣਾ ਅਤੇ ਫਿਰ ਉਹੋ ਬੂਹਾ ਕਦੇ ਚਿੱਠੀ ਉਡੀਕਦਾ, ਕਦੇ ਸੁਨੇਹੇ ਦੀ ਇੰਤਜ਼ਾਰ ਕਰਦਾ, ਆਖਰ ਨੂੰ ਲੰਮੀ ਉਡੀਕ ਦੀ ਤਲੀ ‘ਤੇ ਸੱਜਣਾਂ ਦੀ ਆਮਦ ਦੀ ਤਰੀਕ ਧਰਦਾ ਏ।
ਗਰੀਬ ਦੇ ਘਰ ‘ਚ ਬਹੁਤੀ ਵਾਰ ਬੂਹਾ ਹੁੰਦਾ ਹੀ ਨਹੀਂ। ਬੇਪਰਦ ਜੀਵਨ ਜਿਉਣ ਵਾਲਾ, ਸੱਚੇ ਸੁੱਚੇ ਜੀਵਨ ਦੀ ਅਰਾਧਨਾ ਕਰਦਾ ਏ। ਉਸ ਲਈ ਬੂਹਾ ਇਕ ਭਰਮ ਏ ਪ੍ਰਾਪਤੀ ਦਾ, ਜੋ ਕਦੇ ਟੁੱਟਦਾ, ਕਦੇ ਜੁੜਦਾ ਸਾਹਾਂ ਦੀ ਗਿਣਤੀ ਪੂਰੀ ਕਰਨ ਤੀਕ ਹੀ ਸੀਮਤ ਰਹਿ ਜਾਂਦਾ ਏ।
ਸੋਚ ਦੇ ਬੰਦ ਦਰਵਾਜਿਆਂ ‘ਚ ਸਨਕੀਪੁਣੇ ਦੀ ਫਸਲ ਹੀ ਨਿੱਸਰ ਸਕਦੀ ਏ ਜਿਸ ਨੇ ਸਾਡੀ ਕਰਮ ਧਰਾਤਲ ਦੀ ਵੱਖੀ ‘ਚ ਹਉਕਿਆਂ ਦੀ ਆਰ ਹੀ ਲਾਉਣੀ ਹੁੰਦੀ ਏ। ਲੋੜ ਹੈ, ਸੋਚ ਦੇ ਦਰਵਾਜਿਆਂ ਨੂੰ ਚੌਪਟ ਖੋਲੀਏ ਤਾਂ ਕਿ ਤਾਜ਼ੀ ਸੋਚ ਦੀ ਸਰਘੀ ਸਾਡਾ ਹਾਸਲ ਹੋਵੇ। ਇਸ ਦੇ ਉਗਮਦੇ ਚਾਨਣ ‘ਚ ਨਵੀਆਂ ਪ੍ਰਾਪਤੀਆਂ ਦਾ ਸਿਰਨਾਵਾਂ ਨਜ਼ਰ ਆਵੇ ਅਤੇ ਸਾਡੀ ਕਿਸਮਤ ਦੇ ਬਿਰਖਾਂ ‘ਤੇ ਪੰਛੀਆਂ ਦਾ ਹਜੂਮ ਚਹਿਚਹਾਵੇ।
ਜਦੋਂ ਬੂਹੇ ਤੋਂ ਸ਼ਗਨਾਂ ਨਾਲ ਤੋਰੀ ਹੋਈ ਡੋਲੀ, ਅਰਥੀ ਬਣ ਕੇ ਦਰ ਠਕੋਰਦੀ ਏ ਤਾਂ ਬੂਹਾ ਹਉਕਾ ਬਣਦਾ ਏ।
ਬੰਦ-ਬੂਹਿਆਂ ਦੀ ਬਦ-ਹਵਾਸੀ ਹਵਾ ਤਾਂ ਸਾਹਾਂ ਦੀ ਘੁੱਟਣ ਦਾ ਸੋਗ ਹੀ ਸਰਾਪਦੀ ਏ। ਬੂਹੇ ‘ਤੇ ਲਟਕਦਾ ਜੰਦਰਾ, ਕਦਮਾਂ ‘ਚ ਉਤਸ਼ਾਹ ਭਰ ਕੇ ਤੁਰੇ ਆਉਂਦੇ ਚਾਵਾਂ ਨੂੰ ਸ਼ਿਸ਼ਕਾਰਦਾ ਏ ਅਤੇ ਸੂਹੇ ਸੁਪਨਿਆਂ ਦੀ ਫਸਲ ਉਜਾੜਦਾ ਏ।
ਖੁੱਲ੍ਹਿਆ ਹੋਇਆ ਬੂਹਾ ਵਸਦੇ ਘਰਾਂ ਦੀ ਨਿਸ਼ਾਨੀ ਏ ਜਦੋਂ ਕਿ ਭੀੜੇ ਹੋਏ ਦਰਾਂ ਦੀਆਂ ਝੀਤਾਂ ‘ਚੋਂ ਹਵਾ ਵੀ ਲੰਘਣ ਲੱਗਿਆਂ ਸਹਿਮਦੀ ਏ।
ਕਦੇ ਕਦੇ ਬੂਹਾ ਬੜਾ ਉਦਾਸ ਹੋ ਜਾਂਦਾ ਏ ਜਦੋਂ ਉਹ ਆਪਣਿਆਂ ਦੀ ਦਸਤਕ ਲਈ ਤਰਸ ਜਾਂਦਾ ਏ, ਆਸ ਆਖਰੀ ਸਾਹਾਂ ‘ਤੇ ਹੁੰਦੀ ਏ ਅਤੇ ਫਿਰ ਇਸ ਦਾ ਜੀਅ ਕਰਦਾ ਹੈ ਕਿ ਸਿਸਕਦੇ ਚਾਵਾਂ ਦੀ ਧੀਰਜ ਬੰਨਾਵਾਂ ਅਤੇ ਨਵੀਂ ਆਸ ਦਾ ਦੀਪ ਜਗਾਵਾਂ।
ਕਾਲੇ ਵਕਤਾਂ ਨੂੰ ਯਾਦ ਕਰ, ਬੂਹੇ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ ਅਤੇ ਹੁਣ ਵੀ ਰਾਤ ਨੂੰ ਅੱਬੜਵਾਹੇ ਉਠ ਬੀਤੇ ਵਕਤਾਂ ਦੀ ਦਲਦਲ ‘ਚ ਗਵਾਚ ਜਾਂਦਾ ਏ। ਉਸ ਨੂੰ ਯਾਦ ਆਉਂਦਾ ਏ, ਫਿਰਕੂ ਦੰਗਿਆਂ ਦੀ ਲਪੇਟ ‘ਚ ਆਇਆ ਸ਼ਹਿਰ, ਚਾਰੇ ਪਾਸੇ ਮੱਚਿਆ ਹੋਇਆ ਕਹਿਰ। ਬੰਦ ਦਰਵਾਜਿਆਂ ‘ਚ ਦੁਬਕੇ ਤੇ ਸਹਿਮੇ ਹੋਏ ਲੋਕ। ਬੂਹੇ ਦੇ ਤਖਤਿਆਂ ਦੀਆਂ ਵਿਰਲਾਂ ‘ਚੋਂ ਝਾਕਦੀਆਂ ਡਰੀਆਂ ਹੋਈਆਂ ਦੋ ਅੱਖਾਂ। ਬੂਹਾ ਘਰ ਦੀ ਢਾਲ। ਬੂਹੇ ਦੀ ਹੋਂਦ ਨੂੰ ਮਿਟਾ ਦਰਿੰਦੇ, ਮਾਸੂਮਾਂ ਦੀ ਜਾਨ ਲੈਣ ਲਈ ਤਤਪਰ। ਪਰ ਬੂਹਾ ਆਪਣੇ ਸਿਦਕ ‘ਤੇ ਅੜਿਆ ਰਹਿੰਦਾ। ਮਨੁੱਖ ਹੱਥੋਂ ਮਨੁੱਖ ਦੀ ਹੋਣੀ ‘ਤੇ ਅਥਰੂ ਵਹਾਉਂਦਾ, ਬੂਹਾ ਸਿੱਲ-ਪੱਥਰ ਬਣ ਜਾਂਦਾ ਏ ਅਤੇ ਦੀਦਿਆਂ ‘ਚੋਂ ਖੂਨੀ ਪਰਛਾਵਿਆਂ ਦੀ ਪਛਾਣ ਭੁਲਾਉਣ ਦੇ ਅਸਮਰਥ ਹੁੰਦਾ ਏ।
ਬੂਹਾ ਚਾਹੁੰਦਾ ਏ ਕਿ ਝੀਤਾਂ ‘ਚੋਂ ਝਾਕਦਾ ਚਿਹਰਾ, ਖੌਫ ਦੀ ਪਰਤ ਨਾ ਚੜ੍ਹਾਵੇ ਅਤੇ ਨਾ ਹੀ ਕਾਲੀ ਹਨੇਰੀ ਜਾਂ ਕਰਫਿਊ ਵਰਗੇ ਵਕਤਾਂ ਨੂੰ ਆਪਣੇ ਮੱਥੇ ‘ਤੇ ਚਿਪਕਾਵੇ।
ਬੂਹੇ ਦੀ ਬੁਨਿਆਦ ਹੀ ਹੱਸਦੇ, ਰੱਸਦੇ ਤੇ ਵਸਦੇ ਘਰਾਂ ਨੂੰ ਤਾਮੀਰ ਕਰ ਘਰ ਨੂੰ ਘਰ ਦੇ ਅਰਥ ਪ੍ਰਦਾਨ ਕਰਦੀ ਏ। ਘਰ, ਜਿਥੇ ਸਾਹਾਂ ਦੀ ਗਿਣਤੀ ਪੂਰੀ ਕਰਨ ਦੀ ਥਾਂਵੇਂ, ਹਰ ਪਲ ਨੂੰ ਮਾਣਨ ਦੀ ਤਰਜੀਹ ਮਨ ‘ਚ ਪਲਦੀ ਏ।
ਬੂਹਾ ਕਦੇ ਵੀ ਬਦ-ਤਮੀਜ਼ ਨਹੀਂ ਹੁੰਦਾ। ਉਹ ਤਾਂ ਹਰ ਆਉਣ ਵਾਲੇ ਨੂੰ ਜੀ ਆਇਆਂ ਕਹਿੰਦਾ, ਉਸ ਦੇ ਰਾਹਾਂ ‘ਚ ਅੱਖੀਆਂ ਵਿਛਾਉਂਦਾ ਏ ਅਤੇ ਆਪਣੀ ਸਮੁੱਚੀ ਸਮਰੱਥਾ ਨਾਲ ਉਸ ਦੀ ਪ੍ਰਾਹੁਣਾਚਾਰੀ ਕਰਦਾ, ਫਿਰ ਆਉਣ ਦਾ ਨਿਉਂਦਾ ਦਿੰਦਾ ਹੈ।
ਧਾਰਮਿਕ ਅਸਥਾਨਾਂ ਦੇ ਬੂਹੇ, ਜਾਤ-ਵਰਣਾਂ ਤੋਂ ਉਪਰ ਉਠ, ਸਭ ਲਈ ਖੁੱਲ੍ਹੇ ਰਹਿਣ ਅਤੇ ਇਨ੍ਹਾਂ ਦਰਾਂ ‘ਤੇ ਸਿਜਦਾ ਕਰਨ ਵਾਲਾ, ਮੂੰਹੋਂ ਮੰਗੀਆਂ ਮੁਰਾਦਾਂ ਪਾਵੇ।
ਆਦਮੀ, ਕਾਦਰ ਵੱਲੋਂ ਬਖਸ਼ੀ ਨਿਰਛੱਲ ਸੋਚ, ਮਾਨਸਿਕ ਸੁਹੱਪਣ ਅਤੇ ਸ਼ਾਇਸਤਗੀ ਦੇ ਬੂਹੇ ਹਮੇਸ਼ਾ ਖੁੱਲ੍ਹੇ ਰੱਖੇ ਤਾਂ ਕਿ ਉਹ ਇਨਸਾਨੀਅਤ ਦਾ ਝੰਡਾ ਬਰਦਾਰ ਬਣਿਆ ਰਹੇ।
ਬੰਦ ਬੂਹਿਆਂ ‘ਚ ਕੈਦ ਹੋਏ ਆਜ਼ਾਦੀ ਪਰਵਾਨੇ, ਕਦੇ ਵੀ ਰੋਸ਼ਨੀ ਦੀ ਅਣਹੋਂਦ ‘ਚ ਨਹੀਂ ਘਬਰਾਉਂਦੇ, ਸਗੋਂ ਬੰਦ ਦਰਵਾਜੇ, ਦੇਸ਼ ਭਗਤਾਂ ਦੀ ਪ੍ਰਯੋਗਸ਼ਾਲਾ ਹੁੰਦੇ ਨੇ ਜਿਥੇ ਉਨ੍ਹਾਂ ਦੀ ਦੇਸ਼ ਭਗਤੀ, ਇਰਾਦਾ, ਹੌਸਲਾ ਤੇ ਮੰਜ਼ਿਲ ‘ਤੇ ਪਹੁੰਚਣ ਦੀ ਪਕਿਆਈ ਪਰਖੀ ਜਾਂਦੀ ਏ। ਉਹ ਸਮੇਂ ਦੀਆਂ ਬੇਰੁਖੀਆਂ ‘ਚੋਂ ਕੁੰਦਨ ਬਣ ਕੇ ਨਿਕਲਦੇ ਨੇ। ਉਨ੍ਹਾਂ ਲਈ ਝੀਤਾਂ ‘ਚੋਂ ਆਉਂਦੀ ਕਿਰਨ ਜਿਉਣ ਦਾ ਆਹਰ ਬਣਦੀ ਏ।
ਬੂਹਾ, ਜੀਵਨ ਦਾ ਅਜਿਹਾ ਦਿਸਹੱਦਾ ਏ ਜੋ ਸਾਡੀ ਖੜਗ ਭੁਜਾ ਬਣਦਾ ਏ ਅਤੇ ਸਾਨੂੰ ਸਹੀ ਦਿਸ਼ਾ ਵੱਲ ਤੋਰਦਾ ਵੀ ਏ।
ਸੁਹਜ, ਸਿਆਣਪ, ਸਾਦਗੀ ਅਤੇ ਸਿਰਜਣਾ, ਜੀਵਨ ਦੇ ਬੂਹੇ ਨੇ ਜੋ ਮਨੁੱਖ ਨੂੰ ਜ਼ਿੰਦਗੀ ਦੇ ਅਰਥ ਪ੍ਰਦਾਨ ਕਰਦੇ ਨੇ। ਇਨ੍ਹਾਂ ਬੂਹਿਆਂ ਤੋਂ ਬਗੈਰ ਜ਼ਿੰਦਗੀ, ਸੜੇਹਾਂਦ ਭਰਪੂਰ ਵਰਤਾਰਿਆਂ ਦਾ ਕਹਿਰ ਵਰਤਾਏਗੀ ਜਿਸ ‘ਚ ਸਾਡੀ ਹੋਂਦ ਦੀ ਸੰਭਾਵਨਾ ਡੂੰਘੀ ਖੱਡ ‘ਚ ਤਿਲਕ ਜਾਵੇਗੀ।
ਬੂਹਾ ਤਾਂ ਬੰਦਗੀ ਕਰਦਾ ਹੈ ਕਿ ਇਸ ਦੀ ਓਟ ‘ਚ ਆਏ ਸਭ ਬਾਸ਼ਿੰਦਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਸਭ ਭਰੀ-ਭਕੁੰਨੀ ਜ਼ਿੰਦਗੀ ਦੇ ਸ਼ਾਹ-ਅਸਵਾਰ ਬਣ ਨਵੇਂ ਕੀਰਤੀਮਾਨ ਸਥਾਪਤ ਕਰਨ। ਸਭ ਦੀਆਂ ਆਸਾਂ ਨੂੰ ਬੂਰ ਪਵੇ ਅਤੇ ਉਨ੍ਹਾਂ ਦੀ ਮਿਹਨਤ ਦਾ ਮੁੜਕਾ, ਮਾਣਕ-ਮੋਤੀਆਂ ਦੀ ਜੂਨ ਹੰਢਾਵੇ।
ਬੂਹੇ ਦੀਆਂ ਪਲਕਾਂ ‘ਤੇ ਨਿੰਮ, ਅੰਬ ਜਾਂ ਪਿੱਪਲ ਦੇ ਪੱਤੇ ਸੋਂਹਦੇ ਰਹਿਣ। ਇਸ ਦੀਆਂ ਮੁਹਾਠਾਂ ਸ਼ਗਨਾਂ ਦੇ ਤੇਲ ਨਾਲ ਗੜੁੱਚੀਆਂ ਰਹਿਣ। ਇਸ ਦੇ ਕਦਮਾਂ ‘ਚ ਪਰਦੇਸ ਤੁਰ ਗਿਆਂ ਦੀਆਂ ਖੈਰਾਂ ਮੰਗਣ ਲਈ ਪਾਣੀ ਡੋਲ੍ਹਿਆ ਜਾਂਦਾ ਰਹੇ। ਇਸ ਦੇ ਖੁਲ੍ਹੇ ਦਰਾਂ ‘ਚੋਂ ਮਹਿਕਾਂ ਭਰਪੂਰ ਵਰਤਾਰਿਆਂ ਦੀ ਨਿਰੰਤਰ ਆਵਾਜਾਈ ਬਣੀ ਰਹੇ। ਇਸ ਦੇ ਮੁੱਖ ਨੂੰ ਸੰਦਲੀ ਸਮਿਆਂ ਦੀ ਆਭਾ ਨਸੀਬ ਹੋਵੇ ਅਤੇ ਖੇੜਿਆਂ ਭਰਪੂਰ ਜੀਵਨ ਦਾ ਹਰ ਪਲ ਇਸ ਦਾ ਅਦੀਬ ਹੋਵੇ।