‘ਆਪ’ ਨੂੰ ਪਿਆਰ ਤੇ ਅਕਾਲੀਆਂ ਨੂੰ ਮਾਰ ਨੇ ਬਦਲਿਆ ਚੋਣ ਦ੍ਰਿਸ਼

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਧਾਨ ਸਭਾ ਚੋਣਾਂ ਲਈ 4 ਫਰਵਰੀ ਨੂੰ ਵੋਟਾਂ ਦੇ ਐਲਾਨ ਦੇ ਨਾਲ ਹੀ ਸੂਬੇ ਦਾ ਸਿਆਸੀ ਪਾਰਾ ਚੜ੍ਹ ਗਿਆ ਹੈ। ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਰਵਾਇਤੀ ਧਿਰਾਂ- ਬਾਦਲਾਂ ਵਾਲਾ ਅਕਾਲੀ ਦਲ ਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਨਵੀਂ ਧਿਰ ਵਜੋਂ ਚੋਣ ਮੈਦਾਨ ਵਿਚ ਹੈ। ਪੰਜਾਬ ਵਿਚ ਹਰ ਪੰਜ ਸਾਲਾਂ ਬਾਅਦ ਚੋਣਾਂ ਵੇਲੇ ਭਾਵੇਂ ਖੁੰਬਾਂ ਵਾਂਗ ਸਿਆਸੀ ਪਾਰਟੀਆਂ ਖੜ੍ਹੀਆਂ ਹੁੰਦੀਆਂ ਹਨ, ਪਰ ਇਸ ਨਵੀਂ ਧਿਰ (ਆਪ) ਨੂੰ ਸੂਬੇ ਵਿਚ ਮਿਲ ਰਹੇ ਹੁੰਗਾਰੇ ਨੇ ਇਸ ਵਾਰ ਪੰਜਾਬ ਦਾ ਚੋਣ ਦ੍ਰਿਸ਼ ਕੁਝ ਵੱਖਰਾ ਕਰ ਦਿੱਤਾ ਹੈ।

ਦੂਜੇ ਪਾਸੇ ਪਿਛਲੇ ਦਸ ਸਾਲਾਂ ਤੋਂ ਸੱਤਾ ਦਾ ਸੁਖ ਭੋਗ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਲੋਕ ਰੋਹ ਚੁਣੌਤੀ ਬਣਿਆ ਹੋਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਸੱਤਾਧਾਰੀ ਧਿਰ ਨੂੰ ਇੰਨੇ ਵੱਡੇ ਪੱਧਰ ਉਤੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਦਲਾਂ ਨੂੰ ਸਭ ਤੋਂ ਵੱਡੀ ਵੰਗਾਰ ਉਨ੍ਹਾਂ ਦੇ ਰਵਾਇਤੀ ਹਲਕਿਆਂ ਵਿਚ ਹੀ ਮਿਲ ਰਹੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਉਸ ਦੇ ਆਪਣੇ ਹਲਕੇ ਜਲਾਲਾਬਾਦ ਵਿਚ ਲੋਕਾਂ ਦੀ ਪੱਥਰਾਅ ਦਾ ਸ਼ਿਕਾਰ ਹੋਣਾ ਪਿਆ। ਇਸ ਤੋਂ ਪਹਿਲਾਂ ਸਿਕੰਦਰ ਸਿੰਘ ਮਲੂਕਾ, ਜਗਦੀਪ ਸਿੰਘ ਨਕਈ ਅਤੇ ਕਈ ਹੋਰ ਲੀਡਰਾਂ ਦਾ ਪਿੰਡਾਂ ਵਿਚ ਵਿਰੋਧ ਹੋਇਆ ਹੈ। ਖੁਫੀਆ ਏਜੰਸੀਆਂ ਨੇ ਚੋਣ ਅਫਸਰਾਂ ਨੂੰ ਚੌਕਸ ਕੀਤਾ ਹੈ ਕਿ ਲੋਕਾਂ ਵਿਚ ਰੋਹ ਕਾਰਨ ਬਾਦਲਾਂ ਦੀਆਂ ਰੈਲੀਆਂ ਦੌਰਾਨ ਗੜਬੜ ਹੋਣ ਦੇ ਆਸਾਰ ਹਨ।
ਇਹ ਵੀ ਸਾਹਮਣੇ ਆਇਆ ਹੈ ਕਿ ਚੋਣ ਜ਼ਾਬਤੇ ਪਿੱਛੋਂ ਅਕਾਲੀਆਂ ਦੀ ਗੁਲਾਮ ਬਣੀ ਪੰਜਾਬ ਪੁਲਿਸ ਵੀ ‘ਸ਼ੇਰ’ ਬਣ ਗਈ ਹੈ। ਇਸ ਦੀ ਮਿਸਾਲ ਚੋਣ ਜ਼ਾਬਤੇ ਦੇ ਅਗਲੇ ਹੀ ਦਿਨ ਮਿਲੀ ਜਦੋਂ ਫਾਜ਼ਿਲਕਾ ਜੇਲ੍ਹ ਵਿਚ ਅਕਾਲੀ ਆਗੂ ਸ਼ਿਵ ਲਾਲ ਡੋਡਾ ਨਾਲ ਚੋਣ ਮੀਟਿੰਗ ਕਰ ਰਹੇ 25 ਅਕਾਲੀ ਆਗੂਆਂ ਨੂੰ ਪੁਲਿਸ ਨੇ ਚੁੱਕ ਲਿਆ। ਿ
eਸ ਤੋਂ ਇਲਾਵਾ ਫਰੀਦਕੋਟ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਚੋਣ ਦਫਤਰ ਦੇ ਉਦਘਾਟਨ ਵੇਲੇ ਸੜਕ ਉਥੇ ਲਾਈਆਂ ਤਿੰਨ ਹਜ਼ਾਰ ਕੁਰਸੀਆਂ ਪੁਲਿਸ ਚੁੱਕ ਕੇ ਚਲਦੀ ਬਣੀ ਤੇ ਅਕਾਲੀਆਂ ਨੇ ਖੜ੍ਹੇ-ਖੜ੍ਹੇ ਹੀ ਰੈਲੀ ਭੁਗਤਾਈ। ਇਹ ਪਹਿਲੀ ਵਾਰ ਹੈ ਜਦੋਂ ਪੁਲਿਸ ਨੇ ਕਿਸੇ ਅਕਾਲੀ ਆਗੂ ਦੇ ਸਮਾਗਮ ਵਿਚ ਇੰਨੀ ਦਲੇਰੀ ਵਿਖਾਈ ਹੋਵੇ। ਅਕਾਲੀ ਦਲ ਤੋਂ ਇਲਾਵਾ ਸੂਬੇ ਦੀ ਦੂਜੀ ਮੁੱਖ ਧਿਰ ਕਾਂਗਰਸ ਨੂੰ ਅੰਦਰੂਨੀ ਬਗਾਵਤ ਦੀ ਮਾਰ ਪੈ ਰਹੀ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਬਗਾਵਤ ਦੇ ਡਰੋਂ ਆਪਣੇ ਉਮੀਦਵਾਰ ਐਲਾਨਣ ਵਿਚ ਪੱਛੜੀ ਰਹੀ।
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ‘ਆਪ’ ਦੀ ਆਮਦ ਨਾਲ 15ਵੀਂ ਵਿਧਾਨ ਸਭਾ ਲਈ ਚੋਣ ਦ੍ਰਿਸ਼ ਕੁਝ ਹਟ ਕੇ ਹੋਵੇਗਾ। 2012 ਦੌਰਾਨ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ), ਦੋ ਖੱਬੇ ਪੱਖੀ ਪਾਰਟੀਆਂ ਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਉਤੇ ਆਧਾਰਤ ਸਾਂਝੇ ਮੋਰਚੇ ਨੇ ਰਵਾਇਤੀ ਧਿਰਾਂ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਰਣਨੀਤੀ ਪੱਖੋਂ ਮਾਰ ਖਾ ਗਏ ਸਨ। ਦੂਜੇ ਪਾਸੇ ਆਪ ਦੀ ਰਣਨੀਤੀ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਚੱਕਰਾਂ ਵਿਚ ਪਾਇਆ ਹੋਇਆ ਹੈ। ਇਸ ਨਵੀਂ ਪਾਰਟੀ ਨੇ ਜਿਥੇ ਉਮੀਦਵਾਰ ਅਲਾਨਣ ਵਿਚ ਪਹਿਲ ਕਰ ਕੇ ਇਨ੍ਹਾਂ ਧਿਰਾਂ ਨੂੰ ਮਾਤ ਦਿੱਤੀ, ਉਥੇ ਚੋਣ ਰਣਨੀਤੀ ਤੇ ਲੋਕਾਂ ਤੱਕ ਪਹੁੰਚ ਕਰ ਕੇ ਵੱਖਰੇ ਸਿਆਸੀ ਸਮੀਕਰਨਾਂ ਦੇ ਸੰਕੇਤ ਦਿੱਤੇ ਹਨ।
ਸਾਲ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਵੱਡਾ ਹੁੰਗਾਰਾ ਮਿਲਿਆ ਸੀ। ਇਸ ਧਿਰ ਨੇ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 4 ‘ਤੇ ਜਿੱਤ ਹਾਸਲ ਕੀਤੀ ਸੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ 4 ਸੀਟਾਂ ਹੀ ਜਿੱਤ ਸਕਿਆ ਸੀ। ਕਾਂਗਰਸ 3 ਸੀਟਾਂ ਲੈ ਕੇ ਤੀਜੇ ਨੰਬਰ ਉਤੇ ਰਹੀ ਸੀ ਅਤੇ ਭਾਰਤੀ ਜਨਤਾ ਪਾਰਟੀ ਨੂੰ 2 ਸੀਟਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਚੋਣਾਂ ਵਿਚ 117 ਵਿਧਾਨ ਸਭਾ ਹਲਕਿਆਂ ਵਿਚੋਂ 33 ਵਿਧਾਨ ਸਭਾ ਹਲਕਿਆਂ ਵਿਚ ਆਮ ਆਦਮੀ ਪਾਰਟੀ ਅੱਗੇ ਰਹੀ ਸੀ।
ਇਸੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਤਰਜੀਹੀ ਆਧਾਰ ‘ਤੇ ਲੈ ਰਹੇ ਹਨ, ਜਦੋਂ ਕਿ ਅਕਾਲੀ ਦਲ ਵਿਕਾਸ ਦੇ ਮੁੱਦੇ ਉਤੇ ਚੋਣਾਂ ਲੜਨ ਦਾ ਮਨ ਬਣਾਈ ਬੈਠਾ ਹੈ ਅਤੇ ਕਾਂਗਰਸ ਅਕਾਲੀ ਦਲ ਦੀਆਂ ਪਿਛਲੇ 10 ਸਾਲਾਂ ਵਿਚ ਰਹਿ ਗਈਆਂ ਪ੍ਰਸ਼ਾਸਨਿਕ ਘਾਟਾਂ ਨੂੰ ਉਜਾਗਰ ਕਰਨ ਦਾ ਯਤਨ ਕਰਦੀ ਦਿਖਾਈ ਦੇ ਰਹੀ ਹੈ।
_______________________________________________
ਉਮੀਦਵਾਰ ਵਜੋਂ ਗੈਰਸਿਆਸੀ ਹਸਤੀਆਂ ਨੂੰ ਮਿਲੀ ਪਹਿਲ਼ææ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਸਿਆਸੀ ਹਸਤੀਆਂ ਦੀ ਥਾਂ ਐਨæਆਰæਆਈæ, ਪੱਤਰਕਾਰ, ਗਾਇਕ, ਖਿਡਾਰੀ, ਕਲਾਕਾਰ ਤੇ ਅਫਸਰ ਚੋਣ ਮੈਦਾਨ ਵਿਚ ਹਨ। ਸਿਆਸਤ ਤੋਂ ਦੂਰੀ ਬਣਾਈ ਰੱਖਣ ਵਾਲਾ ਗੁਰਪ੍ਰੀਤ ਸਿੰਘ ਘੁੱਗੀ ਹੁਣ ਵੜੈਚ ਬਣ ਕੇ ਨਾ ਸਿਰਫ ‘ਆਪ’ ਦਾ ਪੰਜਾਬ ਦਾ ਕਨਵੀਨਰ ਹੈ, ਬਲਕਿ ਬਟਾਲਾ ਤੋਂ ਚੋਣ ਮੈਦਾਨ ਵਿਚ ਵੀ ਹੈ। ਇਸ ਚੋਣ ਵਿਚ ਇਕ ਦਰਜਨ ਦੇ ਕਰੀਬ ਅਫਸਰ ਚੋਣ ਮੈਦਾਨ ਵਿਚ ਹਨ। ਅਕਾਲੀ ਦਲ ਵੱਲੋਂ ਮੁਹਾਲੀ ਦੇ ਡੀæਸੀæ ਰਹੇ ਮੌਜੂਦਾ ਮੰਡੀ ਬੋਰਡ ਦੇ ਸਕੱਤਰ ਰਹੇ ਤੇਜਿੰਦਰ ਪਾਲ ਸਿੰਘ ਸਿੱਧੂ ਅਤੇ ਕਾਂਗਰਸ ਵੱਲੋਂ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਦੀਪ ਵੈਦ ਅਸਤੀਫੇ ਦੇ ਕੇ ਚੋਣ ਮੈਦਾਨ ਵਿਚ ਉਤਾਰੇ ਗਏ ਹਨ। ਆਈæਪੀæਐਸ਼ ਕਰਤਾਰ ਸਿੰਘ, ਪੀæਪੀæਐਸ਼ ਸੱਜਣ ਸਿੰਘ ਚੀਮਾ ਆਪ ਦੇ ਉਮੀਦਵਾਰ ਹਨ।