ਚੰਡੀਗੜ੍ਹ: ਪੰਜਾਬ ਦੌਰੇ ਉਤੇ ਆਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਅਰਵਿੰਦ ਕੇਜਰੀਵਾਲ ਦੇ ਸੂਬੇ ਦਾ ਮੁੱਖ ਮੰਤਰੀ ਬਣਨ ਵੱਲ ਇਸ਼ਾਰਾ ਕਰ ਕੇ ਪੰਜਾਬ ਦੀ ਸਿਆਸਤ ਵਿਚ ਨਵਾਂ ਉਬਾਲ ਲੈ ਆਂਦਾ। ਸਿਸੋਦੀਆ ਦੇ ਮੂੰਹੋਂ ਇਹ ਸ਼ਬਦ ਨਿਕਲਣ ਦੀ ਦੇਰ ਸੀ ਕਿ ਵਿਰੋਧੀ ਧਿਰਾਂ ਦੇ ਨਾਲ-ਨਾਲ ਆਪ ਦੇ ਸੰਸਦ ਮੈਂਬਰ ਭਗਵੰਤ ਮਾਣ ਵੀ ਇਸ ਦੇ ਵਿਰੋਧ ਵਿਚ ਆ ਖੜ੍ਹੇ ਹੋਏ। ਦੱਸਣਯੋਗ ਹੈ ਕਿ ਵਿਰੋਧ ਧਿਰਾਂ ਹੁਣ ਤੱਕ ਆਪ ਨੂੰ ਬਾਹਰੀ ਆਗੂਆਂ ਦੇ ਦਬਦਬੇ ਵਾਲੀ ਪਾਰਟੀ ਆਖ ਕੇ ਭੰਡਦੀਆਂ ਰਹੀਆਂ ਹਨ,
ਪਰ ਸਿਸੋਦੀਆ ਦੇ ਇਸ ਬਿਆਨ ਨੇ ਇਨ੍ਹਾਂ ਧਿਰਾਂ ਨੂੰ ਖੁਲ੍ਹੇ ਕੇ ਵਿਰੋਧ ਕਰਨ ਦਾ ਮੌਕਾ ਦੇ ਦਿੱਤਾ। ਦੂਜੇ ਪਾਸੇ ਮੁੱਖ ਮੰਤਰੀ ਉਮੀਦਵਾਰ ਵਜੋਂ ਆਪਣੇ ਆਪ ਨੂੰ ਪੇਸ਼ ਕਰ ਰਹੇ ਭਗਵੰਤ ਮਾਣ ਨੇ ਨਾਲ ਦੀ ਨਾਲ ਸਫਾਈ ਦੇ ਦਿੱਤੀ ਕਿ ਮੁੱਖ ਮੰਤਰੀ ਪੰਜਾਬ ਤੋਂ ਹੀ ਹੋਵੇਗਾ।
ਸ੍ਰੀ ਸਿਸੋਦੀਆ ਦੇ ਇਸ ਮੁੱਦੇ ਉਪਰ ਭੰਬਲਭੂਸੇ ਵਾਲੇ ਬਿਆਨ ਨੇ ਪਲਾਂ ਵਿਚ ਹੀ ਪੰਜਾਬੀ ਬਨਾਮ ਗੈਰ-ਪੰਜਾਬੀ ਦਾ ਮੁੱਦਾ ਬਣਾ ਦਿੱਤਾ ਹੈ। ਪਿਛਲੇ ਸਮੇਂ ਜਦੋਂ ਆਮ ਆਦਮੀ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਬਰਖਾਸਤ ਕੀਤਾ ਸੀ ਤਾਂ ਉਦੋਂ ਵੀ ਇਹ ਵੱਡਾ ਮੁੱਦਾ ਬਣ ਗਿਆ ਸੀ ਅਤੇ ਪਾਰਟੀ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਿਆ ਸੀ। ਪਾਰਟੀ ਨੂੰ ਚੁੱਪ ਚੁਪੀਤੇ ਪੰਜਾਬ ਵਿਚ ਤਾਇਨਾਤ ਦਿੱਲੀ ਦੇ 52 ਅਬਜ਼ਰਵਰਾਂ ਦਾ ਬਿਸਤਰਾ ਗੋਲ ਕਰਨਾ ਪੈ ਗਿਆ ਸੀ। ਉਪਰੰਤ ਪਾਰਟੀ ਨੇ ਪੰਜਾਬੀਆਂ ਦੇ ਗੁੱਸੇ ਨੂੰ ਭਾਂਪਦਿਆਂ ਸੂਬਾ ਪੱਧਰ ਤੋਂ ਵੀ ਦਿੱਲੀ ਦੀ ਟੀਮ ਨੂੰ ਪਿੱਛੇ ਖਿਸਕਾ ਕੇ ਪੰਜਾਬੀ ਚਿਹਰੇ ਮੂਹਰੇ ਲਿਆਂਦੇ ਸਨ। ਹੁਣ ਮਸਾਂ ਇਹ ਮੁੱਦਾ ਖਤਮ ਹੋਇਆ ਸੀ ਕਿ ਸ੍ਰੀ ਸਿਸੋਦੀਆ ਨੇ ਚੋਣ ਸਭਾ ਦੌਰਾਨ ਇਹ ਕਹਿ ਕੇ ਮੁੜ ਇਹ ਦੱਬਿਆ ਮੁੱਦਾ ਉਛਾਲ ਦਿੱਤਾ ਕਿ ਪੰਜਾਬੀ ਇਹ ਸਮਝ ਕੇ ਵੋਟਾਂ ਪਾਉਣ ਕਿ ਸ੍ਰੀ ਕੇਜਰੀਵਾਲ ਨੇ ਹੀ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ। ਉਂਜ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਮੁੱਖ ਮੰਤਰੀ ਦਾ ਫੈਸਲਾ ਚੁਣੇ ਵਿਧਾਇਕ ਹੀ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਉਮੀਦਵਾਰ ਦੇ ਸਾਰੇ ਚਿਹਰੇ ਕੇਜਰੀਵਾਲ ਹੀ ਮੰਨੇ ਜਾਣ। ਭਾਵੇਂ ਇਨ੍ਹਾਂ ਬਿਆਨਾਂ ਵਿਚ ਸ੍ਰੀ ਸਿਸੋਦੀਆ ਨੇ ਸਿੱਧੇ ਤੌਰ ਉਤੇ ਸ੍ਰੀ ਕੇਜਰੀਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਨਹੀਂ ਐਲਾਨਿਆ, ਪਰ ਇਹ ਵੱਡਾ ਸਿਆਸੀ ਮੁੱਦਾ ਜ਼ਰੂਰ ਬਣ ਗਿਆ ਹੈ। ਉਧਰ ਵਿਰੋਧੀ ਧਿਰਾਂ ਨੇ ਚੁਫੇਰਿਓਂ ਇਸ ਮੁੱਦੇ ਦੀ ਨੁਕਤਾਚੀਨੀ ਕਰਦਿਆਂ ਸਿਆਸੀ ਭੂਚਾਲ ਲਿਆ ਦਿੱਤਾ ਹੈ। ਦੂਸਰੇ ਪਾਸੇ ਪਾਰਟੀ ਦਾ ਕਹਿਣਾ ਹੈ ਕਿ ਸ੍ਰੀ ਸਿਸੋਦੀਆ ਨੇ ਕਿਸੇ ਤਰ੍ਹਾਂ ਵੀ ਸ੍ਰੀ ਕੇਜਰੀਵਾਲ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਦੀ ਗੱਲ ਨਹੀਂ ਕਹੀ। ਉਨ੍ਹਾਂ ਤਾਂ ਪਾਰਟੀ ਸੁਪਰੀਮੋ ਦੀ ਪੰਜਾਬ ਦੇ ਵੋਟਰਾਂ ਨਾਲ ਸਮਰਪਣ ਭਾਵਨਾ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸ੍ਰੀ ਕੇਜਰੀਵਾਲ ਪਾਰਟੀ ਦੇ ਮੁਖੀ ਵਜੋਂ ਇਕ-ਇਕ ਵੋਟ ਦਾ ਕਰਜ਼ ਉਤਾਰਨ ਲਈ ਵਚਨਬੱਧ ਹਨ।