ਪੰਜਾਬ ਦਾ ਚੋਣ ਦੰਗਲ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਾਲਾ ਬਿਗਲ ਆਖਰਕਾਰ ਵਜਾ ਦਿੱਤਾ ਗਿਆ ਹੈ। ਹੁਣ ਤਕਰੀਬਨ ਤਿੰਨ ਹਫਤੇ ਸਿਆਸੀ ਮੇਲਾ ਵਾਹਵਾ ਭਰਿਆ ਰਹਿਣਾ ਹੈ। ਭਾਰਤ ਦਾ ਇਤਿਹਾਸ ਦੱਸਦਾ ਹੈ ਕਿ ਚੋਣਾਂ ਨਾਲ ਕਿਤੇ ਬਹੁਤਾ ਕੁਝ ਖਾਸ ਤਾਂ ਨਹੀਂ ਬਦਲਦਾ, ਪਰ ਐਤਕੀਂ ਪੰਜਾਬ ਦੀ ਸਿਆਸਤ ਦੇ ਪ੍ਰਸੰਗ ਵਿਚ ਬਹੁਤੇ ਵਿਚਾਰਵਾਨ ਵਧੇਰੇ ਆਸਾਂ ਲਾਈ ਬੈਠੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਵਾਰ ਸਿਆਸੀ ਪਿੜ ਵਿਚ ਇਕ ਅਜਿਹੀ ਪਾਰਟੀ ਆਣ ਨਿਕਲੀ ਹੈ ਜਿਸ ਨੇ ਕਈ ਮਾਮਲਿਆਂ ਵਿਚ ਰਵਾਇਤੀ ਪਾਰਟੀਆਂ ਨੂੰ ਸਿੱਧੇ ਹੀ ਵੰਗਾਰਾਂ ਸੁੱਟੀਆਂ ਹੋਈਆਂ ਹਨ।

ਇਹ ਪਾਰਟੀ ਆਮ ਆਦਮੀ ਪਾਰਟੀ ਹੈ ਜੋ ਅੱਜ ਕੱਲ੍ਹ ‘ਆਪ’ ਵਜੋਂ ਵਧੇਰੇ ਜਾਣੀ ਜਾਂਦੀ ਹੈ। ਇਹ ਪਾਰਟੀ ਐਨ ਨਵੀਂ ਹੈ, ਇਸ ਕਰ ਕੇ ਇਸ ਕੋਲ ਸਿਆਸੀ ਪਿੜ ਵਿਚ ਆਪਣੀਆਂ ਪੈੜਾਂ ਪਾਉਣ ਲਈ ਬਥੇਰੇ ਤੱਥ ਅਤੇ ਨੁਕਤੇ ਹਨ। ਉਂਜ ਵੀ ਜੇ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਦੀ ਸਿਆਸਤ ਉਤੇ ਤਰਦੀ ਜਿਹੀ ਨਿਗ੍ਹਾ ਵੀ ਮਾਰੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਸੂਬੇ ਦੀ ਸਮੁੱਚੀ ਸਿਆਸਤ ਇਸ ਪਾਰਟੀ ਦੁਆਲੇ ਹੀ ਘੁੰਮਦੀ ਆ ਰਹੀ ਹੈ। ਦਰਅਸਲ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜੋ ਹੁੰਗਾਰਾ ਇਸ ਨਵੀਂ ਉਠੀ ਪਾਰਟੀ ਨੂੰ ਪੰਜਾਬੀਆਂ ਨੇ ਦਿੱਤਾ, ਉਸ ਨੇ ਰਵਾਇਤੀ ਸਿਆਸਤ ਵਿਚ ਇਕ ਤਰ੍ਹਾਂ ਨਾਲ ਤਰਥੱਲੀ ਮਚਾ ਦਿੱਤੀ ਸੀ। ਸੂਬੇ ਦੀਆਂ ਦੋਵੇਂ ਰਵਾਇਤੀ ਪਾਰਟੀਆਂ-ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਵਿਰੋਧੀ ਪਾਰਟੀ ਕਾਂਗਰਸ ਨੇ ਪਹਿਲਾਂ-ਪਹਿਲ ਭਾਵੇਂ ਇਸ ਪਾਰਟੀ ਨੂੰ ਅਣਗੌਲਿਆਂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪਿਛਲੇ ਦੋ ਸਾਲਾਂ ਦੌਰਾਨ ਇਸ ਪਾਰਟੀ ਨੇ ਪੰਜਾਬ ਦੀ ਸਿਆਸਤ ਵਿਚ ਆਪਣਾ ਰੰਗ ਬਾਕਾਇਦਾ ਛੱਡਿਆ ਹੈ। ਇਸ ਪਾਰਟੀ ਦੇ ਅੰਦਰੂਨੀ ਕਲੇਸ਼ ਅਤੇ ਹੋਰ ਖਾਮੀਆਂ ਦੇ ਬਾਵਜੂਦ ਇਹ ਪਾਰਟੀ ਇਕ ਤਕੜੀ ਧਿਰ ਵਜੋਂ ਹੀ ਨਹੀਂ ਉਭਰੀ, ਸਗੋਂ ਕੁਝ ਸਿਆਸੀ ਮਾਹਿਰ ਤਾਂ ਅਗਲੀ ਸਰਕਾਰ ਇਸ ਪਾਰਟੀ ਦੀ ਬਣਨ ਦੀਆਂ ਕਿਆਸਆਰਾਈਆਂ ਲਗਾ ਰਹੇ ਹਨ।
ਪਿਛਲੇ ਕੁਝ ਸਮੇਂ ਦੌਰਾਨ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਸੂਬੇ ਦੀ ਸਿਆਸਤ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਉਤੇ ਕੇਂਦਰਤ ਕਰ ਕੇ ਆਪਣਾ ਪਿੜ ਮੁੜ ਮੱਲਣ ਦੀ ਸੋਚੀ-ਸਮਝੀ ਕੋਸ਼ਿਸ਼ ਕੀਤੀ, ਪਰ ਸੱਤਾਧਾਰੀਆਂ ਖਿਲਾਫ ਪਿੰਡਾਂ-ਸ਼ਹਿਰਾਂ-ਕਸਬਿਆਂ ਵਿਚ ਰੋਹ ਅਤੇ ਰੋਸ ਇੰਨਾ ਤਕੜਾ ਹੈ ਕਿ ਇਸ ਪਾਰਟੀ ਨੂੰ ਲੈਣੇ ਦੇ ਦੇਣੇ ਪਏ ਹੋਏ ਹਨ। ਜਲਾਲਾਬਾਦ ਵਿਧਾਨ ਸਭਾ ਹਲਕੇ, ਜਿਥੋਂ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚੋਣ ਲੜ ਰਹੇ ਹਨ, ਦੇ ਇਕ ਪਿੰਡ ਵਿਚ ਜਲਸਾ ਕਰਨ ਗਏ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਉਤੇ ਚੱਲੇ ਇੱਟਾਂ-ਰੋੜਿਆਂ ਨੇ ਸਪਸ਼ਟ ਕਰ ਦਿੱਤਾ ਕਿ ਹੁਣ ਇਸ ਪਾਰਟੀ ਲਈ ਸੱਤਾ ਤੱਕ ਪੁੱਜਣਾ ਇਨਾ ਆਸਾਨ ਨਹੀਂ ਰਿਹਾ। ਸੱਤਾਧਿਰ ਨੇ ਭਾਵੇਂ ਇਸ ਹਮਲੇ ਲਈ ਸਾਰਾ ਦੋਸ਼ ਆਮ ਆਦਮੀ ਪਾਰਟੀ ਸਿਰ ਮੜ੍ਹਨ ਦਾ ਯਤਨ ਕੀਤਾ ਹੈ, ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨਾਂ ਦੌਰਾਨ ਲੋਕ ਮੁੱਖ ਮੰਤਰੀ ਨੂੰ ਜਿਸ ਢੰਗ ਨਾਲ ਮੂੰਹ ਉਤੇ ਹੀ ਵੰਗਾਰਦੇ ਰਹੇ ਹਨ, ਉਸ ਤੋਂ ਕੋਈ ਵੀ ਸ਼ਖਸ ਅੰਦਾਜ਼ਾ ਲਾ ਸਕਦਾ ਹੈ ਕਿ ਸਰਕਾਰ ਦੀ ‘ਨਾਅਹਿਲੀਅਤ’ ਤੋਂ ਸੂਬੇ ਦੇ ਲੋਕ ਕਿਸ ਕਦਰ ਔਖੇ ਹੋਏ ਪਏ ਹਨ। ਮੌਕਾ ਮਿਲਣ ‘ਤੇ ਹਰ ਤਬਕਾ ਸਰਕਾਰ ਖਿਲਾਫ ਭੜਾਸ ਕੱਢ ਰਿਹਾ ਹੈ। ਬਾਦਲਾਂ ਨੇ ਆਪਣੇ ਇਸ ਅਕਸ ਨੂੰ ਸੁਧਾਰਨ ਲਈ ਟਿੱਲ ਤਾਂ ਪੂਰਾ ਲਾਇਆ ਹੈ, ਪਰ ਜਾਪਦਾ ਹੈ ਕਿ ਹੁਣ ਪਾਣੀ ਸਿਰ ਉਤੋਂ ਦੀ ਲੰਘ ਚੁੱਕਿਆ ਹੈ ਅਤੇ ਜੇ ਸਿਆਸੀ ਸਮੀਕਰਨਾਂ ਅੰਦਰ ਕੋਈ ਵੱਡੀ ਤਬਦੀਲੀ ਨਹੀਂ ਆਉਂਦੀ ਤਾਂ ਸਪਸ਼ਟ ਹੈ ਕਿ ਫਿਲਹਾਲ ਬਾਦਲਾਂ ਦੀ ਸਫ ਲਪੇਟੇ ਜਾਣ ਦਾ ਵਕਤ ਆ ਗਿਆ ਜਾਪਦਾ ਹੈ।
ਜਿਥੋਂ ਤੱਕ ਕਾਂਗਰਸ ਦਾ ਸਵਾਲ ਹੈ, ਇਸ ਪਾਰਟੀ ਦੀ ਕਾਗੁਜ਼ਾਰੀ ਵੀ ਆਮ ਆਦਮੀ ਪਾਰਟੀ ਦੀ ਸਫਲਤਾ/ਅਸਫਲਤਾ ਨਾਲ ਜੁੜੀ ਹੋਈ ਹੈ। ਇਹ ਤੱਥ ਸੋਲਾਂ ਆਨੇ ਸੱਚ ਹੈ ਕਿ ਕਾਂਗਰਸ ਕੋਲ ਕੈਪਟਨ ਅਮਰਿੰਦਰ ਸਿੰਘ ਵਰਗਾ ਕੱਦਾਵਰ ਆਗੂ ਹੈ ਜਿਸ ਦੀ ਅਗਵਾਈ ਹੇਠ ਪਾਰਟੀ ਇਹ ਚੋਣਾਂ ਲੜ ਰਹੀ ਹੈ, ਪਰ ਕੈਪਟਨ ਲਈ ਇਹ ਚੋਣਾਂ ਹੁਣ ਤੱਕ ਕੰਡਿਆਲਾ ਰਾਹ ਹੀ ਜਾਪ ਰਿਹਾ ਹੈ। ਪਾਰਟੀ ਦੀ ਆਖਰੀ ਸੂਚੀ ਐਨ ਆਖਰੀ ਵਕਤ ਹੀ ਜਾਰੀ ਕੀਤੀ ਜਾ ਸਕੀ ਹੈ, ਕਿਉਂਕਿ ਪੰਜਾਬ ਇਕਾਈ ਅੰਦਰ ਸਿਰੇ ਦੀ ਧੜੇਬੰਦੀ ਹੋਣ ਕਰ ਕੇ ਕੁਝ ਹਲਕਿਆਂ ਵਿਚ ਨਾਂ ਫਾਈਨਲ ਹੀ ਨਹੀਂ ਸਨ ਕੀਤੇ ਜਾ ਸਕੇ। ਜੇ ਇਹ ਧੜੇਬੰਦੀ ਵੋਟਾਂ ਪੈਣ ਤੱਕ ਇਸੇ ਤਰ੍ਹਾਂ ਬਰਕਰਾਰ ਰਹੀ ਤਾਂ ਪਾਰਟੀ ਲਈ ਪਿਛਲੀ ਵਾਰ ਵਾਂਗ ਐਤਕੀਂ ਵਾਲੀਆਂ ਚੋਣਾਂ ਵੀ ਘਾਟੇ ਵਾਲਾ ਸੌਦਾ ਸਾਬਤ ਹੋ ਸਕਦੀਆਂ ਹਨ। ਦੱਸਣਾ ਬਣਦਾ ਹੈ ਕਿ ਪਿਛਲੀਆਂ ਚੋਣਾਂ, ਜੋ ਕੈਪਟਨ ਦੀ ਅਗਵਾਈ ਹੇਠ ਹੀ ਲੜੀਆਂ ਗਈਆਂ ਸਨ, ਸਿਆਸੀ ਸੂਝ-ਬੂਝ ਅਤੇ ਰਣਨੀਤਕ ਖਾਮੀਆਂ ਕਾਰਨ ਪਾਰਟੀ ਜਿੱਤਦੀ-ਜਿੱਤਦੀ ਹਾਰ ਗਈ ਸੀ ਅਤੇ ਇਸ ਦਾ ਸਿੱਧਾ ਲਾਹਾ ਸੱਤਾਧਾਰੀ ਅਕਾਲੀ ਦਲ ਨੂੰ ਮਿਲਿਆ ਸੀ। ਹੁਣ ਇਨ੍ਹਾਂ ਸਿਆਸੀ ਸਮੀਕਰਨਾਂ ਦੌਰਾਨ ਆਮ ਆਦਮੀ ਪਾਰਟੀ ਦੀ ਕਾਗੁਜ਼ਾਰੀ ਕੀ ਰਹਿੰਦੀ ਹੈ, ਇਹ ਇਸ ਪਾਰਟੀ ਦੀ ਰਣਨੀਤੀ ਉਤੇ ਹੀ ਨਿਰਭਰ ਕਰੇਗਾ। ਪਾਰਟੀ ਦੇ ਅੰਦਰ ਉਥਲ-ਪੁਥਲ ਕਾਰਨ ਬਿਨਾ ਸ਼ੱਕ ਇਸ ਪਾਰਟੀ ਨੂੰ ਨੁਕਸਾਨ ਜ਼ਰੂਰ ਹੋਇਆ ਹੈ, ਪਰ ਅਜੇ ਵੀ ਜਿਸ ਤਰ੍ਹਾਂ ਦਾ ਸਿਆਸੀ ਮਾਹੌਲ ਪੰਜਾਬ ਅੰਦਰ ਚੱਲ ਰਿਹਾ ਹੈ, ਉਸ ਤੋਂ ਜ਼ਾਹਿਰ ਹੈ ਕਿ ਇਹ ਪਾਰਟੀ ਸੂਬੇ ਅੰਦਰ ਖਾਸ ਭੂਮਿਕਾ ਨਿਭਾਏਗੀ। ਇਹ ਸਾਰਾ ਕੁਝ ਇਸ ਪਾਰਟੀ ਦੀ ਮੌਕੇ ਦੀ ਕਾਰਗੁਜ਼ਾਰੀ ਉਤੇ ਨਿਰਭਰ ਕਰੇਗਾ। ਇਹ ਖਦਸ਼ਾ ਇਸ ਕਰ ਕੇ ਹੈ, ਕਿਉਂਕਿ ਇਸ ਪਾਰਟੀ ਨੂੰ ਆਪਣਾ ਜਥੇਬੰਦਕ ਤਾਣਾ-ਬਾਣਾ ਮਜ਼ਬੂਤ ਕਰਨ ਲਈ ਦੋ ਸਾਲ ਤੋਂ ਵੱਧ ਵਕਤ ਮਿਲਿਆ ਸੀ, ਪਰ ਪਾਰਟੀ ਇਸ ਤਰ੍ਹਾਂ ਮਿਲੇ ਵਕਤ ਤੋਂ ਵਧੇਰੇ ਫਾਇਦਾ ਨਹੀਂ ਉਠਾ ਸਕੀ। ਹੁਣ ਸਾਰਾ ਦਾਰੋਮਦਾਰ ਲੋਕਾਂ ਦੇ ਹੁੰਗਾਰੇ ਉਤੇ ਹੈ। ਜੇ ਇਸ ਪਾਰਟੀ ਨੂੰ ਦਿੱਲੀ ਚੋਣਾਂ ਵਰਗਾ ਹੁੰਗਾਰਾ ਮਿਲਦਾ ਹੈ ਤਾਂ ਇਹ ਪੰਜਾਬ ਦੀ ਸਿਆਸਤ ਵਿਚ ਇਕ ਨਵਾਂ ਅਧਿਆਏ ਹੋਵੇਗਾ ਅਤੇ ਬਿਨਾ ਸ਼ੱਕ, ਇਸ ਤੋਂ ਬਾਅਦ ਸੂਬੇ ਦੀ ਸਿਆਸਤ ਵਿਚ ਵੱਡੀ ਤਬਦੀਲੀ ਲਈ ਰਾਹ ਖੁੱਲ੍ਹ ਸਕਦਾ ਹੈ।