ਚੰਡੀਗੜ੍ਹ: ਪੰਜਾਬ ਵਿਚ ਮੁੱਖ ਮੰਤਰੀ ਦੀ ਕੁਰਸੀ ਉਤੇ ਲੰਮਾ ਸਮਾਂ ਕਬਜ਼ਾ ਜਮਾਈ ਰੱਖਣ ਵਾਲਾ ਮਾਲਵਾ ਖੇਤਰ ਸਿਆਸੀ ਪਾਰਟੀਆਂ ਦੇ ਭੇੜ ਦਾ ਸਭ ਤੋਂ ਅਹਿਮ ਮੈਦਾਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੂਲ ਆਧਾਰ ਵਾਲੇ ਇਸ ਖੇਤਰ ਵਿਚ ਪੰਥਕ ਅਤੇ ਕਿਸਾਨੀ ਵੋਟ ਨੂੰ ਮੁੜ ਇਕਜੁੱਟ ਕਰਨ ਲਈ ਅਕਾਲੀ ਦਲ ਦੀ ਦਸ ਸਾਲਾਂ ਦੀ ਕੋਸ਼ਿਸ਼ ਹਾਲੇ ਪੂਰੀ ਤਰ੍ਹਾਂ ਕਾਮਯਾਬ ਹੁੰਦੀ ਦਿਖਾਈ ਨਹੀਂ ਦਿੱਤੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਈ ਸੰਨ੍ਹ ਦਾ ਅਸਰ ਅਜੇ ਤੱਕ ਬਰਕਰਾਰ ਹੈ ਅਤੇ ਆਮ ਆਦਮੀ ਪਾਰਟੀ ਦਾ ਮੁੱਖ ਫੋਕਸ ਵੀ ਮਾਲਵਾ ਦਾ ਵੋਟ ਬੈਂਕ ਮੰਨਿਆ ਜਾ ਰਿਹਾ ਹੈ।
ਹਲਕਿਆਂ ਦੀ ਮੁੜ ਹੱਦਬੰਦੀ ਤੋਂ ਬਾਅਦ ਮਾਲਵਾ ਖੇਤਰ ਦਾ ਪ੍ਰਭਾਵ ਹੋਰ ਵੀ ਵਧ ਗਿਆ ਹੈ। ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਵਿਚੋਂ ਮਾਝਾ-ਦੋਆਬਾ ਦੀਆਂ ਸੀਟਾਂ 52 ਤੋਂ ਘਟ ਕੇ 48 ਤੱਕ ਸੀਮਤ ਹੋ ਗਈਆਂ ਅਤੇ ਮਾਲਵਾ ਦੀਆਂ ਸੀਟਾਂ 65 ਤੋਂ ਵਧ ਕੇ 69 ਤੱਕ ਚਲੀਆਂ ਗਈਆਂ ਹਨ। 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸ਼ਤਾਬਦੀਆਂ ਮਨਾਉਣ, ਫਤਹਿਗੜ੍ਹ ਸਾਹਿਬ ਦੇ ਦੁਆਲੇ ਬਣਾਏ ਗੇਟ, ਬੀਟੀ ਕਾਟਨ ਸਬੰਧੀ ਕੀਤੇ ਉਪਰਾਲੇ, ਪੰਜਾਬ ਸਮਝੌਤੇ ਰੱਦ ਕਰਨ ਵਾਲੇ ਕਾਨੂੰਨ ਅਤੇ ਪੰਜਾਂ ਸਾਲਾਂ ਦੌਰਾਨ ਫਸਲਾਂ ਦੀ ਠੀਕ ਤਰੀਕੇ ਨਾਲ ਖਰੀਦ ਹੋਣ ਸਦਕਾ ਅਕਾਲੀ ਦਲ ਦੇ ਰਵਾਇਤੀ ਵੋਟ ਬੈਂਕ ਵਿਚ ਵੱਡੀ ਸੰਨ੍ਹ ਲਗਾ ਲਈ ਸੀ। ਅਮਰਿੰਦਰ ਸਿੰਘ ਦਾ ਆਪਣਾ ਜੱਦੀ ਪਿੰਡ ਮਹਿਰਾਜ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਖੇਤਰ ਵਿਚ ਪੈਂਦਾ ਹੈ।
2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੁੱਲ 65 ਵਿਚੋਂ ਕਾਂਗਰਸ ਨੇ 37 ਸੀਟਾਂ ਜਿੱਤ ਕੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਸੀ। ਕਾਂਗਰਸ ਦੇ ਹੀ ਚਾਰ ਬਾਗੀ ਵੀ ਜਿੱਤਣ ਵਿਚ ਸਫਲ ਰਹੇ ਸਨ। ਬੇਸ਼ੱਕ ਕਾਂਗਰਸ ਕੁੱਲ 44 ਸੀਟਾਂ ਹੀ ਜਿੱਤ ਸਕੀ ਅਤੇ ਸਰਕਾਰ ਅਕਾਲੀ-ਭਾਜਪਾ ਦੀ ਬਣ ਗਈ ਸੀ, ਪਰ ਅਕਾਲੀ ਦਲ ਨੂੰ ਆਪਣੇ ਇਸ ਗੜ੍ਹ ਵਿਚੋਂ 19 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਇਨ੍ਹਾਂ ਚੋਣਾਂ ਵਿਚ ਅਕਾਲੀ ਦਲ 49 ਸੀਟਾਂ ਲੈ ਕੇ ਬਹੁਮਤ ਤੋਂ ਕਾਫੀ ਪਿੱਛੇ ਸੀ ਅਤੇ ਭਾਜਪਾ 23 ਵਿਚੋਂ 19 ਸੀਟਾਂ ਜਿੱਤ ਕੇ ਗੱਠਜੋੜ ਵਿਚ ਵੱਡੇ ਦਾਅਵੇਦਾਰ ਵਜੋਂ ਉਭਰੀ ਸੀ। ਮਾਲਵਾ ਖੇਤਰ ‘ਚੋਂ ਭਾਜਪਾ ਦੀਆਂ ਵੀ ਪੰਜ ਹੀ ਸੀਟਾਂ ਆਈਆਂ ਸਨ।
ਹਲਕਿਆਂ ਦੀ ਮੁੜ ਹੱਦਬੰੰਦੀ ਤੋਂ ਬਾਅਦ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੀ ਅਕਾਲੀ-ਭਾਜਪਾ ਗੱਠਜੋੜ ਲਗਾਤਾਰ ਦੂਸਰੀ ਵਾਰ ਜਿੱਤ ਕੇ ਨਵਾਂ ਇਤਿਹਾਸ ਸਿਰਜਣ ਵਿਚ ਕਾਮਯਾਬ ਰਿਹਾ, ਪਰ ਮਾਲਵੇ ਵਿਚ ਇਸ ਦੇ ਰਵਾਇਤੀ ਵੋਟ ਬੈਂਕ ਦੀ ਬੇਗਾਨਗੀ ਪੂਰੀ ਤਰ੍ਹਾਂ ਦੂਰ ਨਹੀਂ ਹੋਈ। ਮਾਲਵੇ ਵਿਚ ਕਾਂਗਰਸ ਦੀ ਕਾਰਗੁਜ਼ਾਰੀ 30 ਸੀਟਾਂ ਨਾਲ ਥੋੜੀ ਹੇਠਾਂ ਆਈ। ਅਕਾਲੀ-ਭਾਜਪਾ ਨੇ 39 ਸੀਟਾਂ ਜਿੱਤਣ ਵਿਚ ਕਾਮਯਾਬੀ ਹਾਸਲ ਕਰ ਲਈ ਸੀ ਅਤੇ ਇਨ੍ਹਾਂ ਨੇ ਮਾਝਾ-ਦੋਆਬਾ ਵਿਚ ਪਹਿਲਾਂ ਵਾਲੀ ਕਾਰਗੁਜ਼ਾਰੀ ਜਾਰੀ ਰੱਖੀ। ਇਸੇ ਲਈ ਅਕਾਲੀ ਦਲ ਸੱਤਾ ਵਿਰੋਧੀ ਭਾਵਨਾਵਾਂ ਦੇ ਬਾਵਜੂਦ 2007 ਦੀਆਂ 49 ਦੇ ਮੁਕਾਬਲੇ 56 ਸੀਟਾਂ ਜਿੱਤਣ ਵਿਚ ਕਾਮਯਾਬ ਹੋ ਗਿਆ ਸੀ। ਭਾਰਤੀ ਜਨਤਾ ਪਾਰਟੀ 19 ਤੋਂ ਹੇਠਾਂ ਆ ਕੇ 12 ਉਤੇ ਅਟਕ ਗਈ, ਪਰ ਦੋਵਾਂ ਦੇ ਗੱਠਜੋੜ ਨੂੰ ਸਰਕਾਰ ਬਣਾਉਣ ਵਿਚ ਕੋਈ ਮੁਸ਼ਕਲ ਨਹੀਂ ਆਈ।
______________________________________
ਬਾਦਲ ਰਵਾਇਤੀ ਹਲਕਿਆਂ ਤੋਂ ਹੀ ਲੜਨਗੇ ਚੋਣ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁਕਤਸਰ ਜ਼ਿਲ੍ਹੇ ਵਿਚਲੇ ਆਪਣੇ ਰਵਾਇਤੀ ਵਿਧਾਨ ਸਭਾ ਹਲਕੇ ਲੰਬੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਲਾਲਾਬਾਦ (ਫਾਜ਼ਿਲਕਾ) ਤੋਂ ਹੀ ਚੋਣ ਲੜਨਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋਹਾਂ ਬਾਦਲਾਂ ਦੀਆਂ ਟਿਕਟਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅਕਾਲੀ ਦਲ ਨੇ ਖਰੜ, ਪਟਿਆਲਾ (ਸ਼ਹਿਰ) ਅਤੇ ਅੰਮ੍ਰਿਤਸਰ (ਦੱਖਣੀ) ਤਿੰਨ ਵਿਧਾਨ ਸਭਾ ਹਲਕਿਆਂ ਤੋਂ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਪਾਰਟੀ ਵੱਲੋਂ ਬਾਦਲਾਂ ਦੀਆਂ ਟਿਕਟਾਂ ਦਾ ਐਲਾਨ ਚੋਣ ਜ਼ਾਬਤਾ ਲੱਗਣ ਦੇ ਇਕ ਦਿਨ ਬਾਅਦ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ ਆਮ ਆਦਮੀ ਪਾਰਟੀ (ਆਪ) ਦੇ ਆਗੂ ਜਰਨੈਲ ਸਿੰਘ ਟੱਕਰ ਦੇਣਗੇ ਅਤੇ ਉਪ ਮੁੱਖ ਮੰਤਰੀ ਦੇ ਮੁਕਾਬਲੇ ‘ਆਪ’ ਵੱਲੋਂ ਕਾਮੇਡੀਅਨ ਤੋਂ ਨੇਤਾ ਬਣੇ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਜਰਨੈਲ ਸਿੰਘ ਦਿੱਲੀ ਦੇ ਸਿੱਖ ਆਗੂ ਹਨ ਜਿਨ੍ਹਾਂ ਅਜੇ ਆਪਣੀ ਵੋਟ ਵੀ ਬਣਾਉਣੀ ਹੈ।
______________________________________
‘ਆਪ’ ਦੀ ਮਾਲਵਾ ਖੇਤਰ ਵਿਚ ਬਣੀ ਪਕੜ
ਚੰਡੀਗੜ੍ਹ: ਲੋਕ ਸਭਾ ਦੀਆਂ 2014 ਦੀਆਂ ਚੋਣਾਂ ਦੌਰਾਨ ‘ਆਪ’ ਦੇ ਚਾਰ ਸੰਸਦ ਮੈਂਬਰ ਵੀ ਮਾਲਵੇ ਨੇ ਹੀ ਦਿੱਤੇ। ਡਾæ ਧਰਮਵੀਰ ਗਾਂਧੀ ਨੇ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਹਰਾ ਦਿੱਤਾ ਸੀ। ਭਗਵੰਤ ਮਾਨ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ ਸੀ। ਇਕ ਲੋਕ ਸਭਾ ਹਲਕੇ ਵਿਚ ਨੌਂ ਵਿਧਾਨ ਸਭਾ ਹਲਕੇ ਪੈਂਦੇ ਹਨ। ‘ਆਪ’ ਨੂੰ ਮਿਲਣ ਵਾਲੇ ਹੁੰਗਾਰੇ ਦਾ ਜ਼ਿਆਦਾ ਦਾਰੋਮਦਾਰ ਵੀ ਮਾਲਵਾ ਖੇਤਰ ਉਤੇ ਹੈ।