ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ਵਿਚ ਵਾਅਦਿਆਂ ਦੀ ਝੜੀ

ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਜਿਸ ਵਿਚ ਪਾਰਟੀ ਦੀ ਸਰਕਾਰ ਬਣਨ ਉਤੇ ਚਾਰ ਹਫਤਿਆਂ ਅੰਦਰ ਨਸ਼ੇ ਖਤਮ ਕਰਨ, ਖੇਤੀ ਕਰਜ਼ੇ ਮੁਆਫ ਕਰਨ, ਮੁਫਤ ਬਿਜਲੀ ਦੇਣ, ਦਰਿਆਈ ਪਾਣੀ ਹੋਰ ਕਿਸੇ ਨੂੰ ਨਾ ਦੇਣ, ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ, ਮਹਿਲਾਵਾਂ ਨੂੰ ਸਰਕਾਰੀ ਨੌਕਰੀਆਂ ਵਿਚ 33 ਫੀਸਦੀ ਰਾਖਵਾਂਕਰਨ ਦੇਣ, ਲੜਕੀਆਂ ਲਈ ਪਹਿਲੀ ਤੋਂ ਪੀæਐਚæਡੀæ ਤੱਕ ਮੁਫਤ ਸਿੱਖਿਆ ਆਦਿ ਜਿਹੇ ਅਹਿਮ ਵਾਅਦੇ ਕੀਤੇ ਗਏ ਹਨ।

ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਤਬਾਹ ਕਰ ਕੇ ਰੱਖ ਦਿੱਤਾ ਜਿਸ ਨੂੰ ਲੀਹ ਉਤੇ ਲਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੀ ਲੋੜ ਹੈ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸੂਬੇ ‘ਚ ਸਰਕਾਰ ਬਣਨ ਉਤੇ ਪੰਜ ਸਾਲਾਂ ਅੰਦਰ 25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਨਸ਼ੇ ਅਤੇ ਭ੍ਰਿਸ਼ਟਾਚਾਰ ‘ਤੇ ਸਖ਼ਤ ਕਾਰਵਾਈ ਦੇ ਵਾਅਦੇ ਨਾਲ ਹੀ 90 ਦਿਨਾਂ ਅੰਦਰ ਨਵੀਂ ਸਨਅਤੀ ਨੀਤੀ ਲਿਆਉਣ, ਵੀæਆਈæਪੀæ ਸਭਿਆਚਾਰ ਖਤਮ ਕਰਨ ਅਤੇ ਆਰਥਿਕ ਸੁਧਾਰਾਂ ਦਾ ਵੀ ਵਾਅਦਾ ਕੀਤਾ। ਸਤਲੁਜ ਯਮੁਨਾ ਲਿੰਕ ਨਹਿਰ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਹੋਰਾਂ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਅਤੇ ਸਰਕਾਰ ਬਣਨ ਤੋਂ ਬਾਅਦ ਵਿਧਾਨ ਸਭਾ ‘ਚ ਸੂਬੇ ਦਾ ਪਾਣੀ ਕਿਸੇ ਹੋਰ ਨੂੰ ਨਾ ਦੇਣ ਲਈ ਕਾਨੂੰਨ ਪਾਸ ਕੀਤਾ ਜਾਵੇਗਾ। ਕੈਪਟਨ ਨੇ ਕਿਹਾ ਕਿ ਰਾਜਿੰਦਰ ਕੌਰ ਭੱਠਲ ਦੀ ਅਗਵਾਈ ਹੇਠ ਟੀਮ ਨੇ ਛੇ ਮਹੀਨੇ ਲਾ ਕੇ ਮੈਨੀਫੈਸਟੋ ਤਿਆਰ ਕੀਤਾ ਹੈ ਅਤੇ ਇਸ ਵਿਚ ਮਨਮੋਹਨ ਸਿੰਘ ਕੋਲੋਂ ਵੀ ਰਾਇ ਲਈ ਗਈ ਹੈ।
ਮੈਨੀਫੈਸਟੋ ਵਿਚ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ, ਪੁਲਿਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੂੰ ਨਾ ਬਖਸ਼ਣ ਤੇ 30 ਦਿਨਾਂ ਅੰਦਰ ਹੀ ਨਸ਼ੇ ਦੇ ਵਪਾਰੀਆਂ ਦੀਆਂ ਜਾਇਦਾਦਾਂ ਕੁਰਕ ਕਰਨ ਅਤੇ ਹਰ ਸਾਲ 5 ਫੀਸਦੀ ਸ਼ਰਾਬ ਦੇ ਠੇਕੇ ਘਟਾਉਣ ਸਮੇਤ ਨੌਜਵਾਨਾਂ ਨਾਲ ਵਾਅਦੇ ਕੀਤੇ ਗਏ ਹਨ। ਨੌਜਵਾਨਾਂ ਲਈ ਹੁਨਰਮੰਦੀ, ਸ਼ਹੀਦ ਭਗਤ ਸਿੰਘ ਰੁਜ਼ਗਾਰ ਯੋਜਨਾ ਸ਼ੁਰੂ ਕਰਨ, ਰਿਆਇਤੀ ਦਰ ਉਤੇ 1 ਲੱਖ ਟੈਕਸੀਆਂ, ਵਪਾਰਕ ਵਾਹਨ ਮੁਹੱਈਆ ਕਰਵਾਉਣਾ, 25000 ਟਰੈਕਟਰ, ਰਜਿਸਟਰਡ ਬੇਰੁਜ਼ਗਾਰਾਂ ਨੂੰ 2500 ਰੁਪਏ ਭੱਤਾ ਦੇਣਾ, ਸਨਅਤੀ ਇਕਾਈਆਂ ਨੂੰ 5 ਰੁਪਏ ਤਕ ਬਿਜਲੀ ਦੇਣਾ, ਜਲੰਧਰ ਵਿਚ ਨਵੇਂ ਫੋਕਲ ਪੁਆਇੰਟ ਰਾਹੀਂ ਖੇਡਾਂ ਦਾ ਸਮਾਨ ਤੇ ਖੋਜ ਕੇਂਦਰ ਸਥਾਪਤ ਕਰਨਾ, ਕਪਾਹ ਸਨਅਤ ਤੇ ਸ਼ੈਲਰ ਸਨਅਤ ਨੂੰ ਉਤਸ਼ਾਹਤ ਕਰਨ, ਸਨਅਤੀ ਫੰਡ 1000 ਕਰੋੜ ਕਰਨ, ਐਡਵਾਂਸ ਕਰ ਹਟਾਉਣ ਅਤੇ ਵਪਾਰ ਸੈੱਲ ਸਥਾਪਤ ਕਰਨ ਦੇ ਵਾਅਦੇ ਕੀਤੇ ਗਏ ਹਨ।
ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਵਿਚ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਯੋਜਨਾ ਜਾਰੀ ਰੱਖਣ, ਜ਼ਮੀਨਾਂ ਦੀ ਕੁਰਕੀ ਰੋਕਣ ਲਈ ਨਵਾਂ ਕਾਨੂੰਨ, ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ, ਕਿਸਾਨਾਂ ਲਈ ਪੈਨਸ਼ਨ ਯੋਜਨਾ, ਫਸਲ ਬੀਮਾ ਲਾਗੂ ਕਰਨਾ ਆਦਿ ਵਾਅਦੇ ਸ਼ਾਮਲ ਹਨ।
ਕਾਂਗਰਸ ਨੇ ਦਲਿਤਾਂ ਅਤੇ ਓæਬੀæਸੀæ ਵਰਗ ਨੂੰ ਰਿਝਾਉਣ ਲਈ ਰਾਖਵਾਂਕਰਨ ਵਧਾ ਕੇ 12 ਤੋਂ 15 ਫੀਸਦੀ ਕਰਨ, 5 ਲੱਖ ਤੋਂ ਘੱਟ ਦੀ ਆਮਦਨ ਵਾਲਿਆਂ ਨੂੰ ਮੁਫਤ ਘਰ ਜਾਂ 5 ਮਰਲਾ ਜ਼ਮੀਨ, ਰਾਖਵਾਂਕਰਨ ਤਹਿਤ ਐਸੀæਸੀæ ਵਰਗ ਦੇ ਪਰਿਵਾਰ ਦੇ ਇਕ ਵਿਅਕਤੀ ਨੂੰ ਨੌਕਰੀ ਦੇਣੀ, ਸਿੱਖਿਆ ਸੰਸਥਾਵਾਂ ਵਿਚ ਓæਬੀæਸੀæ ਵਿਦਿਆਰਥੀਆਂ ਦਾ ਕੋਟਾ 5 ਤੋਂ ਵਧਾ ਕੇ 10 ਫੀਸਦੀ ਕਰਨਾ, ਜੀæਡੀæਪੀæ ਦਾ 6 ਫੀਸਦੀ ਸਿੱਖਿਆ ਉਪਰ ਖਰਚਣਾ, ਘੱਟ ਗਿਣਤੀਆਂ ਨੂੰ ਸਵੈ ਰੁਜ਼ਗਾਰ ਲਈ ਕਰਜ਼ਾ ਮੁਆਫੀ, ਠੇਕੇ ਉਤੇ ਰੱਖੇ ਅਧਿਆਪਕ ਪੱਕੇ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ, ਸਰਕਾਰੀ ਕਾਲਜਾਂ ਅੰਦਰ ਗ਼ਰੀਬਾਂ, ਐਸ਼ਸੀæ, ਓæਬੀæਸੀæ, ਵਿਦਿਆਰਥੀਆਂ ਲਈ 33 ਫੀਸਦੀ ਸੀਟਾਂ ਰਾਖਵੀਆਂ ਕਰਨ ਦੇ ਵਾਅਦੇ ਕੀਤੇ ਗਏ ਹਨ।
____________________________________
ਚਾਰਜਸ਼ੀਟ ਰਾਹੀਂ ਸਰਕਾਰ ਦੀਆਂ ਅਸਫਲਤਾਵਾਂ ਦਾ ਜ਼ਿਕਰ
ਮੈਨੀਫੈਸਟੋ ਵਿਚ ਬਾਦਲ ਪ੍ਰਸ਼ਾਸਨ ਖਿਲਾਫ 10 ਪੰਨਿਆਂ ਦੀ ਚਾਰਜਸ਼ੀਟ ਰਾਹੀਂ ਬੀਤੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਦੀਆਂ ਅਸਫਲਤਾਵਾਂ ਦਾ ਜ਼ਿਕਰ ਕਰਦਿਆਂ ਲੁੱਟਣ, ਕੁੱਟਣ ਅਤੇ ਮਾਰਨ ਦੀ ਨੀਤੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਅਕਾਲੀ-ਭਾਜਪਾ ਕੁਸ਼ਾਸਨ ਤੋਂ ਮੁਕਤ ਕਰਵਾਉਣਾ ਮਹੱਤਵਪੂਰਨ ਹੈ। ਬਾਦਲ ਸਰਕਾਰ ਉਪਰ ਸੂਬੇ ਅਤੇ ਲੋਕਾਂ ਨੂੰ ਵਿੱਤੀ ਘੁਟਾਲੇ, ਆਰਥਿਕ ਘੁਟਾਲੇ, ਅਰਾਜਕਤਾ, ਨੀਤੀਗਤ ਠਹਿਰਾਅ ਅਤੇ ਤਰੱਕੀ ‘ਚ ਸ਼ਰਮਨਾਕ ਗਿਰਾਵਟ ਰਾਹੀਂ ਡੂੰਘੇ ਹਨੇਰੇ ਵਿਚ ਧੱਕਣ ਦਾ ਦੋਸ਼ ਲਗਾਇਆ ਗਿਆ ਹੈ।
__________________________________
ਕਾਂਗਰਸੀ ਮੈਨੀਫੈਸਟੋ ‘ਤੇ ਬਾਦਲ ਦੇ ਸਵਾਲ
ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਪਾਰਟੀ ਦੇਸ਼ ਆਜ਼ਾਦ ਹੋਣ ਮਗਰੋਂ ਹੁਣ ਤੱਕ ਲਗਾਤਾਰ ਚੋਣ ਮਨੋਰਥ ਪੱਤਰ ਜਾਰੀ ਕਰਦੀ ਆ ਰਹੀ ਹੈ, ਪਰ ਇਨ੍ਹਾਂ ਦਾਅਵਿਆਂ ਉਤੇ ਹੋਇਆ ਕੁਝ ਵੀ ਨਹੀਂ। ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੇ ਚੋਣ ਮਨੋਰਥ ਪੱਤਰ ‘ਤੇ ਸਵਾਲ ਖੜ੍ਹੇ ਕਰਦਿਆਂ ਮੁੱਖ ਮੰਤਰੀ ਬਾਦਲ ਨੇ ਕੁਝ ਇਸੇ ਅੰਦਾਜ਼ ਵਿਚ ਹਮਲਾ ਬੋਲਿਆ ਹੈ।
ਮੁੱਖ ਮੰਤਰੀ ਬਾਦਲ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਕਰਜ਼ ਮੁਆਫ ਕੀਤੇ ਜਾਣਗੇ, ਪਰ ਕਾਂਗਰਸ ਆਪਣਾ ਵਾਅਦਾ ਕਦੇ ਪੂਰਾ ਨਹੀਂ ਕਰਦੀ। ਪੰਜਾਬ ਵਿਚੋਂ ਨਸ਼ਾ ਚਾਰ ਹਫਤਿਆਂ ਅੰਦਰ ਖਤਮ ਕਰਨ ਦੇ ਦਾਅਵੇ ‘ਤੇ ਟਿੱਪਣੀ ਕਰਦਿਆਂ ਬਾਦਲ ਨੇ ਕਿਹਾ ਕਿ ਚਾਰ ਹਫਤਿਆਂ ਵਿਚ ਤਾਂ ਬੁਖਾਰ ਨਹੀਂ ਉਤਰਦਾ ਤੇ ਇਹ ਨਸ਼ਾ ਕਿਵੇਂ ਖਤਮ ਕਰਨਗੇ।