350ਵਾਂ ਪ੍ਰਕਾਸ਼ ਪੁਰਬ: ਬਿਹਾਰ ਦੀ ਧਰਤੀ ਉਤੇ ਸ਼ਰਧਾ ਦਾ ਸੈਲਾਬ

ਪਟਨਾ ਸਾਹਿਬ: ਗੁਰੂ ਦੀਆਂ ਲਾਡਲੀਆਂ ਫੌਜਾਂ ਵਜੋਂ ਜਾਣੇ ਜਾਂਦੇ ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਨਾਲ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਸਮਾਪਤ ਹੋ ਗਏ ਹਨ। ਸਮਾਗਮ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ। ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਗਾਂਧੀ ਮੈਦਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ, ਜਿਸ ਵਿਚ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨੇ ਸਮੁੱਚਾ ਪਟਨਾ ਸਾਹਿਬ ਖਾਲਸਈ ਜੈਕਾਰਿਆਂ ਨਾਲ ਗੁੰਜਾ ਦਿੱਤਾ।

ਨਿਹੰਗ ਸਿੰਘਾਂ ਨੇ ਰਵਾਇਤੀ ਸ਼ਸਤਰ ਨੇਜੇ, ਬਰਛੀਆਂ, ਤੀਰ ਕਮਾਨ, ਕਿਰਪਾਨ ਆਦਿ ਨਾਲ ਸਜੇ ਹਾਥੀਆਂ ਦੀ ਸਵਾਰੀ, ਊਠਾਂ, ਘੋੜਿਆਂ ਅਤੇ ਖੁੱਲ੍ਹੀਆਂ ਗੱਡੀਆਂ ਵਿਚ ਸਵਾਰ ਹੋ ਕੇ ਨਗਾਰੇ ਦੀ ਚੋਟ ‘ਤੇ ਜੈਕਾਰਾ ਗੁੰਜਾਉਂਦੇ ਤਾਂ ਨਜ਼ਾਰਾ ਹੋਰ ਵੀ ਦਿਲਕਸ਼ ਬਣ ਗਿਆ। ਸੜਕਾਂ ਦੇ ਦੋਵੇਂ ਕਿਨਾਰਿਆਂ ਉਤੇ ਖੜ੍ਹੇ ਸ਼ਰਧਾਲੂਆਂ ਵੱਲੋਂ ਮਹਿਕਦੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ। ਕਈ ਕਿਲੋਮੀਟਰ ਤੱਕ ਸਜੇ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਜਿਥੇ ਪਟਨਾ ਸਾਹਿਬ ਦਾ ਬਾਜ਼ਾਰ ਮੁਕੰਮਲ ਬੰਦ ਸੀ, ਉਥੇ ਹੀ ਸੜਕ ਦੇ ਦੋਵੇਂ ਪਾਸੇ ਉਚੀਆਂ-ਉਚੀਆਂ ਇਮਾਰਤਾਂ ਉਤੇ ਖੜ੍ਹੇ ਦੋਵੇਂ ਹੱਥ ਜੋੜ ਅਲੌਕਿਕ ਦ੍ਰਿਸ਼ ਦਾ ਬੜੀ ਸ਼ਰਧਾ-ਭਾਵਨਾ ਨਾਲ ਆਨੰਦ ਮਾਣ ਰਹੇ ਸਨ।
ਇਸ ਮੌਕੇ ਪਾਲਕੀ ਸਾਹਿਬ ‘ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ‘ਚ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਬੈਠੇ ਸਨ। ਬਿਹਾਰ ਸਰਕਾਰ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪ੍ਰਕਾਸ਼ ਪੁਰਬ ਮਨਾਉਣ ਲਈ ਦੁਨੀਆਂ ਭਰ ਵਿਚੋਂ ਲੱਖਾਂ ਦੀ ਗਿਣਤੀ ਵਿਚ ਪਹੁੰਚੇ ਸਿੱਖ ਸ਼ਰਧਾਲੂਆਂ ਲਈ ਬੀਬੀ ਇੰਦਰਜੀਤ ਕੌਰ ਯੋਗੀ ਦੀ ਅਗਵਾਈ ਵਿਚ ਆਇਆ ਤਕਰੀਬਨ ਸਵਾ ਸੌ ਅਮਰੀਕਨ ਸਿੰਘ ਸਿੰਘਣੀਆਂ ਦਾ ਜਥਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪੂਰੀ ਤਰ੍ਹਾਂ ਸਿੱਖੀ ਬਾਣੇ ਵਿਚ ਸਜੇ ਪੰਜ ਕਕਾਰੀ ਗੋਰੇ ਸਿੰਘ, ਸਿੰਘਣੀਆਂ ਅਤੇ ਬੱਚਿਆਂ ਦਾ ਇਹ ਜਥਾ ਜਿੱਧਰ ਵੀ ਜਾਂਦਾ ਹੈ, ਸਿੱਖ ਸ਼ਰਧਾਲੂਆਂ ਦੇ ਨਾਲ-ਨਾਲ ਸਥਾਨਕ ਲੋਕ ਵੀ ਉਨ੍ਹਾਂ ਨੂੰ ਖੜ੍ਹ-ਖੜ੍ਹ ਕੇ ਵੇਖਦੇ ਹਨ। ਗੋਰੇ ਸਿੰਘ ਸਿੰਘਣੀਆਂ ਦਾ ਇਹ ਜਥਾ ਵਿਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ-ਪਸਾਰ ਲਈ ਕਈ ਦਹਾਕਿਆਂ ਤੋਂ ਸਰਗਰਮ ਅਮਰੀਕਾ ਦੀ ‘ਸਿੱਖ ਧਰਮ ਇੰਟਰਨੈਸ਼ਨਲ’ ਸੰਸਥਾ ਨਾਲ ਸਬੰਧਤ ਹੈ।
______________________________________
ਦਸਮ ਪਿਤਾ ਦੀ ਕੁਰਬਾਨੀ ਪ੍ਰੇਰਨਾਦਾਇਕ: ਮੋਦੀ
ਪਟਨਾ ਸਾਹਿਬ: ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਮੌਕੇ ਇਥੋਂ ਦੇ ਗਾਂਧੀ ਮੈਦਾਨ ਵਿਚ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਪੂਰੀ ਦੁਨੀਆਂ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੁਨੀਆਂ ਭਰ ਵਿਚ ਭਾਰਤੀ ਸਫਾਰਤਖਾਨਿਆਂ ਨੂੰ ਪ੍ਰਕਾਸ਼ ਪੁਰਬ ਭਾਰਤੀਆਂ ਖਾਸ ਕਰ ਕੇ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਮਨਾਉਣ ਲਈ ਕਿਹਾ ਹੈ। ਉਨ੍ਹਾਂ ਆਪਣਾ ਭਾਸ਼ਣ ਗੁਰੂ ਗੋਬਿੰਦ ਸਿੰਘ ਜੀ ਦੇ ਤਿਆਗ, ਯੁੱਧਨੀਤੀ, ਸਾਹਿਤਕ ਰੁਚੀਆਂ ਅਤੇ ਜਾਤ-ਪਾਤ ਤੋਂ ਬਿਨਾਂ ਸਮਾਜ ਸਿਰਜਣ ਦੀ ਦੂਰ-ਅੰਦੇਸ਼ੀ ਦੁਆਲੇ ਕੇਂਦਰਿਤ ਰੱਖਿਆ। ਉਨ੍ਹਾਂ ਪ੍ਰਕਾਸ਼ ਪੁਰਬ ਲਈ ਕੀਤੇ ਸ਼ਾਨਦਾਰ ਪ੍ਰਬੰਧਾਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਗੁਰੂ ਸਾਹਿਬ ਦਾ ਆਪਣੇ ਪਿਤਾ ਤੇ ਪੁੱਤਰਾਂ ਦਾ ਬਲੀਦਾਨ ਆਪਣੇ ਆਪ ਵਿਚ ਬਹੁਤ ਵੱਡੀ ਕੁਰਬਾਨੀ ਹੈ।
____________________________________
ਗਿਆਨੀ ਗੁਰਬਚਨ ਸਿੰਘ ਵੱਲੋਂ ਕੌਮ ਦੇ ਨਾਂ ਸੰਦੇਸ਼
ਪਟਨਾ ਸਾਹਿਬ: ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਆਈਆਂ ਲੱਖਾਂ ਸੰਗਤਾਂ ਵੱਲੋਂ ਜਿਥੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮੱਥਾ ਟੇਕਿਆ ਗਿਆ, ਉਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ। ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸੱਜੇ ਪਾਸੇ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਦੀ ਆਰੰਭਤਾ ਭਾਈ ਹਰਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਵੱਲੋਂ ਆਸਾ ਦੀ ਵਾਰ ਦੇ ਰਸਭਿੰਨੇ ਕੀਰਤਨ ਨਾਲ ਹੋਈ, ਉਪਰੰਤ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਅਰਦਾਸ ਕੀਤੀ ਗਈ ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਹੁਕਮਨਾਮਾ ਲਿਆ ਗਿਆ।
____________________________________
ਮੁੱਖ ਮੰਤਰੀ ਦੀ ਪਤਨੀ ਦੇ ਕੀਰਤਨ ਨੇ ਕੀਤਾ ਨਿਹਾਲ
ਮੁੰਬਈ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮ ਦੁਨੀਆਂ ਭਰ ਵਿਚ ਸ਼ਾਨੋ ਸ਼ੌਕਤ ਨਾਲ ਮਨਾਏ ਗਏ। ਗੁਰੂ ਸਾਹਿਬ ਦੇ ਪ੍ਰਕਾਸ਼ ਵਾਲੀ ਧਰਤੀ ਪਟਨਾ ਸਾਹਿਬ ਦੇ ਨਾਲ ਦੁਨੀਆਂ ਦੇ ਹਰ ਗੁਰੂ ਘਰ ਵਿਚ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਹਨ। ਮੁੰਬਈ ਦੇ ਗੁਰਦੁਆਰੇ ਧਨ ਪੋਠੋਹਾਰ, ਸੈਂਟਾ ਕਰੂਜ਼ ਵਿਖੇ ਗੁਰਪੁਰਬ ਸਮਾਗਮਾਂ ਵਿਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮਰੁਤਾ ਫੜਨਵੀਸ ਨੇ ਵੀ ਸ਼ਰਧਾ ਨਾਲ ਹਾਜ਼ਰੀ ਲਵਾਈ। ਅਮਰੁਤਾ ਨੇ ਸਿਰਫ ਹਾਜ਼ਰੀ ਹੀ ਨਹੀਂ ਲਗਵਾਈ, ਸਗੋਂ ਗੁਰੂ ਦੀ ਹਾਜ਼ਰੀ ਵਿਚ ਸ਼ਬਦ ਕੀਰਤਨ ਵੀ ਗਾਇਨ ਕੀਤਾ। ਅਮਰੁਤਾ ਫੜਨਵੀਸ ਨੇ ਰਾਗੀ ਸਿੰਘਾਂ ਨਾਲ ਮਿਲ ਕੇ ਦਸਮ ਗ੍ਰੰਥ ਦੀ ਰਚਨਾ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਦਾ ਰਸਭਿੰਨਾ ਗਾਇਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਗੁਰੂ ਘਰ ਪਹੁੰਚੀ ਸੰਗਤ ਨੇ ਕੀਰਤਨ ਦਾ ਆਨੰਦ ਮਾਣਿਆ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਮੁੱਖ ਮੰਤਰੀ ਦੀ ਪਤਨੀ ਦਾ ਸਨਮਾਨ ਵੀ ਕੀਤਾ ਗਿਆ। ਗੁਰੂ ਘਰ ਕੀਰਤਨ ਦੀ ਹਾਜ਼ਰੀ ਲਵਾਉਣ ਤੋਂ ਬਾਅਦ ਅਮਰੁਤਾ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਕੀਰਤਨ ਕਰਨ ਦਾ ਸੁਭਾਗ ਹਾਸਲ ਹੋਣਾ ਮੇਰੇ ਲਈ ਬਹੁਤ ਹੀ ਵੱਖਰਾ ਅਨੁਭਵ ਸੀ। ਮੁੱਖ ਮੰਤਰੀ ਦੀ ਪਤਨੀ ਨੂੰ ਗਾਉਣ ਦਾ ਸ਼ੌਕ ਹੈ ਅਤੇ ਉਹ ਹਿੰਦੀ ਫਿਲਮ ਜੈ ਗੰਗਾਜਲ ਲਈ ‘ਸਭ ਧਨ ਮਾਟੀ’ (ਪਲੇਅਬੈਕ) ਗਾਣਾ ਗਾ ਚੁੱਕੀ ਹੈ।