ਚੋਣਾਂ ਤੋਂ ਪਹਿਲਾਂ ਬਾਗੀਆਂ ਨੇ ਸਾਹੋ-ਸਾਹ ਕੀਤੀਆਂ ਸਿਆਸੀ ਧਿਰਾਂ

ਚੰਡੀਗੜ੍ਹ: ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀਆਂ ਸਿਆਸੀ ਸਰਗਰਮੀਆਂ ਬੇਸ਼ੱਕ ਹੌਲੀ-ਹੌਲੀ ਸਿਖਰਾਂ ਵੱਲ ਵਧ ਰਹੀਆਂ ਹਨ, ਪਰ ਹਰ ਪ੍ਰਮੁੱਖ ਪਾਰਟੀ ਨੂੰ ਆਪਣੇ ਬਾਗੀਆਂ ਦਾ ਡਰ ਹਰ ਪਲ ਸਤਾ ਰਿਹਾ ਹੈ।
ਕਾਂਗਰਸ ਦੇ ਕਈ ਬਾਗੀ ਉਮੀਦਵਾਰਾਂ ਨੇ ਤਾਂ ਚੋਣ ਮੈਦਾਨ ਵਿਚ ਆਜ਼ਾਦ ਤੌਰ ਉਤੇ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ। ਲਹਿਰਾਗਾਗਾ ਹਲਕੇ ਤੋਂ ਕਾਂਗਰਸ ਦੀ ਟਿਕਟ ਉਤੇ ਲੰਮੇ ਸਮੇਂ ਤੋਂ ਜਿੱਤ ਪ੍ਰਾਪਤ ਕਰਦੀ ਆ ਰਹੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਹੀ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਰਹੇ ਸਾਥੀ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸ਼ਾਮ ਸਿੰਘ ਮਕੋਰੜ ਨੇ ਬਾਗੀ ਸੁਰ ਦਿਖਾ ਦਿੱਤੇ ਹਨ।

ਡੇਰਾ ਬਾਬਾ ਨਾਨਕ ਤੋਂ ਟਿਕਟ ਨਾ ਮਿਲਣ ਕਾਰਨ ਸਵ: ਸੰਤੋਖ ਸਿੰਘ ਰੰਧਾਵਾ ਸਾਬਕਾ ਪ੍ਰਧਾਨ ਪੰਜਾਬ ਕਾਂਗਰਸ ਦੇ ਪੋਤਰੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਦੀਪਇੰਦਰ ਸਿੰਘ ਰੰਧਾਵਾ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਹਨ। ਰਾਹੁਲ ਗਾਂਧੀ ਦੇ ਨੇੜਲੇ ਸਾਥੀ ਵਿਜੈਇੰਦਰ ਸਿੰਗਲਾ ਨੂੰ ਸੰਗਰੂਰ ਦੀ ਟਿਕਟ ਮਿਲਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਸੁਰਿੰਦਰਪਾਲ ਸਿੰਘ ਸਿਬੀਆ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਦੀ ਕਿਸ਼ਤੀ ‘ਚ ਸਵਾਰ ਹੋ ਕੇ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਨੂੰ ਟੱਕਰ ਦੇਣਗੇ। ਐਨæਐਸ਼ਯੂæ ਦੀ ਸਾਬਕਾ ਪ੍ਰਧਾਨ ਦਾਮਨ ਬਾਜਵਾ ਜੋ ਸੁਨਾਮ ਤੋਂ ਕਾਂਗਰਸ ਦੀ ਟਿਕਟ ਉਤੇ ਚੋਣ ਲੜ ਰਹੇ ਹਨ, ਖਿਲਾਫ਼ ਬਾਗੀ ਸੁਰਾਂ ਤਿੱਖੀਆਂ ਹੋ ਰਹੀਆਂ ਹਨ ਅਤੇ ਰਾਜਿੰਦਰ ਦੀਪਾ ਵੱਲੋਂ ਕਾਂਗਰਸ ਤੋਂ ਬਾਗੀ ਹੋ ਕੇ ਲੜਨ ਦੇ ਚਰਚੇ ਵੀ ਜ਼ੋਰ ਫੜ ਰਹੇ ਹਨ। ਧੂਰੀ ਤੇ ਅਮਰਗੜ੍ਹ ਤੋਂ ਕਈ ਕਾਂਗਰਸੀ ਆਗੂ ਬਾਗੀ ਸੁਰਾਂ ਕੱਢ ਰਹੇ ਹਨ।
ਹਲਕਾ ਭਦੌੜ ਵਿਖੇ ਵੀ ਕਾਂਗਰਸੀ ਸੀਨੀਅਰ ਆਗੂ ਰਾਜਿੰਦਰ ਕੌਰ ਮੀਮਸਾ ਦੀ ਨਾਰਾਜ਼ਗੀ ਪਾਰਟੀ ਦੇ ਉਮੀਦਵਾਰ ਦੀ ਨੀਂਦ ਹਰਾਮ ਕਰ ਸਕਦੀ ਹੈ। ਹਲਕਾ ਅਮਰਗੜ੍ਹ ਜਿਥੋਂ ਅਕਾਲੀ ਦਲ (ਬ) ਦੇ ਮੌਜੂਦਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਫਿਰ ਚੋਣ ਲੜ ਰਹੇ ਹਨ, ਨੂੰ ਕੱਦਵਾਰ ਨੌਜਵਾਨ ਆਗੂ ਜੱਸੀ ਮੰਨਵੀ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੀ ਆਮ ਆਦਮੀ ਪਾਰਟੀ ਜਿਸ ਦੇ ਹਰ ਹਲਕੇ ਤੋਂ 25-30 ਆਗੂ ਟਿਕਟ ਲੈਣ ਦੇ ਚਾਹਵਾਨ ਸਨ। ਸ਼ੁਰੂ ਵਿਚ ਤਾਂ ਐਲਾਨੇ ਹਰ ਉਮੀਦਵਾਰ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ, ਪਰ ਕਈ ਥਾਵਾਂ ਉਤੇ ਸਥਿਤੀ ਜਾਂ ਤਾਂ ਹੋਲੀ ਹੋਲੀ ਸੁਖਾਵੀਂ ਹੋ ਗਈ ਜਾਂ ਫਿਰ ਕੁਝ ਕੁ ਥਾਵਾਂ ਉਤੇ ਸਰਗਰਮ ਆਗੂਆਂ ਨੇ ਚੋਣ ਮੁਹਿੰਮ ਤੋਂ ਪਾਸਾ ਵੱਟ ਲਿਆ। ਪੰਜਾਬ ਵਿਚ ਸਭ ਤੋਂ ਵੱਧ ਕਾਟੋ ਕਲੇਸ਼ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਲੋਕ ਸਭਾ ਹਲਕਾ ਸੰਗਰੂਰ ਵਿਚ ਹੈ ਜਿਥੋਂ ਭਗਵੰਤ ਮਾਨ ਭਾਰੀ ਵੋਟਾਂ ਦੇ ਫਰਕ ਨਾਲ ਜਿੱਤ ਕੇ ਲੋਕ ਸਭਾ ਵਿਚ ਪਹੁੰਚੇ ਸਨ। ਵਿਧਾਨ ਸਭਾ ਹਲਕਾ ਸੰਗਰੂਰ ਜਿਥੇ ਹਿੰਦੂ ਚਿਹਰੇ ਨੂੰ ਟਿਕਟ ਦੇਣ ਲਈ ਬਜ਼ਿਦ ਪਾਰਟੀ ਨੇ ਜਦੋਂ ਤੋਂ ਦਿਨੇਸ਼ ਬਾਂਸਲ ਨੂੰ ਚੋਣ ਮੈਦਾਨ ਵਿਚ ਉਤਾਰਿਆਂ ਹੈ, ਉਦੋਂ ਤੋਂ ਹਲਕੇ ਦੇ ਕਈ ਸੀਨੀਅਰ ਆਗੂ ਚੋਣ ਪ੍ਰਚਾਰ ਵਿਚ ਜੁਟਣ ਦੀ ਬਜਾਏ ਟਿਕਟ ਬਦਲਾਉਣ ਲਈ ਹਰ ਹੀਲਾ ਵਰਤ ਰਹੇ ਹਨ, ਪਰ ਹਾਈਕਮਾਂਡ ਅਜਿਹਾ ਕਰਨ ਤੋਂ ਦੋ ਟੁਕ ਜਵਾਬ ਦੇ ਚੁੱਕੀ ਹੈ। ਇਸੇ ਤਰ੍ਹਾਂ ਲਹਿਰਾ ਹਲਕੇ ਵਿਚ ਬਾਗੀ ਇਕਜੁੱਟ ਹੋ ਰਹੇ ਹਨ। ਮਲੇਰਕੋਟਲੇ ਦਾ ਪਾਰਟੀ ਵੱਲੋਂ ਐਲਾਨਿਆ ਉਮੀਦਵਾਰ ਅਜੇ ਵੀ ਵਲੰਟੀਅਰਾਂ ਦੇ ਹਜ਼ਮ ਨਹੀਂ ਹੋ ਰਿਹਾ। ਰਾਜਪੁਰਾ ਹਲਕੇ ਵਿਚ ਸਥਿਤੀ ਕਾਬੂ ਵਿਚ ਹੋ ਗਈ ਹੈ। ਭਾਜਪਾ ਨੇ ਬੇਸ਼ੱਕ ਅਜੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ, ਪਰ ਪਾਰਟੀ ਕਮਲ ਸ਼ਰਮਾ, ਅਵਿਨਾਸ਼ ਰਾਏ ਖੰਨਾ ਅਤੇ ਅਸ਼ਵਨੀ ਸ਼ਰਮਾ ਨਾਂ ਦੇ ਤਿੰਨ ਗੁੱਟਾਂ ਵਿਚ ਵੰਡੀ ਹੋਣ ਕਰ ਕੇ ਉਥੇ ਵੀ ਸਭ ਅੱਛਾ ਨਹੀਂ।
__________________________________________
ਆਪ ਤੋਂ ਬਾਗੀ ਜੱਸੀ ਜਸਰਾਜ ਨੇ ਮੁੜ ਫੜਿਆ ‘ਝਾੜੂ’
ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਬਾਗੀ ਚੱਲ ਰਹੇ ਪੰਜਾਬੀ ਗਾਇਕ ਜੱਸੀ ਜਸਰਾਜ ਦੀ ਪਾਰਟੀ ਵਿਚ ਮੁੜ ਵਾਪਸੀ ਹੋ ਗਈ ਹੈ। ਜੱਸੀ ਜਸਰਾਜ ਨੇ ਚੰਡੀਗੜ੍ਹ ਵਿਖੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਸੂਬੇ ਵਿਚ ਪਾਰਟੀ ਲਈ ਫਿਰ ਕੰਮ ਕਰਨ ਦੀ ਇੱਛਾ ਜਤਾਈ ਸੀ ਅਤੇ ਕੇਜਰੀਵਾਲ ਵੱਲੋਂ ਜੱਸੀ ਜਸਰਾਜ ਨੂੰ ਪੰਜਾਬ ਇਕਾਈ ਦਾ ਉਪ-ਪ੍ਰਧਾਨ ਅਤੇ ਚੋਣ ਪ੍ਰਚਾਰ ਕਮੇਟੀ ਦੀ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇਸ ਆਗੂ ਨੂੰ ਪਾਰਟੀ ਦੇ ਬੁਲਾਰੇ ਵਜੋਂ ਨਿਯੁਕਤੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਜੱਸੀ ਜਸਰਾਜ ਨੇ ਸਾਲ 2014 ਵਿਚ ਬਠਿੰਡਾ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ ਕੁਝ ਮਤਭੇਦਾਂ ਕਾਰਨ ਆਪ ਤੋਂ ਬਾਗੀ ਚੱਲ ਰਹੇ ਸਨ, ਪਰ ਪਿਛਲੇ ਕੁਝ ਸਮੇਂ ਤੋਂ ਉਹ ਪਾਰਟੀ ਦੀਆਂ ਗਤੀਵਿਧੀਆਂ ਵਿਚ ਮੁੜ ਤੋਂ ਸਰਗਰਮ ਹੋ ਗਏ ਹਨ।