ਜਜ਼ਬੇ ਨੂੰ ਸਲਾਮ: 15 ਸਾਲਾ ਐਲਿਸਾ ਮੰਗਲ ‘ਤੇ ਵਸਾਏਗੀ ਬਸਤੀ

ਨਿਊ ਯਾਰਕ: ਚੰਦਾ ਮਾਮਾ ਨੂੰ ਮੁੱਠੀ ਵਿਚ ਕੈਦ ਕਰਨ ਲਈ ਮਚਲਣ ਦੀ ਉਮਰੇ ਅਮਰੀਕਾ ਦੀ ਐਲਿਸਾ ਕਾਸਰਨ ਨੇ ਪੁਲਾੜ ਯਾਤਰੀਆਂ ਲਈ ਜ਼ਰੂਰੀ ਸਿਖਲਾਈ ਤੋਂ ਇਲਾਵਾ ਮੰਗਲ ਗ੍ਰਹਿ ਦੀ ਆਬੋ-ਹਵਾ ਨਾਲ ਸਬੰਧਤ ਚੁਣੌਤੀਪੂਰਨ ਸਿਖਲਾਈ ਹਾਸਲ ਕਰ ਲਈ ਹੈ। ਲੂਸੀਆਨਾ ਦੇ ਬੈਟਨ ਰੂਜ ਦੀ 15 ਸਾਲਾ ਐਲਿਸਾ ਨੇ ਤਿੰਨ ਸਾਲ ਦੀ ਉਮਰ ਵਿਚ ਪਾਪਾ ਬਰਟ ਕਾਸਰਨ ਨੂੰ ਸਵਾਲ ਕੀਤਾ ਸੀ। ਪਾਪਾ, ਮੰਗਲ ਗ੍ਰਹਿ ਉਤੇ ਕੋਈ ਗਿਆ ਹੈ ਕੀ?

ਉਸ ਦੇ ਪਾਪਾ ਨੇ ਵੀ ਉਸ ਨੂੰ ਗੰਭੀਰ ਅੰਦਾਜ਼ ਵਿਚ ਜਵਾਬ ਦਿੱਤਾ- ਨਹੀਂ ਬੇਟਾ, ਮੰਗਲ ਤਾਂ ਨਹੀਂ, ਇਨਸਾਨ ਚੰਦ ਉਤੇ ਜ਼ਰੂਰ ਪਹੁੰਚ ਗਿਆ ਹੈ। ਫਿਰ ਕੀ ਸੀ, ਇਸ ਮਗਰੋਂ ਐਲਿਸਾ ਦਾ ਮੰਗਲ ਉਤੇ ਬਸਤੀ ਵਸਾਉਣ ਦਾ ਜਨੂਨ ਪ੍ਰਵਾਨ ਚੜ੍ਹਨ ਲੱਗਾ।
ਉਹ ਮੰਗਲ ਉਤੇ ਕਦਮ ਰੱਖਣ ਵਾਲੇ ਪਹਿਲੇ ਲੋਕਾਂ ਵਿਚ ਸ਼ਾਮਲ ਹੋਣ ਤੇ ਇਸ ਗ੍ਰਹਿ ਉਤੇ ਨਵੀਂ ਦੁਨੀਆਂ ਦੀ ਨੀਂਹ ਰੱਖੇ ਜਾਣ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਕਠਿਨ ਸਿਖਲਾਈਆਂ ਵਿਚੋਂ ਗੁਜਰ ਰਹੀ ਹੈ, ਜਿਸ ਬਾਰੇ ਇਸ ਦੇ ਹਮ-ਉਮਰਾਂ ਨੇ ਸੁਣਿਆ ਵੀ ਨਹੀਂ ਹੋਵੇਗਾ। ਉਹ ਸੁਪਨੇ ਨਹੀਂ ਬੁਣ ਰਹੀ, ਬਲਕਿ ਮੰਗਲ ਦੀ ਹਕੀਕਤ ਜੀਊਣ ਲੱਗੀ ਹੈ। ਅੰਗਰੇਜ਼ੀ, ਫਰੈਂਚ, ਸਪੈਨਿਸ਼ ਤੇ ਚਾਈਨਜ਼ ਭਾਸ਼ਾਵਾਂ ਫਰਾਟੇਦਾਰ ਬੋਲਣ ਤੇ ਲਿਖਣ ਵਾਲੀ ਐਲਿਸਾ ਦਾ ਕਹਿਣਾ ਹੈ ਕਿ ਮੰਗਲ ਉਤੇ ਭਾਰਤ ਦੀ ਇਤਿਹਾਸਕ ਪਹਿਲ ਤੇ ਪੁਲਾੜ ਵਿਚ ਇਸ ਦੇ ਮਹੱਤਵਪੂਰਨ ਦਖਲ ਨੂੰ ਦੇਖਦੇ ਹੋਏ ਉਹ ਛੇਤੀ ਹੀ ਹਿੰਦੀ ਦੀਆਂ ਕਲਾਸਾਂ ਲੈਣ ਵਾਲੀ ਹੈ।
ਮੈਨੂੰ ਉਸ ਦਿਨ ਦਾ ਇੰਤਜ਼ਾਰ ਹੈ, ਜਦੋਂ ਆਪਣੇ ਮੰਗਲ ਮਿਸ਼ਨ ਬਾਰੇ ਦੱਸਣ ਲਈ ਮੈਨੂੰ ਭਾਰਤ ਬੁਲਾਇਆ ਜਾਵੇਗਾ। ਇਹ ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੋਵੇਗੀ। ਫਿਲਹਾਲ ਉਹ ਰੂਸੀ ਭਾਸ਼ਾ ਦੀ ਸਿੱਖਿਆ ਲੈ ਰਹੀ ਹੈ। ਐਲਿਸਾ ਇਹ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਕ ਵਾਰ ਮੰਗਲ ‘ਤੇ ਜਾਣ ਬਾਅਦ ਉਸ ਦਾ ਧਰਤੀ ਉਤੇ ਵਾਪਸ ਆਉਣ ਸੰਭਵ ਨਹੀਂ ਹੋਵੇਗਾ, ਫਿਰ ਵੀ ਧਰਤੀ ਤੋਂ ਤਕਰੀਬਨ 40 ਕਰੋੜ ਕਿਲੋਮੀਟਰ ਦੂਰ ਮੰਗਲ ਉਤੇ ਪਹੁੰਚਣ ਦੀ ਉਸ ਦੀ ਜਿੱਦ ਪੱਕੀ ਹੈ। ਉਸ ਦੇ ਹੀ ਸੁਪਨੇ ਜੀਊਣ ਵਾਲੇ ਬਰਟ ਕਾਸਰਨ ਨੇ ਆਪਣੇ ਜਜ਼ਬਾਤਾਂ ਨੂੰ ਡੂੰਘੇ ਸਮੁੰਦਰ ਵਿਚ ਦਫਨ ਕਰ ਕੇ ਪੁਲਾੜ ਬੇਟੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਕਾਸ਼ ਪਤਾਲ ਇਕ ਕਰ ਦਿੱਤਾ ਹੈ। ਅਸੀਂ ਉਸੇ ਮੰਗਲ ਗ੍ਰਹਿ ਦੀ ਗੱਲ ਕਰ ਰਹੇ ਹਾਂ, ਜਿਥੇ 24 ਸਤੰਬਰ 2014 ਨੂੰ ਮੰਗਲਯਾਨ ਦੇ ਪਹੁੰਚਣ ਦੇ ਨਾਲ ਹੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਨਵਾਂ ਇਤਿਹਾਸ ਰਚ ਦਿੱਤਾ ਤੇ ਭਾਰਤ ਪਹਿਲੇ ਹੀ ਯਤਨ ਵਿਚ ਸਫਲ ਹੋਣ ਵਾਲਾ ਪਹਿਲਾ ਤੇ ਸੋਵੀਅਤ ਰੂਸ, ਨਾਸਾ ਤੇ ਯੂਰਪੀ ਪੁਲਾੜ ਏਜੰਸੀ ਦੇ ਬਾਅਦ ਦੁਨੀਆਂ ਦਾ ਚੌਥਾ ਦੇਸ਼ ਬਣ ਗਿਆ। ਸਭ ਤੋਂ ਘੱਟ ਬਜਟ ਨਾਲ ਭਾਰਤ ਦੀ ‘ਮੰਗਲ ਫਤਿਹ’ ਨੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਹੈ। ਇਸ ‘ਤੇ ਕੁੱਲ ਖਰਚ 450 ਕਰੋੜ ਰੁਪਏ ਆਇਆ। ਇਹ ਨਾਸਾ ਦੇ ਪਹਿਲੇ ਮੰਗਲ ਮਿਸ਼ਨ ਦਾ ਦਸਵਾਂ ਤੇ ਚੀਨ-ਜਪਾਨ ਦੇ ਨਾਕਾਮ ਮੰਗਲ ਮੁਹਿੰਮਾਂ ਦਾ ਇਕ ਚੌਥਾਈ ਹੈ ਤੇ ਇਹ ਅਕਾਦਮੀ ਪੁਰਸਕਾਰ ਵਿਜੇਤਾ ਫਿਲਮ ‘ਗਰੈਵਿਟੀ’ ਉਤੇ ਆਏ ਖਰਚ ਤੋਂ ਵੀ ਘੱਟ ਹੈ।