ਅਰਦਾਸ ਦੀ ਨਕਲ ਮਾਮਲੇ ਵਿਚ ਮਲੂਕਾ ਤਨਖਾਹੀਆ ਕਰਾਰ

ਅੰਮ੍ਰਿਤਸਰ: ਸਿੱਖ ਅਰਦਾਸ ਨਕਲ ਮਾਮਲੇ ਨੂੰ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰਨ ਮਗਰੋਂ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਅਤੇ ਖਿਮਾ ਯਾਚਨਾ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਚਾਰ ਦਿਨ ਸੰਗਤ ਦੇ ਜੋੜੇ ਅਤੇ ਜੂਠੇ ਭਾਂਡੇ ਸਾਫ ਕਰਨ ਦੀ ਤਨਖ਼ਾਹ ਲਾਈ ਗਈ। ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਚ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਦੇ ਗ੍ਰੰਥੀ ਗਿਆਨੀ ਗੁਰਬਖਸ਼ੀਸ਼ ਸਿੰਘ ਸ਼ਾਮਲ ਸਨ।

ਇਸ ਮਾਮਲੇ ਨੂੰ ਵਿਚਾਰਨ ਮਗਰੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਉਂਦਿਆਂ ਜਥੇਦਾਰ ਗੁਰਬਚਨ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਰਾਮਪੁਰਾ ਫੂਲ ਵਿਚ ਚੋਣ ਦਫਤਰ ਦੇ ਉਦਘਾਟਨ ਸਮੇਂ ਅਕਾਲੀ ਮੰਤਰੀ ਮਲੂਕਾ ਵੱਲੋਂ ਗੁਰਮਤਿ ਨੂੰ ਅੱਖੋਂ ਪਰੋਖੇ ਕਰ ਕੇ ਹੋਰ ਧਰਮ ਦੇ ਗ੍ਰੰਥ ਦਾ ਪਾਠ ਕਰਾਇਆ ਗਿਆ ਸੀ, ਜਿਸ ਤਹਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਤਿਆਰ ਖਾਲਸਈ ਰਵਾਇਤ ਦੀ ਰੀਸ ਕਰਦਿਆਂ ਹੋਰ ਢੰਗ ਤਰੀਕੇ ਦੀ ਅਰਦਾਸ ਕੀਤੀ ਗਈ ਸੀ। ਇਸ ਨਾਲ ਸਿੱਖ ਭਾਵਨਾਵਾਂ ਨੂੰ ਵੱਡੀ ਠੇਸ ਪੁੱਜੀ ਹੈ। ਇਸ ਮਾਮਲੇ ‘ਚ ਸ਼੍ਰੋਮਣੀ ਕਮੇਟੀ ਵੱਲੋਂ ਕਾਇਮ ਕੀਤੀ ਤਿੰਨ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿਚ ਅਕਾਲੀ ਮੰਤਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਇਸ ਰਿਪੋਰਟ ਦੇ ਆਧਾਰ ਉਤੇ ਅਕਾਲੀ ਮੰਤਰੀ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਉਸ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਖਿਮਾ ਯਾਚਨਾ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਇਕ ਅਖੰਡ ਪਾਠ ਕਰਾਵੇ, ਤਿੰਨ ਦਿਨਾਂ ਦੌਰਾਨ ਰੋਜ਼ਾਨਾ ਇਕ ਘੰਟਾ ਸੰਗਤ ਦੇ ਜੋੜੇ ਸਾਫ ਕਰੇ, ਇਕ ਘੰਟਾ ਸੰਗਤ ਦੇ ਜੂਠੇ ਬਰਤਨ ਸਾਫ ਕਰੇ ਅਤੇ ਚੱਲ ਰਹੇ ਅਖੰਡ ਪਾਠ ਦੀ ਗੁਰਬਾਣੀ ਸਰਵਣ ਕਰੇ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਵਿਖੇ 51 ਹਜ਼ਾਰ ਰੁਪਏ ਦੀ ਰਸੀਦ ਕਟਾਵੇ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਕ ਦਿਨ ਲੰਗਰ ਅਤੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕਰੇ। ਉਥੇ 31 ਹਜ਼ਾਰ ਰੁਪਏ ਗੋਲਕ ‘ਚ ਪਾ ਕੇ ਉਸ ਦੀ ਰਸੀਦ ਕਟਾਵੇ। ਇਸ ਬਾਅਦ ਅਕਾਲ ਤਖ਼ਤ ਸਾਹਿਬ ਵਿਖੇ 500 ਰੁਪਏ ਦੀ ਕੜਾਹ ਪ੍ਰਸਾਦਿ ਦੀ ਦੇਗ ਕਰਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਾਵੇ।
ਇਸ ਮੌਕੇ ਅਕਾਲ ਤਖਤ ਸਾਹਮਣੇ ਦਾੜ੍ਹੀ ਖੋਲ੍ਹ ਕੇ ਖੜ੍ਹੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਗਏ ਫੈਸਲੇ ਨੂੰ ਉਹ ਪ੍ਰਵਾਨ ਕਰਦੇ ਹਨ, ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਦੋਸ਼ ਪ੍ਰਵਾਨ ਕੀਤੇ ਹਨ ਤਾਂ ਉਨ੍ਹਾਂ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਦਾ ਹੁਕਮ ਪ੍ਰਵਾਨ ਹੈ। ਮੀਡੀਆ ਸਾਹਮਣੇ ਉਨ੍ਹਾਂ ਨੇ ਆਪਣੇ ਦੋਸ਼ ਮੰਨਣ ਤੋਂ ਇਨਕਾਰ ਕੀਤਾ ਜਦੋਂ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਕਿ ਮਲੂਕਾ ਨੇ ਲਿਖਤੀ ਰੂਪ ‘ਚ ਆਪਣੇ ਦੋਸ਼ ਸਵੀਕਾਰ ਕੀਤੇ ਹਨ।
__________________________________
ਸਿਕੰਦਰ ਮਲੂਕਾ ਦੀਆਂ ਮੁਸ਼ਕਿਲਾਂ ਵਧੀਆਂ
ਅੰਮ੍ਰਿਤਸਰ: ਸਿੱਖ ਅਰਦਾਸ ਦੀ ਤੋੜ-ਮਰੋੜ ਦੇ ਮਾਮਲੇ ਵਿਚ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਸਾਹਮਣੇ ਪੇਸ਼ ਨਹੀਂ ਹੋਏ। ਜਥੇਦਾਰਾਂ ਨੇ ਇਹ ਤਰੀਕ ਅੱਗੇ ਪਾਉਂਦਿਆਂ ਮਲੂਕਾ ਨੂੰ ਹੁਣ 24 ਜਨਵਰੀ ਨੂੰ ਤਲਬ ਕੀਤਾ ਹੈ। 26 ਦਸੰਬਰ ਨੂੰ ਰਾਮਪੁਰਾ ਫੂਲ ਵਿਚ ਅਕਾਲੀ ਆਗੂ ਮਲੂਕਾ ਦੀ ਹਾਜ਼ਰੀ ਵਿਚ ਅਖੌਤੀ ਅਰਦਾਸ ਹੋਈ ਸੀ। ਇਸ ਮਾਮਲੇ ਵਿਚ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੇ ਮਲੂਕਾ ਨੂੰ 9 ਜਨਵਰੀ ਨੂੰ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਲਈ ਸੱਦਿਆ ਸੀ, ਪਰ ਮਲੂਕਾ ਪੇਸ਼ ਨਹੀਂ ਹੋਏ। ਜਥੇਦਾਰਾਂ ਨੇ ਇਹ ਤਰੀਕ 24 ਜਨਵਰੀ ਉਤੇ ਪਾ ਦਿੱਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕੌਮ ਨੂੰ ਅਪੀਲ ਕੀਤੀ ਹੈ ਕਿ ਸਮੂਹ ਸੰਗਤ 24 ਜਨਵਰੀ ਤੱਕ ਸਿਕੰਦਰ ਸਿੰਘ ਮਲੂਕਾ ਦਾ ਬਾਈਕਾਟ ਕਰੇ।
______________________________________
ਕੋਰਮ ਪੂਰਾ ਕਰਨ ਲਈ ਕਰਨੀ ਪਈ ਭੱਜ-ਨੱਠ
ਅੰਮ੍ਰਿਤਸਰ: ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤਕਰੀਬਨ ਦੋ ਘੰਟੇ ਦੇਰ ਨਾਲ ਸ਼ੁਰੂ ਹੋਈ ਕਿਉਂਕਿ ਇਕੱਤਰਤਾ ਲਈ ਪੰਜ ਸਿੰਘ ਸਾਹਿਬਾਨ ਦਾ ਕੋਰਮ ਪੂਰਾ ਨਹੀਂ ਹੋ ਸਕਿਆ ਸੀ। ਪੰਜਾਬ ਤੋਂ ਬਾਹਰਲੇ ਤਖ਼ਤਾਂ (ਤਖ਼ਤ ਪਟਨਾ ਸਾਹਿਬ ਅਤੇ ਤਖ਼ਤ ਹਜ਼ੂਰ ਸਾਹਿਬ) ਦੇ ਨੁਮਾਇੰਦੇ ਨਹੀਂ ਪੁੱਜੇ ਸਨ। ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵੀ ਸ਼ਾਮਲ ਹੋਣ ਲਈ ਨਹੀਂ ਆਏ ਸਨ। ਇਹ ਚਰਚਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸਮੂਹ ਗ੍ਰੰਥੀਆਂ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਅਕਾਲੀ ਮੰਤਰੀ ਨੂੰ ਅਰਦਾਸ ਨਕਲ ਮਾਮਲੇ ‘ਚ ਮੁਆਫ਼ੀ ਦੇਣ ਦੇ ਫੈਸਲੇ ਵਿਚ ਉਹ ਸ਼ਾਮਲ ਨਹੀਂ ਹੋਣਗੇ। ਇਸ ਲਈ ਕਾਫੀ ਸਮਾਂ ਜੋੜ ਤੋੜ ਦਾ ਸਿਲਸਿਲਾ ਜਾਰੀ ਰਿਹਾ। ਕਰੀਬ ਢਾਈ ਵਜੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਗਿਆਨੀ ਰਘਬੀਰ ਸਿੰਘ ਪੁੱਜੇ ਜਿਸ ਬਾਅਦ ਮੀਟਿੰਗ ਸ਼ੁਰੂ ਹੋਈ, ਜੋ ਕੁਝ ਹੀ ਮਿੰਟਾਂ ਵਿਚ ਸਮਾਪਤ ਹੋ ਗਈ।