ਫਾਜ਼ਿਲਕਾ ਜੇਲ੍ਹ ਵਿਚ ਘੁਸਪੈਠ ਕਰਦੇ ਅਕਾਲੀ ਆਗੂ ਆਏ ਅੜਿੱਕੇ

ਚੰਡੀਗੜ੍ਹ: ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਫਾਜ਼ਿਲਕਾ ਜੇਲ੍ਹ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਏ 25 ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜਥਾ ਅਬੋਹਰ ਦੇ ਪ੍ਰਧਾਨ ਅਸ਼ੋਕ ਅਹੁਜਾ, ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਚਰਨ ਸਿੰਘ ਤੋਂ ਇਲਾਵਾ 24 ਡੋਡਾ ਸਮਰਥਕਾਂ ਤੇ ਡਿਪਟੀ ਸੁਪਰਡੈਂਟ ਸਬ ਜੇਲ੍ਹ ਸਮੇਤ 25 ਜਣਿਆ ਮਾਮਲਾ ਦਰਜ ਕੀਤਾ ਗਿਆ ਹੈ।

ਚੋਣ ਕਮਿਸ਼ਨ ਦੀਆਂ ਹਦਾਇਤਾਂ ਉਤੇ ਸਹਾਇਕ ਜੇਲ੍ਹ ਸੁਪਰਡੈਂਟ ਜਸ਼ਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ ਅਕਾਲੀ ਆਗੂਆਂ ਦੀ ਅਗਵਾਈ ਜਲਾਲਾਬਾਦ ਦਾ ਇਕ ਸੀਨੀਅਰ ਅਕਾਲੀ ਆਗੂ ਕਰ ਰਿਹਾ ਸੀ।
ਫਾਜ਼ਿਲਕਾ ਦੀ ਡੀæਸੀæ ਨੂੰ ਸੂਚਨਾ ਮਿਲੀ ਸੀ ਕਿ ਅਕਾਲੀ ਆਗੂਆਂ ਦਾ ਵੱਡਾ ਗਰੁੱਪ ਫਾਜ਼ਿਲਕਾ ਜੇਲ੍ਹ ‘ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਅਬੋਹਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਸ਼ਿਵ ਲਾਲ ਡੋਡਾ ਨਾਲ ਮੁਲਾਕਾਤ ਕਰਨ ਗਿਆ ਹੈ। ਡੀæਸੀæ ਨੇ ਜੇਲ੍ਹ ‘ਤੇ ਛਾਪਾ ਮਾਰ ਕੇ ਸਾਰੇ ਅਕਾਲੀ ਆਗੂਆਂ ਨੂੰ ਸ਼ਿਵ ਲਾਲ ਡੋਡਾ ਨਾਲ ਮੁਲਾਕਾਤ ਕਰਦਿਆਂ ਮੌਕੇ ‘ਤੇ ਫੜ ਲਿਆ। ਸ਼ਿਵ ਲਾਲ ਡੋਡਾ ਅਬੋਹਰ ਦੇ ਦਲਿਤ ਨੌਜਵਾਨ ਭੀਮ ਟਾਂਕ ਦੇ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਅਧੀਨ ਜੇਲ੍ਹ ‘ਚ ਬੰਦ ਹੈ। ਰਾਜਸੀ ਹਲਕਿਆਂ ਵਿਚ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਿਵ ਲਾਲ ਡੋਡਾ ਦੀ ਜ਼ਮਾਨਤ ਕਰਾ ਕੇ ਅਬੋਹਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਜਾਂ ਭਾਜਪਾ ਨਾਲ ਹਲਕੇ ਦੀ ਤਬਦੀਲੀ ਕਰ ਕੇ ਚੋਣ ਲੜਾਏ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਫਾਜ਼ਿਲਕਾ ਦੀ ਡੀæਸੀæ ਦੀ ਕਾਰਵਾਈ ਨੇ ਅਕਾਲੀ ਦਲ ਦੀਆਂ ਯੋਜਨਾਵਾਂ ‘ਤੇ ਪਾਣੀ ਫੇਰ ਦਿੱਤਾ ਹੈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ‘ਚ ਗੈਰਕਾਨੂੰਨੀ ਤੌਰ ‘ਤੇ ਦਾਖਲ ਹੋਣ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ ਵਿਚੋਂ 5 ਗੈਂਗਸਟਰਾਂ ਦੇ ਫਰਾਰ ਹੋਣ ਅਤੇ ਉਸ ਬਾਅਦ ਪੁਲਿਸ ਵੱਲੋਂ ਇਨ੍ਹਾਂ ਅਪਰਾਧੀਆਂ ਨੂੰ ਫੜੇ ਨਾ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ‘ਤੇ ਵਿਰੋਧੀ ਪਾਰਟੀਆਂ ਵੱਲੋਂ ਨਿਸ਼ਾਨਾ ਸੇਧਿਆ ਜਾ ਰਿਹਾ ਹੈ।
___________________________________
‘ਆਪ’ ਨੇ ਅਕਾਲੀਆਂ ਨੂੰ ਘੇਰਿਆ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਕਿਹਾ ਕਿ ਜੇਲ੍ਹਾਂ ਵਿਚ ਅਪਰਾਧੀਆਂ ਨਾਲ ਮੀਟਿੰਗ ਦਾ ਚੋਣ ਕਮਿਸ਼ਨ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਡਰਾਉਣ ਲਈ ਅਪਰਾਧੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅਬੋਹਰ ਦੇ ਅਕਾਲੀ ਆਗੂਆਂ ਦੀ ਫਾਜਿਲਕਾ ਜੇਲ੍ਹ ਵਿਚ ਸ਼ਿਵ ਲਾਲ ਡੋਡਾ ਨਾਲ ਮੀਟਿੰਗ ਅਧਿਕਾਰੀਆਂ ਦੀ ਅੱਖਾਂ ਖੋਲ੍ਹਣ ਵਾਲੀ ਹੈ। ਆਪ ਆਗੂ ਨੇ ਕਿਹਾ ਕਿ ਡੋਡਾ ਵੱਲੋਂ ਜੇਲ੍ਹ ਵਿਚ ਖੁਲ੍ਹੇ ਤੌਰ ਉਤੇ ਸੰਗਤ ਦਰਸ਼ਨ ਲਗਾਇਆ ਜਾਂਦਾ ਸੀ, ਪਰ ਅਫਸਰਾਂ ਵੱਲੋਂ ਬਾਦਲਾਂ ਦੇ ਦਬਾਅ ਕਾਰਨ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਰਨ ਤੋਂ ਪਾਸਾ ਵੱਟਿਆ ਜਾਂਦਾ ਸੀ।
__________________________________
ਕਾਂਗਰਸ ਨੇ ਮੰਗੀ ਜੇਲ੍ਹ ਕਾਂਡ ਦੀ ਜਾਂਚ
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਸਰਕਾਰ ਨੂੰ ਤੁਰਤ ਬਰਖਾਸਤ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸਰਕਾਰ ਦਾ ਫਾਜ਼ਿਲਕਾ ਜੇਲ੍ਹ ਦੀ ਘਟਨਾ ਨਾਲ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਨੂੰ ਜੇਲ੍ਹ ਵਿਚ ਅਪਰਾਧੀਆਂ ਨਾਲ ਮੀਟਿੰਗ ਕਰਦਿਆਂ ਪਾਇਆ ਗਿਆ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਸ ‘ਚ ਮੁੱਖ ਦੋਸ਼ੀ ਡੋਡਾ ਸਾਫ ਤੌਰ ਉਤੇ ਡਿਪਟੀ ਮੁੱਖ ਮੰਤਰੀ ਦੇ ਵਫਾਦਾਰ ਵਜੋਂ ਕੰਮ ਕਰਦਿਆਂ ਦੋ ਦਰਜਨ ਲੋਕਾਂ ਨਾਲ ਮੀਟਿੰਗ ਕਰ ਰਿਹਾ ਸੀ, ਜਿਨ੍ਹਾਂ ਦੇ ਅਕਾਲੀਆਂ ਨਾਲ ਨਜ਼ਦੀਕੀ ਸਬੰਧ ਮੰਨੇ ਜਾਂਦੇ ਹਨ ਅਤੇ ਇਸ ਦੌਰਾਨ ਉਹ ਫੜਿਆ ਗਿਆ।