ਸ਼ ਅਜਮੇਰ ਸਿੰਘ ਦੀਆਂ ਖਾਲਿਸਤਾਨੀਆਂ ਬਾਰੇ ਟਿੱਪਣੀਆਂ ਤੋਂ ਛਿੜੀ ਬਹਿਸ ਦੇ ਸਿਲਸਿਲੇ ਵਿਚ ਸੋਸ਼ਲ ਮੀਡੀਏ ਉਤੇ ਸ਼ ਜਸਜੀਤ ਸਿੰਘ (ਮਾਲਕ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼) ਦੀਆਂ ਕੁਝ ਟਿੱਪਣੀਆਂ ਆਈਆਂ ਹਨ ਜਿਨ੍ਹਾਂ ਉਤੇ ਪ੍ਰਤੀਕਰਮ ਵਜੋਂ ਸ਼ ਕਰਮਜੀਤ ਸਿੰਘ ਦਾ ਇਹ ਲੇਖ ਛਾਪ ਰਹੇ ਹਾਂ।
-ਸੰਪਾਦਕ
ਕਰਮਜੀਤ ਸਿੰਘ ਚੰਡੀਗੜ੍ਹ
ਫੋਨ: 91-99150-91063
ਪਿਛਲੇ ਕਰੀਬ 15 ਸਾਲਾਂ ਤੋਂ ਖਾਲਿਸਤਾਨ ਦੀ ਹਮਾਇਤ ਕਰਦੇ ਆ ਰਹੇ ਸਿੱਖ ਚਿੰਤਕ ਸ਼ ਅਜਮੇਰ ਸਿੰਘ ਵਲੋਂ ਖਾਲਿਸਤਾਨੀਆਂ ਬਾਰੇ ਕੀਤੀ ਗਈ ਟਿੱਪਣੀ ਪਿਛੋਂ ‘ਪੰਜਾਬ ਟਾਈਮਜ਼’ ਵਿਚ ਛਪੇ ਮੇਰੇ ਲੇਖ ‘ਥਿੜਕ ਗਏ ਹਨ ਅਜਮੇਰ ਸਿੰਘ ਆਪਣੀ ਮੰਜ਼ਿਲ ਤੋਂ’ ਬਾਰੇ ਸੋਸ਼ਲ ਮੀਡੀਏ ‘ਤੇ ਅਖਬਾਰ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੇ ਮਾਲਕ ਸ਼ ਜਸਜੀਤ ਸਿੰਘ ਦੇ ਵਿਚਾਰ ਮੈਂ ਡੂੰਘੇ ਧਿਆਨ ਨਾਲ ਪੜ੍ਹੇ ਹਨ। ਦਰਅਸਲ ਮੈਂ ਇਹ ਕਦਾਚਿਤ ਨਹੀਂ ਚਾਹੁੰਦਾ ਹਾਂ ਕਿ ਚਲਦੇ ਰੌਲੇ ਵਿਚ ਅਸਲ ਨੁਕਤੇ ਹੀ ਗੁਆਚ ਜਾਣ ਅਤੇ ਬਹਿਸ ਆਪਣੇ ਨਿਸ਼ਾਨੇ ਤੋਂ ਹੀ ਭਟਕ ਜਾਵੇ। ਇਸ ਲਈ ਮੈਂ ਸਾਰੇ ਜਾਗਦੇ ਅਤੇ ਅੱਧ-ਸੁੱਤੇ ਵੀਰਾਂ ਨੂੰ ਵਾਰ-ਵਾਰ ਬੇਨਤੀ ਕਰਦਾ ਆ ਰਿਹਾ ਹਾਂ ਕਿ ਭਰਾਵੋ! ਨੇਸ਼ਨ ਸਟੇਟ ਦੇ ਸੰਕਲਪ ਨੂੰ ਸਮਝੋ। ਆਪਣੇ ਰੁਝੇਵਿਆਂ ਵਿਚੋਂ ਕੁਝ ਵਿਹਲ ਕੱਢੋ ਅਤੇ ਨੇਸ਼ਨ ਸਟੇਟ ਨੂੰ ਆਪਣੇ ਧਿਆਨ ਦਾ ਕੇਂਦਰ ਬਣਾਵੋ। ਇਹ ਬੇਹੱਦ ਜ਼ਰੂਰੀ ਹੈ ਕਿਉਂਕਿ ਸ਼ ਅਜਮੇਰ ਸਿੰਘ ਨੇਸ਼ਨ ਸਟੇਟ ਦਾ ਮੋਢਾ ਵਰਤ ਕੇ ਹੀ ਅਸਲ ਵਿਚ ਸਿੱਖ ਸੌਵਰਨ (ਖੁਦਮੁਖਤਾਰ) ਸਟੇਟ (ਖਾਲਿਸਤਾਨ) ਦਾ ਵਿਰੋਧ ਕਰਨ ਵਿਚ ਲੱਗੇ ਹੋਏ ਹਨ। ਇਹ ਕੰਮ ਵਿੰਗੇ-ਟੇਢੇ ਢੰਗ ਨਾਲ ਹੋ ਰਿਹਾ ਹੈ ਤੇ ਕਈ ਵਾਰ ਅਣਦਿਸਦਾ ਤੇ ਅਣਪਛਾਤਾ ਹੀ ਰਹਿ ਜਾਂਦਾ ਹੈ। ਇਹ ਯੋਜਨਾਬੱਧ ਕੰਮ ਅਚਾਨਕ ਹੀ ਨਹੀਂ ਸ਼ੁਰੂ ਹੋ ਗਿਆ, ਸਗੋਂ ਦੋ-ਤਿੰਨ ਸਾਲ ਤੋਂ ਉਨ੍ਹਾਂ ਨੇ ਸ਼ੁਰੂ ਕੀਤਾ ਹੋਇਆ ਹੈ।
ਸਾਡੀ ਚਿੰਤਾ ਇਹ ਹੈ ਕਿ ਨੇਸ਼ਨ ਸਟੇਟ ਦਾ ਮੁੱਦਾ ਐਨਾ ਬਾਰੀਕ, ਗੁੰਝਲਦਾਰ, ਬਹੁਪਰਤੀ ਤੇ ਬਹੁਦਿਸ਼ਾਵੀ ਹੈ ਕਿ ਛੇਤੀ ਕੀਤਿਆਂ ਇਸ ਦੀਆਂ ਸੂਖਮ ਤੰਦਾਂ ਫੜ ਨਹੀਂ ਹੁੰਦੀਆਂ। ਉਤੋਂ ਇਕ ਹੋਰ ਮੁਸ਼ਕਿਲ ਇਹ ਬਣੀ ਹੋਈ ਹੈ ਕਿ ਸੁਲਝੇ ਹੋਏ ਖਾਲਿਸਤਾਨੀ ਵੀ ਇਹ ਬੁਝਣ ਲਈ ਘੱਟ ਹੀ ਵਿਹਲ ਕੱਢਦੇ ਹਨ ਕਿ ਅਜਮੇਰ ਸਿੰਘ ਕਿਹੜੇ ‘ਟੇਸ਼ਨ ਤੋਂ ਬੋਲ ਰਹੇ ਹਨ, ਪਰ ਅਜਮੇਰ ਸਿੰਘ ਨੇ ਉਨ੍ਹਾਂ ਵਿਚ 15 ਸਾਲ ਕੰਮ ਕਰ ਕੇ ਇਹ ਪਤਾ ਲਾ ਲਿਆ ਹੈ ਕਿ ਖਾਲਿਸਤਾਨੀ ਡੂੰਘੇ ਨਹੀਂ ਹਨ ਅਤੇ ਉਹ ਅਜੇ ਗਿੱਟੇ-ਗਿੱਟੇ ਪਾਣੀਆਂ ਵਿਚ ਹੀ ਤਰਨ ਦੀ ਜਾਚ ਸਿੱਖ ਰਹੇ ਹਨ।
ਕੀ ਸ਼ ਜਸਜੀਤ ਸਿੰਘ ਵੀ ਜਾਣੇ ਜਾਂ ਅਣਜਾਣੇ ਆਪਣਾ ਨਾਂ ਉਨ੍ਹਾਂ ਵਿਚ ਦਰਜ ਕਰਵਾਉਣਾ ਚਾਹੁੰਦੇ ਹਨ? ਸੋਸ਼ਲ ਮੀਡੀਏ ‘ਤੇ ਸਾਡੇ ਬਾਰੇ ਉਨ੍ਹਾਂ ਦੀ ਤਾਜ਼ਾ ਟਿੱਪਣੀ ਤੋਂ ਤਾਂ ਇਹੋ ਇਸ਼ਾਰੇ ਮਿਲ ਰਹੇ ਹਨ। ਖੇਡਾਂ ਦੀ ਉਤਮ ਕਲਾ ਨੂੰ ਸਿਆਸਤ ਨਾਲ ਜੋੜਨ ਅਤੇ ਇਸ ਹੁਨਰ ਵਿਚ ਪਿਛਲੇ ਕਈ ਸਾਲਾਂ ਤੋਂ ਬੇਮਿਸਾਲ ਸਫਲਤਾ ਹਾਸਲ ਕਰਨ ਵਾਲਾ ਇਹ ਵੀਰ ਸਾਡੇ ਉਤੇ ਇਤਰਾਜ਼ ਕਰ ਰਿਹਾ ਹੈ ਕਿ ਅਸਾਂ ਅਜਮੇਰ ਸਿੰਘ ਦੀ ਪਹਿਲੀ ਮੁਲਾਕਾਤ ਨੂੰ ਤਾਂ ਆਪਣੀ ਬਹਿਸ ਦਾ ਆਧਾਰ ਬਣਾਇਆ ਅਤੇ ਛਪਵਾਇਆ ਵੀ ਹੈ, ਪਰ ਦੂਜੀ ਮੁਲਾਕਾਤ ਵਿਚ ਅਜਮੇਰ ਸਿੰਘ ਵਲੋਂ ਦਿੱਤੇ ਸਪਸ਼ਟੀਕਰਨ ਨੂੰ ‘ਅਣਗੌਲਿਆਂ’ ਕਰ ਦਿੱਤਾ। ਇਸ ਵੀਰ ਨੂੰ ਕਿਵੇਂ ਦੱਸੀਏ ਕਿ ਕਰੀਬ ਇਕ ਘੰਟੇ ਦੀ ਇਸ ਦੂਜੀ ਮੁਲਾਕਾਤ ਨੂੰ ਮੈਂ ਤਿੰਨ ਵਾਰ ਸੁਣਿਆ ਹੈ ਅਤੇ ਬਹੁਤ ਚੰਗੀ ਤਰ੍ਹਾਂ ਸੁਣਿਆ ਹੈ, ਪਰ ਜਿਸ ਵਿਅਕਤੀ ਨੇ ਪਹਿਲੀ ਮੁਲਾਕਾਤ ਨੂੰ ਤੀਜੀ ਅੱਖ ਨਾਲ ਪੜ੍ਹਿਆ ਤੇ ਸੁਣਿਆ ਹੋਵੇ, ਉਸ ਨੂੰ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਦੂਜੀ ਮੁਲਾਕਾਤ ਵਿਚ ਅਜਮੇਰ ਸਿੰਘ ਮੁੱਦਿਆਂ ਤੋਂ ਲਾਂਭੇ ਜਾ ਕੇ ਕਿਸੇ ਬਚਾਉ ਵਾਲੇ ਰਸਤੇ (ਐਸਕੇਪ ਰੂਟ) ਦੀ ਤਲਾਸ਼ ਕਰ ਰਹੇ ਹਨ ਅਤੇ ਆਪਣੇ ਬਚਾਅ ਲਈ ਨਿਸ਼ਾਨਾ ਉਨ੍ਹਾਂ ਨੇ ਮਾਨ ਦਲ ਦੇ ਖਾਲਿਸਤਾਨੀਆਂ ਵੱਲ ਸੇਧ ਦਿੱਤਾ ਹੈ। ਜਦਕਿ ਹਕੀਕਤ ਇਹ ਹੈ ਕਿ ਅਜਮੇਰ ਸਿੰਘ ਨੇ ਖਾਲਿਸਤਾਨ ਹਮਾਇਤੀਆਂ ਵਿਰੁਧ ਨਫਰਤ ਦਾ ਰਿਉੜੀ-ਪ੍ਰਸ਼ਾਦ ਬਿਨਾ ਕਿਸੇ ਵਿਤਕਰੇ ਤੋਂ ਸਾਰੇ ਖਾਲਿਸਤਾਨੀਆਂ ਨੂੰ ਬਰਾਬਰ ਵੰਡਿਆ ਹੈ ਅਤੇ ਜਸਜੀਤ ਸਿੰਘ ਵੀ ਉਨ੍ਹਾਂ ‘ਚ ਸ਼ਾਮਿਲ ਹਨ, ਪਰ ਹੈਰਾਨੀ ਹੈ ਕਿ ਅਜਮੇਰ ਸਿੰਘ ਵਲੋਂ ਸਰਬ-ਸਾਂਝੇ ਤੌਰ ‘ਤੇ ਕੀਤੇ ਅਪਮਾਨ ਦਾ ਰੂਪ ਇਸ ਸਾਬਕਾ ਖਿਡਾਰੀ ਨੂੰ ਮਹਿਸੂਸ ਨਹੀਂ ਹੋ ਰਿਹਾ!
ਹੋਰ ਸੁਣੋ, ਮੈਂ ਆਪਣੀ ਗੱਲ ਨੇਸ਼ਨ ਸਟੇਟ ਵੱਲ ਘੁਮਾਈ ਸੀ ਅਤੇ ਉਮੀਦ ਸੀ ਕਿ ਇਹ ਵੀਰ ਨੇਸ਼ਨ ਸਟੇਟ ਬਾਰੇ ਕੋਈ ਗਹਿਰ ਗੰਭੀਰ, ਸੁਘੜ ਸਿਆਣੀ ਗੱਲ ਕਰੇਗਾ। ਜੇ ਨੇਸ਼ਨ ਸਟੇਟ ਬੁਰੀ ਹੈ ਤਾਂ ਵੀ ਦੱਸੇਗਾ ਅਤੇ ਜੇ ਚੰਗੀ ਹੈ ਤਾਂ ਵੀ, ਸਾਡੀ ਮਿਹਨਤ ਤੇ ਸਾਡੇ ਨਜ਼ਰੀਏ ਦੀ ਕੁਝ ਤਾਂ ਦਾਦ ਦੇਵੇਗਾ, ਪਰ ਨੇਸ਼ਨ ਸਟੇਟ ਬਾਰੇ ਇਕ ਅੱਧੀ ਲਾਈਨ ਲਿਖ ਕੇ ਅੱਖ ਦੇ ਫੋਰ ਵਿਚ ਝਕਾਨੀ ਦਿੰਦਿਆਂ ਹੋਰ ਪਾਸੇ ਨਿਕਲ ਗਿਆ ਤੇ ਅਨਾੜੀ ਖਿਡਾਰੀਆਂ ਵਾਂਗ ਫਾਉਲ ਗੇਮ ਖੇਡਣ ਤੁਰ ਪਿਆ। ਉਹ ਇਹ ਭੁੱਲ ਗਿਆ ਕਿ ਕੋਈ ‘ਰੈਫਰੀ’ ਵੀ ਉਸ ਨੂੰ ਵੇਖ ਰਿਹਾ ਹੈ।
ਸ਼ ਜਸਜੀਤ ਸਿੰਘ ਨੇ ਅਜਮੇਰ ਸਿੰਘ ਦੇ ਹੱਕ ਵਿਚ ਸਫਾਈਆਂ ਦੇਣ ਲਈ ਵੀਡੀਓ ਵੀ ਪੇਸ਼ ਕਰ ਦਿੱਤੀ ਜੋ ਦੋ ਮੁਲਾਕਾਤਾਂ ਨੂੰ ਕੱਟ-ਵੱਢ ਕੇ ਜੋੜੀ ਗਈ ਸੀ, ਪਰ ਇਥੇ ਵੀ ਜਸਜੀਤ ਸਿੰਘ ਦਾ ਇਹ ਦਾਅ ਚੱਲ ਨਹੀਂ ਸਕਿਆ, ਕਿਉਂਕਿ ਅਜਮੇਰ ਸਿੰਘ ਨੇ ਤਾਂ ਇਸੇ ਵੀਡੀਓ ਵਿਚ ਹੀ ਨੰਗੇ-ਚਿੱਟੇ ਰੂਪ ਵਿਚ ਨੇਸ਼ਨ ਸਟੇਟ ਨੂੰ ਰੱਦ ਕਰ ਦਿੱਤਾ ਸੀ। ਇਉਂ ਕਰ ਕੇ ਜਸਜੀਤ ਸਿੰਘ ਨੇ ਸਿੱਧ ਕਰ ਦਿੱਤਾ ਕਿ ਉਹ ਅਜਮੇਰ ਸਿੰਘ ਦੇ ਕਮਜ਼ੋਰ ਤੇ ਮਾੜਚੂ ਵਕੀਲ ਹਨ। ਚੰਗੇ ਵਕੀਲ ਤਿਆਰੀ ਕਰ ਕੇ ਅਦਾਲਤ ਵਿਚ ਆਉਂਦੇ ਹਨ, ਪਰ ਬਦਕਿਸਮਤੀ ਇਹ ਹੈ ਕਿ ਸਾਡਾ ਇਹ ਵੀਰ ਅਜਮੇਰ ਸਿੰਘ ਦਾ ਵਕੀਲ ਵੀ ਬਣ ਗਿਆ ਅਤੇ ਨਾਲ ਹੀ ਜੱਜ ਦੀ ਕੁਰਸੀ ਵੀ ਸਾਂਭ ਲਈ। ਫੇਰ ਤਾਂ ਹਰ ਕਿਸੇ ਨੂੰ ਪਤਾ ਸੀ, “ਹਮਰਾ ਕਸੂਰ ਨਿਕਲੇਗਾ।”
ਸ਼ ਜਸਜੀਤ ਸਿੰਘ ਇਹ ਇਤਰਾਜ਼ ਵੀ ਉਠਾ ਰਹੇ ਹਨ ਕਿ ਅਸੀਂ ਨੇਸ਼ਨ ਸਟੇਟ ਬਾਰੇ ਕੋਈ ਮਾਡਲ ਕਿਉਂ ਨਹੀਂ ਦਿੱਤਾ? ਸਾਰੇ ਜਾਣਦੇ ਹਨ ਕਿ ਜਸਜੀਤ ਸਿੰਘ ਖੁਦ ਵੱਡੇ ਅਖਬਾਰ ਦੇ ਮਾਲਕ ਹਨ ਅਤੇ ਕਦੇ-ਕਦੇ ਕਲਮ ਚਲਾਉਣ ਦਾ ਅਭਿਆਸ ਵੀ ਕਰਦੇ ਰਹਿੰਦੇ ਹਨ। ਵੈਸੇ ਵੀ ਇਹ ਅਖਬਾਰ ਸਿੱਖ ਸੌਵਰਨ ਸਟੇਟ (ਖਾਲਿਸਤਾਨ) ਦੇ ਪ੍ਰਚਾਰ ਤੇ ਪ੍ਰਸਾਰ ਲਈ ਸੱਚੇ ਦਿਲੋਂ ਵਚਨਬੱਧ ਹੋਣ ਦਾ ਦਾਅਵਾ ਵੀ ਕਰਦਾ ਹੈ, ਪਰ ਬੜੀ ਹਲੀਮੀ ਨਾਲ ਉਨ੍ਹਾਂ ਨੂੰ ਪੁੱਛਦੇ ਹਾਂ ਕਿ ਜੇ ਕਦੇ ਉਨ੍ਹਾਂ ਨੇ ਸਿੱਖ ਸਟੇਟ ਦੇ ਮਾਡਲ ਬਾਰੇ ਆਪਣੇ ਅਖਬਾਰ ਵਿਚ ਕੋਈ ਵੱਡੀ ਤੇ ਯਾਦਗਾਰੀ ਬਹਿਸ ਚਲਾਉਣ ਦਾ ਇਰਾਦਾ ਕੀਤਾ ਹੋਵੇ ਤੇ ਅਸੀਂ ਉਸ ਬਹਿਸ ਵਿਚ ਜੇ ਕਦੇ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ ਹੋਵੇ ਤਾਂ ਸਾਨੂੰ ਜ਼ਰੂਰ ਦੋਸ਼ੀਆਂ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ। ਸ਼ ਅਜਮੇਰ ਸਿੰਘ ਵੀ ਤਾਂ ਇਸ ਅਖਬਾਰ ਦੇ ਮੁੱਖ ਸੰਪਾਦਕ ਰਹੇ ਹਨ। ਉਨ੍ਹਾਂ ਨੇ ਇਹ ਬਹਿਸ ਕਦੇ ਕਿਉਂ ਨਹੀਂ ਚਲਾਈ?
ਇਸ ਦੇ ਬਾਵਜੂਦ ਖਾਲਿਸਤਾਨ ਦੀ ਮੰਜ਼ਿਲ ਬਾਰੇ 101 ਸਵਾਲ ਮੈਂ ਪੰਥ ਦੀ ਝੋਲੀ ਪਾਏ ਸਨ ਤੇ ਉਹ ਅੰਮ੍ਰਿਤਸਰ ਤੋਂ ਨਿਕਲਦੇ ਮੈਗਜ਼ੀਨ ‘ਵੰਗਾਰ’ ਵਿਚ ਛਪ ਵੀ ਚੁੱਕੇ ਹਨ। ਸ਼ ਜਸਜੀਤ ਸਿੰਘ ਸਾਨੂੰ ਇਹ ਮਿਹਣੇ ਵੀ ਅਕਸਰ ਮਾਰਦੇ ਰਹਿੰਦੇ ਹਨ ਕਿ ਮੈਂ ਕੋਈ ਕਿਤਾਬ ਨਹੀਂ ਲਿਖੀ ਅਤੇ ਸ਼ ਅਜਮੇਰ ਸਿੰਘ ਨੇ ਕਈ ਕਿਤਾਬਾਂ ਲਿਖ ਛੱਡੀਆਂ ਹਨ, ਤੇ ਅਸੀਂ ਈਰਖਾ ਵਸ ਅਜਮੇਰ ਸਿੰਘ ਦੀ ਮੁਖਾਲਫਤ ਕਰਨ ਵਿਚ ਲੱਗੇ ਹੋਏ ਹਾਂ। ਇੰਜ ਕਿਤਾਬਾਂ ਦੀ ਦਹਿਸ਼ਤ ਪਾ ਕੇ ਸਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜਸਜੀਤ ਸਿੰਘ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਸੀਂ ਅਜਮੇਰ ਸਿੰਘ ਦੀਆਂ ਕਿਤਾਬਾਂ ਦੀ ਭਰਪੂਰ ਮਹਿਮਾ 6-7 ਸਾਲ ਪਹਿਲਾਂ ਹੀ ਕਰ ਚੁੱਕੇ ਹਾਂ ਤੇ ਇਹ ਮਹਿਮਾ ਕਰ ਕੇ ਅਜਮੇਰ ਸਿੰਘ ਦੇ ਵਿਰੋਧੀਆਂ ਦਾ ਮੂੰਹ ਬੰਦ ਕਰ ਦਿੱਤਾ ਸੀ। ਫੇਰ ਜਦੋਂ ਅਜਮੇਰ ਸਿੰਘ ਨੇ ਅੰਮ੍ਰਿਤ ਛਕਿਆ ਤਾਂ ਅਸੀਂ ਫੇਰ ਉਨ੍ਹਾਂ ਦਾ ਕਸੀਦਾ ਪੜ੍ਹਿਆ। ਇਹ ਸਾਰਾ ਕੁਝ ਉਚ-ਪੱਧਰ ਦੇ ਲੇਖਾਂ ਸਮੇਤ ਬਾਕਾਇਦਾ ਰਿਕਾਰਡ ਵਿਚ ਦਰਜ ਹੈ। ਹਾਂ, ਮੈਂ ਖੁਸ਼ਾਮਦ ਨਹੀਂ ਕਰ ਸਕਦਾ ਕਿਉਂਕਿ ਖੁਸ਼ਾਮਦੀ ਲੁਕਵੇਂ ਦੁਸ਼ਮਣ ਹੁੰਦੇ ਹਨ। ਜਰਮਨੀ ਦੇ ਸਿਆਣਿਆਂ ਨੇ ਲੰਮੀ ਬਹਿਸ ਕਰ ਕੇ ਇਹ ਸਿੱਟਾ ਕੱਢਿਆ ਹੈ, ਪਈ ਖੁਸ਼ਾਮਦੀ ਦੇ ਇਕ ਹੱਥ ਵਿਚ ਪਾਣੀ ਅਤੇ ਦੂਜੇ ਹੱਥ ਵਿਚ ਅੱਗ ਹੁੰਦੀ ਹੈ। ਹੁਣ ਜੇ ਮੈਂ ਅਜਮੇਰ ਸਿੰਘ ਦੇ ਚਿੰਤਨ ਦੀ ਆਲੋਚਨਾ ਕਰਨ ਲਈ ਮਜਬੂਰ ਹੋਇਆ ਹਾਂ ਤਾਂ ਜਸਜੀਤ ਸਿੰਘ ਨੂੰ ਦਿਮਾਗ ਉਤੇ ਬੋਝ ਪਾ ਕੇ ਘੱਟੋ-ਘੱਟ ਇਹ ਤਾਂ ਪਛਾਣ ਕਰਨੀ ਹੀ ਚਾਹੀਦੀ ਸੀ ਕਿ ਇਸ ਆਲੋਚਨਾ ਦਾ ਕੋਈ ਖਾਸ ਕਾਰਨ ਹੋਵੇਗਾ। ਮੈਨੂੰ ਐਵੇਂ ਹਵਾ ਵਿਚ ਤੀਰ ਛੱਡਣ ਦਾ ਕੋਈ ਸ਼ੌਕ ਨਹੀਂ ਹੈ। ਮੈਂ ਸਪਸ਼ਟ ਕੀਤਾ ਹੈ ਅਤੇ ਹੁਣ ਫੇਰ ਸਪਸ਼ਟ ਕਰ ਰਿਹਾ ਹਾਂ ਕਿ ਅਜਮੇਰ ਸਿੰਘ ਦੇ ਚਿੰਤਨ ਵਿਚ ਕੋਈ ਗੜਬੜ ਆ ਚੁੱਕੀ ਹੈ। ਗੜਬੜ ਹੀ ਨਹੀਂ, ਸਗੋਂ ਵੱਡੀ ਗੜਬੜ ਹੈ। ਉਹ ਵਲ-ਵਿੰਗ ਪਾ ਕੇ ਨੇਸ਼ਨ ਸਟੇਟ ਦੇ ਨਾਂ ਹੇਠ ਖਾਲਿਸਤਾਨ ਦਾ ਵਿਰੋਧ ਕਰ ਰਹੇ ਹਨ, ਪਰ ਜਸਜੀਤ ਸਿੰਘ ਨੂੰ ਇਤਰਾਜ਼ ਹੈ ਕਿ ਮੈਂ ਇਹ ਬਹਿਸ ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ ‘ਚੌਰਾਹੇ’ ਵਿਚ ਕਿਉਂ ਲੈ ਆਇਆ, ਜਦਕਿ ਚੌਰਾਹੇ ਵਿਚ ਲਿਆਉਣ ਦੀ ਸ਼ੁਰੂਆਤ ਅਜਮੇਰ ਸਿੰਘ ਨੇ ਕੀਤੀ ਹੈ। ਮੈਂ ਤਾਂ ਕੇਵਲ ਜਵਾਬ ਹੀ ਦੇ ਰਿਹਾ ਹਾਂ; ਫਿਰ ਵੀ ਉਹ ਪੱਥਰਾਂ ਦੀ ਵਾਛੜ ਮੇਰੇ ਵੱਲ ਹੀ ਕਰ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਪੱਥਰ ‘ਇਧਰ’ ਹੀ ਕਿਉਂ ਆ ਰਹੇ ਹੈਂ, ‘ਉਧਰ’ ਕਿਉਂ ਨਹੀਂ ਜਾ ਰਹੇ।
ਜਿਥੋਂ ਤਕ ਕਿਤਾਬਾਂ ਦਾ ਸਬੰਧ ਹੈ, ਅਸੀਂ ਜੇਲ੍ਹ ਵਿਚ ਨਜ਼ਰਬੰਦ ਭਾਈ ਨਰੈਣ ਸਿੰਘ ਚੌਰਾ ਨਾਲ ਰਲ ਕੇ ਪੰਜ ਸੌ ਤੋਂ ਵੱਧ ਸਫਿਆਂ ਦੀ ਕਿਤਾਬ ‘ਪੰਥਕ ਦਸਤਾਵੇਜ਼’ ਛਪਵਾ ਚੁੱਕੇ ਹਾਂ ਜਿਸ ਵਿਚ ਸ਼ਹੀਦ ਹੋਏ ਸਿੰਘਾਂ ਨੇ ਆਪਣੀ ਜੱਦੋਜਹਿਦ ਦੌਰਾਨ ਖੁਦ ਗਵਾਹੀਆਂ ਦਿੱਤੀਆਂ ਕਿ ਉਨ੍ਹਾਂ ਦਾ ਸੰਘਰਸ਼ ਕੇਵਲ ਤੇ ਕੇਵਲ ਖਾਲਿਸਤਾਨ ਲਈ ਸੀ, ਪਰ ਹੈਰਾਨੀ ਤੇ ਰੋਸ ਇਹ ਹੈ ਕਿ ਜਸਜੀਤ ਸਿੰਘ ਆਪ ਵੀ ਉਸ ਦੌਰ ਦਾ ਹਿੱਸਾ ਰਹੇ ਹਨ, ਪਤਾ ਨਹੀਂ ਕਿਸ ਮਜਬੂਰੀ ਵਿਚ ਉਹ ਅਜਮੇਰ ਸਿੰਘ ਦੀ ਇਸ ਟਿੱਪਣੀ ਉਤੇ ਰਤਾ ਮਾਸਾ ਵੀ ਕਿੰਤੂ ਨਹੀਂ ਕਰ ਰਹੇ ਕਿ ਉਹ ਖਾਲਿਸਤਾਨੀਆਂ ਨਾਲ ਦੋ ਮਿੰਟ ਵੀ ਨਹੀਂ ਬੈਠ ਸਕਦੇ, ਕਿ ਖਾਲਿਸਤਾਨੀ ਤੇ ਕਾਮਰੇਡ ਇਕੋ ਸਿੱਕੇ ਦੇ ਦੋ ਪਾਸੇ ਹਨ, ਕਿ ਜਿਹੜੀ ਖਾਲਿਸਤਾਨ ਦੀ ਗੱਲ ਹੈ, ਇਹ ਸਿੱਖ ਧਰਮ ਦੀ ਗੱਲ ਨਹੀਂ, ਕਿ ਉਨ੍ਹਾਂ ਨੂੰ ਖਾਲਿਸਤਾਨੀਆਂ ਤੋਂ ਕਚਿਆਣ (ਡਿਸਗਸਟਿੰਗ) ਆਉਂਦੀ ਹੈ। ਕੀ ਇਹ ‘ਅਣਚਿਤਵੇ ਕਹਿਰ’ ਦਾ ਹਿੱਸਾ ਨਹੀਂ ਜਿਸ ਨੂੰ ਜਸਜੀਤ ਸਿੰਘ ਨੇ ਅਣਗੌਲਿਆਂ ਕਰ ਦਿੱਤਾ ਹੈ।
ਸ਼ ਜਸਜੀਤ ਸਿੰਘ ਨੇ ਸ਼ ਅਜਮੇਰ ਸਿੰਘ ਦੇ ਹੱਕ ਵਿਚ ਵੀਡੀਓ ਪੇਸ਼ ਕਰ ਕੇ ਇਹ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਅਜਮੇਰ ਸਿੰਘ ‘ਰਾਜ’ ਦੀ ਗੱਲ ਕਰਦੇ ਹਨ। ਅਖੇ, ਉਹ ਕਦੋਂ ਖਾਲਿਸਤਾਨ ਦਾ ਵਿਰੋਧ ਕਰ ਰਹੇ ਹਨ? ਜਸਜੀਤ ਸਿੰਘ ਜੀ! ਇਹੋ ਤਾਂ ਭੇਤ ਹੈ ਜੋ ਛੇਤੀ ਕੀਤਿਆਂ ਸਮਝ ਵਿਚ ਨਹੀਂ ਆਉਂਦਾ। ਉਹ ਇਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਰਾਜ ਦੀ ਗੱਲ ਦੇ ਨਾਲ ਹੀ ਇਕ ਦਮ ਸਵੈ-ਵਿਰੋਧਾਂ ਦਾ ਭਰਵਾਂ ਮੇਲਾ ਵੀ ਲਾ ਰਹੇ ਹਨ। ‘ਰਾਜ’ ਦੀ ਗੱਲ ਕਰਦਿਆਂ ਉਹ ਲੰਮੀਆਂ ਉਡੀਕਾਂ ਕਰਨ ਦਾ ਵੀ ਉਪਦੇਸ਼ ਦਿੰਦੇ ਰਹਿੰਦੇ ਹਨ, ਭਾਵੇਂ ਇਹ ਉਡੀਕ ਸੌ ਸਾਲ ਵੀ ਲੰਮੀ ਕਿਉਂ ਨਾ ਹੋ ਜਾਵੇ। ਨਾਲ ਹੀ ਨੇਸ਼ਨ ਸਟੇਟ ਦਾ ਵੀ ਭੋਗ ਪਾਉਂਦੇ ਹਨ। ਇਹ ਵੀ ਕਹਿੰਦੇ ਹਨ, ਪਈ ਖਾਲਿਸਤਾਨ ਸਿੱਖ ਧਰਮ ਨਹੀਂ ਹੈ, ਯਾਨਿ ਦੂਜੇ ਸ਼ਬਦਾਂ ਵਿਚ ਉਹ ਸਿੱਖ ਧਰਮ ਵਿਚੋਂ ਸੌਵਰੈਨਿਟੀ ਦੇ ਉਤਮ ਤੱਤ ਨੂੰ ਖਾਰਜ ਵੀ ਕਰਦੇ ਜਾ ਰਹੇ ਹਨ। ਰਾਜ ਕਿਵੇਂ ਕਰਨਾ ਹੈ, ਇਸ ਦੀਆਂ ਕੁਝ ਮਿਸਾਲਾਂ ਉਨ੍ਹਾਂ ਨੇ ਬੰਗਲੌਰ ਵਿਚ ਅਤੇ ਕੈਨੇਡਾ ਵਿਖੇ ਹਰਜਿੰਦਰ ਸਿੰਘ ਥਿੰਦ ਨਾਲ ਕੀਤੀ ਇੰਟਰਵਿਊ ਵਿਚ ਦਿੱਤੀਆਂ ਹਨ ਜਿਸ ਦਾ ਵਿਆਖਿਆ ਸਹਿਤ ਖੁਲਾਸਾ ਫਿਰ ਕਰਾਂਗੇ।
ਵੈਸੇ ਅਜਮੇਰ ਸਿੰਘ ਨੇ ਸੀਨੀਅਰ ਪੱਤਰਕਾਰ ਯਾਦਵਿੰਦਰ ਸਿੰਘ (ਕਰਫਿਊ) ਨਾਲ ਇੰਟਰਵਿਊ ਕਰ ਕੇ ਸੁੱਤੇ ਹੋਏ ਖਾਲਿਸਤਾਨੀਆਂ ਦੇ ਦਿਲਾਂ ਤੇ ਦਿਮਾਗਾਂ ਉਤੇ ਵੱਡਾ ਬੋਝ ਤਾਂ ਪਾ ਹੀ ਦਿੱਤਾ ਹੈ। ਜਸਜੀਤ ਸਿੰਘ ਵੀ ਇਸ ਬੋਝ ਤੋਂ ਖਹਿੜਾ ਨਹੀਂ ਛੁਡਾ ਸਕਣਗੇ। ਹੁਣ ਉਹ ਘੜੀ ਆਣ ਪਹੁੰਚੀ ਹੈ ਜਦੋਂ ਜਸਜੀਤ ਸਿੰਘ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਉਹ ਲਕੀਰ ਦੇ ਕਿਸ ਪਾਸੇ ਖੜ੍ਹੇ ਹਨ।