ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਘਰ ਦੀਆਂ ਬਰਕਤਾਂ ਦੀ ਵਾਰਤਾ ਸੁਣਾਈ ਹੈ। ਉਨ੍ਹਾਂ ਆਖਿਆ ਹੈ ਕਿ ਘਰ ਜਦੋਂ ਘਰ ਦੇ ਸਮੁੱਚੇ ਅਰਥਾਂ ‘ਚ ਸਾਡੀ ਜ਼ਿੰਦਗੀ ਦਾ ਹਿੱਸਾ ਬਣਦਾ ਏ ਤਾਂ ਉਹ ਸਾਡੀ ਝੋਲੀ ‘ਚ ਹਰ ਤਰ੍ਹਾਂ ਦੀਆਂ ਨਿਆਮਤਾਂ ਪਾਉਂਦਾ,
ਸਾਡੀ ਸਰਬ-ਸੁੱਖੀ ਖੁਸ਼ਹਾਲੀ ਦਾ ਸ਼ੁਭਚਿੰਤਕ ਬਣ ਜਾਂਦਾ ਏ। ਉਨ੍ਹਾਂ ਦਾ ਸਵਾਲ ਹੈ ਕਿ ਹੱਸਦੇ ਖੇਡਦੇ, ਰੁੱਸਦੇ, ਮੰਨਦੇ, ਵਸਦੇ ਜੀਆਂ ਤੋਂ ਬਗੈਰ, ਘਰ ਨੂੰ ਘਰ ਦੇ ਅਰਥ ਕਿਵੇਂ ਦੇਵੋਗੇ ਅਤੇ ਕੰਧਾਂ ਦੇ ਹੁੰਗਾਰੇ ਨੂੰ ਸੁਣਨ ਤੇ ਮਾਣਨ ਦੀ ਭਾਵਨਾ ਕਿਵੇਂ ਉਪਜੇਗੀ? ਉਹ ਆਖਦੇ ਹਨ, ਘਰ ਸੁਪਨ ਸਿਰਜਨ ਏ, ਸ਼ਾਂਤੀ-ਸਰੂਪ ਏ, ਪ੍ਰੇਮ ਦਾ ਦੂਤ ਏ, ਮੋਹ ਦਾ ਜਗਦਾ ਦੀਪ ਏ, ਸਾਂਝ ਦੀ ਨਿੱਘੀ ਬੁੱਕਲ ਏ, ਜ਼ਿੰਦਗੀ ਦਾ ਠਾਠਾਂ ਮਾਰਦਾ ਦਰਿਆ ਏ ਅਤੇ ਫਿਜ਼ਾ ‘ਚ ਖਿਲਰਿਆ ਚਾਅ ਏ। -ਸੰਪਾਦਕ
ਡਾæ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 647-702-5445
ਬਾਹਰਲੇ ਗੇਟ ਨੂੰ ਲੱਗਿਆ ਤਾਲਾ। ਗੇਟ ‘ਤੇ ਜੰਮੀ ਹੋਈ ਉਦਾਸੀ ਦੀ ਡੂੰਘੀ ਪਰਤ। ਕਿਸੇ ਦੇ ਕਦਮਾਂ ਨੂੰ ਉਡੀਕਦਿਆਂ, ਨੈਣਾਂ ‘ਚ ਛਾਇਆ ਸਦੀਆਂ ਜੇਡਾ ਉਨੀਂਦਰਾ। ਗੇਟ ਦੀ ਵਿਥਿਆ, ਇਕ ਕਰੁਣਾਮਈ ਸੱਚ। ਆਪਣਿਆਂ ਦੀ ਉਡੀਕ ‘ਚ ਖਾਰੇ ਪਾਣੀਆਂ ‘ਚ ਖੁਰੇ ਹੋਏ ਦੀਦੇ। ਗੇਟ ਹੇਠ ਦੀ ਖਿਸਕਾਈਆਂ ਅਖਬਾਰਾਂ ਆਦਿ ਦੀਆਂ ਛਿੱਦੀਆਂ ਹੋਈਆਂ ਕਾਤਰਾਂ, ਆਪਣੀ ਕਹਾਣੀ ਆਪ ਬਿਆਨਦੀਆਂ। ਜਾਨਵਰਾਂ ਦੀਆਂ ਵਿੱਠਾਂ, ਵੀਰਾਨਗੀ ਦੀ ਮੂੰਹ ਬੋਲਦੀ ਤਸਵੀਰ। ਗੇਟ ਉਪਰ ਦੀ ਝਾਤੀ ਮਾਰਿਆਂ ਲੱਗਦਾ, ਘਰ ਨਿਖੱਸਮੀ ਜੂਨ ਹੰਢਾਵੇ। ਕਦੇ ਚਹਿਕਦਾ ਬਗੀਚਾ, ਉਦਾਸ ਪਲਾਂ ਨੂੰ ਜਿਊਣ ਲਈ ਲਾਚਾਰ। ਸੋਚਦਾ ਏ, ਕਿੱਥੇ ਤੁਰ ਗਏ ਬੂਟਿਆਂ ਨਾਲ ਬੂਟੇ ਬਣੇ ਲੰਮੀ ਉਮਰ ਦੀ ਦੁਆ ਕਰਨ ਵਾਲੇ, ਕਿੱਥੇ ਰਹਿ ਗਈ ਰੀਝਾਂ ਦੀ ਪਟਾਰੀ, ਕਿਸ ਨੇ ਪਤਾ ਨਹੀਂ ਕਿੱਥੇ ਚੋਗ ਖਿਲਾਰੀ ਕਿ ਜ਼ਿੰਦਗੀ ਆਪਣੇ ਅਰਥਾਂ ਤੋਂ ਹਾਰੀ।
ਗਮ ‘ਚ ਡੁੱਬਿਆ ਘਰ, ਘਰ ਵਾਲਿਆਂ ਨੂੰ ਉਡੀਕਦਾ ਉਮਰੋਂ ਪਹਿਲਾਂ ਈ ਬੁੱਢ ਵਰੇਸ ਦੇ ਹਾਲ ਪਾਲਦਾ। ਘਰ ਦੀਆਂ ਸਿਸਕਦੀਆਂ ਕੰਧਾਂ ‘ਤੇ ਉਖੜਿਆ ਪਲੱਸਤਰ, ਉਨ੍ਹਾਂ ਹੱਥਾਂ ਦੀ ਉਡੀਕ ‘ਚ ਅੱਖਾਂ ਭਰਦਾ, ਜੋ ਉਸ ਦੀ ਅਉਧ ਨੂੰ ਚਿਰੰਜੀਵਤਾ ਬਖਸ਼ੇ। ਘਰ ਵਾਲਿਆਂ ਤੋਂ ਬਗੈਰ, ਘਰ ਆਪਣੀ ਹੋਂਦ ਨੂੰ ਕਿਵੇਂ ਚਿਤਵ ਸਕਦਾ ਏ। ਵੀਰਾਨਗੀ ਤੇ ਬੇਗਾਨਗੀ ‘ਚ ਡੁੱਬਿਆ ਘਰ, ਦਸਤਕ ਦੇਣ ਵਾਲੇ ਦੇ ਗਲ ਲਗ ਰੋਣ ਲੱਗ ਪਿਆ।
ਇਕੱਲੀਆਂ ਕੰਧਾਂ ਘਰ ਨੂੰ ਤਾਮੀਰ ਨਹੀਂ ਕਰਦੀਆਂ। ਬੂਹੇ-ਬਾਰੀਆਂ, ਰੋਸ਼ਨਦਾਨ ਆਦਿ ਰਲ ਕੇ ਕਮਰੇ ਨੂੰ ਸਿਰਜਦੇ ਅਤੇ ਜਿਊਣ ਜੋਗੇ ਹੀ ਕਮਰਿਆਂ ਨੂੰ ਘਰ ਦਾ ਰੁਤਬਾ ਦਿੰਦੇ।
ਘਰ ਬਣਾਉਣਾ ਹੈ ਤਾਂ ਕਦੇ ਬਿਜੜੇ ਵੰਨੀਂ ਦੇਖਿਉ। ਪਰ ਭੁੱਲ ਕੇ ਵੀ ਕਦੇ ਕਾਂ ਦੀ ਰੀਸ ਨਾ ਕਰਿਉ ਜਿਹੜਾ ਆਪਣਾ ਆਲ੍ਹਣਾ ਬਣਾਉਣ ਲਈ ਹੋਰਨਾਂ ਦੇ ਆਲ੍ਹਣੇ ਢਾਹੁੰਦਾ ਏ ਅਤੇ ਨਾ ਹੀ ਕੋਇਲ ਦੀ ਰੀਸ ਕਰਿਉ ਜੋ ਆਪਣੇ ਆਂਡੇ ਕਾਂ ਦੇ ਆਲ੍ਹਣੇ ‘ਚ ਰੱਖ ਬੱਚੇ ਪੈਦਾ ਕਰਦੀ ਹੈ।
ਘਰ ਦੋ ਅੱਖਰਾਂ ਦਾ ਜੋੜ ਨਹੀਂ। ਇਹ ਦੋ ਜਿਸਮ, ਇਕ ਜਾਨ ਦਾ ਸੰਕਲਪ ਏ, ਮਨੁੱਖੀ ਹੋਂਦ ਦੀ ਨੀਂਹ ਏ, ਪਰਿਵਾਰਕ ਸ਼ੁਰੂਆਤ ਦਾ ਸ਼ੁਭ ਸ਼ਗਨ ਏ, ਇਕ ਦੂਜੇ ਦੇ ਸਾਹੀਂ ਜਿਉਣ ਦੀ ਅਗਨ ਏ, ਜੀਵਨ ਦੇ ਸੁਚਾਰੂ ਮੁੱਲਾਂ ਨੂੰ ਅਪਨਾਉਣ ਦੀ ਲਗਨ ਏ ਅਤੇ ਆਪਣੀ ਹਸਤੀ ਨੂੰ ਮਿਟਾ ਕੇ, ਦੂਸਰਿਆਂ ‘ਚੋਂ ਹੀ ਆਪਾ ਭਾਲਣ ਦਾ ਧਰਮ ਏ।
ਘਰ ਸਮਾਜ ਦੀ ਉਹ ਇਕਾਈ ਏ ਜਿਸ ਦੇ ਬਗੈਰ ਸਮਾਜ ਸਿਰਜਣਾ ਕਿਵੇਂ ਕਿਆਸੋਗੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦਿਲਾਸਾ ਦਿਓਗੇ ਅਤੇ ਭਵਿੱਖ ਦੀਆਂ ਮਾਸੂਮ ਮੁਸਕੜੀਆਂ ਦੀ ਤਲੀ ‘ਤੇ ਕੀ ਧਰੋਗੇ?
ਹਰ ਕੋਈ ਆਪਣੇ ਸੁਪਨਿਆਂ ਦਾ ਘਰ ਬਣਾਉਣਾ ਲੋਚਦਾ ਏ। ਕੋਈ ਮਹਿਲਨੁਮਾ ਘਰ ਦਾ ਤਸੱਵਰ ਕਰਦਾ ਏ। ਕੋਈ ਕੁੱਲੀ ‘ਚੋਂ ਹੀ ਸਕੂਨ ਤਲਾਸ਼ੀ ਦਾ ਮੁੱਢ ਸਿਰਜਦਾ ਏ ਅਤੇ ਕੁੱਲੀ ‘ਚੋਂ ਹੀ ਛੱਜੂ ਦੇ ਚੁਬਾਰੇ ਵਾਂਗ ਬਲਖ ਤੇ ਬੁਖਾਰੇ ਦਾ ਅਨੰਦ ਮਾਣਦਾ ਏ। ਕਿਸੇ ਲਈ ਬੁਨਿਆਦੀ ਸੁੱਖ-ਸਹੂਲਤਾਂ ਦੀ ਬਹੁਤਾਤ, ਸੁਖਾਵੇਂ ਘਰ ਲਈ ਬੇਹਦ ਜ਼ਰੂਰੀ ਏ ਅਤੇ ਕਈ ਆਪਣੇ ਪਰਿਵਾਰਕ ਜੀਆਂ ਦੇ ਆਪਸੀ ਮੋਹ-ਮੁਹੱਬਤ ‘ਚੋਂ ਹੀ ਘਰ ਦੇ ਸੁੱਚੇ ਅਰਥਾਂ ਦੀ ਜਗਿਆਸਾ ਸੰਪੂਰਨ ਕਰਦੇ ਨੇ। ਇਹ ਤਾਂ ਮਨੁੱਖੀ ਸੋਚ, ਉਸ ਦੇ ਨਜ਼ਰੀਏ ਤੇ ਉਸ ਦੀਆਂ ਜੀਵਨ ਉਚੇਚਾਂ ਨੇ ਨਿਰਧਾਰਤ ਕਰਨਾ ਹੈ ਕਿ ਘਰ ਕਿਹੋ ਜਿਹਾ ਹੋਵੇ।
ਤੀਲੇ ਇਕੱਠੇ ਕਰਕੇ ਲਿਆਉਂਦੇ ਪਰਿੰਦੇ ਦੇ ਮਨ ‘ਚ ਵੱਸਿਆ ਹੁੰਦਾ ਏ ਨਿੱਕਾ ਜਿਹਾ ਸੁਪਨ-ਸੰਸਾਰ, ਆਪਣੇ ਸਾਥੀ ਨਾਲ ਦੁੱਖ-ਸੁੱਖ ‘ਚ ਨਿਭਦਾ ਸਾਹਾਂ ਦਾ ਇਕਰਾਰ, ਬੋਟਾਂ ਦੀ ਗੁੱਟਕਣੀ ‘ਚੋਂ ਡਲਕਦਾ ਨਿਰਛੱਲ ਪਿਆਰ ਅਤੇ ਇਕ-ਦੂਜੇ ਦੇ ਸਾਹਾਂ ‘ਚ ਮਹਿਕਾਂ ਰਚਾਉਣ ਦਾ ਇਸਰਾਰ। ਕਦੇ ਤੁਸੀਂ ਪੰਛੀ ਦੇ ਆਲ੍ਹਣੇ ਦੇ ਨੇੜੇ ਜਾ ਕੇ ਆਲ੍ਹਣੇ ਨੂੰ ਛੇੜ ਕੇ ਦੇਖਿਓ, ਰੋਂਦੇ ਤੇ ਕੁਰਲਾਂਦੇ ਪੰਛੀ ਦੀ ਹੂਕ ਅੰਬਰ ਚੀਰਦੀ ਏ ਅਤੇ ਕਈ ਵਾਰ ਉਹ ਹਮਲਾਵਰ ਨੂੰ ਚੁੰਝਾਂ ਨਾਲ ਜ਼ਖਮੀ ਵੀ ਕਰ ਦਿੰਦੇ ਨੇ।
ਜਦੋਂ ਅਸੀਂ ਘਰ ਦੇ ਰੂ-ਬਰੂ ਹੁੰਦੇ ਹਾਂ ਤਾਂ ਘਰ ਦੀ ਹਰ ਚੀਜ਼ ਨਾਲ ਜੁੜੇ ਅਹਿਸਾਸ ਸਾਡੇ ‘ਤੇ ਭਾਰੂ ਹੋ ਜਾਂਦੇ ਨੇ। ਕਿੰਨੇ ਵੱਖੋ-ਵੱਖਰੇ ਧੰਦਿਆਂ ਦੇ ਲੋਕਾਂ ਨਾਲ ਪੈਂਦਾ ਏ ਵਾਹ, ਹਰ ਇੱਕ ‘ਚ ਉਪਜਾਉਣਾ ਪੈਂਦਾ ਏ ਕੰਮ ਕਰਨ ਲਈ ਉਤਸ਼ਾਹ ਅਤੇ ਉਨ੍ਹਾਂ ਦੇ ਮਨਾਂ ‘ਚ ਘਰ ਉਸਾਰਨ ਦਾ ਚਾਅ। ਇੱਕ ਲੰਮਾ ਪੈਂਡਾ ਹੈ, ਘਰ ਦੀ ਮੰਜ਼ਿਲ ‘ਤੇ ਪਹੁੰਚਣ ਦਾ।
ਘਰ ਸਭ ਨੂੰ ਪਿਆਰਾ ਹੁੰਦਾ ਏ। ਤਾਹੀਉਂ ਤਾਂ ਪੰਛੀ ਦਿਨ ਢਲਦਿਆਂ ਹੀ ਘਰਾਂ ਨੂੰ ਪਰਤਦੇ ਨੇ, ਆਦਮੀ ਦੁਨਿਆਵੀ ਝਮੇਲਿਆਂ ਦਾ ਉਕਤਾਇਆ, ਸਕੂਨ ਦੀ ਤਲਾਸ਼ ‘ਚ ਘਰ ਵੱਲ ਨੂੰ ਦੌੜਦਾ ਏ, ਪਰਦੇਸੀ ਆਪਣੇ ਵਤਨ ਦੀ ਮਿੱਟੀ ਨੂੰ ਸਹਿਕਦਾ ਘਰ ਨੂੰ ਸਿਜਦਾ ਕਰਨ ਵਤਨਾਂ ਵੰਨੀ ਉਡਾਣ ਭਰਦਾ ਏ।
ਸਾਰੀ ਉਮਰ ਲੱਗੇ ਰਹੋ, ਘਰ ਕਦੀ ਸੰਪੂਰਨ ਨਹੀਂ ਹੁੰਦਾ। ਤੁਸੀਂ ਜਿੰਨੇ ਮਰਜ਼ੀ ਪੈਸੇ ਖਰਚ ਸਕਦੇ ਹੋ, ਜਿੰਨੇ ਮਰਜ਼ੀ ਵੱਡੇ ਕਮਰੇ ਅਤੇ ਕਮਰੇ ਵਿਚਲੀਆਂ ਸਹੂਲਤਾਂ ਦਾ ਵਿਸਥਾਰ ਕਰ ਸਕਦੇ ਹੋ। ਇਹ ਤਾਂ ਤੁਹਾਡੀ ਸਮਰੱਥਾ, ਤੁਹਾਡੀ ਪਹੁੰਚ ਤੇ ਤੁਹਾਡੀ ਮਾਨਸਿਕ ਸੰਤੁਸ਼ਟੀ ‘ਤੇ ਹੀ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਘਰ ਬਣਾਉਂਦੇ ਹੋ। ਜੇ ਘਰ ਦੇ ਅਰਥ ਹੋਣ, ਮਹਿਲ ਵਰਗੇ ਘਰ ਦੇ ਗੇਟ ‘ਤੇ ਦਰਬਾਨ, ਵੱਡਾ ਸਾਰਾ ਲਾਅਨ, ਲਾਅਨ ‘ਤੇ ਪਏ ਮੇਜ਼ ਉਤੇ ਕੁੱਤਿਆਂ ਦੇ ਬਿਸਕੁਟ ਤੋਂ ਲੈ ਕੇ ਖਾਣ-ਪੀਣ ਦਾ ਸਾਰਾ ਸਾਮਾਨ। ਪਰ ਖੱਖੜੀਆਂ ਹੋ ਕੇ ਬੈਠਾ ਪਰਿਵਾਰ, ਮਨਾਂ ‘ਚ ਤਿੜਕੇ ਸੁਪਨਿਆਂ ਦਾ ਸੰਸਾਰ, ਰੋਂਦੇ ਬੋਲਾਂ ਦੀ ਗੁਫਤਾਰ ਤੇ ਮਸਨੂਈ ਮੁਸਕਾਨ ਦੀ ਮਰਨ-ਮਿੱਟੀ ਢੋਂਦੇ ਸੰਸਕਾਰ ਅਤੇ ਆਪਣੇ ਘਰ ‘ਚ ਗੈਰਹਾਜ਼ਰ ਮਨੁੱਖ ਦਾ ਤ੍ਰਿਸਕਾਰ। ਤਾਂ ਘਰ, ਘਰ ਕਹਾਉਣ ਦਾ ਹੱਕ ਵੀ ਗੁਆ ਬੈਠਦਾ ਏ।
ਘਰ, ਘਰਦਿਆਂ ਦੇ ਸਾਹੀਂ ਜਿਊਂਦਾ ਏ, ਉਨ੍ਹਾਂ ਦੇ ਹਾਸੇ ‘ਚ ਸ਼ਾਮਿਲ ਹੁੰਦਾ ਏ, ਉਨ੍ਹਾਂ ਨਾਲ ਰਲ ਕੇ ਕਿੱਕਲੀ ਪਾਉਂਦਾ ਏ, ਖੁਸ਼ੀਆਂ-ਖੇੜਿਆਂ ਦਾ ਤਿਉਹਾਰ ਬਣਦਾ ਏ। ਸਾਡੇ ਗਮਾਂ ‘ਚ ਸ਼ਰੀਕ ਹੋ, ਸਾਡੀ ਦੁੱਖਦੀ ਅੱਖ ਦਾ ਪਾਣੀ ਵੀ ਚੂਸਦਾ ਏ ਤੇ ਮੁੱਖੜੇ ਤੋਂ ਰੁੱਸ ਗਈ ਸੰਦਲੀ ਭਾਅ ਮੋੜ ਕੇ ਲਿਆਉਂਦਾ ਏ। ਸਾਡੇ ਥੱਕੇ ਹੋਏ ਕਦਮਾਂ ‘ਚ ਨਵਾਂ ਜੋਸ਼ ਭਰਦਾ ਏ, ਸਾਡੀ ਆਮਦ ‘ਤੇ ਤਲੀਆਂ ਉਤੇ ਦੀਪ ਧਰਦਾ ਏ, ਪੀੜ ਹਰਦਾ ਏ ਅਤੇ ਜ਼ਖਮੀ ਹਾਸਿਆਂ ‘ਤੇ ਮੋਹ ਦੀ ਮਿੱਠੀ ਮਿੱਠੀ ਟਕੋਰ ਕਰਦਾ ਏ। ਘਰ ਸਾਨੂੰ ਗਲ ਨਾਲ ਲਾਉਂਦਾ, ਹਿੱਚਕੀਆਂ ਦੀ ਹੂਕ ਪੁਣ ਲੈਂਦਾ ਏ ਅਤੇ ਰੁਆਸੇ ਚਿਹਰੇ ‘ਤੇ ਚਾਵਾਂ ਦੀ ਸਰਘੀ ਖੁਣ ਦੇਂਦਾ ਏ। ਸਾਡੀਆਂ ਲੋੜਾਂ ਤੇ ਥੁੜ੍ਹਾਂ ਦੀ ਪੂਰਤੀ ਦਾ ਜਿੰਮਾ ਆਪਣੇ ਸਿਰ ਲੈਂਦਾ, ਸਾਡੀਆਂ ਸੰਭਾਵਨਾਵਾਂ ਨੂੰ ਵੀ ਸੰਪੂਰਨਤਾ ਦਾ ਜਾਗ ਲਾਉਂਦਾ ਏ।
ਘਰ ਉਹ ਮੁਕੱਦਸ ਜਗ੍ਹਾ ਏ, ਜਿਥੇ ਸਾਡੀਆਂ ਰੀਝਾਂ ਪ੍ਰਵਾਨ ਚੜ੍ਹੀਆਂ, ਸੁਪਨਿਆਂ ਨੂੰ ਸੂਹਾ ਰੰਗਣ ਚੜ੍ਹਿਆ, ਸਫਲਤਾਵਾਂ ਦਾ ਪੱਲੂ ਘੁੱਟ ਕੇ ਫੜਿਆ ਅਤੇ ਹਰ ਤਰ੍ਹਾਂ ਦੀਆਂ ਵਿਸੰਗਤੀਆਂ ਸੰਗ, ਸਾਡਾ ਆਪਾ ਲੜਿਆ।
ਘਰ ਜਦੋਂ ਘਰ ਦੇ ਸਮੁੱਚੇ ਅਰਥਾਂ ‘ਚ ਸਾਡੀ ਜ਼ਿੰਦਗੀ ਦਾ ਹਿੱਸਾ ਬਣਦਾ ਏ ਤਾਂ ਉਹ ਸਾਡੀ ਝੋਲੀ ‘ਚ ਹਰ ਤਰ੍ਹਾਂ ਦੀਆਂ ਨਿਆਮਤਾਂ ਪਾਉਂਦਾ, ਸਾਡੀ ਸਰਬ-ਸੁੱਖੀ ਖੁਸ਼ਹਾਲੀ ਦਾ ਸ਼ੁਭਚਿੰਤਕ ਬਣ ਜਾਂਦਾ ਏ।
ਹੱਸਦੇ ਖੇਡਦੇ, ਰੁੱਸਦੇ, ਮੰਨਦੇ, ਵਸਦੇ ਜੀਆਂ ਤੋਂ ਬਗੈਰ, ਘਰ ਨੂੰ ਘਰ ਦੇ ਅਰਥ ਕਿਵੇਂ ਦੇਵੋਗੇ ਅਤੇ ਕੰਧਾਂ ਦੇ ਹੁੰਗਾਰੇ ਨੂੰ ਸੁਣਨ ਤੇ ਮਾਣਨ ਦੀ ਭਾਵਨਾ ਕਿਵੇਂ ਉਪਜੇਗੀ?
ਸ਼ੱਕ, ਕਲੇਸ਼, ਬੇਵਿਸ਼ਵਾਸੀ ਤੇ ਪਾਪ ਨੂੰ ਮਨਾਂ ‘ਚ ਪਾਲਣ ਵਾਲੇ ਘਰ ਦੇ ਸਿਰਜਣਹਾਰੇ ਨਹੀਂ ਹੋ ਸਕਦੇ ਅਤੇ ਜੇ ਘਰ ਦਾ ਭਰਮ ਪਾਲ ਵੀ ਲੈਣ ਤਾਂ ਅਜਿਹਾ ਘਰ ਬੜੀ ਜਲਦੀ ਆਪਣੀ ਹੋਂਦ ਗਵਾ ਬਹਿੰਦਾ।
ਘਰੋਂ, ਬੇਘਰੇ ਹੋ ਕੇ ਬੇਗਾਨਗੀ ‘ਚ ਵਿਚਰਦਿਆਂ ਨੂੰ, ਘਰ ਦੇ ਅਸਲੀ ਅਰਥਾਂ ਦਾ ਪਤਾ ਹੁੰਦਾ ਏ। ਸੰਤਾਲੀ ਜਾਂ ਚੌਰਾਸੀ ਦੇ ਉਜਾੜੇ ਦੌਰਾਨ, ਬੇਘਰਿਆਂ ਦੀ ਹੂਕ ਦੀ ਕਰੂਰ ਯਾਦ, ਜਦੋਂ ਵੀ ਦਸਤਕ ਦਿੰਦੀ ਏ ਤਾਂ ਵਖਤ ਦੇ ਸਤਾਇਆਂ ‘ਤੇ ਆਪਣਿਆਂ ਦਾ ਢਾਹਿਆ ਕਹਿਰ, ਬਣਦਾ ਏ ਖਾਰੇ ਪਾਣੀਆਂ ਦੀ ਨਹਿਰ। ਪਰਵਾਸੀ ਨੂੰ ਜਦੋਂ ਘਰ ਦੀ ਯਾਦ ਸਤਾਉਂਦੀ ਏ, ਤਾਂ ਉਸ ਦੀ ਸੋਚ ਉਡਾਰੀ, ਘਰ ਦਾ ਸਵਰਗ ਲੋਚਦੀ, ਘਰੋਂ ਬਾਹਰਿਆਂ ਦੀ ਜੂਨ ਹੰਢਾਉਣ ਲਈ ਮਜਬੂਰੀ ਦਾ ਪੱਲੂ ਪਕੜਦੀ ਏ। ਕਦੇ ਮੇਲੇ ‘ਚ ਗੁਆਚੇ ਬਾਲ ਦੇ ਬੁੱਲ੍ਹਾਂ ‘ਤੇ ‘ਘਰ ਜਾਣ’ ਦਾ ਵਾਸਤਾ ਸੁਣਿਓ, ਤੁਹਾਡੇ ਲਈ ‘ਘਰ’ ਦੇ ਅਰਥ ਹੀ ਬਦਲ ਜਾਣਗੇ।
ਮਾਂ-ਪਿਓ, ਮੀਆਂ-ਬੀਵੀ, ਪੁੱਤਰ-ਧੀਆਂ, ਭੈਣ-ਭਰਾ ਆਦਿ ਰਲ ਕੇ ਘਰ ਨੂੰ ਸਿਰਜਦੇ ਨੇ। ਜਦੋਂ ਕਿਸੇ ਰਿਸ਼ਤੇ ‘ਚ ਤਰੇੜ ਪੈਂਦੀ ਏ ਤਾਂ ਘਰ ਪੂਰੀ ਸਮਰੱਥਾ ਨਾਲ ਉਸ ਕੁੜਿਤਣ ਨੂੰ ਦੂਰ ਕਰ, ਤਰੇੜੇ ਰਿਸ਼ਤਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰਦਾ ਏ। ਪਰ ਜੇਕਰ ਕਿਧਰੇ ਘਰ ਬੇਬਸ ਹੋ ਜਾਵੇ ਅਤੇ ਰਿਸ਼ਤਿਆਂ ‘ਚ ਹੋਰ ਜ਼ਹਿਰ ਭਰ ਜਾਵੇ ਤਾਂ ਘਰ ਆਪਣੀ ਹੋਣੀ ‘ਤੇ ਝੂਰਦਾ, ਹੁੱਬਕੀਂ ਰੋਂਦਾ ਏ। ਘਰ ਅੱਥਰੂਆਂ ਨੂੰ ਆਪੇ ਵਿਚ ਜੀਰਦਾ, ਆਪਣੀ ਕਬਰ ਪੁੱਟਣ ਲੱਗ ਪੈਂਦਾ ਏ।
ਘਰ ਨੂੰ ਕਦੇ ਤਰਸ ਦਾ ਪਾਤਰ ਨਾ ਬਣਾਓ। ਘਰ ਤਾਂ ਤੁਹਾਡੀ ਹੋਂਦ ਦਾ ਜਾਮਨ ਏ, ਤੁਹਾਡਾ ਉਹ ਅੰਗ ਏ ਜਿਸ ਦੇ ਬਿਨਾ ਤੁਸੀਂ ਆਪਣੀ ਹੋਂਦ ਕਿੱਥੋਂ ਥਿਆਵੋਗੇ ਅਤੇ ਜੀਵਨ ਵਿਹੜੇ ਬਹਾਰਾਂ ਦੀ ਆਮਦ ਨੂੰ ਕਿੰਜ ਉਡੀਕੋਗੇ?
ਘਰ ਦੇ ਲੇਖਾਂ ਨੂੰ ਗੰਧਲਾ ਨਾ ਕਰੋ, ਇਨ੍ਹਾਂ ਨੂੰ ਚਲਾਕੀਆਂ, ਬੇਈਮਾਨੀਆਂ, ਠੱਗੀਆਂ ਤੇ ਝੂਠ ਦੇ ਭਵਸਾਗਰ ‘ਚ ਨਾ ਡੋਬੋ ਅਤੇ ਨਾ ਹੀ ਇਸ ਦੇ ਮੱਥੇ ‘ਤੇ ਨਮੋਸ਼ੀ ਦਾ ਟਿੱਕਾ ਲਾਓ।
ਘਰ ਨੂੰ ਘਰ ਹੀ ਰਹਿਣ ਦਿਓ। ਇਸ ਨੂੰ ਮੰਦਿਰ, ਗੁਰਦੁਆਰਾ ਜਾਂ ਮਸਜਿਦ ਨਾ ਬਣਾਓ, ਕਿਉਂਕਿ ਇਹ ਨਹੀਂ ਚਾਹੁੰਦਾ ਕਿ ਇਸ ਦੀ ਹਦੂਦ ‘ਚ ਵੀ ਮਖੌਟਿਆਂ ਦੀ ਪਰੰਪਰਾ ਚਲਾਈ ਜਾਵੇ। ਨਾ ਹੀ ਇਹ ਚਾਹੁੰਦਾ ਹੈ ਕਿ ਇਸ ਦੀ ਫਿਜ਼ਾ ਨੂੰ ਗੰਧਲਾ ਕੀਤਾ ਜਾਵੇ ਕਿਉਂਕਿ ਨਿਰਛੱਲ, ਮਾਸੂਮ ਘਰ ਦੀ ਪੌਣ ਤਾਂ ਅਪਣੱਤ, ਮੋਹ ਤੇ ਜਿੰਦਵਾਰੂ ਭਾਵਨਾਵਾਂ ਦੀ ਜੋਤ ਨੂੰ ਪ੍ਰਚੰਡ ਕਰਨਾ ਲੋਚਦੀ ਏ ਤਾਂ ਕਿ ਚੁਫੇਰੇ ਚਾਨਣ ਤਰੌਂਕਿਆ ਜਾਂਦਾ ਰਹੇ।
ਘਰ ‘ਚ ਸੁਪਨਿਆਂ ਦੇ ਬੀਜ ਪੁੰਗਰਦੇ ਨੇ, ਉਨ੍ਹਾਂ ‘ਤੇ ਬਹਾਰ ਆਉਂਦੀ ਏ ਅਤੇ ਉਸ ‘ਚੋਂ ਅਸੀਂ ਜ਼ਿੰਦਗੀ ਦੀ ਸੰਪੂਰਨਤਾ ਦੇ ਅਰਥਾਂ ਦੀ ਨਿਸ਼ਾਨਦੇਹੀ ਕਰਦੇ ਹਾਂ।
ਘਰ, ਬੁੱਕਲ ਦਾ ਨਿੱਘ ਹੈ, ਜਿਸ ਤੋਂ ਬਿਨਾ ਪੋਹ ਦੀਆਂ ਯੱਖ ਰਾਤਾਂ, ਮਨੁੱਖ ਨੂੰ ਬੁੱਤ ਬਣਾ ਦਿੰਦੀਆਂ ਨੇ।
ਘਰ ਦੇ ਵਿਹੜੇ ਵਿਚ ਬੋਲਾਂ ਦੀ ਰਿਮਝਿਮ ਨਾਲ ਜੀਵਨ ਮੌਲਦਾ ਏ, ਮਨ ਉਚੇ ਅੰਬਰਾਂ ਲਈ ਪਰ ਤੋਲਦਾ ਏ ਅਤੇ ਹਰ ਜੀਅ ਉਚੇਚੇ ਨਿਸ਼ਾਨਿਆਂ ਲਈ ਅਹੁਲਦਾ ਏ।
ਘਰ ਦੇ ਵਿਹੜੇ ‘ਚ ਜਦੋਂ ਢੋਲ ਵੱਜਦਾ ਏ ਤਾਂ ਉਸ ਦੇ ਪੈਰਾਂ ‘ਚ ਨੱਚਣ ਦਾ ਚਾਅ ਮਚਲਦਾ ਏ। ਢੋਲਕੀ ਦੀ ਤਾਲ ‘ਚ ਪੈਂਦੀਆਂ ਬੋਲੀਆਂ, ਗਾਏ ਜਾਂਦੇ ਸੁਹਾਗ ਤੇ ਘੋੜੀਆਂ, ਨੱਚ-ਨੱਚ ਕੇ ਪੁੱਟਿਆ ਵਿਹੜਾ ਘਰ ਦਾ ਧੰਨ-ਭਾਗ ਬਣਦਾ ਏ।
ਘਰ ਚਾਹੁੰਦਾ ਏ ਕਿ ਇਸ ਦੇ ਦਰੀਂ ਸ਼ਗਨਾਂ ਦੇ ਤੇਲ ਚੋਏ ਜਾਂਦੇ ਰਹਿਣ, ਪਾਣੀ ਡੋਲ੍ਹੇ ਜਾਂਦੇ ਰਹਿਣ ਅਤੇ ਇਸ ਦੇ ਬਨੇਰਿਆਂ ‘ਤੇ ਚਾਵਾਂ ਦੀਆਂ ਮੋਮਬੱਤੀਆਂ ਜਗਦੀਆਂ ਰਹਿਣ।
ਘਰ ਦੇ ਬਾਸ਼ਿੰਦੇ ਵੱਲੋਂ ਸਿਰਜੀ ਹੋਈ ਪਛਾਣ ਘਰ ਦੀ ਹੀ ਪਛਾਣ ਹੁੰਦੀ ਏ। ਉਹ ਪਛਾਣ ਜਿਸ ‘ਤੇ ਘਰ ਨਾਜ਼ ਕਰਦਾ ਏ ਜਾਂ ਸ਼ਰਮਸਾਰ ਹੁੰਦਾ ਏ। ਘਰ ਉਹ ਪੀਹੜਾ ਏ ਜਿੱਥੇ ਬੈਠ ਕੇ ਸੱਭਿਅਤਾ ਪ੍ਰਫੁਲਿਤ ਹੁੰਦੀ ਏ, ਵਿਰਸਾ ਵਿਗਸਦਾ ਏ, ਨਵੀਂਆਂ ਜੀਵਨ ਜਾਚਾਂ ਤੇ ਜੀਵਨ ਸ਼ੈਲੀਆਂ ਦਾ ਮੁਹਾਂਦਰਾ ਨਿਖਰਦਾ ਏ, ਨਵੇਂ ਵਿਚਾਰ ਪ੍ਰਵਾਨ ਚੜ੍ਹਦੇ ਨੇ, ਜ਼ਿੰਦਗੀ ਨੂੰ ਕਦਰਾਂ-ਕੀਮਤਾਂ ਦੀ ਰਹਿਨੁਮਾਈ ਪ੍ਰਾਪਤ ਹੁੰਦੀ ਏ, ਜੀਵਨ ਦੇ ਪੈਂਡਿਆਂ ਦੀ ਅਗਵਾਈ ਹੁੰਦੀ ਏ ਅਤੇ ਇਸ ਦੇ ਵਿਹੜੇ, ਰਸਮਾਂ-ਰਿਵਾਜ਼ਾਂ ਦੀ ਰੁਸ਼ਨਾਈ ਹੁੰਦੀ ਏ।
ਘਰ ਦੀ ਕੁੱਖ, ਆਪਣਿਆਂ ਦੀਆਂ ਖੈਰਾਂ ਮਨਾਉਂਦੀ, ਉਨ੍ਹਾਂ ਦੀਆਂ ਸਫਲਤਾਵਾਂ ਦੇ ਸੂਰਜਾਂ ਨੂੰ ਨਮਸਕਾਰਦੀ, ਉਨ੍ਹਾਂ ਦੀ ਚੰਗੇਰੀ ਸਿਹਤ ਲਈ ਸ਼ੁਭ-ਕਾਮਨਾਵਾਂ ਮੰਗਦੀ, ਆਪਣੇ-ਆਪ ਨੂੰ ਸੁਲੱਖਣੀ ਸਮਝਦੀ ਏ।
ਘਰ ਵੜਦਿਆਂ ਹੀ ਘਰ ਦੀ ਹਰ ਚੀਜ਼ ਤੁਹਾਨੂੰ ਮੂਕ-ਭਾਸ਼ਾ ‘ਚ ਜੀ ਆਇਆਂ ਕਹਿੰਦੀ, ਤੁਹਾਡੀ ਘਰ ਵਾਪਸੀ ਦਾ ਸ਼ੁਕਰਾਨਾ ਅਦਾ ਕਰਦੀ, ਤੁਹਾਡੀ ਚੰਗਿਆਈ ‘ਚੋਂ ਹੀ ਆਪਣੀ ਪਕਿਆਈ ਦੀ ਆਸ ਕਰਦੀ ਏ ਕਿਉਂਕਿ ਜੇ ਘਰ ਵਾਲੇ ਹੀ ਨਾ ਰਹਿਣ ਤਾਂ ਘਰ ਅਤੇ ਘਰ ਦੀਆਂ ਚੀਜ਼ਾਂ ਦੀ ਕੀ ਸਾਰਥਿਕਤਾ ਰਹਿ ਜਾਵੇਗੀ?
ਆਪਸ ਵਿਚ ਇਕਮਿਕ ਹੋਇਆ ਆਤਮ-ਵਿਸ਼ਵਾਸੀ ਪਰਿਵਾਰ, ਤਮਾਮ ਤਲਖੀਆਂ ਹੰਢਾਉਂਦਾ, ਘਰ ਦੇ ਸੰਦਰਭ ਨੂੰ ਰਤਾ ਵੀ ਆਂਚ ਨਹੀਂ ਆਉਣ ਦਿੰਦਾ। ਕਠੋਰ ਹਾਲਤਾਂ ‘ਚ ਮਨੁੱਖ ਨੂੰ ਘਰ ਦੀ ਸਥਿਰਤਾ ਤੇ ਸਦੀਵਤਾ ਦਾ ਅਹਿਸਾਸ ਬਹੁਤ ਤੀਬਰਤਾ ਨਾਲ ਹੁੰਦਾ ਏ, ਜਦੋਂ ਹਰ ਪਾਸੇ ਤੋਂ ਧਿਰਕਾਰਿਆ ਤੇ ਤਿੜਕਿਆ ਮਨੁੱਖ ਘਰ ਦੇ ਆਗੋਸ਼ ‘ਚੋਂ ਜਿਊਣ ਦਾ ਆਸਰਾ ਭਾਲਦਾ ਏ।
ਘਰ ਕਦੇ ਵੀ ਬੇਆਸ ਨਹੀਂ ਕਰਦਾ। ਤੁਸੀਂ ਕਿੰਨੇ ਵੀ ਨਿਰਾਸ਼ ਹੋਵੋ, ਸਮਾਜ ਦੀਆਂ ਬੇਇਨਸਾਫੀਆਂ ਦਾ ਸ਼ਿਕਾਰ ਹੋਵੋ, ਘਰ ਵੜਦਿਆਂ ਹੀ ਆਸ ਦੀ ਇਕ ਕਿਰਨ ਤੁਹਾਡੇ ਮਿਜਾਜ ਨੂੰ ਸੁਰਖ ਰੰਗਾਂ ‘ਚ ਬਦਲ ਦਿੰਦੀ ਏ।
ਘਰ ਦੇ ਬਨੇਰਿਆਂ ‘ਤੇ ਬੋਲਦਾ ਕਾਂ, ਵਸਦੇ ਘਰਾਂ ਦਾ ਨਾਂ, ਕਿਸੇ ਦੀ ਆਮਦ ਲਈ ਮਨ ਦੇ ਵਿਹੜੇ ਨੂੰ ਮੋਕਲਾ ਕਰ, ਆਉਣ ਵਾਲੇ ਦੇ ਰਾਹਾਂ ‘ਚ ਉਡੀਕ ਦਾ ਦੀਪਕ ਜਗਾਉਂਦਾ ਏ। ਘਰ ਦੇ ਖੁੱਲ੍ਹੇ ਬੂਹੇ, ਖੁੱਲ੍ਹੇ ਦਿਲਾਂ ਦੀ ਤਰਜਮਾਨੀ ਕਰਦੇ, ਹਰ ਆਉਣ ਵਾਲੇ ਲਈ ਤਾਬਿਆਦਾਰੀ ਦਾ ਸਬੱਬ ਬਣਦੇ ਨੇ। ਇਸੇ ਲਈ ਤਾਂ ਬੰਦ ਦਰਵਾਜ਼ੇ, ਕਿਸੇ ਦੀ ਦਸਤਕ ਲਈ ਵੀ ਤਰਸ ਜਾਂਦੇ ਨੇ।
ਅਸੀਂ ਭਾਵੇਂ ਘਰ ਨੂੰ ਭੁੱਲ ਜਾਈਏ, ਪਰ ਘਰ ਕਦੇ ਵੀ ਸਾਨੂੰ ਵਿਸਾਰਦਾ ਨਹੀਂ। ਉਸ ਦੇ ਚੇਤਿਆਂ ‘ਚ ਸਾਂਭਿਆ ਰਹਿੰਦਾ ਹੈ, ਤੁਹਾਡੀਆਂ ਸਮੁੱਚੀਆਂ ਕੋਸ਼ਿਸ਼ਾਂ ਦਾ ਇਤਿਹਾਸ, ਤੁਹਾਡੇ ਮਨ ਦੇ ਜਾਗਦੇ ਅਹਿਸਾਸ। ਉਹ ਤੁਹਾਡੇ ਅਤੀਤ ਦਾ ਚਸ਼ਮਦੀਦ ਗਵਾਹ ਏ, ਤੁਹਾਡੀਆਂ ਹੀ ਸੋਚਾਂ ਦਾ ਫੈਲਾਅ ਏ ਅਤੇ ਉਸ ਦੇ ਮਨ ‘ਚ ਤੁਹਾਡੀ ਤੇ ਆਪਣੀ ਸਦੀਵਤਾ ਮਾਣਨ ਦਾ ਚਾਅ ਏ।
ਘਰ, ਘਰ ਵਾਲਿਆਂ ਨੂੰ ਅੱਡੀਆਂ ਚੁੱਕ ਕੇ ਉਡੀਕਦਾ ਏ ਅਤੇ ਉਨ੍ਹਾਂ ਦੇ ਪੈਰਾਂ ਦਾ ਖੜਾਕ ਸੁਣ, ਚੁਫੇਰੇ ਮਹਿਕਾਂ ਤੇ ਬਹਾਰਾਂ ਦੀ ਹੱਟ ਲਾ ਬਹਿੰਦਾ ਏ।
ਜਦੋਂ ਜਵਾਨ ਬੱਚੇ, ਨਵੀਆਂ ਮੰਜ਼ਿਲਾਂ ਦੀ ਤਲਾਸ਼ ਵਿਚ ਦੂਰ ਉਡਾਰੀ ਮਾਰ ਜਾਂਦੇ ਨੇ, ਬਜ਼ੁਰਗ ਆਪੋ-ਆਪਣੇ ਘੁਰਨਿਆਂ ਵਿਚ ਵੜੇ, ਜੀਵਨ ਦੇ ਹਿਸਾਬ-ਕਿਤਾਬ ‘ਚ ਗਵਾਚੇ ਹੁੰਦੇ ਨੇ, ਤਾਂ ਖੁੱਸੀਆਂ ਹੋਈਆਂ ਰੌਣਕਾਂ ਕਾਰਨ ਘਰ ਬਹੁਤ ਉਦਾਸ ਹੋ ਜਾਂਦਾ ਏ। ਘਰ ਸੋਚਣ ਲੱਗ ਪੈਂਦਾ ਹੈ, “ਭਲਾ ਕੌਣ ਮਾਰੇਗਾ ਕੰਧਾਂ ‘ਤੇ ਲੀਕਾਂ ਤੇ ਪਾਏਗਾ ਪੂਰਨੇ? ਕੌਣ ਦੇਵੇਗਾ ਹੱਸਣ-ਖੇਡਣ ਦਾ ਵਰਦਾਨ? ਕੌਣ ਨਿੱਕੀਆਂ ਨਿੱਕੀਆਂ ਸ਼ਰਾਰਤਾਂ ‘ਚੋਂ ਖੁਸ਼ੀਆਂ ਦੇ ਵੱਡੇ ਅਰਥ ਪਹਿਚਾਣ ਸਕੇਗਾ? ਕਿਵੇਂ ਆਵੇਗਾ, ਰੁੱਸਣ ਤੇ ਮਨਾਉਣ ‘ਚ ਰੁੱਝੇ ਸਮੇਂ ਦਾ ਜੁਗਰਾਫੀਆ ਤੇ ਕਿਥੋਂ ਲਿਆਵੇਗਾ ਝਿੜਕਾਂ ਤੇ ਉਲਾਂਭਿਆਂ ‘ਚ ਲੰਘੇ ਵਕਤਾਂ ਦੀਆਂ ਯਾਦਾਂ ਦਾ ਅਸੀਮ ਭੰਡਾਰ ਅਤੇ ਕਿੰਜ ਮਿਲੇਗਾ, ਜੀਵਨ ਦਾ ਬੀਤਿਆ ਸੂਹਾ ਸੰਸਾਰ? ਘਰ ਬਹੁਤ ਉਪਰਾਮ ਹੋ ਜਾਂਦਾ ਏ, ਜਦੋਂ ਇਸ ਦੇ ਬਾਸ਼ਿੰਦੇ ਇਕ ਦੂਜੇ ਨਾਲ ਬੋਲ ਸਾਂਝੇ ਕਰਨ ਤੋਂ ਜੀ ਕਤਰਾਉਂਦੇ ਨੇ ਕਿਉਂਕਿ ਘਰ ਨੂੰ ਤਾਂ ਮਿੱਠੜੇ ਬੋਲਾਂ ਦੀ ਸ਼ਹਿਦ-ਧੁਨੀ ‘ਚੋਂ ਹੀ ਜੀਵਨ-ਸੰਗੀਤ ਦਾ ਹੁਲਾਰਾ ਮਿਲਦਾ ਏ।
ਘਰ ਆਸ ਕਰਦਾ ਹੈ ਕਿ ਘਰ ਵਾਲੇ, ਘਰਾਂ ‘ਚ ਸੋਂਹਦੇ ਰਹਿਣ। ਘਰਾਂ ਨੂੰ ਘਰਾਂ ਦਾ ਨੇੜ ਨਸੀਬ ਹੁੰਦਾ ਰਹੇ ਅਤੇ ਇਸ ਦੇ ਚਾਰੇ ਪਾਸੀਂ ਨਿੱਘ-ਹੁਲਾਸ ਦਾ ਪਹਿਰਾ ਰਹੇ।
ਘਰ ਸੁਪਨ ਸਿਰਜਨ ਏ, ਸ਼ਾਂਤੀ-ਸਰੂਪ ਏ, ਪ੍ਰੇਮ ਦਾ ਦੂਤ ਏ, ਮੋਹ ਦਾ ਜਗਦਾ ਦੀਪ ਏ, ਸਾਂਝ ਦੀ ਨਿੱਘੀ ਬੁੱਕਲ ਏ, ਜ਼ਿੰਦਗੀ ਦਾ ਠਾਠਾਂ ਮਾਰਦਾ ਦਰਿਆ ਏ ਅਤੇ ਫਿਜ਼ਾ ‘ਚ ਖਿਲਰਿਆ ਚਾਅ ਏ।
ਘਰ ਅਰਦਾਸ ਕਰਦਾ ਹੈ ਕਿ ਇਸ ਦੀਆਂ ਕੰਧਾਂ ਕਦੇ ਵੀ ਹਿਚਕੀਆਂ ਦੀ ਜੂਨ ਨਾ ਹੰਢਾਉਣ, ਕਮਰਿਆਂ ‘ਚ ਕਦੇ ਵੀ ਰੁੱਠੜੇ ਬੋਲ ਪੀਹੜਾ ਨਾ ਡਾਹੁਣ। ਇਸ ਦਾ ਚੌਂਕਾ ਵੈਰਾਗ ਨਾ ਹੰਢਾਵੇ। ਖੁਦਾ ਇਸ ਦੇ ਓਟਿਆਂ ਦੀਆਂ ਚਿੜੀਆਂ ਨੂੰ ਸਮੇਂ ਨੂੰ ਬਾਜ਼ ਅੱਖ ਤੋਂ ਬਚਾਵੇ। ਇਸ ਦੇ ਵਿਹੜੇ ਦੀ ਸੰਧੂਰੀ ਭਾਅ ਕਦੇ ਨਾ ਮੁਰਝਾਵੇ, ਬਾਗ-ਬਗੀਚੇ ‘ਚ ਕਦੇ ਵੀ ਪਤਝੜ ਡੇਰਾ ਨਾ ਲਾਵੇ ਅਤੇ ਇਸ ਦੇ ਫੁੱਲਾਂ ਦੇ ਭਾਗੀਂ, ਰੰਗਾਂ ਤੇ ਖੁਸ਼ਬੂਆਂ ਦਾ ਸੰਧਾਰਾ ਆਵੇ।