ਡਾæ ਗੁਰਨਾਮ ਕੌਰ, ਪਟਿਆਲਾ
ਗੁਰੂ ਨਾਨਕ ਸਾਹਿਬ ਨੇ ਮਨੁੱਖ ਦੀ ਬਰਾਬਰੀ ਦਾ ਜੋ ਸਿਧਾਂਤ ਦਿੱਤਾ, ਉਸ ਦਾ ਆਧਾਰ ਹੈ, ‘ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥” ਇਸ ਸਿਧਾਂਤ ਅਨੁਸਾਰ ਸਾਰੇ ਮਨੁੱਖਾਂ ਵਿਚ, ਭਾਵੇਂ ਉਹ ਇਸਤਰੀ ਹੈ ਜਾਂ ਪੁਰਸ਼, ਉਸ ਇੱਕ ਅਕਾਲ ਪੁਰਖ ਦੀ ਜੋਤਿ ਇਕਸਾਰ ਵਿਆਪਕ ਹੈ। ਇਸ ਸਿਧਾਂਤ ‘ਤੇ ਆਧਾਰਤ ਜਿਸ ਨਵੇਂ ਧਰਮ ਦੀ ਨੀਂਹ ਉਨ੍ਹਾਂ ਨੇ ਰੱਖੀ, ਉਸ ਵਿਚ ਮਨੁੱਖ ਨੂੰ ਇੱਕੋ ਇੱਕ ਪਰਮ ਹਸਤੀ ੴ ਵਿਚ ਆਪਣਾ ਵਿਸ਼ਵਾਸ਼ ਦ੍ਰਿੜ ਕਰਨ ਦੇ ਨਾਲ ਨਾਲ ਉਸ ਦੇ ਉਚਤਮ ਗੁਣਾਂ ਨੂੰ ਅਪਨਾਉਂਦਿਆਂ ਨਿਰਭਉ ਤੇ ਨਿਰਵੈਰ ਹੋ ਕੇ ਸਵੈਮਾਣ ਨਾਲ ਜਿਉਣ ਦਾ ਰਸਤਾ ਦੱਸਿਆ
ਅਤੇ ਨਾਲ ਹੀ ਇੱਕ ਅਕਾਲ ਪੁਰਖ ਦੀ ਜੋਤਿ ਤੋਂ ਪੈਦਾ ਹੋਣ ਕਰਕੇ ਸਾਰੇ ਮਨੁੱਖਾਂ ਦੀ ਬਰਾਬਰੀ ਦੇ ਸਿਧਾਂਤ ‘ਤੇ ਇੱਕ ਅਜਿਹੇ ਸਮਾਜ ਦਾ ਸੰਕਲਪ ਸਿਰਜਿਆ, ਜਿਸ ਵਿਚ ਕੋਈ ਉਚਾ ਜਾਂ ਨੀਂਵਾਂ, ਛੋਟਾ ਜਾਂ ਵੱਡਾ ਨਹੀਂ ਬਲਕਿ ਸਾਰੇ ਉਸ ਪਰਵਰਦਗਾਰ ਦੀ ਮਿਹਰ ਤੇ ਪ੍ਰੇਮ ਦੇ ਇੱਕੋ ਜਿਹੇ ਪਾਤਰ ਹਨ। ਸਾਰੇ ਮਨੁੱਖ ਇੱਕ ਪਿਤਾ ਅਕਾਲ ਪੁਰਖ ਦੇ ਪੁੱਤਰ ਹੋਣ ਦੇ ਨਾਤੇ ਆਪਸੀ ਪ੍ਰੇਮ ਤੇ ਸਤਿਕਾਰ ਨਾਲ ਜਿਉਣ। ਸਾਰੇ ਉਸੇ ਇੱਕ ਅਕਾਲ ਪੁਰਖ ਦੀ ਜੋਤਿ ਤੋਂ ਪ੍ਰਕਾਸ਼ਿਤ ਹੋਣ ਕਰਕੇ ਕੋਈ ਵੀ ਮਨੁੱਖ ਜਾਤਿ ਜਾਂ ਜਨਮ ਕਰਕੇ, ਇਸਤਰੀ ਜਾਂ ਪੁਰਸ਼ ਹੋਣ ਦੇ ਨਾਤੇ ਉਚਾ ਜਾਂ ਨੀਂਵਾਂ, ਛੋਟਾ ਜਾਂ ਵੱਡਾ ਨਹੀਂ ਹੈ, ਸਾਰਿਆਂ ਨੂੰ ਜਿਉਣ ਦਾ ਇੱਕੋ ਜਿਹਾ ਅਧਿਕਾਰ ਹੈ।
ਗੁਰੂ ਨਾਨਕ ਸਾਹਿਬ ਦੇ ਜੋਤਿ-ਪ੍ਰਕਾਸ਼ਨ ਸਮੇਂ ਇਸਤਰੀ ਵਰਗ ਅਤੇ ਜਨਮ ਕਰਕੇ ਛੋਟੀਆਂ ਕਹੀਆਂ ਜਾਣ ਵਾਲੀਆਂ ਜਾਤਾਂ ਵਿਚ ਪੈਦਾ ਹੋਣ ਵਾਲਾ ਸਮਾਜ ਦਾ ਵੱਡਾ ਹਿੱਸਾ ਹਰ ਤਰ੍ਹਾਂ ਦੇ ਹੱਕਾਂ ਤੋਂ ਮਹਿਰੂਮੀਅਤ ਦੀ ਹਾਲਤ ਵਿਚ ਜਿਉਂ ਰਿਹਾ ਸੀ। ਗੁਰੂ ਨਾਨਕ ਨੇ ਜਿੱਥੇ ਜਨਮ ‘ਤੇ ਆਧਾਰਤ ਵਰਗ-ਵੰਡ ਨੂੰ ਲਲਕਾਰਿਆ, ਉਥੇ ਨਾਲ ਹੀ ਇਸਤਰੀ ਹੋਣ ਦੇ ਨਾਤੇ ਸਮਾਜ ਦੇ ਇੱਕ ਵੱਡੇ ਵਰਗ ਨੂੰ ਉਸ ਦੇ ਜਿਉਣ ਦੇ ਅਧਿਕਾਰਾਂ ਤੋਂ ਮਹਿਰੂਮੀਅਤ ਨੂੰ ਵੀ ਲਲਕਾਰਿਆ ਤੇ ਨਕਾਰਿਆ। ਇਸੇ ਸੰਕਲਪ ਨੂੰ ਆਧਾਰ ਬਣਾਉਂਦਿਆਂ ਉਨ੍ਹਾਂ ਧਰਮ ਨੂੰ ਬੁੱਤ-ਪੂਜਾ ਤੇ ਕਰਮ-ਕਾਂਡੀ ਰਸਮਾਂ ਵਿਚੋਂ ਕੱਢ ਕੇ ਪਰਮਾਤਮਾ ਦੇ ਨਾਮ ਸਿਮਰਨ ਅਤੇ ਰੱਬੀ ਪ੍ਰੇਮ ਨਾਲ ਜੋੜਿਆ; ਅਧਿਆਤਮਕ ਅਨੁਭਵ ਨੂੰ ਏਕਾਂਤ ਵਿਚ ਜਾ ਕੇ ਜੰਗਲਾਂ ਵਿਚ ਤਪੱਸਿਆ ਕਰਨ, ਹੱਠ-ਯੋਗ ਵਰਗੀਆਂ ਕ੍ਰਿਆਵਾਂ ਨਾਲੋਂ ਤੋੜ ਕੇ ਗ੍ਰਹਿਸਥ ਵਿਚ ਰਹਿੰਦਿਆਂ ਤੇ ਸਮਾਜਿਕ ਫਰਜ਼ ਨਿਭਾਉਂਦਿਆ ਆਪਣੀ ਸੁਰਤਿ ਨੂੰ ਸ਼ਬਦ ਨਾਲ ਇੱਕਸੁਰ ਕਰਕੇ ਉਸ ਹਸਤੀ ਦਾ ਅਨੁਭਵ ਕਰਨ ਨਾਲ ਜੋੜਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਅਤੇ ਗੁਰੂ ਨਾਨਕ ਬਾਣੀ ਵਿਸ਼ੇਸ ਕਰਕੇ ਆਤਮਾ ਦੀ ਇਸਤਰੀ ਰੂਪ ਵਿਚ ਉਸ ਪਤੀ-ਪਰਮਾਤਮਾ ਨਾਲ ਮਿਲਾਪ ਤੇ ਜਗਿਆਸਾ ਦੀ ਤਾਂਘ ਦਾ ਰੂਹਾਨੀਅਤ ਗੀਤ-ਸੰਗੀਤ ਹੈ। ਸਿੱਖ ਧਰਮ ਦੀ ਸਿਧਾਂਤਕ ਰੂਹ ਤੋਂ ਅਣਜਾਣ ਵਿਦਵਾਨਾਂ ਵੱਲੋਂ ਆਮ ਤੌਰ ‘ਤੇ ਇਹ ਸਮਝ ਲਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਆਸਾ ਦੀ ਵਾਰ ਵਿਚ ਰਚੇ ਇੱਕ ਸ਼ਬਦ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਦੇ ਆਧਾਰ ‘ਤੇ ਹੀ ਕਹਿ ਦਿੱਤਾ ਜਾਂਦਾ ਹੈ ਕਿ ਸਿੱਖ ਧਰਮ ਵਿਚ ਇਸਤਰੀ ਨੂੰ ਬਹੁਤ ਅਹਿਮ ਅਤੇ ਪੁਰਸ਼ ਦੇ ਬਰਾਬਰ ਦਾ ਰੁਤਬਾ ਪ੍ਰਾਪਤ ਹੈ। ਅਜਿਹੇ ਵਿਦਵਾਨ ਇਸ ਤੱਥ ਨੂੰ ਸਮਝਣ ਤੋਂ ਚੁੱਕ ਜਾਂਦੇ ਹਨ ਕਿ ਇਸ ਇੱਕ ਸ਼ਬਦ ਵਿਚ ਹੀ ਸਮਾਜ ਦੀ ਸਮੁੱਚੀ ਬਣਤਰ ਅਤੇ ਉਸ ਵਿਚ ਇਸਤਰੀ ਦਾ ਯੋਗਦਾਨ ਨਿਰੂਪਣ ਕਰ ਦਿੱਤਾ ਗਿਆ ਹੈ। ਇਸ ਵਿਚ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਇਸਤਰੀ ਤੋਂ ਬਿਨਾ ਮਨੁੱਖ ਅਤੇ ਸਮਾਜ ਦੀ ਹੋਂਦ ਹੀ ਸੰਭਵ ਨਹੀਂ ਹੈ। ਇਸ ਵਿਚ ਉਸ ਅਧਿਆਤਮਕ ਪਹੁੰਚ ਨੂੰ ਬਹੁਤ ਵੱਡੀ ਵੰਗਾਰ ਹੈ ਜੋ ਇਸਤਰੀ ਨੂੰ ਅਧਿਆਤਮਕ ਅਨੁਭਵ ਦੇ ਰਸਤੇ ਦਾ ਰੋੜਾ ਸਮਝ ਕੇ ਉਸ ਦੇ ਤਿਆਗ ਨੂੰ ਲਾਜ਼ਮ ਕਰਾਰ ਦੇ ਕੇ ਜੰਗਲਾਂ ਵਿਚ ਜਾ ਕੇ ਤਪੱਸਿਆ ਕਰਨ ਨੂੰ ਅਧਿਆਤਮਕ ਪ੍ਰਾਪਤੀ ਦਾ ਰਸਤਾ ਦੱਸਦੀ ਸੀ।
ਗੁਰੂ ਨਾਨਕ ਨੇ ਇਸ ਸ਼ਬਦ ਰਾਹੀਂ ਇਹ ਸਿਧਾਂਤ ਦ੍ਰਿੜ ਕਰਵਾਇਆ ਹੈ ਕਿ ਇਸਤਰੀ ਅਤੇ ਸਮਾਜਕ ਫਰਜ਼ਾਂ ਦਾ ਤਿਆਗ ਕਰਕੇ ਨਾ ਸਿਰਫ ਅਧਿਆਤਮਕ ਅਨੁਭਵ ਹੀ ਅਸੰਭਵ ਹੈ ਬਲਕਿ ਮਨੁੱਖ ਦੀ ਸ਼ਖਸੀਅਤ ਤੇ ਸਮਾਜ-ਦੋਵੇਂ ਸੰਤੁਲਨ ਗੁਆ ਬੈਠਦੇ ਹਨ। ਇਸ ਲਈ ਅਧਿਆਤਮਕਤਾ ਦਾ ਰਸਤਾ ਗ੍ਰਹਿਸਥੀ ਜੀਵਨ ਦੇ ਵਿਚ ਹੀ ਨਿਹਤ ਤੇ ਸੰਭਵ ਹੈ ਅਤੇ ਗ੍ਰਹਿਸਥ ਇਸਤਰੀ ਤੋਂ ਬਿਨਾ ਚੱਲ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਨੇ ਪਹਿਲੀਆਂ ਧਾਰਮਿਕ ਪਰੰਪਰਾਵਾਂ ਵੱਲੋਂ ਇਸਤਰੀ ਨਾਲ ਜੋੜੇ ਗਏ ਵਹਿਮਾਂ-ਭਰਮਾਂ, ਸੂਤਕ, ਅਪਵਿੱਤਰਤਾ ਆਦਿ ਦੇ ਹਰ ਤਰ੍ਹਾਂ ਦੇ ਵਿਚਾਰਾਂ ਦੀ ਨਿਖੇਧੀ ਕਰਦਿਆਂ ਇਸਤਰੀ ਨੂੰ ਪੁਰਸ਼ ਦੀ ਤਰ੍ਹਾਂ ਹੀ ਸੁਤੰਤਰ ਸਥਾਨ ਪ੍ਰਦਾਨ ਕੀਤਾ। ਇਸਤਰੀ ਵਿਚ ਹਰ ਤਰ੍ਹਾਂ ਦੀ ਰੂਹਾਨੀ ਸਮਰੱਥਾ ਹੈ ਇਸ ਦਾ ਸਬੂਤ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਬੇਬੇ ਨਾਨਕੀ ਹੈ, ਜਿਸ ਨੇ ਹਰ ਤਰ੍ਹਾਂ ਨਾਲ ਗੁਰੂ ਨਾਨਕ ਦਾ ਸਾਥ ਦਿੱਤਾ ਅਤੇ ਉਨ੍ਹਾਂ ਅੰਦਰ ਵਿਆਪਕ ਰੱਬੀ ਜੋਤਿ ਨੂੰ ਵੀ ਸਭ ਤੋਂ ਪਹਿਲਾਂ ਬੇਬੇ ਨਾਨਕੀ ਨੇ ਹੀ ਪਛਾਣਿਆ। ਗੁਰੂ ਨਾਨਕ ਸਾਹਿਬ ਦੇ ਇਸੇ ਸਿਧਾਂਤ ਨੂੰ ਅਮਲੀ ਰੂਪ ਵਿਚ ਪਰਗਟ ਕਰਦਿਆਂ ਗੁਰੂ ਨਾਨਕ ਜੋਤਿ ਦੇ ਵਾਰਸ ਗੁਰੂਆਂ ਨੇ ਹਰ ਤਰ੍ਹਾਂ ਨਾਲ ਇਸਤਰੀ ਸ਼ਕਤੀ ਨੂੰ ਮਜ਼ਬੂਤ ਕੀਤਾ।
ਦੂਸਰੀ ਨਾਨਕ ਜੋਤਿ ਗੁਰੂ ਅੰਗਦ ਦੇਵ ਨੇ ਜਦੋਂ ਖਡੂਰ ਸਾਹਿਬ ਵਸਾਇਆ ਅਤੇ ਇਸ ਨੂੰ ਗੁਰੂ ਨਾਨਕ ਦੇ ਦਿੱਤੇ ਸਿਧਾਂਤਾਂ ਦਾ ਪ੍ਰਚਾਰ ਕੇਂਦਰ ਸਥਾਪਤ ਕਰਕੇ ਇਥੇ ਰੱਬੀ ਜੋਤਿ ਜਗਾਈ ਤਾਂ ਉਨ੍ਹਾਂ ਨੇ ਗੁਰੂ ਨਾਨਕ ਦੀਆਂ ਸਥਾਪਤ ਕੀਤੀਆਂ ਸੰਸਥਾਵਾਂ ਨੂੰ ਅੱਗੇ ਵਧਾਉਂਦਿਆਂ ਮਨੁੱਖ ਦੀ ਅਧਿਆਤਮਕ ਤ੍ਰਿਪਤੀ ਲਈ ‘ਸ਼ਬਦ ਦਾ ਲੰਗਰ’ ਚਲਾਇਆ ਅਤੇ ਮਨੁੱਖ ਦੇ ਪੇਟ ਦੀ ਭੁੱਖ ਨੂੰ ਸਰਚਾਉਣ ਲਈ ਲੰਗਰ ਦੀ ਸੰਸਥਾ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕਰਦਿਆਂ ਮਾਤਾ ਖੀਵੀ ਨੇ ਇਸ ਦੀ ਸਾਰੀ ਜ਼ਿੰਮੇਵਾਰੀ ਸੰਭਾਲੀ ਕਿਉਂਕਿ ਭੁੱਖ ਦੇ ਸਤਾਏ ਮਨੁੱਖ ਦਾ ਧਿਆਨ ਅਕਾਲ ਪੁਰਖ ਦੇ ਸਿਮਰਨ ਵਿਚ ਜੁੜ ਸਕਣਾ ਮੁਸ਼ਕਿਲ ਹੈ। ਭਗਤ ਕਬੀਰ ਨੇ ਬਿਆਨ ਕੀਤਾ ਹੈ ਕਿ ਜੇ ਮਨੁੱਖ ਦੀ ਰੋਟੀ ਵੱਲੋਂ ਭੁੱਖ ਨਹੀਂ ਮੁੱਕੀ, ਫਿਰ ਉਹ ਰੱਬ ਦੀ ਭਗਤੀ ਨਹੀਂ ਕਰ ਸਕਦਾ, ਅਜਿਹੀ ਭਗਤੀ ਦਿਖਾਵਾ ਬਣ ਕੇ ਹੀ ਰਹਿ ਜਾਵੇਗੀ, “ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥”
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਨੇ ਇਸਤਰੀ ਦੇ ਰੁਤਬੇ ਨੂੰ ਅਮਲੀ ਰੂਪ ਵਿਚ ਹੋਰ ਮਜਬੂਤ ਕਰਦਿਆਂ ਇਸਤਰੀ ਦੀ ਗੁਲਾਮੀ ਨਾਲ ਜੁੜੀਆਂ ਤਮਾਮ ਰਸਮਾਂ ਦੇ ਖਾਤਮੇ ਦਾ ਰਾਹ ਮੋਕਲਾ ਕੀਤਾ। ਉਨ੍ਹਾਂ ਨੇ ਇਨ੍ਹਾਂ ਨਖਿਧ ਰਸਮਾਂ ਜਿਵੇਂ ਪਤੀ ਦੀ ਮੌਤ ਹੋਣ ‘ਤੇ ਉਸ ਦੀ ਵਿਧਵਾ ਇਸਤਰੀ ਵੱਲੋਂ ਉਸ ਦੀ ਚਿਖਾ ‘ਤੇ ਸੜ-ਮਰਨ ਦੀ ਅਣਮਨੁੱਖੀ ਪਰੰਪਰਾ ਜਿਸ ਨੂੰ ‘ਸਤੀ ਹੋਣਾ’ ਕਿਹਾ ਜਾਂਦਾ ਸੀ, ਦੀ ਨਾ ਸਿਰਫ ਆਪਣੀ ਬਾਣੀ ਵਿਚ ਹੀ ਨਿਖੇਧੀ ਕੀਤੀ ਬਲਕਿ ਅਮਲੀ ਤੌਰ ‘ਤੇ ਇਸ ਰਸਮ ਨੂੰ ਸਿੱਖ ਸਮਾਜ ਵਿਚੋਂ ਖਤਮ ਕੀਤਾ ਅਤੇ ਵਿਧਵਾਵਾਂ ਦੇ ਪੁਨਰ-ਵਿਆਹ ਦੀ ਅਗਿਆ ਕੀਤੀ। ਇਸਤਰੀ ਦੀ ਗੁਲਾਮੀ ਦੀ ਇੱਕ ਹੋਰ ਵੱਡੀ ਨਿਸ਼ਾਨੀ ਉਸ ਨੂੰ ਪਰਦਾ ਕਰਨ ਲਈ ਮਜਬੂਰ ਕਰਨਾ ਸੀ। ਗੁਰੂ ਅਮਰਦਾਸ ਨੇ ਇਸ ਦੀ ਸਖਤੀ ਨਾਲ ਮਨਾਹੀ ਕੀਤੀ ਅਤੇ ਹੁਕਮ ਕੀਤਾ ਕਿ ਕੋਈ ਵੀ ਬੀਬੀ ਗੁਰੂ ਦਰਬਾਰ ਵਿਚ ਪਰਦਾ ਕਰਕੇ ਨਹੀਂ ਆਵੇਗੀ।
ਗੁਰੂ ਅਮਰਦਾਸ ਨੂੰ ਗੁਰੂ ਦਾ ਰਸਤਾ ਗੁਰੂ ਅੰਗਦ ਦੇਵ ਦੀ ਪੁੱਤਰੀ ਬੀਬੀ ਅਮਰੋ ਕੋਲੋਂ ਗੁਰੂ ਨਾਨਾਕ ਦੀ ਬਾਣੀ “ਭਇਆ ਮਨੂਰੁ ਕੰਚਨੁ ਫਿਰ ਹੋਵੈ ਜੇ ਗੁਰ ਮਿਲੈ ਤਿਨੇਹਾ” ਸੁਣਦਿਆਂ ਪਤਾ ਲੱਗਾ ਸੀ ਜੋ ਉਨ੍ਹਾਂ ਦੇ ਭਤੀਜੇ ਨਾਲ ਵਿਆਹ ਹੋਣ ਉਪਰੰਤ ਬਾਸਰਕੇ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣੀ ਸੀ। ਉਨ੍ਹਾਂ ਨੂੰ ਇਸਤਰੀ ਸ਼ਕਤੀ ਦਾ ਅਹਿਸਾਸ ਵੀ ਸੀ ਅਤੇ ਸਿਧਾਂਤਕ ਤੌਰ ‘ਤੇ ਉਹ ਗੁਰੂ ਨਾਨਕ ਜੋਤਿ ਦੇ ਵਾਰਿਸ ਵੀ ਸਨ। ਸਿੱਖ ਸਿਧਾਂਤਾਂ ਦੇ ਪ੍ਰਚਾਰ ਹਿਤ ਉਨ੍ਹਾਂ ਨੇ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ 22 ਵੱਡੇ ਪ੍ਰਚਾਰ ਕੇਂਦਰ ਸਥਾਪਤ ਕੀਤੇ ਜਿਨ੍ਹਾਂ ਨੂੰ ਮੰਜੀਆਂ ਦਾ ਨਾਂ ਦਿੱਤਾ ਗਿਆ ਅਤੇ ਬਹੁਤ ਸਾਰੇ ਛੋਟੇ ਪ੍ਰਚਾਰ ਕੇਂਦਰ ਖੋਲ੍ਹੇ ਗਏ ਜਿਨ੍ਹਾਂ ਦਾ ਨਾਂ ਪੀੜ੍ਹੀਆਂ ਰੱਖਿਆ ਗਿਆ। ਇਨ੍ਹਾਂ ਪ੍ਰਚਾਰ ਕੇਂਦਰਾਂ ਦੀ ਸੇਵਾ ਸੰਭਾਲ ਦਾ ਕੰਮ ਪੁਰਸ਼ ਪ੍ਰਚਾਰਕਾਂ ਦੇ ਨਾਲ ਨਾਲ ਬੀਬੀਆਂ ਨੂੰ ਵੀ ਸੰਭਾਲਿਆ ਗਿਆ। ਗੁਰੂ ਸਾਹਿਬ ਦੀ ਪੁੱਤਰੀ ਬੀਬੀ ਭਾਨੀ ਨੂੰ ਪੁੱਤਰਾਂ ਵਾਂਗ ਗੁਰੂ-ਪਿਤਾ ਦੀ ਸੇਵਾ ਕਰਨ ਦੀ ਆਗਿਆ ਪ੍ਰਾਪਤ ਸੀ। ਬੀਬੀ ਭਾਨੀ ਨੂੰ ਗੁਰੂ ਅਮਰਦਾਸ ਦੀ ਪੁੱਤਰੀ, ਗੁਰੂ ਰਾਮ ਦਾਸ ਦੀ ਪਤਨੀ ਅਤੇ ਗੁਰੂ ਅਰਜਨ ਦੇਵ ਦੀ ਮਾਤਾ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਸਾਰੇ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇ ਦਿੱਤੇ ਸਿਧਾਂਤਾਂ ਨੂੰ ਦ੍ਰਿੜ ਕਰਵਾਉਂਦਿਆਂ ਸੰਸਾਰ ਦੀ ਰੀਤ ਚਲਾਈ, ਗ੍ਰਹਿਸਥ ਧਾਰਨ ਕੀਤਾ ਅਤੇ ‘ਆਸਾ ਮਾਹਿ ਨਿਰਾਸਾḔ ਦਾ ਰਾਹ ਤੋਰਿਆ। ਭਾਈ ਗੁਰਦਾਸ ਨੇ ਇਸ ਰਸਤੇ ਦੀ ਜ਼ੋਰਦਾਰ ਸ਼ਬਦਾਂ ਵਿਚ ਪ੍ਰੋੜਤਾ ਕੀਤੀ ਹੈ।
ਦਸਵੀਂ ਨਾਨਕ ਜੋਤਿ ਗੁਰੂ ਗੋਬਿੰਦ ਸਿੰਘ ਨੇ ਜਦੋਂ ਖਾਲਸਾ ਸਾਜਣ ਲਈ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਤਾਂ ਮਾਤਾ ਜੀਤੋ (ਕਈ ਇਤਿਹਾਸਕਾਰਾਂ ਅਨੁਸਾਰ ਮਾਤਾ ਸਾਹਿਬ ਦੇਵਾਂ) ਨੇ ਇਸ ਵਿਚ ਪਤਾਸੇ ਪਾ ਕੇ ਅੰਮ੍ਰਿਤ ਨੂੰ ਮਿਠਾਸ ਤੇ ਮਾਤਰੀ ਪੱਖ ਦ੍ਰਿੜ ਕਰਨ ਦਾ ਬਿੰਬ ਸਾਹਮਣੇ ਲਿਆਂਦਾ ਅਤੇ ਸ਼ਕਤੀ ਨਾਲ ਖਾਲਸੇ ਨੂੰ ਮਿਠਾਸ ਬਖਸ਼ਿਸ਼ ਕੀਤੀ। ਮਿਠਾਸ ਹਲੀਮੀ ਦੀ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਨੇ ਜਦੋਂ ਪੰਜ ਪਿਆਰਿਆਂ ਹੱਥੋਂ ਆਪ ਅੰਮ੍ਰਿਤ ਪਾਨ ਕੀਤਾ ਤਾਂ ਮਾਤਾ ਸਾਹਿਬ ਦੇਵਾਂ ਵੀ ਅੰਮ੍ਰਿਤ ਪਾਨ ਕਰਕੇ ਸਾਹਿਬ ਕੌਰ ਬਣੇ। ਗੁਰੂ ਗੋਬਿੰਦ ਸਿੰਘ ਨੇ ਆਪਣੇ ਆਪ ਨੂੰ ਖਾਲਸੇ ਦਾ ਪਿਤਾ ਅਤੇ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਐਲਾਨਿਆ। ਇਹ ਸਿੱਖ ਇਸਤਰੀ ਦੇ ਸੰਪੰਨ ਹੋਣ ਦਾ ਬਹੁਤ ਵੱਡਾ ਸੰਕੇਤ ਹੈ।
ਮਾਈ ਭਾਗੋ ਗੁਰੂ ਅਰਜਨ ਦੇਵ ਦੇ ਸ਼ਰਧਾਲੂ ਸਿੱਖ ਭਾਈ ਲੰਗਾਹ ਦੇ ਛੋਟੇ ਭਰਾ ਪੇਰੋ ਸ਼ਾਹ ਦੇ ਪਰਿਵਾਰ ਵਿਚੋਂ ਸੀ ਜਿਸ ਦਾ ਜਨਮ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਝਬਾਲ ਵਿਚ ਹੋਇਆ ਅਤੇ ਉਸ ਦਾ ਵਿਆਹ ਪੱਟੀ ਦੇ ਨਿਧਾਨ ਸਿੰਘ ਨਾਲ ਹੋਇਆ ਜੋ ਜਨਮ ਤੇ ਪਾਲਣ-ਪੋਸਣ ਪੱਖੋਂ ਇੱਕ ਬਹੁਤ ਹੀ ਸਿਦਕੀ ਸਿੱਖ ਸੀ। ਪਹਾੜੀ ਰਾਜਿਆਂ ਨੇ ਕਰੀਬ 1700 ਈਸਵੀ ਤੋਂ ਲੈ ਕੇ 1705 ਈਸਵੀ ਤੱਕ ਲਗਾਤਾਰ ਗੁਰੂ ਗੋਬਿੰਦ ਸਿੰਘ ਨਾਲ ਕਈ ਯੁੱਧ ਕੀਤੇ ਅਤੇ ਹਰ ਵਾਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਅਖੀਰ ਉਨ੍ਹਾਂ ਨੇ ਮੁਗਲ ਫੌਜਾਂ ਨਾਲ ਰਲ ਕੇ ਮਈ 1705 ‘ਚ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਾ ਲਿਆ ਅਤੇ ਕਿਲਾ ਖਾਲੀ ਕਰਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗੇ। ਇਹ ਘੇਰਾਬੰਦੀ ਅਤੇ ਯੁੱਧ ਲੰਬਾ ਹੁੰਦਾ ਜਾ ਰਿਹਾ ਸੀ। ਇਤਿਹਾਸਕਾਰਾਂ ਅਨੁਸਾਰ ਉਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਕੋਈ ਸਿੱਖ ਇਹ ਕਹਿ ਦੇਵੇ ਕਿ ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਹੈ, ਉਸ ਨੂੰ ਕੁਝ ਨਹੀਂ ਕਿਹਾ ਜਾਵੇਗਾ। ਇਸ ‘ਤੇ ਮਹਾਂ ਸਿੰਘ ਦੀ ਅਗਵਾਈ ਵਿਚ 40 ਸਿੰਘ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਪਾਸ ਗਏ ਅਤੇ ਕਿਹਾ ਕਿ ਉਹ ਹੁਣ ਉਨ੍ਹਾਂ ਦੇ ਸਿੱਖ ਨਹੀਂ ਹਨ। ਗੁਰੂ ਨੇ ਉਨ੍ਹਾਂ ਨੂੰ ਇੱਕ ਦਸਤਾਵੇਜ਼ ‘ਤੇ ਲਿਖ ਕੇ ਦੇਣ ਲਈ ਕਿਹਾ ਕਿ ‘ਉਹ ਹੁਣ ਉਨ੍ਹਾਂ ਦੇ ਸਿੱਖ ਨਹੀਂ ਰਹੇḔ ਅਤੇ ਇਸ ਉਤੇ ਆਪਣੇ ਦਸਤਖਤ ਕਰ ਦੇਣ। ਸਾਰੇ ਦੇ ਸਾਰੇ 40 ਸਿੱਖਾਂ ਨੇ ‘ਬੇਦਾਵਾ’ ਲਿਖ ਕੇ ਦੇ ਦਿੱਤਾ ਅਤੇ ਅਨੰਦਪੁਰ ਛੱਡ ਦਿੱਤਾ।
ਮਾਈ ਭਾਗੋ ਨੂੰ ਜਦੋਂ ਇਸ ਬੇਦਾਵੇ ਦਾ ਪਤਾ ਲੱਗਾ ਕਿ ਉਸ ਦੇ ਗਵਾਂਢ ਵਿਚੋਂ ਕੁਝ ਸਿੱਖ ਜੋ ਯੁੱਧ ਕਰਨ ਗਏ ਸੀ, ਇਸ ਔਖੇ ਸਮੇਂ ਗੁਰੂ ਸਾਹਿਬ ਨੂੰ ਛੱਡ ਕੇ ਵਾਪਸ ਆ ਗਏ ਹਨ, ਤਾਂ ਉਸ ਨੂੰ ਬੇਹੱਦ ਅਫਸੋਸ ਹੋਇਆ। ਮਾਈ ਭਾਗੋ ਦੇ ਮਿਹਣੇ ਸੁਣ ਕੇ ਉਹ ਆਪਣੀ ਕਰਤੂਤ ‘ਤੇ ਬਹੁਤ ਸ਼ਰਮਿੰਦੇ ਹੋਏ। ਉਸ ਨੇ ਉਨ੍ਹਾਂ ਸਾਰਿਆਂ ਨੂੰ ਪ੍ਰੇਰਿਆ ਕਿ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਮਿਲਣ ਅਤੇ ਆਪਣੇ ਕੀਤੇ ਦੀ ਮੁਆਫੀ ਮੰਗਣ। ਉਹ ਆਪਣੀ ਅਗਵਾਈ ਵਿਚ ਉਨ੍ਹਾਂ ਨੂੰ ਇਕੱਠਿਆਂ ਕਰਕੇ ਗੁਰੂ ਸਾਹਿਬ ਨੂੰ ਮਿਲਣ ਲਈ ਜਥੇ ਦੇ ਰੂਪ ਵਿਚ ਤੁਰ ਪਈ।
ਇਸੇ ਸਮੇਂ ਦੌਰਾਨ ਗੁਰੂ ਸਾਹਿਬ ਔਰੰਗਜ਼ੇਬ ਦੀਆਂ ਕੁਰਾਨ ‘ਤੇ ਖਾਧੀਆਂ ਝੂਠੀਆਂ ਕਸਮਾਂ ਦਾ ਵਿਸ਼ਵਾਸ਼ ਕਰਕੇ ਖਾਲਸੇ ਅਤੇ ਪਰਿਵਾਰ ਸਮੇਤ ਅਨੰਦਪੁਰ ਦਾ ਕਿਲਾ ਖਾਲੀ ਕਰਕੇ ਤੁਰ ਪਏ। ਮੁਗਲ ਫੌਜਾਂ ਨੇ ਆਪਣੀਆਂ ਕਸਮਾਂ ਤੋੜਦਿਆਂ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਮੀਂਹ, ਝੱਖੜ ਵਾਲੀ ਹਨੇਰੀ ਰਾਤ ਵਿਚ ਸਰਸਾ ਨਦੀ ਦੇ ਕੰਢੇ ਪਰਿਵਾਰ ਵਿਛੜ ਗਿਆ। ਗੁਰੂ ਗੋਬਿੰਦ ਸਿੰਘ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਸਮੇਤ ਮੁਗਲ ਫੌਜਾਂ ਨਾਲ ਝੜੱਪਾਂ ਲਾਉਂਦੇ ਚਮਕੌਰ ਦੀ ਕੱਚੀ ਗੜ੍ਹੀ ਵਿਚ ਜਾ ਪਹੁੰਚੇ। ਮਾਤਾ ਗੁਜਰੀ ਦੋ ਛੋਟੇ ਸਾਹਿਬਜ਼ਾਦਿਆਂ ਸਮੇਤ ਤੁਰਦੇ ਤੁਰਾਉਂਦੇ ਗੰਗੂ, ਜੋ ਗੁਰੂ ਘਰ ਦਾ ਰਸੋਈਆ ਸੀ, ਦੀ ਬੇਨਤੀ ਮੰਨ ਕੇ ਉਸ ਦੇ ਘਰ ਸਹੇੜੀ ਚਲੇ ਗਏ। ਗੰਗੂ ਨੇ ਲਾਲਚ ਵਿਚ ਆ ਕੇ ਉਨ੍ਹਾਂ ਨੂੰ ਮੋਰਿੰਡੇ ਦੀ ਮੁਗਲੀਆ ਪੁਲਿਸ ਦੇ ਹਵਾਲੇ ਕਰ ਦਿੱਤਾ। ਸੂਬਾ ਸਰਹਿੰਦ ਨੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਮਾਤਾ ਗੁਜਰੀ ਨੇ ਵੀ ਪ੍ਰਾਣ ਤਿਆਗ ਦਿੱਤੇ।
ਚਮਕੌਰ ਦੇ ਯੁੱਧ ਵਿਚ ਚਾਲੀ ਸਿੰਘਾਂ ਅਤੇ ਦੋ ਸਾਹਿਬਜ਼ਾਦਿਆਂ ਦੇ ਸਾਥ ਵਿਚ ਲੱਖਾਂ ਦੀ ਗਿਣਤੀ ਵਿਚ ਮੁਗਲੀਆ ਤੇ ਪਹਾੜੀ ਰਾਜਿਆਂ ਨਾਲ ਯੁੱਧ ਹੋਇਆ ਜਿਸ ਵਿਚ ਸਾਹਿਬਜ਼ਾਦੇ ਅਤੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਪੰਜ ਪਿਆਰਿਆਂ ਦੇ ਕਹਿਣ ‘ਤੇ ਗੁਰੂ ਸਾਹਿਬ ਨੂੰ ਚਮਕੌਰ ਦੀ ਗੜ੍ਹੀ ਤੋਂ ਕੂਚ ਕਰਨਾ ਪਿਆ ਅਤੇ ਉਨ੍ਹਾਂ ਨੇ ਮਾਲਵੇ ਵੱਲ ਚਾਲੇ ਪਾ ਦਿੱਤੇ ਤੇ ਮੁਗਲ ਫੌਜਾਂ ਨੇ ਵੀ ਪਿੱਛਾ ਕਰਨਾ ਜਾਰੀ ਰੱਖਿਆ। ਜੰਗਲਾਂ ਵਿਚੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਖਿਦਰਾਣੇ ਪਹੁੰਚੇ। ਮੁਗਲ ਫੌਜਾਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ। ਮਾਈ ਭਾਗੋ ਦੀ ਅਗਵਾਈ ਵਿਚ ਸਿੰਘ ਵੀ ਇੱਥੇ ਪਹੁੰਚੇ ਅਤੇ ਉਨ੍ਹਾਂ ਨੇ ਖਿਦਰਾਣੇ ਦੀ ਢਾਬ ‘ਤੇ ਪੜਾਉ ਕੀਤਾ। ਇਸੇ ਹੀ ਸਮੇਂ ਮੁਗਲ ਫੌਜਾਂ ਵੀ ਇੱਥੇ ਪਹੁੰਚ ਗਈਆਂ ਅਤੇ ਇੱਥੇ ਸਿੰਘਾਂ ਨੇ ਸ਼ਾਹੀ ਫੌਜਾਂ ਨੂੰ ਰੋਕਣ ਲਈ ਉਨ੍ਹਾਂ ਨਾਲ ਗਹਿਗੱਚ ਯੁੱਧ ਕੀਤਾ ਅਤੇ ਫੌਜਾਂ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ। ਗੁਰੂ ਗੋਬਿੰਦ ਸਿੰਘ ਆਪ ਉਚੇ ਟਿੱਲੇ ਤੋਂ ਤੀਰ ਵਰਸਾ ਕੇ ਮਾਈ ਭਾਗੋ ਅਤੇ ਜਥੇ ਦੀ ਸਹਾਇਤਾ ਕਰ ਰਹੇ ਸਨ। ਜਦੋਂ ਗੁਰੂ ਸਾਹਿਬ ਜੰਗ ਦੇ ਮੈਦਾਨ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਮਹਾਂ ਸਿੰਘ ਤੋਂ ਬਿਨਾ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਸਨ। ਮਾਈ ਭਾਗੋ ਨੂੰ ਵੀ ਕਾਫੀ ਜ਼ਖਮ ਆਏ ਸਨ। ਮਹਾਂ ਸਿੰਘ, ਜੋ ਬਹੁਤ ਜ਼ਖਮੀ ਹਾਲਤ ਵਿਚ ਸੀ, ਨੇ ਗੁਰੂ ਗੋਬਿੰਦ ਸਿੰਘ ਦੀ ਗੋਦ ਵਿਚ ਪ੍ਰਾਣ ਤਿਆਗੇ ਅਤੇ ਉਸ ਤੋਂ ਪਹਿਲਾਂ ਆਖਰੀ ਇੱਛਾ ਦੇ ਤੌਰ ‘ਤੇ ਬੇਦਾਵਾ ਪਾੜਨ ਲਈ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਜੋ ਉਨ੍ਹਾਂ ਪ੍ਰਵਾਨ ਕਰ ਲਈ। ਉਨ੍ਹਾਂ ਨੂੰ ‘ਮੁਕਤੇ’ ਹੋਣ ਦਾ ਖਿਤਾਬ ਬਖਸ਼ਿਸ਼ ਹੋਇਆ। ਉਪਰੰਤ ਮਾਈ ਭਾਗੋ ਗੁਰੂ ਗੋਬਿੰਦ ਸਿੰਘ ਦੀ ਛਤਰ ਛਾਇਆ ਹੇਠ ਹੀ ਰਹੀ ਅਤੇ ਉਨ੍ਹਾਂ ਦੀ ਅੰਗ-ਰਖਿਅਕ ਵਜੋਂ ਸੇਵਾ ਨਿਭਾਈ।
ਜਦੋਂ ਗੁਰੂ ਗੋਬਿੰਦ ਸਿੰਘ ਨਾਂਦੇੜ ਵਿਖੇ 1708 ਈਸਵੀ ਵਿਚ ਜੋਤੀ ਜੋਤਿ ਸਮਾ ਗਏ ਤਾਂ ਮਾਈ ਭਾਗੋ ਕਰਨਾਟਕ ਵਿਚ ਬਿਦਰ ਤੋਂ 11 ਕਿਲੋਮੀਟਰ ਦੂਰ ਹੋਰ ਦੱਖਣ ਵੱਲ ਜੀਨਵਾਰਾ ਦੇ ਸਥਾਨ ‘ਤੇ ਚਲੀ ਗਈ ਅਤੇ ਉਥੇ ਕਾਫੀ ਬਿਰਧ ਅਵਸਥਾ ਤੱਕ ਜੀਵਨ ਸਫਰ ਪੂਰਾ ਕੀਤਾ। ਨਾਂਦੇੜ ਵਿਖੇ ਮਾਈ ਭਾਗੋ ਦੇ ਨਾਮ ‘ਤੇ ਬੁੰਗਾ ਬਣਿਆ ਹੋਇਆ ਹੈ ਅਤੇ ਜੀਨਵਾਰਾ ਵਿਚ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਗੁਰਦੁਆਰਾ ਤਪ ਅਸਥਾਨ ਮਾਈ ਭਾਗੋ ਬਣਿਆ ਹੋਇਆ ਹੈ।
ਇਹ ਜਰੂਰੀ ਨਹੀਂ ਹੁੰਦਾ ਕਿ ਯੁੱਧ ਮੈਦਾਨ-ਏ-ਜੰਗ ਵਿਚ ਹੀ ਲੜਿਆ ਜਾਂਦਾ ਹੈ ਅਤੇ ਸਾਹਮਣੇ ਔਰੰਗਜ਼ੇਬੀ ਫੌਜਾਂ ਹੀ ਹੋਣ। ਅੱਜ ਪੰਜਾਬ ਦੀ ਨੌਜੁਆਨ ਪੀੜ੍ਹੀ ਨੂੰ ਲੱਚਰ ਗਾਇਕੀ ਰਾਹੀਂ ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਪੰਜਾਬੀ ਸਭਿਆਚਾਰ ਨੂੰ ਪਲੀਤ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਅਫਸਰਸ਼ਾਹੀ, ਪੁਲਿਸ, ਪੀਲੀ ਪੱਤਰਕਾਰੀ ਅਤੇ ਪੰਜਾਬ ਸਰਕਾਰ ਦੇ ਅਪਵਿੱਤਰ ਗਠਜੋੜ ਸਦਕਾ ਪੰਜਾਬ ਨੂੰ ਭ੍ਰਿਸ਼ਟਾਚਾਰ ਤੇ ਨਸ਼ਿਆਂ ਨੇ ਤਬਾਹ ਕਰ ਦਿੱਤਾ ਹੈ। ਪੰਜਾਬ ਦਾ ਕਿਸਾਨ ਤੇ ਮਜ਼ਦੂਰ ਰੁਲ ਗਿਆ ਹੈ। ਅੱਜ ਸਖਤ ਜਰੂਰਤ ਹੈ ਕਿ ਪੰਜਾਬੀ ਇਸਤਰੀ ਮਾਈ ਭਾਗੋ ਵਾਂਗ ਅੱਗੇ ਆਵੇ ਅਤੇ ਇਨ੍ਹਾਂ ਬੁਰਾਈਆਂ ਨਾਲ ਯੁੱਧ ਕਰੇ। ਸਮੇਂ ਦੇ ਬਦਲਣ ਨਾਲ ਬੁਰੀਆਂ ਤਾਕਤਾਂ ਨੇ ਭੇਸ ਬਦਲ ਕੇ ਪੰਜਾਬ ਨੂੰ ਤਬਾਹੀ ਦੀ ਦੰਦੀ ‘ਤੇ ਲੈ ਆਂਦਾ ਹੈ ਅਤੇ ਇਨ੍ਹਾਂ ਤਾਕਤਾਂ ਨਾਲ ਨਜਿੱਠਣ ਲਈ ਯੁੱਧ ਦੇ ਵੀ ਨਵੇਂ ਢੰਗ ਤਲਾਸ਼ ਕਰਨੇ ਪੈਣਗੇ।