ਪੰਜਾਬ ਦੀ ਸਿਆਸਤ ਅਤੇ ਹਕੀਕਤਾਂ

ਪੰਜਾਬ ਵਿਚ ਚੋਣਾਂ ਦੇ ਨਗਾਰੇ ਉਤੇ ਡਗਾ ਵੱਜ ਚੁੱਕਾ ਹੈ। ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਤਕਰੀਬਨ ਪਿਛਲੇ ਡੇਢ ਸਾਲ ਤੋਂ ਅਗੇਤੀਆਂ ਹੀ ਚੋਣ-ਮੋਡ ਵਿਚ ਚੱਲ ਰਹੀਆਂ ਸਨ, ਨੇ ਆਪਣੀਆਂ ਸਰਗਰਮੀਆਂ ਹੋਰ ਤਿੱਖੀਆਂ ਕਰ ਦਿੱਤੀਆਂ ਹਨ। ਇਹ ਧਿਰਾਂ ਹੁਣ ਵੋਟਰਾਂ ਲਈ ਚੋਣ ਵਾਅਦਿਆਂ ਅਤੇ ਦਾਅਵਿਆਂ ਦੀ ਝੜੀ ਲਾ ਰਹੀਆਂ ਹਨ। ਡਾæ ਅਨੂਪ ਸਿੰਘ ਨੇ ਆਪਣੇ ਇਸ ਲੇਖ ਵਿਚ ਇਨ੍ਹਾਂ ਵਾਅਦਿਆਂ ਅਤੇ ਦਾਅਵਿਆਂ ਦੇ ਪ੍ਰਸੰਗ ਵਿਚ ਪੰਜਾਬ ਦੇ ਅੱਜ ਦੇ ਹਾਲਾਤ ਦੀ ਚਰਚਾ ਕੀਤੀ ਹੈ

ਅਤੇ ਉਨ੍ਹਾਂ ਮਸਲਿਆਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਵੱਲ ਇਨ੍ਹਾਂ ਧਿਰਾਂ ਨੇ ਸਿਰਫ ਰਸਮੀ ਜਿਹਾ ਧਿਆਨ ਹੀ ਦਿੱਤਾ ਹੈ। -ਸੰਪਾਦਕ
ਡਾæ ਅਨੂਪ ਸਿੰਘ
ਫੋਨ: +91-98768-01268
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਅਗਲੇ ਪੰਜ ਸਾਲਾਂ ਲਈ ਹੋਣੀ ਤੈਅ ਕਰਨ ਲਈ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਹੋ ਰਹੀ ਹੈ। ਸੰਸਦੀ ਲੋਕਤੰਤਰ ਵਿਚ ਉਂਜ ਤਾਂ ਹਰ ਚੋਣ ਹੀ ਬੜੀ ਮਹੱਤਵਪੂਰਨ ਹੁੰਦੀ ਹੈ, ਪਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਵਰਤਮਾਨ ਤਰਸਯੋਗ ਹੋਣੀ ਲਈ ਅਤੇ ਅਸਲੋਂ ਨਵੀਂ ਧਿਰ ਦੇ ਚੋਣ ਮੈਦਾਨ ਵਿਚ ਹੋਣ ਕਾਰਨ ਫਰਵਰੀ 2017 ਦੀ ਚੋਣ ਹੋਰ ਵੀ ਮਹੱਤਤਾ ਗ੍ਰਹਿਣ ਕਰ ਗਈ ਹੈ। ਇਸ ਹਾਲਤ ਵਿਚ ਇਥੇ ਕੇਵਲ ਪੰਜਾਬੀਆਂ ਦੀਆਂ ਮੁੱਖ ਮੰਗਾਂ, ਮਸਲਿਆਂ ਤੇ ਸਮੱਸਿਆਵਾਂ ਵਾਲਾ ਪਾਸਾਰ ਗੌਲਿਆ ਜਾ ਰਿਹਾ ਹੈ। ਇਸ ਪਾਸਾਰ ਦਾ ਪਿਛੋਕੜ ਤੇ ਪ੍ਰਸੰਗ ਇਹ ਹੈ ਕਿ ਸੱਤਾ ਦੀਆਂ ਦਾਅਵੇਦਾਰ ਮੁੱਖ ਧਿਰਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਰਹੀਆਂ ਹਨ; ਉਨ੍ਹਾਂ ਨੂੰ ਲਾਰੇ ਲਾਏ ਜਾ ਰਹੇ ਹਨ ਅਤੇ ਹਕੀਕਤਾਂ ਤੋਂ ਕੋਹਾਂ ਦੂਰ ਦਾਅਵੇ ਕੀਤੇ ਜਾ ਰਹੇ ਹਨ। ਰਿਆਇਤਾਂ, ਰਾਹਤਾਂ ਤੇ ਖ਼ੈਰ ਪਾਉਣ ਦੀ ਦੁਹਾਈ ਦਿੱਤੀ ਜਾ ਰਹੀ ਹੈ।
ਬਿਜਲੀ, ਆਟਾ, ਦਾਲ, ਸਮਾਰਟਫੋਨ, ਸਾਈਕਲ ਤੇ ਲੈਪਟਾਪ ਆਦਿ ਮੁਫ਼ਤ ਵੰਡਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਸਾਰੇ ਕੁਝ ਲਈ ਧਨ ਕਿਥੋਂ ਆਏਗਾ? ਸਾਧਨ ਕਿਥੋਂ ਜੁਟਾਏ ਜਾਣਗੇ? ਯਾਦ ਰਹੇ ਕਿ ਪੰਜਾਬ ਸਿਰ ਕਰਜ਼ਾ ਇੰਨਾ ਚੜ੍ਹ ਗਿਆ ਹੈ ਕਿ ਕਰਜ਼ੇ ਦੀਆਂ ਕਿਸ਼ਤਾਂ ਤੇ ਵਿਆਜ ਅਦਾ ਕਰਨ ਲਈ ਵੀ ਨਵਾਂ ਕਰਜ਼ਾ ਚੁੱਕਣਾ ਪੈ ਰਿਹਾ ਹੈ। ਵੱਡੇ ਪੱਧਰ ‘ਤੇ ਠੇਕੇ ਉਤੇ ਭਰਤੀ ਦੇ ਬਾਵਜੂਦ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਨਹੀਂ ਮਿਲ ਰਹੀਆਂ। ਪੇਂਡੂ ਸਿੱਖਿਆ ਤੇ ਸਿਹਤ ਤੰਤਰ ਆਪਣੇ ਆਖ਼ਰੀ ਸਾਹ ਗਿਣ ਰਿਹਾ ਹੈ। ਬੇਰੁਜ਼ਗਾਰ ਨੌਜਵਾਨ ਸਮਾਜ ਵਿਰੋਧੀ ਗਤੀਵਿਧੀਆਂ, ਨਸ਼ਿਆਂ ਤੇ ਵਿਦੇਸ਼ਾਂ ਵੱਲ ਧੱਕੇ ਜਾ ਰਹੇ ਹਨ। ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ। ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਪੰਜਾਬ ਅਨੇਕਾਂ ਪੱਖਾਂ ਤੋਂ ਵਿਸ਼ੇਸ਼ ਆਰਥਿਕ ਪੈਕੇਜ ਦਾ ਹੱਕਦਾਰ ਹੋਣ ਦੇ ਬਾਵਜੂਦ ਇਤਿਹਾਸਕ ਤੇ ਰਾਜਨੀਤਕ ਕਾਰਨਾਂ ਕਰ ਕੇ ਇਸ ਨਾਲ ਬੀਤੇ 70 ਸਾਲਾਂ ਤੋਂ ਘੋਰ ਵਿਤਕਰਾ ਤੇ ਅਨਿਆਂ ਜਾਰੀ ਹੈ। ਇਨ੍ਹਾਂ 70 ਸਾਲਾਂ ਵਿਚ ਕਈ ਵਾਰ ਕੇਂਦਰ ਤੇ ਪੰਜਾਬ ਵਿਚ ਇਕ ਹੀ ਪਾਰਟੀ ਦੀਆਂ ਸਰਕਾਰਾਂ ਰਹੀਆਂ ਜਾਂ ਭਾਈਵਾਲ ਰਹੀਆਂ। ਇਨ੍ਹਾਂ ਹਾਲਾਤ ਵਿਚ ਪੰਜਾਬ ਦਾ ਚੋਣ ਏਜੰਡਾ ਹੇਠ ਲਿਖੇ ਅਨੁਸਾਰ ਤੈਅ ਕੀਤਾ ਜਾ ਸਕਦਾ ਹੈ।
ਪੰਜਾਬੀਆਂ ਨੂੰ ਰਿਆਇਤਾਂ, ਰਾਹਤਾਂ ਅਤੇ ਖ਼ੈਰਾਤਾਂ ਦੀ ਥਾਂ ਸਵੈ-ਨਿਰਭਰ ਹੋਣ ਤੇ ਸਵੈ-ਮਾਣ ਨਾਲ ਜਿਉਣ ਦੇ ਯੋਗ ਤੇ ਸਮਰੱਥ ਬਣਾਇਆ ਜਾਵੇ। ਇਸ ਲਈ ਨੌਜਵਾਨਾਂ ਨੂੰ ਲਾਹੇਵੰਦ ਰੁਜ਼ਗਾਰ ਦਿੱਤਾ ਜਾਵੇ। ਉਨ੍ਹਾਂ ਨੂੰ ਉਚ ਪੱਧਰ ਤਕ ਇਕਸਾਰ, ਸਸਤੀ ਅਤੇ ਮਿਆਰੀ ਸਿੱਖਿਆ ਦਿੱਤੀ ਜਾਵੇ। ਇਸ ਵਿਚ ਕਿੱਤਾ ਮੁੱਖ ਸਿੱਖਿਆ ਤੇ ਹੁਨਰ ਸਿਖਲਾਈ ਵੀ ਲਾਜ਼ਮੀ ਹੋਵੇ। ਸਿੱਖਿਆ ਤੰਤਰ ਦਾ ਕੀਤਾ ਜਾ ਰਿਹਾ ਅੰਧਾਧੁੰਦ ਨਿੱਜੀਕਰਨ ਤੇ ਵਪਾਰੀਕਰਨ ਰੋਕਿਆ ਜਾਵੇ ਅਤੇ 18 ਅਗਸਤ 2015 ਨੂੰ ਅਲਾਹਾਬਾਦ ਹਾਈ ਕੋਰਟ ਵੱਲੋਂ ਦਿੱਤੀ ਜੱਜਮੈਂਟ ਅਨੁਸਾਰ ਸਭ ਦੇ ਬੱਚੇ ਇੱਕੋ ਜਿਹੇ ਸਕੂਲਾਂ ਵਿਚ ਪੜ੍ਹਾਉਣੇ ਲਾਜ਼ਮੀ ਕੀਤੇ ਜਾਣ। ਕਿਸੇ ਵੀ ਸਰਕਾਰ ਦਾ ਕੋਈ ਵੀ ਰੈਗੂਲੇਟਰੀ ਢਾਂਚਾ ਪ੍ਰਾਈਵੇਟ ਸਕੂਲਾਂ ਨੂੰ ਨੱਥ ਨਹੀਂ ਪਾ ਸਕਦਾ। ਧਨ ਕੁਬੇਰਾਂ, ਵਜ਼ੀਰਾਂ, ਸਾਬਕਾ ਵਜ਼ੀਰਾਂ ਤੇ ਵਿਧਾਇਕਾਂ ਦੇ ਸਕੂਲਾਂ ਨੂੰ ਕੌਣ ਚੈੱਕ ਕਰੇਗਾ? ਪੰਜਾਬ ਦੀ ਜਵਾਨੀ ਦੇ ਗਰਕਣ ਦਾ ਇਕ ਕਾਰਨ ਮਾਂ-ਬੋਲੀ/ਭਾਸ਼ਾ, ਅਮੀਰ ਸਭਿਆਚਾਰ ਤੇ ਵਿਰਾਸਤ ਤੋਂ ਬੇਮੁੱਖ ਹੋਣਾ ਹੈ। ਪੰਜਾਬੀ ਕੁਝ ਵੀ ਮੁਫ਼ਤ ਨਹੀਂ ਚਾਹੁੰਦੇ। ਇਹ ਪੂਰੇ ਭਰੋਸੇ ਨਾਲ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕਿਸਾਨਾਂ ਨੇ ਕਦੇ ਵੀ ਮੁਫ਼ਤ ਬਿਜਲੀ ਦੀ ਮੰਗ ਨਹੀਂ ਸੀ ਕੀਤੀ। ਉਹ ਸਸਤੀ ਤੇ 24 ਘੰਟੇ ਨਿਰਵਿਘਨ ਬਿਜਲੀ ਦੀ ਮੰਗ ਜ਼ਰੂਰ ਕਰਦੇ ਸਨ। ਇਸੇ ਤਰ੍ਹਾਂ ਆਟਾ-ਦਾਲ ਦੀ ਮੰਗ ਵੀ ਕਿਸੇ ਵਰਗ ਨੇ ਨਹੀਂ ਕੀਤੀ ਅਤੇ ਨਾ ਹੀ ਧੀਆਂ ਦੇ ਵਿਆਹਾਂ ‘ਤੇ ਸ਼ਗਨ ਦੀ। ਹਰ ਕੋਈ ਜਾਣਦਾ ਹੈ ਕਿ ਕੇਵਲ ਆਟੇ ਅਤੇ ਦਾਲ ਨਾਲ ਘਰ-ਪਰਿਵਾਰ ਨਹੀਂ ਚਲਾਏ ਜਾ ਸਕਦੇ। ਅਜਿਹਾ ਕਰਦੇ ਪੰਜਾਬੀਆਂ ਦੇ ਸਵੈ-ਮਾਣ ਨੂੰ ਠੇਸ ਕਿਉਂ ਪਹੁੰਚਾਉਂਦੇ ਹੋ। ਕੀ ਸਰਕਾਰਾਂ ਨੂੰ ਗੁਰੂ ਨਾਨਕ ਦਾ ਕਥਨ ‘ਜੇ ਜੀਵੇ ਪਤਿ ਲਥੀ ਜਾਇ ਸਭੁ ਹਰਾਮੁ ਜੇਤਾ ਕਿਛੁ ਖਾਇ’ ਭੁੱਲ ਗਿਆ ਹੈ? ਇਸ ਲਈ ਪੰਜਾਬੀਆਂ ਦੀਆਂ ਅੱਜ ਵੀ ਬੁਨਿਆਦੀ ਲੋੜਾਂ ਉਹੀ ਹਨ ਜੋ ਸਮੁੱਚੀ ਮਾਨਵਤਾ ਦੀਆਂ ਹਨ। ਇਹ ਹਨ: ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ, ਰੁਜ਼ਗਾਰ ਤੇ ਜੀਣ ਦੀ ਸੁਰੱਖਿਆ। ਪੰਜਾਬ ਦੇ ਹਾਕਮਾਂ ਨੂੰ ਦੁਨੀਆ ਭਰ ਦੇ ਸਿਆਣਿਆਂ ਦੀ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਕਿ ਪੜ੍ਹੇ-ਲਿਖੇ ਤੰਦਰੁਸਤ ਲੋਕ ਹੀ ਕਿਸੇ ਸਮਾਜ/ਕੌਮ ਦਾ ਸਭ ਤੋਂ ਕੀਮਤੀ ਅਸਾਸਾ ਹੁੰਦੇ ਹਨ। ਚੀਨ ਵਿਚ ਕਹਾਵਤ ਹੈ ਕਿ ਭੁੱਖੇ ਨੂੰ ਮੱਛੀ ਨਾ ਦਿਉ, ਉਸ ਨੂੰ ਮੱਛੀ ਫੜਨ ਦੀ ਵਿਧੀ/ਢੰਗ-ਤਰੀਕਾ ਸਮਝਾਓ।
ਪੰਜਾਬ ਦੇ ਅਨੇਕਾਂ ਪੇਂਡੂ ਪਰਿਵਾਰਾਂ ਵਿਚ ਇਕ ਵੀ ਮੈਂਬਰ ਮੈਟ੍ਰਿਕ ਪਾਸ ਨਹੀਂ ਹੈ। ਉਹ ਇਲਾਜ ਲਈ ਜਾਦੂ-ਟੂਣਿਆਂ ‘ਤੇ ਨਿਰਭਰ ਹਨ। ਉਲਟਾ ਨੁਕਸਾਨ ਇਹ ਹੋ ਰਿਹਾ ਹੈ ਕਿ ਬਾਰਸ਼ਾਂ ਘਟਣ, ਦਰਿਆਈ ਪਾਣੀਆਂ ਦੀ ਨਿਆਂਯੁਕਤ ਵੰਡ ਨਾ ਹੋਣ ਅਤੇ ਝੋਨੇ ਦੀ ਫ਼ਸਲ ਦੀ ਵੱਡੇ ਖੇਤਰ ‘ਤੇ ਖੇਤੀ ਕਾਰਨ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤਕ ਹੇਠਾਂ ਚਲਾ ਗਿਆ ਹੈ ਅਤੇ ਪੰਜਾਬ ਦੇ ਬੰਜਰ ਧਰਤੀ ਵਿਚ ਤਬਦੀਲ ਹੋਣ ਵਿਚ ਹੁਣ ਬਹੁਤੇ ਸਾਲ ਨਹੀਂ ਬਚੇ। ਪੰਜ ਦਰਿਆਵਾਂ ਦੀ ਧਰਤੀ ‘ਤੇ ਪਾਣੀ ਬੋਤਲਾਂ ਵਿਚ ਵਿਕ ਰਿਹਾ ਹੈ ਅਤੇ ਲੱਸੀ ਡੱਬੀਆਂ ਵਿਚ। ਪੰਜਾਬ ਦੀਆਂ ਅਗਲੀਆਂ ਪੀੜ੍ਹੀਆਂ ਲਈ ਪਾਣੀ ਬਚਾਉਣ ਲਈ ਘੱਟ ਤੋਂ ਘੱਟ ਗਰਮੀ ਦੇ ਮੌਸਮ ਵਿਚ (ਜੋ ਹਰ ਸਾਲ ਲੰਮਾ ਹੋ ਰਿਹਾ ਹੈ) ਜਦੋਂ ਪਾਣੀ ਦੀ ਵਧੇਰੇ ਖਪਤ ਹੁੰਦੀ ਹੈ, ਤਾਂ ਬਿਜਲੀ ਦਾ ਮੁੱਲ ਲਿਆ ਜਾਵੇ।
ਅਗਲਾ ਮਹੱਤਵਪੂਰਨ ਮੁੱਦਾ ਪੰਜਾਬ ਵਿਚ ਨਸ਼ਿਆਂ ਦਾ ਹੈ। ਅਕਾਲੀ-ਭਾਜਪਾ ਗੱਠਜੋੜ ਤਾਂ ਨਸ਼ਿਆਂ ਦੀ ਹੋਂਦ ਤੋਂ ਇਨਕਾਰੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਸੱਤਾ ਵਿਚ ਆਉਣ ਦੇ ਇਕ ਮਹੀਨੇ ਵਿਚ ਨਸ਼ਿਆਂ ਨੂੰ ਖ਼ਤਮ ਕਰਨ ਦੇ ਹਵਾਈ ਵਾਅਦੇ ਕਰ ਰਹੇ ਹਨ, ਜਦੋਂਕਿ ਪਾਰਟੀਆਂ ਨੂੰ ਜਿੱਤ ਦੇ ਜਸ਼ਨਾਂ ਵਿਚ ਹੀ ਦੋ ਮਹੀਨੇ ਲੱਗ ਜਾਂਦੇ ਹਨ। ਦੂਜੇ, ਸ਼ਰਾਬ ਜੋ ਨਸ਼ਿਆਂ ਦਾ ਪ੍ਰਵੇਸ਼ ਦੁਆਰ ਹੈ ਅਤੇ ਜਿਸ ਦੀ ਸਿੱਖ ਧਰਮ ਸਮੇਤ ਸਾਰੇ ਮਨਾਹੀ ਕਰਦੇ ਹਨ, ਨੂੰ ਬੰਦ ਕਰਨ ਬਾਰੇ ਕੋਈ ਵੀ ਰਾਜਨੀਤਕ ਧਿਰ ਗੱਲ ਤਕ ਕਰਨ ਨੂੰ ਤਿਆਰ ਨਹੀਂ। ਜੇ ਸ਼ਰਾਬ ਬੰਦ ਨਹੀਂ ਹੁੰਦੀ ਤਾਂ ਦੂਜੇ ਜ਼ਿਆਦਾ ਘਾਤਕ ਨਸ਼ੇ ਵੀ ਬੰਦ ਨਹੀਂ ਹੋ ਸਕਦੇ। ਪੰਜਾਬ ਦੀ ਪੂਰੀ ਤਰ੍ਹਾਂ ਭ੍ਰਿਸ਼ਟ ਅਫ਼ਸਰਸ਼ਾਹੀ ਤੇ ਰੀੜ੍ਹ ਦੀ ਹੱਡੀ ਰਹਿਤ ਪੁਲਿਸ ਤੰਤਰ ਲਗਪਗ ਉਹੀ ਰਹਿਣਾ ਹੈ। ਨਸ਼ਿਆਂ ਦੇ ਤਸਕਰ ਤੇ ਕਾਰੋਬਾਰੀ ਚੋਣ ਮੈਦਾਨ ਵਿਚ ਹਨ।
ਪੰਜਾਬ ਵਿਚ ਸੜਕੀ ਦੁਰਘਟਨਾਵਾਂ ਵਿਚ ਰੋਜ਼ ਔਸਤਨ ਇਕ ਦਰਜਨ ਵਿਅਕਤੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਜਾਂਦੇ ਹਨ। ਅੱਧੇ ਕੁ ਤਾਂ ਪੂਰੀ ਤਰ੍ਹਾਂ ਅਪੰਗ ਹੋ ਜਾਂਦੇ ਹਨ ਅਤੇ ਕੁਝ ਹਾਲਾਤ ਵਿਚ ਉਨ੍ਹਾਂ ਦੀ ਹਾਲਤ ਮਰਿਆਂ ਤੋਂ ਵੀ ਭੈੜੀ ਹੋ ਜਾਂਦੀ ਹੈ। ਸਰਕਾਰਾਂ ਤੇ ਪ੍ਰਸ਼ਾਸਨ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਵਿਚ ਵੱਡੀ ਪੱਧਰ ‘ਤੇ ਅਸਫ਼ਲ ਰਿਹਾ ਹੈ। ਵੇਲਾ ਵਿਹਾ ਚੁੱਕੇ ਵਾਹਨਾਂ, ਨੁਕਸਾਨਦਾਰ ਵਾਹਨਾਂ ਦੇ ਚੱਲਣ, ਡਰਾਈਵਿੰਗ ਲਾਇਸੈਂਸ ਜਾਰੀ ਕਰਨ, ਨਿਰਧਾਰਿਤ ਰਫ਼ਤਾਰ ਲਾਗੂ ਨਾ ਕਰਵਾ ਸਕਣੀ; ਟੁੱਟੀਆਂ-ਭੱਜੀਆਂ ਸੜਕਾਂ; ਸ਼ਰਾਬੀ ਡਰਾਈਵਰਾਂ ਦੇ ਲਾਇਸੈਂਸ ਰੱਦ ਨਾ ਕਰਨਾ, ਓਵਰਲੋਡਿੰਗ, ਟ੍ਰੈਫਿਕ ਨੂੰ ਨਿਯਮਤ ਨਾ ਕਰ ਸਕਣਾ ਅਤੇ ਫੱਟੜਾਂ ਨੂੰ ਸਮੇਂ ਸਿਰ ਮੈਡੀਕਲ ਸਹਾਇਤਾ ਆਦਿ ਨਾ ਮਿਲਣੀ ਆਦਿ ਮੁੱਖ ਮਸਲੇ ਹਨ।
ਪੰਜਾਬ ਵਿਚ ਵਧਦੇ ਅਪਰਾਧ ਚਿੰਤਾ ਦਾ ਵਿਸ਼ਾ ਹਨ। ਅਗਿਆਨਤਾ, ਹਥਿਆਰ, ਨਸ਼ਿਆਂ ਦਾ ਮੱਕੜਜਾਲ ਅਤੇ ਬੇਰੁਜ਼ਗਾਰੀ ਨੇ ਪੰਜਾਬ ਦੀ ਜਵਾਨੀ ਨੂੰ ਅਪਰਾਧ ਦੀ ਦੁਨੀਆਂ ਵਿਚ ਖੜ੍ਹਾ ਕਰ ਦਿੱਤਾ ਹੈ। ਭਲੇਮਾਣਸ ਪੰਜਾਬੀ ਦਾ ਸੁਰੱਖਿਅਤ ਜੀਣਾ ਅਤੇ ਗੈਂਗਵਾਰਾਂ ਕਾਰਨ ਪੰਜਾਬ ਦੀ ਅਮਨ-ਸ਼ਾਂਤੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿਚ ਹਜ਼ਾਰਾਂ ਇਸ਼ਤਿਹਾਰੀ ਭਗੌੜੇ ਹਨ ਅਤੇ ਜ਼ਮਾਨਤ ‘ਤੇ ਰਿਹਾਅ ਹੋਏ ਮੁਜਰਮ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।
ਬਦਕਿਸਮਤੀ ਨੂੰ ਪੰਜਾਬ ਵਿਚ ਰਾਜਨੀਤੀਵਾਨਾਂ, ਉਚ ਅਫ਼ਸਰਾਂ, ਅਪਰਾਧੀਆਂ, ਪੂੰਜੀਪਤੀਆਂ, ਜਾਗੀਰਦਾਰਾਂ ਤੇ ਡੇਰੇਦਾਰਾਂ ਦਾ ਗੱਠਜੋੜ ਬਣ ਗਿਆ ਹੈ। ਇਹ ਸਾਰੇ ਇਕ-ਦੂਜੇ ਦੇ ਪੂਰਕ ਤੇ ਮਦਦਗਾਰ ਹਨ। ਅਪਰਾਧੀਆਂ ਤੇ ਡੇਰੇਦਾਰਾਂ ਦਾ ਵਧਣਾ ਬੇਹੱਦ ਚਿੰਤਾਜਨਕ ਹੈ। ਅਪਰਾਧੀ ਆਮ ਲੋਕਾਂ ਦੀ ਸੁਰੱਖਿਆ ਦਾ ਨਿਖੇਧ ਹਨ। ਅਪਰਾਧੀਆਂ ਹੱਥੋਂ ਛੋਟੇ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਹਨ ਅਤੇ ਜੇ ਅਜਿਹੇ ਅਪਰਾਧੀਆਂ ਨੂੰ ਸਿਆਸੀ ਪੁਸ਼ਤਪਨਾਹੀ ਹਾਸਲ ਹੋਵੇ ਤਾਂ ਐਸ਼ਪੀæ ਤਕ ਵੀ ਸੁਰੱਖਿਅਤ ਨਹੀਂ ਹਨ। ਆਮ ਲੋਕ ਕਿਸ ਬਾਗ਼ ਦੀ ਮੂਲੀ ਹਨ। ਸਾਰੇ ਡੇਰੇਦਾਰ ਯਥਾਸਥਿਤੀ ਬਣਾਈ ਰੱਖਣ ਦੇ ਹੱਕ ਵਿਚ ਭੁਗਤਦੇ ਹਨ ਅਤੇ ਇਸ ਤਰ੍ਹਾਂ ਸਾਰਥਕ ਤਬਦੀਲੀ ਦੇ ਵਿਰੋਧੀ ਹਨ। ਡੇਰੇਦਾਰ ਅਗਲਾ ਜਨਮ ਸੁਆਰਨ ਦੇ ਛਲਾਵੇ ਤਹਿਤ ਆਮ ਲੋਕਾਂ ਨੂੰ ਆਪਣੀ ਵਰਤਮਾਨ ਤਰਸਯੋਗ ਹੋਣੀ ਭੁੱਲਣ ਲਈ ਪ੍ਰੇਰਦੇ ਹਨ। ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਗੁਰੂ ਨਾਨਕ ਦੇ ਕਿਰਤ ਕਰਨ ਦੇ ਫ਼ਲਸਫ਼ੇ ਦਾ ਅਮਲ ਵਿਚ ਇਹ ਡੇਰੇਦਾਰ ਨਿਖੇਧ ਕਰਦੇ ਹਨ। ਉਹ ਆਪ ਹੱਥੀਂ ਕੋਈ ਕੰਮ ਨਹੀਂ ਕਰਦੇ। ਸਿੱਟੇ ਵਜੋਂ ਉਹ ਕਿਰਤ ਕਰਨ ਦਾ ਉਪਦੇਸ਼ ਵੀ ਨਹੀਂ ਦੇ ਸਕਦੇ। ਲੋਕ ਅਮਲਾਂ/ਵਿਹਾਰ ਤੋਂ ਸਿਖਦੇ ਹਨ, ਲੱਛੇਦਾਰ ਭਾਸ਼ਣਾਂ ਤੋਂ ਨਹੀਂ। ਉਹ ਹਥਿਆਰਬੰਦ ਬਾਡੀਗਾਰਡਾਂ ਨਾਲ ਲਗਜ਼ਰੀ ਕਾਰਾਂ ਵਿਚ ਸਫ਼ਰ ਕਰਦੇ ਹਨ ਅਤੇ ਲੋਕਾਂ ਨੂੰ ਨਿਰਭਓ ਤੇ ਸਾਦਾ ਰਹਿਣੀ ਦਾ ਉਪਦੇਸ਼ ਦਿੰਦੇ ਹਨ। ਇਹ ਭੋਲੇ-ਭਾਲੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਾਲਾ ਹੈ। ਇਹ ਸਾਰਾ ਕੁਝ ਰੁਕਣਾ ਚਾਹੀਦਾ ਹੈ।