ਗੁਜਰਾਤ ਫਾਈਲਾਂ

‘ਗੁਜਰਾਤ ਫਾਈਲਾਂ’ ਦਲੇਰ ਪੱਤਰਕਾਰ ਰਾਣਾ ਅਯੂਬ ਦੀ ਅਜਿਹੀ ਲਿਖਤ ਹੈ ਜਿਸ ‘ਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦਾ ਖੁਲਾਸਾ ਹੋਇਆ ਹੈ। ਜਦੋਂ ਇਹ ਕਿਤਾਬ ਛਾਪਣ ਲਈ ਕਿਸੇ ਪ੍ਰਕਾਸ਼ਕ ਨੇ ਹਾਮੀ ਨਹੀਂ ਭਰੀ, ਉਹਨੇ ਇਹ ਕਿਤਾਬ ਆਪੇ ਛਾਪ ਲਈ। ਇਸ ਕਿਤਾਬ ਦਾ ਪੰਜਾਬੀ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਉਨ੍ਹਾਂ ਨੇ ਵੀ ਇਹ ਕਿਤਾਬ ਖੁਦ ਹੀ ਛਪਵਾਈ ਹੈ।

-ਸੰਪਾਦਕ
ਅਫਸਰ, ਅਛੂਤ ਅਤੇ ਚਾਕਰੀ
ਕਾਰਪੋਰੇਟ ਭਾਸ਼ਾ ਵਿਚ ਸ਼ਬਦ ‘ਟਅਕeਅੱਅੇ’ (ਟੇਕਅਵੇਅ-ਲਾਹਾ) ਬੋਲਿਆ ਜਾਂਦਾ ਹੈ ਜਿਸ ਦਾ ਮਤਲਬ ਹੁੰਦਾ ਹੈ ਕੋਈ ਲਾਹੇਵੰਦੀ ਚੀਜ਼ ਜੋ ਕਿਸੇ ਸੰਮੇਲਨ, ਮੀਟਿੰਗ ਜਾਂ ਚਰਚਾ ਤੋਂ ਬਾਅਦ ਬੰਦਾ ਉਥੋਂ ਲੈ ਕੇ ਜਾਂਦਾ ਹੈ। ਰਾਜਨ ਪ੍ਰਿਯਾਦਰਸ਼ੀ ਮੇਰੇ ਲਈ ਇਤਫਾਕੀਆ ਲਾਹਾ ਸੀ। ਜਿਵੇਂ ਕਿਹਾ ਜਾਂਦਾ ਹੈ, ਇਹ ਸੇਵਾ-ਮੁਕਤ ਪੁਲਿਸ ਅਧਿਕਾਰੀ ਮੇਰੀ ਛਾਣਬੀਣ ਲਈ ਬੇਥਾਹ ਅਹਿਮੀਅਤ ਵਾਲੀ ਬਹੁਮੁੱਲੀ ਸੁਗਾਤ ਹੋ ਨਿਬੜਿਆ। ਮੈਨੂੰ ਲਾਜ਼ਮੀ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਮੈਨੂੰ ਰਾਜਨ ਪ੍ਰਿਯਾਦਰਸ਼ੀ ਨਾਂ ਦੇ ਪੁਲਿਸ ਅਫਸਰ ਦੀ ਉਕਾ ਹੀ ਜਾਣਕਾਰੀ ਨਹੀਂ ਸੀ, ਉਸ ਦੇ ਜੂਨੀਅਰ ਗਿਰੀਸ਼ ਸਿੰਘਲ ਨਾਲ ਗੱਲਬਾਤ ਦੌਰਾਨ ਹੀ ਉਸ ਦਾ ਜ਼ਿਕਰ ਆਇਆ ਸੀ। ਮੈਂ ਗੁਜਰਾਤ ਤੋਂ ਵਾਹਵਾ ਰਿਪੋਰਟਿੰਗ ਕਰਦੀ ਰਹੀ ਸੀ ਅਤੇ ਉਥੋਂ ਦੇ ਜ਼ਿਆਦਾਤਰ ਪੁਲਿਸ ਅਫਸਰਾਂ ਨੂੰ ਜਾਣਦੀ ਸੀ, ਜਾਂ ਮੈਂ ਇੰਞ ਵਿਸ਼ਵਾਸ ਕਰਦੀ ਸੀ। ਜ਼ਿਆਦਾਤਰ ਨਾਲ ਮੇਰੀ ਮੁਲਾਕਾਤ ਨਹੀਂ ਹੋਈ ਸੀ, ਪਰ ਨਿਊਜ਼ ਰਿਪੋਰਟਾਂ ਅਤੇ ਪੁਲਿਸ ਭਾਈਚਾਰੇ ਨਾਲ ਮੁਲਾਕਾਤਾਂ ਹੁੰਦੇ ਰਹਿਣ ਨਾਲ ਇਹ ਯਕੀਨੀ ਹੋ ਗਿਆ ਸੀ ਕਿ ਅਹਿਮ ਅਫਸਰਾਂ ਬਾਰੇ ਮੈਨੂੰ ਚੋਖੀ ਜਾਣਕਾਰੀ ਹੈ।
ਲਿਹਾਜ਼ਾ ਜਦੋਂ ਸਿੰਘਲ ਨੇ ਇਸ ਨਾਂ ਦਾ ਜ਼ਿਕਰ ਕੀਤਾ ਜਿਸ ਬਾਰੇ ਮੈਂ ਪੂਰੀ ਤਰ੍ਹਾਂ ਅਣਜਾਣ ਸੀ, ਤਾਂ ਮੈਨੂੰ ਹੈਰਾਨੀ ਤਾਂ ਹੋਣੀ ਹੀ ਸੀ। ਉਸ ਨੂੰ ਮਿਲਣ ਜਾਣ ਤੋਂ ਪਹਿਲਾਂ ਮੈਂ ਉਸ ਬਾਰੇ ਪਹਿਲਾਂ ਕੋਈ ਖੋਜ ਨਹੀਂ ਕੀਤੀ ਸੀ। ਉਸ ਨੂੰ ਮਿਲਣ ਦੀ ਹਾਮੀ ਭਰਨ ਦੀ ਇਕੋ ਇਕ ਵਜ੍ਹਾ ਇਹ ਸੀ ਕਿ ਸਿੰਘਲ ਦੇ ਦਿਮਾਗ ਵਿਚ ਕੋਈ ਸ਼ੱਕ ਪੈਦਾ ਨਾ ਹੋਵੇ ਅਤੇ ਉਸ ਨੂੰ ਤਸੱਲੀ ਰਹੇ ਕਿ ਮੈਂ ਉਸ ਦੀ ਸਲਾਹ ਅਨੁਸਾਰ ਤਨਦੇਹੀ ਨਾਲ ਜੁਟੀ ਹੋਈ ਸੀ। ਇਸ ਨੇ ਮੇਰੇ ਵਿਚ ਸਿੰਘਲ ਦਾ ਭਰੋਸਾ ਪੱਕਾ ਕਰਨ ਵਿਚ ਮਦਦ ਕੀਤੀ ਕਿ ਮੈਂ ਹੋਰ ਆਹਲਾ ਅਫਸਰਾਂ ਨੂੰ ਵੀ ਮਿਲ ਰਹੀ ਸੀ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਵਿਵਾਦਾਂ ‘ਚ ਘਿਰੇ ਨਹੀਂ ਅਤੇ ਸੁਰਖ਼ੀਆਂ ਵਿਚ ਨਹੀਂ ਸਨ। ਰਾਜਨ ਪ੍ਰਿਯਾਦਰਸ਼ੀ ਬਾਰੇ ਇਕ ਹੋਰ ਰੌਚਕ ਤੱਥ ਵੀ ਸੀ। ਜੂਨ 2004 ਵਿਚ ‘ਟਾਈਮਜ਼ ਆਫ ਇੰਡੀਆ’ ਨੂੰ ਦਿੱਤੀ ਇੰਟਰਵਿਊ ਵਿਚ ਪ੍ਰਿਯਾਦਰਸ਼ੀ (ਜੋ 1980 ਬੈਚ ਦੇ ਪੁਲਿਸ ਅਧਿਕਾਰੀ ਸਨ) ਨੇ ਕਿਹਾ ਸੀ ਕਿ ਸੂਬੇ ਦੇ ਆਹਲਾ ਦਰਜੇ ਦੇ ਪੁਲਿਸ ਅਫਸਰਾਂ ਵਿਚੋਂ ਇਕ ਹੋਣ ਦੇ ਬਾਵਜੂਦ ਉਸ ਨਾਲ ਅਜੇ ਵੀ ਉਸ ਦੇ ਪਿੰਡ ਵਿਚ ਅਛੂਤ ਵਾਲਾ ਵਰਤਾਓ ਕੀਤਾ ਜਾ ਰਿਹਾ ਸੀ। ‘ਟਾਈਮਜ਼ ਆਫ ਇੰਡੀਆ’ ਦੀ ਖ਼ਬਰ ਵਿਚ ਕਿਹਾ ਗਿਆ ਸੀ:
ਤਰ੍ਹਾਂ ਤਰ੍ਹਾਂ ਦੇ ਲੋਕ ਤਰ੍ਹਾਂ ਤਰ੍ਹਾਂ ਦੇ ਮਸਲੇ ਲੈ ਕੇ ਅਕਸਰ ਹੱਥ ਜੋੜ ਕੇ ਉਸ ਕੋਲ ਆਉਂਦੇ ਹਨ, ਪਰ ਜਦੋਂ ਉਹੀ ਪ੍ਰਿਯਾਦਰਸ਼ੀ ਦੇਹਗਾਮ ਤਾਲੁਕਾ ਵਿਚ ਆਪਣੇ ਜ਼ੱਦੀ ਪਿੰਡ ਕੜਗਰਾ ਜਾਂਦਾ ਹੈ ਤਾਂ ਸਮੀਕਰਨ ਨਾਟਕੀ ਤੌਰ ‘ਤੇ ਬਦਲ ਜਾਂਦਾ ਹੈ।
ਇਹ ਸੀਨੀਅਰ ਪੁਲਿਸ ਅਫਸਰ ਅਜੇ ਵੀ ਪਿੰਡ ਦੇ ਉਚੀਆਂ ਜਾਤਾਂ ਦੇ ਰਿਹਾਇਸ਼ੀ ਇਲਾਕੇ ਵਿਚ ਘਰ ਨਹੀਂ ਖ਼ਰੀਦ ਸਕਦਾ। ਉਸ ਦਾ ਘਰ ਹੁਣ ਵੀ ਕੜਗਰਾ ਦੇ ‘ਦਲਿਤ ਵਾਸ’ ਵਿਚ ਹੈ। ਪ੍ਰਿਯਾਦਰਸ਼ੀ ਭਾਵੇਂ ਇਸ ਬਾਰੇ ਗੱਲ ਨਹੀਂ ਕਰਨੀ ਚਾਹੁੰਦਾ, ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਪਿੰਡ ਦਾ ਹਜਾਮ ਦਲਿਤ ਗਾਹਕਾਂ ਦੀ ਹਜਾਮਤ ਨਹੀਂ ਕਰਦਾ ਸੀ।
ਤਕਨੀਕੀ ਤੌਰ ‘ਤੇ ਗੱਲ ਕਰਨੀ ਹੋਵੇ ਤਾਂ ਇਸ ਨੇ ਫਿਲਮ ਦੇ ਨਜ਼ਰੀਏ ਤੋਂ ਮੇਰਾ ਕੰਮ ਸੌਖਾ ਕਰ ਦਿੱਤਾ। ਲੱਗਦੇ ਹੱਥ, ਛਾਣਬੀਣ ਦੇ ਅਖ਼ੀਰ ਵਿਚ ਚੋਖੀ ਸਮੱਗਰੀ ਇਹ ਦਰਸਾ ਰਹੀ ਸੀ ਕਿ ਪ੍ਰਸ਼ਾਸਨ ਵਲੋਂ ਜਿਨ੍ਹਾਂ ਜ਼ਿਆਦਾਤਰ ਅਫ਼ਸਰਾਂ ਨੂੰ ਖੱਜਲ-ਖੁਆਰ ਅਤੇ ਜ਼ਲੀਲ ਕੀਤਾ ਜਾ ਰਿਹਾ ਸੀ, ਉਹ ਪੱਛੜੀਆਂ ਸ਼੍ਰੇਣੀਆਂ ਦੇ ਸਨ। ਉਂਜ ਇਕ ਬਹੁਤ ਅਹਿਮ ਚੀਜ਼ ਵੱਲ ਮੇਰਾ ਧਿਆਨ ਨਹੀਂ ਸੀ ਗਿਆ। ਜਦੋਂ ਗੁਜਰਾਤ ਸੀæਆਈæਡੀæ ਵਲੋਂ ਫਰਜ਼ੀ ਮੁਕਾਬਲਿਆਂ ਦੀ ਜਾਂਚ ਹੱਥ ਲਈ ਗਈ, ਉਦੋਂ 2007 ਵਿਚ ਗੁਜਰਾਤ ਏæਟੀæਐਸ਼ ਦਾ ਡੀæਜੀæ (ਡਾਇਰੈਕਟਰ ਜਨਰਲ) ਰਾਜਨ ਪ੍ਰਿਯਾਦਰਸ਼ੀ ਸੀ। ਇਹੀ ਨਹੀਂ, 2002 ਦੀ ਹਿੰਸਾ ਦੌਰਾਨ ਉਹ ਬਤੌਰ ਰਾਜਕੋਟ ਆਈæਜੀæ ਬਹੁਤ ਅਹਿਮ ਅਹੁਦੇ ਉਪਰ ਸੀ।
ਇਉਂ ਮਾਈਕ ਅਤੇ ਮੈਂ ਰਾਜਨ ਪ੍ਰਿਯਾਦਰਸ਼ੀ ਨੂੰ ਮਿਲੇ। ਮੈਂ ਨਹੀਂ ਸੋਚਦੀ ਕਿ ਅਸੀਂ 60 ਕੁ ਸਾਲ ਦੀ ਉਮਰ ਦੇ ਇਸ ਬੰਦੇ ਨਾਲ ਆਪਣੀ ਪਹਿਲੀ ਮਿਲਣੀ ਨੂੰ ਕਦੇ ਭੁੱਲ ਸਕਦੇ ਹਾਂ। ਅਹਿਮਦਾਬਾਦ-ਨਰੋਦਾ ਪਾਟੀਆ ਦੇ ਮੱਧ ਵਰਗੀ ਇਲਾਕੇ ਵਿਚ ਉਸ ਦਾ ਇਕ ਮੰਜ਼ਿਲਾ ਬੰਗਲਾ ਸੀ। ਇਹ ਉਹੀ ਵੋਟਰ ਹਲਕਾ ਸੀ ਜਿਥੋਂ ਸਾਡੀ ਇਕ ਹੋਰ ਪਾਤਰ ਮਾਇਆ ਕੋਡਨਾਨੀ ਐਮæਐਲ਼ਏæ ਸੀ। ਇਹ ਉਹ ਇਲਾਕਾ ਵੀ ਸੀ ਜਿਥੇ ਸਭ ਤੋਂ ਘਿਨਾਉਣੀ ਫਿਰਕੂ ਹਿੰਸਾ ਹੋਈ ਸੀ ਅਤੇ ਜਿਥੇ ਸਭ ਤੋਂ ਵੱਧ ਜਾਨੀ ਨੁਕਸਾਨ ਹੋਇਆ ਸੀ।
ਪ੍ਰਿਯਾਦਰਸ਼ੀ ਦਾ ਘਰ ਲੱਭਣ ਵਿਚ ਸਾਨੂੰ ਕਾਫ਼ੀ ਮੁਸ਼ਕਿਲ ਆਈ; ਅਸਲ ਵਿਚ ਇਹ ਕਲਪਨਾ ਤੋਂ ਬਾਹਰ ਸੀ ਕਿ ਏæਟੀæਐਸ਼ ਦਾ ਸਾਬਕਾ ਮੁਖੀ ਇਥੇ ਰਹਿ ਰਿਹਾ ਸੀ ਜੋ ਤੀਹ ਵਰ੍ਹੇ ਗੁਜਰਾਤ ਦੇ ਕਈ ਸਭ ਤੋਂ ਅਹਿਮ ਅਹੁਦਿਆਂ ਉਪਰ ਕੰਮ ਕਰ ਚੁੱਕਾ ਸੀ। ਉਸ ਦੇ ਰੈਣ ਬਸੇਰੇ ਤਕ ਪਹੁੰਚਣ ਲਈ ਸਰਕਾਰੀ ਸਕੂਲ ਅਤੇ ਬਹੁਤ ਸਾਰੇ ਚਾਲ ਤੇ ਨਾਲੇ ਪਾਰ ਕਰਨੇ ਪੈਂਦੇ ਸਨ। ਬਹੁਤੇ ਉਸ ਦੀ ਹੋਂਦ ਤੋਂ ਅਣਜਾਣ ਸਨ, ਅਸਲ ਵਿਚ ਉਸ ਦੇ ਨਾਲ ਦੇ ਗੁਆਂਢੀ ਵੀ ਉਸ ਨੂੰ ਐਸੇ ਪੁਲਸੀਏ ਦੇ ਤੌਰ ‘ਤੇ ਜਾਣਦੇ ਸਨ ਜਿਸ ਨੇ ਆਪਣੀ ਫੋਟੋ ਸ਼ੀਸ਼ੇ ਵਿਚ ਜੜਾ ਕੇ ਆਪਣੇ ਘਰ ਦੇ ਦਰਵਾਜ਼ੇ ਉਪਰ ਲਗਾਈ ਹੋਈ ਸੀ।
ਪ੍ਰਿਯਾਦਰਸ਼ੀ ਬੇਤਾਬੀ ਨਾਲ ਸਾਡੀ ਇੰਤਜ਼ਾਰ ਕਰ ਰਿਹਾ ਸੀ, ਜਦੋਂ ਸਾਡੀ ਟੈਕਸੀ ਉਸ ਦੀ ਗਲੀ ਵਿਚ ਦਾਖ਼ਲ ਹੋਈ ਤਾਂ ਉਹ ਉਥੇ ਖੜ੍ਹ ਕੇ ਸਾਨੂੰ ਹੱਥ ਨਾਲ ਇਸ਼ਾਰਾ ਕਰ ਰਿਹਾ ਸੀ। ‘ਜੀ ਆਇਆਂ ਨੂੰ’ ਉਹ ਆਪਣੀ ਰਿਹਾਇਸ਼ ਦੀ ਛੱਤ ਤੋਂ ਚਾਈਂ-ਚਾਈਂ ਬੋਲਿਆ। ਉਸ ਦੇ ਘਰ ਦੀਆਂ ਕਲਪਨਾ ਤੋਂ ਬਾਹਰੀਆਂ ਬਾਰੀਕੀਆਂ ਵਿਚ ਮਗਨ ਹੋਏ ਅਸੀਂ ਦੋਵੇਂ ਅੰਦਰ ਚਲੇ ਗਏ। ਮੁੱਖ ਦੁਆਰ ਦੇ ਸੱਜੇ ਪਾਸੇ ਤਖ਼ਤੀ ਲੱਗੀ ਹੋਈ ਸੀ ਜਿਸ ਉਪਰ ਪ੍ਰਿਯਾਦਰਸ਼ੀ ਦੇ ਵੱਖ-ਵੱਖ ਅਹੁਦਿਆਂ ਉਪਰ ਰਹੇ ਹੋਣ ਦੀ ਤਫ਼ਸੀਲ ਦਿਤੀ ਹੋਈ ਸੀ। ਜਦੋਂ ਅਸੀਂ ਅੰਦਰ ਵੜੇ ਤਾਂ ਪੇਂਡੂ ਭਲਵਾਨੀ ਮੁੱਛਾਂ ਅਤੇ ਧੌਲੀ ਦਾੜ੍ਹੀ ਵਾਲੇ ਫੁਰਤੀਲੇ ਸੱਜਣ ਨੇ ਸਾਡੇ ਨਾਲ ਹੱਥ ਮਿਲਾਏ। ਸਾਨੂੰ ਦੋ ਸੂਤੀ ਦੁਪੱਟੇ, ਪੈੱਨ ਅਤੇ ਕਾਪੀਆਂ ਭੇਟ ਕੀਤੀਆਂ ਗਈਆਂ।
ਅਗਲੇ ਕੁਝ ਮਿੰਟਾਂ ਵਿਚ ਜੋ ਵਾਪਰਿਆ, ਉਹ ਹੁਲਾਸਪੂਰਨ ਸੀ। ਪ੍ਰਿਯਾਦਰਸ਼ੀ ਨੇ ਝਟਪਟ ਮਾਈਕ ਦੀ ਮਨਪਸੰਦ ਗੱਲ ਕੀਤੀ। ਸ਼ਕੰਜਵੀ ਆ ਗਈ। ਜਿਸ ਫ਼ਰਾਖ਼ਦਿਲੀ ਨਾਲ ਸਾਡੀ ਆਓ-ਭਗਤ ਹੋ ਰਹੀ ਸੀ, ਉਸ ਦੇ ਸਦਮੇ ਵਿਚੋਂ ਅਜੇ ਅਸੀਂ ਨਿਕਲੇ ਹੀ ਸੀ ਕਿ ਜਦੋਂ ਤੀਹ ਕੁ ਸਾਲ ਦਾ ਬੰਦਾ 10 ਸਾਲ ਦੇ ਬੱਚੇ ਨੂੰ ਲੈ ਕੇ ਕਮਰੇ ਵਿਚ ਆ ਗਿਆ। ਉਹ ਪ੍ਰਿਯਾਦਰਸ਼ੀ ਦੇ ਪੁੱਤਰ ਤੇ ਪੋਤਰਾ ਸਨ ਅਤੇ ਮਗਰਲੇ ਨੇ ਡਿਜੀਟਲ ਕੈਮਰਾ ਫੜਿਆ ਹੋਇਆ ਸੀ। ‘ਸਾਡੇ ਘਰ ਵਿਦੇਸ਼ੀ ਫਿਲਮਸਾਜ਼ਾਂ ਨੇ ਰੋਜ਼ ਰੋਜ਼ ਨਹੀਂ ਆਉਣਾ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਬਸ ਇਕ ਫੋਟੋ ਲੈਣੀ ਏ’, ਸਾਨੂੰ ਦੱਸਿਆ ਗਿਆ।
ਜਦੋਂ ਤੁਸੀਂ ਓਹਲੇ ਵਿਚ ਕੰਮ ਕਰਦੇ ਹੋ ਤਾਂ ਤੁਸੀਂ ਜੋ ਆਖ਼ਰੀ ਚੀਜ਼ ਕਰਨਾ ਚਾਹ ਰਹੇ ਹੁੰਦੇ ਹੋ, ਉਹ ਹੈ ਲੋਕਾਈ ਦੀਆਂ ਨਜ਼ਰਾਂ ਵਿਚ ਨਾ ਆਉਣਾ ਜਾਂ ਆਪਣੀ ਓਹਲੇ ਵਾਲੀ ਜ਼ਿੰਦਗੀ ਦੇ ਕੋਈ ਨਿਸ਼ਾਨ ਨਾ ਛੱਡਣਾ, ਪਰ ਇਸ ਹਾਲਤ ਵਿਚ ਫੋਟੋ ਖਿਚਵਾਉਣ ਤੋਂ ਨਾਂਹ ਕਰਨ ਨੇ ਸਾਡੀ ਕੋਈ ਮਦਦ ਨਹੀਂ ਸੀ ਕਰਨੀ। ਨਾਲ ਹੀ ਤਖ਼ਤੀ ਉਪਰ ਦਿਤੀ ਉਸ ਦੇ ਜੀਵਨ-ਪੰਧ ਦੇ ਗ੍ਰਾਫ ਦੀ ਤਰਤੀਬ ਇਹੋ ਦੱਸਦੀ ਸੀ ਕਿ ਪ੍ਰਿਯਾਦਰਸ਼ੀ ਸਾਡੇ ਲਈ ਬਹੁਤ ਸਹਾਈ ਹੋ ਸਕਦਾ ਸੀ। ਮਾਈਕ ਨੇ ਅਤੇ ਮੈਂ ਉਸ ਦੇ ਪੋਤੇ ਦੀਆਂ ਇਛਾਵਾਂ ਪੂਰੀਆਂ ਕਰ ਦਿਤੀਆਂ ਅਤੇ ਦੋ ਫੋਟੋ ਖਿੱਚੀਆਂ ਗਈਆਂ। ਫਿਰ ਸਾਨੂੰ ਬੈਠਕ ਵਿਚ ਲਿਜਾਇਆ ਗਿਆ। ਬੈਠਕ ਵਿਚ ਰਾਜ ਤੇ ਵਜ਼ਾਰਤ ਦੇ ਵਜ਼ੀਰਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਪ੍ਰਿਯਾਦਰਸ਼ੀ ਦੀ ਫੋਟੋ ਲੱਗੀ ਹੋਈ ਸੀ।
‘ਤੁਸੀਂ ਸਾਡੀ ਫੋਟੋ ਜੜਾ ਕੇ ਇਥੇ ਟੰਗਣਾ ਚਾਹੁੰਦੇ ਹੋ, ਸਰ’, ਮੈਂ ਆਪਣੀ ਫੋਟੋ ਲਏ ਜਾਣ ਦਾ ਮਨੋਰਥ ਜਾਣਨ ਦੀ ਉਤਸੁਕਤਾ ਵਿਚੋਂ ਗੁਸਤਾਖ਼ੀ ਨਾਲ ਕਿਹਾ। ਸਾਨੂੰ ਦੱਸਿਆ ਗਿਆ ਕਿ ਉਹ ਹਰ ਮਹੀਨੇ ਸਥਾਨਕ ਖ਼ਬਰਾਂ ਦਾ ਸਪਲੀਮੈਂਟ ਕੱਢਦਾ ਸੀ ਅਤੇ ਉਹ ਆਪਣੀ ਜਾਣ-ਪਛਾਣ ਵਾਲੇ ਲੋਕਾਂ ਵਿਚ ਮੁਫ਼ਤ ਵੰਡਦਾ ਸੀ। ਇਹ ਰਾਹਤ ਵਾਲੀ ਗੱਲ ਸੀ। ਅਸੀਂ ਇਹ ਗੱਲ ਇਸ ਯਕੀਨ-ਦਹਾਨੀ ਉਪਰ ਛੱਡ ਦਿਤੀ ਕਿ ਜਦੋਂ ਗੁਜਰਾਤ ਵਿਚ ਫਿਲਮ ਦੇ ਸਾਰੇ ਪਾਤਰਾਂ ਨਾਲ ਸਾਡਾ ਤੁਆਰਫ਼ ਹੋ ਗਿਆ ਤਾਂ ਉਹ ਫੋਟੋ ਨੂੰ ਇਸਤੇਮਾਲ ਕਰ ਲੈਣ। ‘ਤੁਸੀਂ ਜਾਣਦੇ ਹੋ ਸਰ, ਅਸੀਂ ਨਹੀਂ ਚਾਹੁੰਦੇ ਕਿ ਅਣਚਾਹੇ ਹੀ ਨਜ਼ਰਾਂ ‘ਚ ਚੜ੍ਹਿਆ ਜਾਵੇ। ਅਸੀਂ ਮਸ਼ਹੂਰੀ ਤੋਂ ਗੁਰੇਜ਼ ਕਰਨਾ ਚਾਹੁੰਦੇ ਹਾਂ।’ ਮੈਂ ਇਹ ਗੁਜ਼ਾਰਿਸ਼ ਕੀਤੀ ਅਤੇ ਉਨ੍ਹਾਂ ਨੇ ਨਿਮਰਤਾ ਨਾਲ ਮੰਨ ਲਈ।
ਗੱਲਬਾਤ ਇਕ-ਪਾਤਰੀ ਸੀ।
ਘੰਟੇ ਕੁ ਵਿਚ ਅਸੀਂ ਮਹਿਸੂਸ ਕਰ ਲਿਆ ਕਿ ਪ੍ਰਿਯਾਦਰਸ਼ੀ ਨੇ ਸਾਨੂੰ ਆਪਣੀ ਜੀਵਨੀ ਦਾ ਸੰਖੇਪ ਵੇਰਵਾ ਲਿਖਣ ਜੋਗੀ ਵਾਹਵਾ ਸਮੱਗਰੀ ਦੇ ਦਿਤੀ ਸੀ। ਉਹ ਹਰ ਲਿਹਾਜ਼ ਨਾਲ ਇਕ ਪਾਤਰ ਸੀ, ਜਿਸ ਤਰ੍ਹਾਂ ਦੇ ਪਾਤਰ ਦੀ ਝਲਕ ਤੁਸੀਂ ਕਿਸੇ ਫਿਲਮ ਜਾਂ ਨਾਵਲ ਵਿਚ ਦੇਖਦੇ ਹੋ। ਦਰਅਸਲ ਇਹ ਮਿਲਣੀ ਮੈਨੂੰ ਉਸ ਤੌਰ-ਤਰੀਕੇ ਨੂੰ ਬਹੁਤ ਹੀ ਅਹਿਮ ਪੱਖ ਤੋਂ ਘੋਖਣ ਵਿਚ ਸਹਾਈ ਹੋਵੇਗੀ ਜਿਵੇਂ ਗੁਜਰਾਤ ਵਿਚ ਰਾਜ ਮਸ਼ੀਨਰੀ ਕੰਮ ਕਰ ਰਹੀ ਸੀ। ਉਸ ਦੇ ਮੂੰਹੋਂ ਉਸ ਦੇ ਪਿੰਡ ਦੇ ਹਜਾਮ ਦੇ ਰਵੱਈਏ ਬਾਰੇ ਸੁਣ ਕੇ ਸਾਨੂੰ ਸਦਮਾ ਪਹੁੰਚਿਆ ਜਿਸ ਨੇ ਉਸ ਦੀ ਹਜਾਮਤ ਕਰਨ ਤੋਂ ਨਾਂਹ ਕਰ ਦਿਤੀ ਸੀ ਅਤੇ ਇਸੇ ਕਰ ਕੇ ਗੁਜਰਾਤ ਦੇ ਬਾਰਡਰ ਰੇਂਜ ਦੇ ਆਈæਜੀæ ਦੇ ਅਹੁਦੇ ਉਪਰ ਹੋਣ ਦੇ ਬਾਵਜੂਦ ਉਸ ਨੂੰ ਆਪਣਾ ਘਰ ਦਲਿਤ ਬਸਤੀ ਵਿਚ ਬਣਾਉਣਾ ਪਿਆ ਸੀ। ਦਲਿਤ ਹੋਣ ਦੀ ਪਛਾਣ ਨੇ ਉਸ ਦਾ ਖਹਿੜਾ ਨਾ ਛੱਡਿਆ। ਗੁਜਰਾਤ ਵਿਚ ਪੁਲਿਸ ਦੀ ਨੌਕਰੀ ਦੌਰਾਨ ਉਸ ਨੂੰ ਆਪਣੇ ਸੀਨੀਅਰਾਂ ਦੇ ਘਟੀਆ ਕੰਮ ਕਰਨੇ ਪਏ; ਪਰ ਉਹ ਐਸੇ ਕੰਮ ਕਰਨ ਤੋਂ ਨਾਂਹ ਕਰ ਦਿੰਦਾ ਸੀ। ‘ਇਹ ਬਹੁਤ ਹੀ ਅਜੀਬ ਸੀ, ਤੁਸੀਂ ਜਾਣਦੇ ਹੋ ਇਸ ਦਾ ਮਤਲਬ ਸੀ ਕਿ ਜੇ ਤੁਸੀਂ ਦਲਿਤ ਹੋ ਤਾਂ ਕੋਈ ਵੀ ਤੁਹਾਨੂੰ ਕੁਝ ਵੀ ਕਹਿ ਦੇਵੇ ਉਹ ਸਾਫ਼ ਬਚ ਸਕਦਾ ਸੀ। ਉਥੇ ਕੋਈ ਮਾਣ-ਸਨਮਾਨ ਨਹੀਂ ਸੀ। ਮੇਰਾ ਕਹਿਣ ਦਾ ਭਾਵ, ਦਲਿਤ ਅਫ਼ਸਰ ਨੂੰ ਬੇਰਹਿਮੀ ਨਾਲ ਕਤਲ ਕਰਨ ਲਈ ਕਿਹਾ ਜਾ ਸਕਦਾ ਸੀ, ਕਿਉਂਕਿ ਉਸ ਦਾ (ਜ਼ਾਹਰਾ ਤੌਰ ‘ਤੇ) ਕੋਈ ਸਵੈਮਾਣ, ਕੋਈ ਆਦਰਸ਼ ਨਹੀਂ ਸਨ। ਗੁਜਰਾਤ ਪੁਲਿਸ ਵਿਚ ਉਚ ਜਾਤੀਆਂ ਹਰ ਕਿਸੇ ਦੀਆਂ ਨਜ਼ਰਾਂ ਵਿਚ ਚੰਗੀਆਂ ਹਨ।’
ਜਿਉਂ ਹੀ ਸਾਡੀ ਗੱਲਬਾਤ ਦਾ ਸਿਲਸਿਲਾ ਅੱਗੇ ਵਧਿਆ, ਪ੍ਰਿਯਾਦਰਸ਼ੀ ਹੋਰ ਵੀ ਉਤਸੁਕ ਜਾਪਦਾ ਸੀ, ਪਰ ਉਦੋਂ ਤਕ ਉਹ ਪਹਿਲਾਂ ਹੀ ਬਹੁਤ ਕੁਝ ਦੱਸ ਚੁੱਕਾ ਸੀ। ਆਪਣੀ ਤੀਜੀ ਮੁਲਾਕਾਤ ਦੌਰਾਨ, ਮੈਂ ਉਸ ਨੂੰ ਇਕੱਲੀ ਮਿਲਣ ਗਈ। ਮੈਂ ਤੈਅ ਕੀਤਾ ਕਿ ਮਾਈਕ ਅਰਾਮ ਕਰ ਲਵੇ ਤਾਂ ਜੋ ਉਹ ਸਾਡੇ ਫਿਲਮਾਉਣ ਦੇ ਕੰਮ ਬਾਬਤ ਮਾਇਆ ਕੋਡਨਾਨੀ ਦੇ ਦਫ਼ਤਰ ਜਾ ਸਕੇ। ਇਹ ਸੁਝਾਅ ਖ਼ੁਦ ਮਾਈਕ ਨੇ ਦਿਤਾ ਸੀ। ‘ਕੀ ਸਾਨੂੰ ਕੁਝ ਐਸਾ ਨਹੀਂ ਕਰਨਾ ਚਾਹੀਦਾ ਜਿਸ ਤੋਂ ਉਨ੍ਹਾਂ ਦਾ ਭਰੋਸਾ ਬੱਝ ਜਾਵੇ ਕਿ ਅਸੀਂ ਸੱਚੀਮੁੱਚੀ ਫਿਲਮਸਾਜ਼ ਹਾਂ?’ ਕੋਡਨਾਨੀ ਦਾ ਅਮਲਾ ਉਸ ਨੂੰ ਆਲਾ-ਦੁਆਲਾ ਦਿਖਾ ਕੇ ਬਹੁਤ ਖੁਸ਼ ਸੀ। ਸ਼ਾਮ ਨੂੰ ਉਸ ਦਾ ਸੁਨੇਹਾ ਆ ਗਿਆ: ਕੀ ਮੈਂ ਉਸ ਦੇ ਘਰ ਦੀ ਕੋਈ ਖ਼ਾਸ ਲੋਕੇਸ਼ਨ ਫਿਲਮਾਉਣਾ ਚਾਹਾਂਗੀ, ਤੇ ਕੀ ਅਸੀਂ ਐਤਵਾਰ ਨੂੰ ਉਸ ਦੇ ਘਰ ਦੁਪਹਿਰ ਦਾ ਖਾਣਾ ਲੈਣਾ ਚਾਹਾਂਗੇ?’ ਮੈਂ ਝਟਪਟ ‘ਹਾਂ’ ਵਿਚ ਜਵਾਬ ਭੇਜ ਦਿਤਾ।
ਉਸ ਦਿਨ ਜਦੋਂ ਮੈਂ ਪ੍ਰਿਯਾਦਰਸ਼ੀ ਨੂੰ ਮਿਲੀ, ਉਸ ਨੇ ਆਪਣੇ ਅਖ਼ਬਾਰ ਦੀਆਂ ਕਾਪੀਆਂ ਮੇਰੇ ਲਈ ਛਾਂਟ ਕੇ ਕੱਢ ਰੱਖੀਆਂ ਸਨ। ‘ਤੁਸੀਂ ਇਨ੍ਹਾਂ ਵਿਚੋਂ ਜੋ ਵੀ ਚਾਹੋ, ਲੈ ਸਕਦੇ ਹੋ। ਮੇਰੀ ਸੋਚ ਹੈ ਕਿ ਹੁਣ ਤੁਹਾਨੂੰ ਮੇਰੇ ਬਾਰੇ ਸਾਰੀ ਜਾਣਕਾਰੀ ਹੈ। ਤੁਸੀਂ ਫਿਲਮ ਕਦੋਂ ਸ਼ੂਟ ਕਰਨ ਜਾ ਰਹੇ ਹੋ?’ ਉਹ ਪੂਰਾ ਉਤਸੁਕ ਸੀ, ਉਸ ਦੀ ਜਿਸਮਾਨੀ ਨਕਲੋ-ਹਰਕਤ ਤੋਂ ਇਹ ਸਾਫ਼ ਜ਼ਾਹਿਰ ਹੋ ਰਿਹਾ ਸੀ। ਉਸ ਨੇ ਆਪਣੇ ਲਾਹੇ ਲਈ ਸਾਡੇ ਕੋਲ ਕੁਝ ਵਧੇਰੇ ਹੀ ਉਗਲ਼ ਦਿਤਾ ਸੀ। ਜਦੋਂ ਉਸ ਨੂੰ ਸੂਬੇ ਦੇ ਏæਟੀæਐਸ਼ ਦਾ ਮੁਖੀ ਬਣਾਇਆ ਗਿਆ, ਤਤਕਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਸ ਦੇ ਬੰਗਲੇ ਵਿਚ ਦੇਰ ਰਾਤ ਉਸ ਦੀਆਂ ਜੋ ਖੁਫ਼ੀਆ ਮੀਟਿੰਗਾਂ ਹੋਈਆਂ ਅਤੇ ਜਿਸ ਨੇ ਇਕ ਵਾਰ ਉਸ ਨੂੰ ਇਕ ਹਵਾਲਾਤੀ ਨੂੰ ਮਾਰਨ ਲਈ ਕਿਹਾ, ਇਸ ਸਭ ਕਾਸੇ ਦੇ ਸਮੇਂ ਦਾ ਵੇਰਵਾ। ਹਰ ਵਾਰ ਜਦੋਂ ਮੈਂ ਰਾਜਨ ਪ੍ਰਿਯਾਦਰਸ਼ੀ ਨੂੰ ਮਿਲੀ, ਮੈਨੂੰ ਮਹਿਸੂਸ ਹੁੰਦਾ ਕਿ ਮੈਂ ਵਧੇਰੇ ਹੀ ਹਾਸਲ ਕਰਕੇ ਮੁੜੀ ਸੀ।
(ਚਲਦਾ)