ਅਦਾਕਾਰ ਓਮ ਪੁਰੀ ਨੇ ਪੌੜੀ ਦੇ ਐਨ ਹੇਠਲੇ ਪੌਡੇ ਤੋਂ ਆਪਣੀ ਜ਼ਿੰਦਗੀ ਅਤੇ ਕਰੀਅਰ ਦੀ ਸ਼ੁਰੂਆਤ ਕੀਤੀ, ਪਰ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਗੁਰਬਤ ਦੀਆਂ ਗਲੀਆਂ ਵਿਚੋਂ ਉਠ ਕੇ ਕੌਮਾਂਤਰੀ ਪੱਧਰ ਉਤੇ ਛਾ ਗਿਆ। ਉਸ ਦੀ ਪੱਤਰਕਾਰ/ਲੇਖਕ ਪਤਨੀ ਨੰਦਿਤਾ ਸੀæ ਪੁਰੀ ਨੇ ਅੰਗਰੇਜ਼ੀ ਜ਼ੁਬਾਨ ਵਿਚ ਉਸ ਦੀ ਜੀਵਨੀ ‘ਅਨਲਾਈਕਲੀ ਹੀਰੋ: ਓਮ ਪੁਰੀ’ ਲਿਖੀ ਹੈ। ਇਸ ਕਿਤਾਬ ਦਾ ਪੰਜਾਬੀ ਤਰਜਮਾ (ਜ਼ਿੰਦਗੀ ਦਾ ਨਾਇਕ: ਓਮ ਪੁਰੀ) ਅਰਵਿੰਦਰ ਜੌਹਲ ਨੇ ਕੀਤਾ ਹੈ।
ਇਸ ਕਿਤਾਬ ਵਿਚ ਓਮ ਪੁਰੀ ਦੀ ਜ਼ਿੰਦਗੀ ਅਤੇ ਫਿਲਮੀ ਕਰੀਅਰ ਬਾਰੇ ਵੱਖਰੇ ਹੀ ਦਰਸ਼ਨ ਹੁੰਦੇ ਹਨ। ਅਸੀਂ ਆਪਣੇ ਪਾਠਕਾਂ ਲਈ ਇਸ ਕਿਤਾਬ ਦੇ ਕੁਝ ਅੰਸ਼ ਪੇਸ਼ ਕਰ ਰਹੇ ਹਾਂ। -ਸੰਪਾਦਕ
ਓਮ ਪੁਰੀ ਦਾ ਜਨਮ ਅੰਬਾਲਾ (ਉਸ ਸਮੇਂ ਪੰਜਾਬ, ਹੁਣ ਹਰਿਆਣਾ) ਵਿਚ ਹੋਇਆ, ਪਰ ਉਸ ਦੀ ਜਨਮ ਤਾਰੀਖ ਅਤੇ ਸਾਲ ਬਾਰੇ ਕਿਸੇ ਨੂੰ ਕੁਝ ਪੱਕਾ ਪਤਾ ਨਹੀਂ। ਨਾ ਤਾਂ ਉਸ ਦੇ ਕੋਲ ਕੋਈ ਜਨਮ ਸਰਟੀਫਿਕੇਟ ਹੈ ਅਤੇ ਨਾ ਹੀ ਕੋਈ ਹੋਰ ਰਿਕਾਰਡ। ਘਰਦਿਆਂ ਨੂੰ ਵੀ ਇਹ ਪੱਕਾ ਪਤਾ ਨਹੀਂ ਕਿ ਉਸ ਦਾ ਜਨਮ 1949 ਵਿਚ ਹੋਇਆ ਜਾਂ 1950 ਵਿਚ। ਓਮ ਜਦੋਂ ਵੀ ਆਪਣੀ ਮਾਂ ਤਾਰਾ ਦੇਵੀ ਤੋਂ ਆਪਣੇ ਜਨਮ ਦੀ ਤਾਰੀਖ ਬਾਰੇ ਪੁੱਛਦਾ ਤਾਂ ਉਸ ਦਾ ਜਵਾਬ ਹੁੰਦਾ, “ਤੇਰਾ ਜਨਮ ਦਸਹਿਰੇ ਤੋਂ ਦੋ ਦਿਨ ਬਾਅਦ ਹੋਇਆ ਸੀ।”
ਬਾਅਦ ਵਿਚ ਜਦੋਂ ਓਮ ਨੂੰ ਪਟਿਆਲਾ ਨੇੜਲੇ ਪਿੰਡ ਸਨੌਰ ਦੇ ਸਰਕਾਰੀ ਸਕੂਲ ਵਿਚ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੇ ਕਿਸੇ ਮਾਮੇ ਨੇ ਸਕੂਲ ਦੇ ਦਾਖ਼ਲਾ ਰਜਿਸਟਰ ਵਿਚ ਉਸ ਦੀ ਜਨਮ ਤਾਰੀਖ 9 ਮਾਰਚ 1950 ਲਿਖਵਾ ਦਿਤੀ। ਸਰਕਾਰੀ ਰਿਕਾਰਡ ਵਿਚ ਓਮ ਦੀ ਜਨਮ ਤਾਰੀਖ ਇਹੀ ਚੱਲਦੀ ਰਹੀ। ਕੁਝ ਸਾਲਾਂ ਮਗਰੋਂ ਜਦੋਂ ਓਮ ਬੰਬਈ ਪੁੱਜ ਗਿਆ ਤਾਂ ਉਸ ਨੇ ਆਪਣੀ ਨਵੀਂ ਜਨਮ ਤਾਰੀਖ ਤੈਅ ਕਰਨ ਬਾਰੇ ਸੋਚਿਆ। ਉਸ ਸਾਲ ਉਸ ਨੇ ਦਸਹਿਰੇ ਤੋਂ ਦੋ ਦਿਨ ਬਾਅਦ ਦੀ ਤਾਰਖੀ ਦੇਖ ਕੇ 18 ਅਕਤੂਬਰ ਨੂੰ ਆਪਣਾ ਜਨਮ ਦਿਨ ਮਨਾਉਣ ਦਾ ਫੈਸਲਾ ਕੀਤਾ। ਉਦੋਂ ਤੋਂ ਉਹ ਇਸੇ ਦਿਨ ਆਪਣੇ ਪਰਿਵਾਰ ਤੇ ਮਿੱਤਰਾਂ ਨਾਲ ਆਪਣਾ ਜਨਮ ਦਿਨ ਮਨਾਉਂਦਾ ਹੈ। ਉਦੋਂ ਤੋਂ ਸਾਲ ਵਿਚ ਦੋ ਵਾਰ ਓਮ ਨੂੰ ਜਨਮ ਦਿਨ ਦੀਆਂ ਵਧਾਈਆਂ ਮਿਲਦੀਆਂ ਹਨ। ਆਪਣੇ ਜਨਮ ਦਿਨ ਦੀ ਤਾਰੀਖ ਖੁਦ ਮਿਥਣ ਲਈ ਉਸ ਨੂੰ ਲੰਬਾ ਅਰਸਾ ਲੱਗਿਆ, ਕਿਉਂਕਿ ਸਕੂਲ ਕਾਲਜ ਦੇ ਦਿਨਾਂ ਦੌਰਾਨ ਤਾਂ ਓਮ ਨੂੰ ਆਪਣਾ ਜਨਮ ਦਿਨ ਮਨਾਉਣ ਦਾ ਕਦੇ ਚੇਤਾ ਹੀ ਨਹੀਂ ਸੀ ਆਇਆ। ਜਦੋਂ ਤੱਕ ਮਾਂ ਜਿਉਂਦੀ ਸੀ ਤਾਂ ਉਸ ਹਰ ਸਾਲ ਦਸਹਿਰੇ ਤੋਂ ਦੋ ਦਿਨ ਬਾਅਦ ਉਸ ਲਈ ਖੀਰ ਬਣਾਉਂਦੀ ਸੀ। ਇਸੇ ਮੌਕੇ ਇਸ ਤੋਂ ਇਲਾਵਾ ਕਦੇ ਕੋਈ ਹੋਰ ਜਸ਼ਨ ਨਹੀਂ ਸੀ ਮਨਾਇਆ ਜਾਂਦਾ ਤੇ ਇਸ ਤਰ੍ਹਾਂ ਦੇਸ਼ ਦੇ ਇਸ ਮਹਾਨ ਕਲਾਕਾਰ ਦਾ ਜਨਮ ਦਿਨ ਖੀਰ ਬਣਾ ਕੇ ਹੀ ਮਨਾ ਲਿਆ ਜਾਂਦਾ ਸੀ। ਓਮ ਦੇ ਦੋਸਤ ਅਤੇ ਸਾਥੀ ਕਲਾਕਾਰ ਨਸੀਰੂਦੀਨ ਸ਼ਾਹ ਦਾ ਕਹਿਣਾ ਹੈ ਕਿ ਓਮ ਬਾਰੇ ਇਹ ਕਹਿਣਾ ਬਿਲਕੁਲ ਢੁੱਕਵਾਂ ਹੋਵੇਗਾ ਕਿ ਉਹ ਮੂੰਹ ਵਿਚ ਕਾਠ ਦਾ ਚਮਚਾ ਲੈ ਕੇ ਪੈਦਾ ਹੋਇਆ।
ਓਮ, ਟੇਕ ਚੰਦ ਪੁਰੀ ਅਤੇ ਤਾਰਾ ਦੇਵੀ ਦੀ ਸਭ ਤੋਂ ਛੋਟੀ ਸੰਤਾਨ ਸੀ। ਉਸ ਦੇ ਹੋਰ ਅੱਠ ਭੈਣਾਂ ਅਤੇ ਭਰਾ ਹੋਏ, ਪਰ ਜਿਉਂਦਾ ਸਿਰਫ਼ ਵੇਦ ਹੀ ਬਚਿਆ। ਉਸ ਦੇ ਬਾਕੀ ਭੈਣ ਭਰਾ ਬਚਪਨ ਵਿਚ ਹੀ ਇਲਾਜ ਖੁਣੋਂ ਰੱਬ ਨੂੰ ਪਿਆਰੇ ਹੋ ਗਏ।
000
ਜਦੋਂ ਓਮ ਦਾ ਪਰਿਵਾਰ ਬਠਿੰਡਾ ਆਇਆ ਤਾਂ ਉਸ ਦੀ ਉਮਰ ਸੱਤ ਕੁ ਸਾਲ ਸੀ। ਇਸ ਵੇਲੇ ਓਮ ਦੇ ਪਿਤਾ ਜੋ ਰੇਲਵੇ ਸਟੋਰ ਦੇ ਇੰਚਾਰਜ ਸਨ, ਨੂੰ ਚੋਰੀ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਚਾਰ ਮਹੀਨੇ ਓਮ ਦੇ ਪਰਿਵਾਰ Ḕਤੇ ਬਹੁਤ ਭਾਰੀ ਸਨ। ਇਸ ਵੇਲੇ ਦੀ ਇਕ ਹੋਰ ਘਟਨਾ ਓਮ ਨੂੰ ਯਾਦ ਹੈ ਜਦੋਂ ਉਹ ਆਪਣੀ ਮਾਂ ਨਾਲ ਰੇਡ ਗੱਡੀ ਵਿਚ ਸਫ਼ਰ ਕਰ ਰਿਹਾ ਸੀ ਤਾਂ ਮਾਂ ਨੇ ਰਾਹ ਵਿਚ ਜ਼ੋਰ-ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿਤਾ। ਜਦੋਂ ਹੋਰ ਮੁਸਾਫਰਾਂ ਨੇ ਉਸ ਦੀ ਮਾਂ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾ ਦਿਤੀ। ਉਨ੍ਹਾਂ ਵਿਚੋਂ ਕਿਸੇ ਸੱਜਣ ਪੁਰਸ਼ ਨੇ ਖੜ੍ਹੇ ਹੋ ਕੇ ਹੋਰ ਮੁਸਾਫਰਾਂ ਤੋਂ ਕੁਝ ਪੈਸੇ ਇਕੱਠੇ ਕਰ ਕੇ ਉਸ ਦੀ ਮਾਂ ਨੂੰ ਦਿਤੇ ਤਾਂ ਜੋ ਸੰਕਟ ਦੇ ਇਸ ਮੌਕੇ ਉਹ ਘੱਟੋ-ਘੱਟ ਆਪਣੇ ਬੱਚਿਆਂ ਦੇ ਮੂੰਹ ਰੋਟੀ ਦਾ ਟੁਕੜਾ ਤਾਂ ਪਾ ਸਕੇ।
ਇਸੇ ਸਮੇਂ ਦੌਰਾਨ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੀ ਚੀਸ ਉਸ ਨੂੰ ਅੱਜ ਵੀ ਮਹਿਸੂਸ ਹੁੰਦੀ ਹੈ। ਇਕ ਚਿੱਟੀਆਂ ਮੁੱਛਾਂ ਵਾਲੇ ਬਜ਼ੁਰਗ ਪੰਡਿਤ ਨੇ ਸੱਤ ਸਾਲਾ ਓਮ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਛੋਟਾ ਹੋਣ ਕਾਰਨ ਓਮ ਨੂੰ ਭਾਵੇਂ ਕੁਝ ਸਮਝ ਤਾਂ ਨਾ ਆਇਆ, ਪਰ ਉਸ ਨੂੰ ਏਨਾ ਜ਼ਰੂਰ ਲੱਗਿਆ ਕਿ ਪੰਡਿਤ ਵੱਲੋਂ ਕੁਝ ਗਲ਼ਤ ਕੀਤਾ ਜਾ ਰਿਹਾ ਹੈ। ਉਸ ਨੇ ਭਾਵੇਂ ਇਸ ਬਾਰੇ ਆਪਣੀ ਮਾਂ ਕੋਲ ਤਾਂ ਸ਼ਿਕਾਇਤ ਨਾ ਕੀਤੀ, ਪਰ ਉਸ ਨੇ ਪੰਡਿਤ ਦੇ ਘਰ ਜਾਣਾ ਬੰਦ ਕਰ ਦਿਤਾ।
ਇਸ ਸਮੇਂ ਦੌਰਾਨ ਇਕ ਹੋਰ ਘਟਨਾ ਨੇ ਉਸ ਨੂੰ ਮਾਨਸਿਕ ਤੌਰ Ḕਤੇ ਪ੍ਰੇਸ਼ਾਨ ਕਰ ਦਿਤਾ ਅਤੇ ਉਹ ਬਹੁਤ ਰੋਇਆ। ਉਸ ਦੇ ਬਾਊ ਜੀ ਅਜੇ ਜੇਲ੍ਹ ਵਿਚ ਹੀ ਬੰਦ ਸਨ ਕਿ ਰੇਲਵੇ ਵਾਲਿਆਂ ਨੇ ਉਨ੍ਹਾਂ ਨੂੰ ਕੁਆਰਟਰ ਖਾਲੀ ਕਰਨ ਲਈ ਕਹਿ ਦਿਤਾ। ਉਸ ਦੀ ਮਾਂ ਤਾਰਾ ਦੇਵੀ ਅਜੇ ਰੇਲਵੇ ਅਧਿਕਾਰੀਆਂ ਕੋਲ ਆਪਣੀ ਫਰਿਆਦ ਲੈ ਕੇ ਜਾਣ ਹੀ ਵਾਲੀ ਸੀ ਕਿ ਉਪਰਲੇ ਅਫਸਰਾਂ ਨੇ ਸਵੀਪਰ ਦੇ ਨਾਲ ਕੋਈ ਬੰਦਾ ਭੇਜ ਕੇ ਪਰਿਵਾਰ ਨੂੰ ਧਮਕੀ ਦਿਤੀ ਕਿ ਜੇ ਉਨ੍ਹਾਂ ਛੇਤੀ ਘਰ ਖਾਲੀ ਨਾ ਕੀਤਾ ਤਾਂ ਉਨ੍ਹਾਂ ਤੋਂ ਘਰ ਜਬਰੀ ਖਾਲੀ ਕਰਵਾ ਲਿਆ ਜਾਵੇਗਾ ਅਤੇ ਅਖੀਰ ਉਨ੍ਹਾਂ ਨੂੰ ਕਾਹਲੀ ਕਾਹਲੀ ਘਰ ਖਾਲੀ ਕਰ ਕੇ 5 ਰੁਪਏ ਮਹੀਨੇ ਦੇ ਕਿਰਾਏ Ḕਤੇ ਘਰ ਲੈਣਾ ਪਿਆ। ਆਖਰ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦੇ ਮੱਦੇਨਜ਼ਰ ਉਸ ਦੇ ਭਰਾ ਵੇਦ ਨੇ ਰੇਲਵੇ ਕੁਲੀ ਅਤੇ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿਤਾ ਜਦੋਂ ਕਿ ਓਮ ਨੂੰ ਚਾਹ ਦੀ ਦੁਕਾਨ ਵਿਚ ਕੰਮ ਕਰਨਾ ਪਿਆ।
ਇਉਂ ਸੱਤ ਸਾਲ ਦੀ ਛੋਟੀ ਜਿਹੀ ਉਮਰ ਵਿਚ ਹੀ ਓਮ ਚਾਹ ਦੀ ਦੁਕਾਨ ਵਿਚ ਗਿਲਾਸ ਅਤੇ ਕੱਪ ਧੋ ਕੇ ਪਰਿਵਾਰ ਦੀ ਗੱਡੀ ਤੋਰਨ ਵਿਚ ਆਪਣਾ ਮਾਲੀ ਯੋਗਦਾਨ ਪਾਉਣ ਲੱਗਾ। ਇਕ ਸ਼ਾਮ ਚਾਹ ਦੀ ਦੁਕਾਨ ਦਾ ਮਾਲਕ ਦਾਰੂ ਪੀ ਕੇ ਉਨ੍ਹਾਂ ਦੇ ਘਰ ਆਇਆ ਤੇ ਉਸ ਦੀ ਮਾਂ ਨਾਲ ਨੇੜਤਾ ਕਾਇਮ ਕਰਨ ਦਾ ਯਤਨ ਕਰਨ ਲੱਗਾ, ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦਾ ਪਿਤਾ ਜੇਲ੍ਹ ਵਿਚ ਹੈ। ਓਮ ਦੀ ਮਾਂ ਨੇ ਚੰਗੀ ਝਾੜ-ਝੰਬ ਕਰ ਕੇ ਉਸ ਨੂੰ ਘਰੋਂ ਬਾਹਰ ਕੱਢ ਦਿਤਾ। ਓਮ ਨੂੰ ਅੱਜ ਵੀ ਯਾਦ ਹੈ ਕਿ ਜਾਂਦਾ ਹੋਇਆ ਉਹ ਬੰਦਾ ਉਸ ਦੀ ਮਾਂ ਨੂੰ ਕਹਿ ਰਿਹਾ ਸੀ- “ਕੱਲ੍ਹ ਤੋਂ ਆਪਣੇ ਪੁੱਤਰ ਨੂੰ ਮੇਰੀ ਦੁਕਾਨ ਉਤੇ ਨਾ ਭੇਜੀਂ।”
000
ਓਮ ਨੇ 1967 ਵਿਚ ਪਟਿਆਲਾ ਦੇ ਖਾਲਸਾ ਕਾਲਜ ਵਿਚ ਦਾਖ਼ਲਾ ਲਿਆ। ਉਸ ਦਾ ਮੁਖ ਮਕਸਦ ਕਿਸੇ ਨਾ ਕਿਸੇ ਤਰ੍ਹਾਂ ਬੀæਏæ ਕਰਨਾ ਸੀ। ਉਹ ਟਿਊਸ਼ਨ ਪੜ੍ਹਾਉਣ ਦੇ ਨਾਲ ਨਾਲ ਕਿਸੇ ਵਕੀਲ ਕੋਲ ਮੁਨਸ਼ੀ ਵਜੋਂ ਵੀ ਕੰਮ ਕਰਦਾ ਸੀ ਜਿਸ ਨਾਲ ਉਸ ਨੂੰ ਹਰ ਮਹੀਨੇ 80 ਰੁਪਏ ਮਿਲ ਜਾਂਦੇ ਸਨ। ਅੱਠ ਮਹੀਨੇ ਮਗਰੋਂ ਜਦੋਂ ਵਕੀਲ ਨੇ ਓਮ ਨੂੰ ਨਾਟਕ ਖੇਡਣ ਲਈ ਦੋ ਮਹੀਨੇ ਦੀ ਛੁੱਟੀ ਦੇਣ ਤੋਂ ਨਾਂਹ ਕਰ ਦਿਤੀ ਤਾਂ ਉਸ ਨੇ ਨਾਟਕ Ḕਸਮੁੰਦਰ ਪਾਰ’ ਵਿਚ ਮੁੱਖ ਕਿਰਦਾਰ ਨਿਭਾਉਣ ਲਈ ਨੌਕਰੀ ਛੱਡ ਦਿਤੀ। ਉਸ ਦੇ ਕੁਝ ਦੋਸਤਾਂ ਨੇ ਇਹ ਗੱਲ ਕਾਲਜ ਦੇ ਪ੍ਰਿੰਸੀਪਲ ਨੂੰ ਦੱਸ ਦਿਤੀ ਜਿਨ੍ਹਾਂ ਕਾਲਜ ਵਿਚ ਹੀ ਉਸ ਨੂੰ ਲੈਬ ਅਸਿਸਟੈਂਟ ਦੀ ਨੌਕਰੀ ਦੇ ਦਿਤੀ। ਹੁਣ ਉਸ ਨੂੰ 80 ਰੁਪਏ ਮਹੀਨੇ ਦੇ ਥਾਂ 120 ਰੁਪਏ ਮਿਲਣ ਲੱਗੇ, ਪਰ ਉਸ ਦੇ ਜੀਵਨ ਦਾ ਮਹੱਤਵਪੂਰਨ ਸਮਾਂ ਯੂਥ ਫੈਸਟੀਵਲ ਦੌਰਾਨ ਆਇਆ। ਉਦੋਂ ਉਹ ਬੀæਏæ ਦੇ ਪਹਿਲੇ ਸਾਲ ਦਾ ਵਿਦਿਆਰਥੀ ਸੀ। ਯੂਥ ਫੈਸਟੀਵਲ ਦੌਰਾਨ ਪੇਸ਼ ਨਾਟਕ ਵਿਚ ਉਸ ਵੱਲੋਂ ਕੀਤੀ ਅਦਾਕਾਰੀ ਨੇ ਉਸ ਨੂੰ ਨਵੇਂ ਸਵੈ-ਵਿਸ਼ਵਾਸ਼ ਨਾਲ ਭਰ ਦਿਤਾ ਅਤੇ ਉਸ ਦੇ ਕਰੀਅਰ ਦੀ ਦਿਸ਼ਾ ਤੈਅ ਕਰਨ ਵਿਚ ਅਹਿਮ ਭੂਮਿਕਾ ਨਿਭਾਈ।
ਆਧੁਨਿਕ ਪੰਜਾਬੀ ਨਾਟਕ ਦੇ ਪਿਤਾਮਾ ਹਰਪਾਲ ਟਿਵਾਣਾ ਨੇ ਓਮ ਦੇ ਕਰੀਅਰ ਨੂੰ ਅਹਿਮ ਮੋੜ ਦਿੱਤਾ। ਖਾਲਸਾ ਕਾਲਜ ਵਿਚ ਯੂਥ ਫੈਸਟੀਵਲ ਦੌਰਾਨ ਟਿਵਾਣਾ ਨੇ ਓਮ ਨੂੰ ਪਹਿਲੀ ਵਾਰ ਨਾਟਕ Ḕਅਣਹੋਣੀ’ ਵਿਚ ਅਦਾਕਾਰੀ ਕਰਦਿਆਂ ਦੇਖਿਆ। ਇਹ ਨਾਟਕ ਕਪੂਰ ਸਿੰਘ ਘੁੰਮਣ ਦਾ ਲਿਖਿਆ ਹੋਇਆ ਸੀ। ਟਿਵਾਣਾ ਓਮ ਦੀ ਅਦਾਕਾਰੀ ਤੋਂ ਕਾਫੀ ਪ੍ਰਭਾਵਿਤ ਹੋਏ। ਉਹ Ḕਪੰਜਾਬ ਕਲਾ ਪੰਚ’ ਨਾਮੀ ਨਾਟਕ ਗਰੁੱਪ ਚਲਾਉਂਦੇ ਸਨ। ਉਨ੍ਹਾਂ ਓਮ ਨੂੰ ਆਪਣੇ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਓਮ ਆਪਣੀ ਮਾਲੀ ਹਾਲਤ ਕਾਰਨ ਟਿਵਾਣਾ ਦੇ ਨਾਟਕ ਗਰੁੱਪ ਨਾਲ ਕੰਮ ਕਰਨ ਤੋਂ ਝਿਜਕ ਰਿਹਾ ਸੀ। ਉਸ ਦੀ ਸਮੱਸਿਆ ਪਤਾ ਲੱਗਣ ‘ਤੇ ਟਿਵਾਣਾ ਉਸ ਨੂੰ ਤਨਖਾਹ ਵਜੋਂ ਡੇਢ ਸੌ ਰੁਪਏ ਮਹੀਨਾ ਦੇਣ ਲਈ ਰਾਜ਼ੀ ਹੋ ਗਏ।
000
ਓਮ 1976 ਵਿਚ ਬੰਬਈ ਪੁੱਜਿਆ। ਸਭ ਤੋਂ ਪਹਿਲਾਂ ਉਹ ਸ਼ਾਂਤਾਕਰੂਜ਼ ਵਿਚਲੇ ਨਸੀਰ ਦੇ ਪੀæਜੀæ ਪਹੁੰਚਿਆ। ਇਸ ਜਗ੍ਹਾ ਨੂੰ ਮਾਰਟਿਨ ਵਿਲਾ ਕਿਹਾ ਜਾਂਦਾ ਹੈ ਜੋ ਸੇਕਰਡ ਹਾਰਟ ਚਰਚ ਦੇ ਪਿਛੇ ਪੈਂਦੀ ਸੀ। ਨਸੀਰ ਦੇ ਨਾਲ ਇਸ ਕਮਰੇ ਵਿਚ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (ਐਫ਼æਟੀæਆਈæਆਈæ) ਦਾ ਹੀ ਇਕ ਲੜਕਾ ਟਿੱਕਾ ਸਿੰਘ ਰਹਿੰਦਾ ਸੀ। ਮਕਾਨ ਮਾਲਕ ਨੂੰ ਬੇਨਤੀ ਕਰਨ Ḕਤੇ ਉਸ ਨੇ ਓਮ ਨੂੰ ਇਕ ਹਫ਼ਤੇ ਲਈ ਉਥੇ ਰਹਿਣ ਦੀ ਆਗਿਆ ਦੇ ਦਿਤੀ, ਪਰ ਜਦੋਂ ਇਕ ਹਫ਼ਤੇ ਦੀ ਥਾਂ 15 ਦਿਨ ਲੰਘ ਗਏ ਤਾਂ ਘਰ ਦੀ ਮਾਲਕਣ ਨੇ ਓਮ ਨੂੰ ਉਥੋਂ ਚਲੇ ਜਾਣ ਲਈ ਕਿਹਾ। ਨਸੀਰ ਨੇ ਆਪਣੇ ਇਕ ਦੋਸਤ ਚਾਵਲਾ ਨੂੰ ਬੁਲਾਇਆ ਜੋ ਮਕਾਨ ਦਿਵਾਉਣ ਵਾਲਾ ਏਜੰਟ ਸੀ। ਉਸ ਨੇ ਓਮ ਨੂੰ ਬਾਂਦਰਾ ਵਿਚ ਪੀæਜੀæ ਦਿਵਾ ਦਿਤਾ। ਇਹ ਸੇਂਟ ਐਂਡਰਿਊਜ਼ ਚਰਚ ਦੇ ਨੇੜੇ ਸੇਂਟ ਫਰਾਂਸਿਸ ਰੋਡ Ḕਤੇ ਇਕ ਗਲੀ ਵਿਚ ਸੀ।
000
ਹਰ ਕਲਾਕਾਰ ਦੇ ਜੀਵਨ ਵਿਚ ਅਜਿਹਾ ਵੇਲਾ ਵੀ ਆਉਂਦਾ ਹੈ ਜਦੋਂ ਉਸ ਵੱਲੋਂ ਕੀਤਾ ਖਾਸ ਕੰਮ ਉਸ ਦੀ ਪ੍ਰਭਿਤਾ ਦੀ ਪਛਾਣ ਬਣ ਜਾਂਦਾ ਹੈ। ਓਮ ਦੇ ਮਾਮਲੇ ਵਿਚ ਇਹ ਗੱਲ ਫ਼ਿਲਮ Ḕਅਰਧ ਸੱਤਿਆ’ ਉਤੇ ਬਿਲਕੁਲ ਢੁਕਦੀ ਹੈ। ਇਸ ਫਿਲਮ ਨੇ ਨਾ ਕੇਵਲ ਓਮ ਨੂੰ ਜਾਨਦਾਰ ਕਲਾਕਾਰ ਵਜੋਂ ਸਥਾਪਤ ਕੀਤਾ, ਸਗੋਂ ਇਸ ਨੇ ਓਮ ਦੇ ਜੀਵਨ ਨੂੰ ਬੇਹੱਦ ਮਹੱਤਵਪੂਰਨ ਮੋੜ ਵੀ ਦਿੱਤਾ। -0-