ਹਿੰਦੀ ਮੀਡੀਅਮ: ਇਰਫਾਨ ਤੇ ਸਬਾ ਦੀ ਗੱਲ

ਕੀਰਤ ਕਾਸ਼ਨੀ
ਵੱਖਰੇ ਕਿਰਦਾਰਾਂ ਵਾਲੀਆਂ ਅਲੱਗ ਜਿਹੀਆਂ ਫਿਲਮਾਂ ਬਣਾਉਣ ਲਈ ਮਸ਼ਹੂਰ ਅਦਾਕਾਰ ਇਰਫ਼ਾਨ ਖਾਨ ਦੀ ਇਕ ਹੋਰ ਵੱਖਰੀ ਫਿਲਮ ‘ਹਿੰਦੀ ਮੀਡੀਅਮ’ ਆ ਰਹੀ ਹੈ। ਸਾਕੇਤ ਚੌਧਰੀ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਇਸੇ ਸਾਲ 31 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿਚ ਇਰਫਾਨ ਦੀ ਜੋੜੀ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਜ਼ਮਾਨ ਨਾਲ ਹੈ। ਯਾਦ ਰਹੇ ਕਿ ਸਿਆਸੀ ਕਾਰਨਾਂ ਕਰ ਕੇ ਪਾਕਿਸਤਾਨੀ ਕਲਾਕਾਰਾਂ ਖਿਲਾਫ਼ ਕਾਫ਼ੀ ਰੋਸ ਉਠਣ ਤੋਂ ਬਾਅਦ ਉਨ੍ਹਾਂ ਦੀਆਂ ਫਿਲਮਾਂ ਰਿਲੀਜ਼ ਹੋਣ ਬਾਰੇ ਅੱਜ ਕੱਲ੍ਹ ਖਦਸ਼ਾ ਹੀ ਰਹਿੰਦਾ ਹੈ,

ਪਰ ਇਰਫ਼ਾਨ ਖਾਨ ਆਖਦਾ ਹੈ ਕਿ ਜਿਨ੍ਹਾਂ ਫਿਲਮਾਂ ਉਤੇ ਪਹਿਲਾਂ ਹੀ ਪੈਸਾ ਲੱਗਿਆ ਹੋਇਆ ਹੈ, ਉਨ੍ਹਾਂ ਫਿਲਮਾਂ ਨੂੰ ਇਉਂ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਉਂਝ ਵੀ ਪਾਕਿਸਤਾਨ ਨਾਲ ਸਿਆਸੀ ਦੁਸ਼ਮਣੀ ਦਾ ਅਸਰ ਕਲਾਕਾਰਾਂ ‘ਤੇ ਨਹੀਂ ਪੈਣਾ ਚਾਹੀਦਾ, ਕਿਉਂਕਿ ਕਲਾਕਾਰ ਸਭ ਦੇਸ਼ਾਂ ਦੇ ਸਾਂਝੇ ਹੁੰਦੇ ਹਨ; ਇਸ ਲਈ ਹੁਣ ਸਾਨੂੰ ਪਾਕਿਸਤਾਨੀ ਕਲਾਕਾਰਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ਚੇਤੇ ਰਹੇ ਕਿ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’ ਵੀ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿਚ ਨਾਇਕਾ ਵਜੋਂ ਪਾਕਿਸਤਾਨੀ ਸਟਾਰ ਅਦਾਕਾਰਾ ਮਹੀਰਾ ਖਾਨ ਨੇ ਕਿਰਦਾਰ ਨਿਭਾਇਆ ਹੈ।
ਸਬਾ ਕਮਰ ਜਿਸ ਦਾ ਜਨਮ 5 ਅਪਰੈਲ 1984 ਨੂੰ ਹੈਦਾਰਾਬਾਦ (ਪਾਕਿਸਤਾਨ) ਵਿਚ ਹੋਇਆ, ਗੁਜਰਾਂਵਾਲਾ ਤੋਂ ਲਾਹੌਰ ਪੜ੍ਹਨ ਗਈ ਸੀ, ਪਰ ਉਥੇ ਉਸ ਦਾ ਸ਼ੌਕ ਅਦਾਕਾਰੀ ਵੱਲ ਹੋ ਗਿਆ। ਸਾਲ 2004 ਵਿਚ ਨਾਟਕ ‘ਮੈਂ ਔਰਤ ਹੂੰ’ ਨਾਲ ਉਸ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਛੇਤੀ ਹੀ ਆਪਣੀ ਸਫ਼ਲਤਾ ਲਈ ਰਾਹ ਮੋਕਲਾ ਕਰ ਲਿਆ। ਉਸ ਨੇ ਬਹੁਤ ਸਾਰੇ ਇਨਾਮ ਹਾਸਲ ਕੀਤੇ। 2013 ਵਿਚ ਉਸ ਨੇ ਟੈਲੀਫ਼ਿਲਮ ‘ਆਈਨਾ’ ਵਿਚ ਆਪਣੀ ਛਾਪ ਛੱਡੀ ਅਤੇ ਫਿਰ 2014 ਵਿਚ ਉਸ ਨੇ ਪ੍ਰਸਿਧ ਫਿਲਮਸਾਜ਼ ਸਰਮਦ ਸੁਲਤਾਨ ਖੂਸਟ ਦੀ ਫਿਲਮ ‘ਮੈਂ ਮੰਟੋ’ ਵਿਚ ਅਹਿਮ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਉਹ ‘ਲਾਹੌਰ ਸੇ ਆਗੇ’ ਫਿਲਮ ਵਿਚ ਵੀ ਦਿਖਾਈ ਦਿੱਤੀ। ‘ਹਿੰਦੀ ਮੀਡੀਅਮ’ ਉਸ ਦੀ ਪਹਿਲੀ ਹਿੰਦੀ/ਬੌਲੀਵੁੱਡ ਫਿਲਮ ਹੈ ਅਤੇ ਇਹ ਫਿਲਮ ਨਵੀਂ ਦਿੱਲੀ ਵਿਚ ਚਾਂਦਨੀ ਚੌਕ ਵਿਚ ਰਹਿੰਦੇ ਇਕ ਜੋੜੇ ਦੁਆਲੇ ਬੁਣੀ ਗਈ ਹੈ।
ਸਬਾ ਕਮਰ ਨੇ ਦਾਸਤਾਨ, ਮਾਤ, ਥਕਾਨ, ਪਾਣੀ ਜੈਸਾ ਪਿਆਰ, ਮੈਂ ਚਾਦ ਸੀ ਵਰਗੇ ਟੈਲੀਵਿਜ਼ਨ ਲੜੀਵਾਰਾਂ ਵਿਚ ਕੰਮ ਕੀਤਾ ਹੈ, ਉਸ ਦੀ ਅਗਲੀ ਫਿਲਮ ‘ਕਮਬਖ਼ਤ’ ਬਣ ਕੇ ਤਿਆਰ ਹੈ। ਇਹ ਪਾਕਿਸਤਾਨੀ ਫਿਲਮ ਇਕ ਅੱਧਖੜ ਬੰਦੇ ਦੁਆਲੇ ਘੁੰਮਦੀ ਹੈ ਜੋ ਪਖਤੂਨਖਵਾ ਦੇ ਪਛੜੇ ਇਲਾਕੇ ਵਿਚੋਂ ਆਇਆ ਹੈ ਅਤੇ ਉਸ ਦਾ ਮੇਲ ਸ਼ਹਿਰੀ ਨੌਜਵਾਨ ਨਾਲ ਹੋ ਜਾਂਦਾ ਹੈ। ਫਿਲਮ ਦੋਹਾਂ ਦੀ ਦੋਸਤੀ ਦੀ ਕਹਾਣੀ ਹੈ।