ਗੁਲਜ਼ਾਰ ਸਿੰਘ ਸੰਧੂ
ਅਸੀਂ ਚੰਡੀਗੜ੍ਹ ਨੂੰ ਪੰਜਾਬੀ ਰੰਗਮੰਚ ਦੀ ਰਾਜਧਾਨੀ ਕਹਿ ਸਕਦੇ ਹਾਂ। ਇਥੇ ਆਏ ਦਿਨ ਕੋਈ ਨਾ ਕੋਈ ਨਾਟਕ ਖੇਡਿਆ ਜਾਂਦਾ ਹੈ। ਗੁਰਸ਼ਰਨ ਸਿੰਘ ਦਾ ਚੰਡੀਗੜ੍ਹ ਸਕੂਲ ਆਫ ਡਰਾਮਾ, ਸਾਹਿਬ ਸਿੰਘ ਦਾ ਅਦਾਕਾਰ ਮੰਚ, ਸੁਦੇਸ਼ ਸ਼ਰਮਾ ਦਾ ਥੀਏਟਰ ਫਾਰ ਥੀਏਟਰ, ਅਨੀਤਾ ਸ਼ਬਦੀਸ਼ ਦਾ ਸੁਚੇਤਕ ਰੰਗਮੰਚ ਤੇ ਸੰਗੀਤਾ ਦਾ ਰੂਪਕ ਕਲਾ ਮੰਚ ਚੰਡੀਗੜ੍ਹੀਆਂ ਦੇ ਅਗਪਣੇ ਗਰੁਪ ਹਨ। ਇਨ੍ਹਾਂ ਤੋਂ ਬਿਨਾ ਅੰਮ੍ਰਿਤਸਰ ਤੋਂ ਕੇਵਲ ਧਾਲੀਵਾਲ ਦਾ ਮੰਚ ਰੰਗਮੰਚ, ਪਟਿਆਲਾ ਤੋਂ ਲਖਾ ਲਹਿਰੀ ਦਾ ਸਾਰਥਕ ਰੰਗਮੰਚ, ਅੰਮ੍ਰਿਤਸਰ ਤੋਂ ਮੰਚ ਪ੍ਰੀਤ ਦੀ ਨਾਟਸ਼ਾਲਾ, ਚਮਕੌਰ ਸਾਹਿਬ ਦਾ ਚੇਤਨਾ ਕਲਾ ਮੰਚ ਆਦਿ ਜਾਣੇ-ਪਛਾਣੇ ਥੀਏਟਰ ਟੋਲੇ ਵੀ ਚੰਡੀਗੜ੍ਹੀਆਂ ਦੇ ਸੱਦੇ ਉਤੇ ਪੂਰੇ ਉਤਸ਼ਾਹ ਨਾਲ ਇਥੇ ਆ ਕੇ ਆਪਣੇ ਜੌਹਰ ਦਿਖਾਉਂਦੇ ਰਹਿੰਦੇ ਹਨ।
ਮੈਂ ਹੁਣ ਤੱਕ ਚੰਡੀਗੜ੍ਹ ਰੰਗਮੰਚ ਦੀ ਦੁਨੀਆਂ ਨੂੰ ਆਪਣੇ ਸੀਨੀਅਰ ਮਿੱਤਰ ਗੁਰਸ਼ਰਨ ਸਿੰਘ ਦੇ ਨਾਟਕਾਂ ਰਾਹੀਂ ਵੇਖਦਾ ਆਇਆ ਹਾਂ ਤੇ ਜਾਂ ਫੇਰ ਆਪਣੇ ਗਰਾਈਂ ਡਾæ ਸਾਹਿਬ ਸਿੰਘ ਦੇ ਨਾਟਕਾਂ ਰਾਹੀਂ। ਪਿਛਲੇ ਕੁਝ ਸਮੇਂ ਤੋਂ ਇਹ ਸਥਾਨ ਸੁਚੇਤਕ ਰੰਗਮੰਚ ਨੇ ਸਾਂਭ ਲਈ ਹੈ। ਮੈਂ 2016 ਦਾ ਚੰਡੀਗੜ੍ਹ ਰੰਗਮੰਚ ਅਨੀਤਾ ਤੇ ਸ਼ਬਦੀਸ਼ ਦੀ ਦੇਣ ਰਾਹੀਂ ਵੇਖਣ ਦੀ ਆਗਿਆ ਲੈਂਦਾ ਹਾਂ।
ਸਾਲ ਦਾ ਅਰੰਭ ਪਾਲੀ ਭੁਪਿੰਦਰ ਸਿੰਘ ਦਾ ਲਿਖਤ ਤੇ ਨਿਰਦੇਸ਼ਿਤ ਨਾਟਕ ‘ਦਿੱਲੀ ਰੋਡ ‘ਤੇ ਇਕ ਹਾਦਸਾ’ ਨਾਲ ਹੋਇਆ ਜਿਸ ਵਿਚ ਇੱਕ ਰਾਣੀਨੁਮਾ ਇਸਤਰੀ ਸਿਆਸੀ ਸ਼ਕਤੀ ਦੀ ਏਨੀ ਭੁੱਖੀ ਹੈ ਕਿ ਉਸ ਦੇ ਪਰਿਵਾਰ ਦਾ ਜਿਹੜਾ ਵੀ ਬੰਦਾ ਉਹਦੇ ਨਾਲ ਨਹੀਂ ਤੁਰਦਾ, ਉਹ ਭੇਤਭਰੀ ਹਾਲਤ ਵਿਚ ਅਲੋਪ ਹੋ ਜਾਂਦਾ ਹੈ। ਉਸ ਦਾ ਪਤੀ ਕਿਵੇਂ ਅਲੋਪ ਹੋਇਆ, ਇਹ ਤਾਂ ਕਿਸੇ ਨੂੰ ਪਤਾ ਨਹੀਂ ਪਰ ਉਹ ਅਪਣੀ ਉਸ ਨੂੰਹ ਨੂੰ ਜਿਹੜੀ ਉਹਦੇ ਵਾਲਾ ਰਸਤਾ ਅਪਨਾਉਣ ਦੀ ਥਾਂ ਝੁੱਗੀ-ਝੋਂਪੜੀਆਂ ਦੇ ਵਸਨੀਕਾਂ ਦਾ ਸੁਧਾਰ ਕਰਨ ਵਿਚ ਡੂੰਘਾ ਵਿਸ਼ਵਾਸ ਰਖਦੀ ਹੈ, ਭੇਤ ਭਰੀ ਅਵਸਥਾ ਵਿਚ ਅਲੋਪ ਹੋ ਜਾਂਦੀ ਹੈ। ਇਸ ਨਾਟਕ ਦਾ ਨਿਰਦੇਸ਼ਨ ਪਾਲੀ ਨੇ ਸੁਚੇਤਕ ਰੰਗਮੰਚ ਲਈ ਕੀਤਾ ਸੀ।
ਸ਼ਬਦੀਸ਼ ਦੇ ਆਪਣੇ ਨਾਟਕ ਮਨ ਮਿੱਟੀ ਵਿਚ ਅਨੀਤਾ, ਚਾਰ ਪਾਤਰਾਂ-ਅਧਿਆਪਕਾ, ਅਭਿਨੇਤਰੀ, ਸ਼ਹਿਰ ਦੀ ਪੜ੍ਹੀ ਲਿਖੀ ਇਸਤਰੀ ਤੇ ਪਿੰਡ ਦੀ ਅਨਪੜ੍ਹ ਇਸਤਰੀ ਦਾ ਰੋਲ ਕਰਦਿਆਂ ਉਨ੍ਹਾਂ ਦੇ ਦੁਖਦਾਈ ਜੀਵਨ ਦਾ ਪਰਦਾ ਚੁਕਦੀ ਹੈ। ਨਾਟਕ ਦਾ ਅੰਤ ਪਾਕਿਸਤਾਨ ਦੀ ਮੁਖਤਾਰ ਮਾਈ ਦੇ ਜੀਵਨ ਨਾਲ ਹੁੰਦਾ ਹੈ, ਜਿਸ ਨਾਲ ਉਸ ਦੇ ਪਿੰਡ ਦੀ ਪੰਚਾਇਤ ਨੇ ਖੁਲ੍ਹੇਆਮ ਸਮੂਹਕ ਬਲਾਤਕਾਰ ਕੀਤਾ ਸੀ। ਪਾਕਿਸਤਾਨ ਸਰਕਾਰ ਨੂੰ ਇਸ ਕਰਤੂਤ ਨੂੰ ਧੋਣ ਲਈ ਮੁਖਤਾਰ ਮਾਈ ਨੂੰ ਚੋਖੀ ਮਾਇਕ ਸਹਾਇਤਾ ਦੇਣੀ ਪਈ ਸੀ, ਜਿਹੜੀ ਉਸ ਨੇ ਲੈ ਤਾਂ ਲਈ ਪਰ ਇਹਦੇ ਨਾਲ ਪਿੰਡ ਵਿਚ ਕੁੜੀਆਂ ਦਾ ਅਜਿਹਾ ਸਕੂਲ ਖੋਲ੍ਹਿਆ ਜਿਹੜਾ ਉਸ ਦੀ ਮ੍ਰਿਤੂ ਉਪਰੰਤ ਵੀ ਗੱਜ ਵੱਜ ਕੇ ਚਲ ਰਿਹਾ ਹੈ। ਅਨੀਤਾ ਇਹ ਸਾਰੇ ਰੋਲ ਖੁਦ ਨਿਭਾਉਂਦੀ ਹੈ। ਇਥੋਂ ਤੱਕ ਕਿ ਸੂਤਰਧਾਰ ਵੀ ਖੁਦ ਹੀ ਹੈ। ਅਦਾਕਾਰੀ ਦੀ ਸਿਖਰ ਹੀ ਸਮਝੋ।
ਨਾਟਕ ‘1084 ਦੀ ਮਾਂ’ ਲੇਖਕ-ਨਿਰਦੇਸ਼ਕ ਸ਼ਬਦੀਸ਼ ਵਲੋਂ ਮਹਾਸ਼ਵੇਤਾ ਦੇਵੀ ਦੇ ਪ੍ਰਸਿੱਧ ਨਾਵਲ ਦਾ ਪੰਜਾਬੀ ਰੂਪ ਹੈ ਜਿਸ ਵਿਚ ਕਲਕੱਤਾ ਦੇ ਨਕਸਲੀ ਨੌਜਵਾਨ 1970 ਵਿਚ ਸੱਤਾਧਾਰੀ ਹਿੰਸਾ ਦਾ ਸ਼ਿਕਾਰ ਹੋਏ ਸਨ। ਉਨ੍ਹਾਂ ਵਿਚੋਂ ਇੱਕ ਨੌਜਵਾਨ ਨੂੰ ਸਮੇਂ ਦੀ ਸਰਕਾਰ ਜੇਲ੍ਹ ਵਿਚ ਬੰਦ ਕਰਕੇ ਇੰਨੇ ਤਸੀਹੇ ਦਿੰਦੀ ਹੈ ਕਿ ਉਸ ਦੀ ਮੌਤ ਹੋ ਜਾਂਦੀ ਹੈ। ਨਾਟਕ ਉਸ 1084 ਨੰਬਰ ਕੈਦੀ ਦੀ ਮਾਂ ਦੇ ਦਰਦ ਨੂੰ ਉਭਾਰਦਾ ਹੈ ਤੇ ਅੰਤ ਵਿਚ ਇਹ ਮਾਂ ਆਪਣੇ ਮ੍ਰਿਤਕ ਬੇਟੇ ਲਈ ਕੱਢੇ ਗਏ ਜਲੂਸ ਦੀ ਅਗਵਾਈ ਕਰਦੀ ਦਿਖਾਈ ਗਈ ਹੈ।
2016 ਦਾ ਅੰਤ 1874 ਵਿਚ ਕਲਕੱਤਾ ਦੇ ਬੰਗਾਲੀ ਰੰਗਮੰਚ ਉਤੇ ਆਈ ਨਟੀ ਬਿਨੋਦਨੀ ਦੇ ਨਾਟਕੀ ਰੂਪਾਂਤਰ ਨਾਲ ਹੁੰਦਾ ਹੈ। ਇਹ ਅਦਾਕਾਰ ਵੇਸਵਾ ਮਾਂ ਤੇ ਵੇਸਵਾ ਨਾਨੀ ਦੇ ਪਰਿਵਾਰ ਵਿਚੋਂ ਹੋਣ ਕਾਰਨ ਖੁਦ ਵੀ ਵੇਸਵਾ ਦਾ ਜੀਵਨ ਜਿਊਣ ਲਈ ਮਜਬੂਰ ਸੀ। ਪਰ ਉਹ ਇਸ ਜੀਵਨ ਵਿਚੋਂ ਨਾਟਕੀ ਜਗਤ ਵਿਚ ਜਾਣਾ ਚਾਹੁੰਦੀ ਸੀ, ਜਿਥੇ ਉਸ ਦੀ ਅਦਾਕਾਰੀ ਦੇ ਦਰਸ਼ਕਾਂ ਦਾ ਕੋਈ ਅੰਤ ਨਹੀਂ ਸੀ। ਪਰ ਨਾਟਕ ਜਗਤ ਦੇ ਮੁਖੀਏ ਤੇ ਸਰਪ੍ਰਸਤ ਉਸ ਨੂੰ ਇਸ ਦੁਨੀਆਂ ਵਿਚ ਦਾਖਲ ਹੋਣ ਦੇ ਰਾਹ ਵਿਚ ਏਨਾ ਵੱਡਾ ਅੜਿਕਾ ਬਣੇ ਹੋਏ ਸਨ ਕਿ ਉਸ ਨੂੰ ਰੰਗਮੰਚ ਦੀ ਦੁਨੀਆਂ ਨੂੰ ਸਦਾ ਲਈ ਤਿਆਗਣਾ ਪੈ ਜਾਂਦਾ ਹੈ। ਇਸ ਨਾਟਕ ਦਾ ਮੂਲ ਧੁਰਾ ਨਟੀ ਬਿਨੋਦਨੀ ਦੀ 1931 ਵਿਚ ਲਿਖੀ ਆਤਮਕਥਾ ਹੈ। ਨਾਟਕ ਅਰੰਭ ਤੋਂ ਅੰਤ ਤੱਕ ਇਸਤਰੀ ਜਾਤ ਪ੍ਰਤੀ ਮਰਦ ਬਿਰਤੀ ਦੀ ਹੈਂਕੜ ਦੀ ਗਾਥਾ ਹੈ।
ਪਿਛਲਾ ਸਾਲ ਚੰਡੀਗੜ੍ਹ ਰੰਗਮੰਚ ਸੰਸਾਰ ਵਲੋਂ ਇੱਕ ਨਵੇਂ ਅਨੁਭਵ ਵਜੋਂ ਵੀ ਚੇਤੇ ਕੀਤਾ ਜਾਵੇਗਾ। ਜਿਸ ਤਿੰਨ ਰੋਜ਼ਾ ਨਾਟ ਉਤਸਵ ਦੇ ਅੰਤਲੇ ਦਿਨ ਨਟੀ ਬਿਨੋਦਨੀ ਖੇਡਿਆ ਗਿਆ, ਟੈਗੋਰ ਥੀਏਟਰ ਵਾਲਿਆਂ ਨੇ 100 ਰੁਪਏ ਪ੍ਰਤੀ ਦਰਸ਼ਕ ਟਿਕਟ ਲਾ ਰੱਖੀ ਸੀ। ਦੇਖ ਕੇ ਬੜੀ ਖੁਸ਼ੀ ਹੋਈ ਕਿ ਚੰਦ ਇਕ ਖਾਲੀ ਕੁਰਸੀਆਂ ਨੂੰ ਛੱਡ ਕੇ ਸਾਰਾ ਹਾਲ ਦਰਸ਼ਕਾਂ ਨਾਲ ਭਰਿਆ ਹੋਇਆ ਸੀ। ਇਹ ਤਜਰਬਾ ਕੁਝ ਵਰ੍ਹੇ ਪਹਿਲਾਂ ਆਤਮਜੀਤ ਨੇ ਆਪਣੇ ਨਾਟਕ ‘ਮੈਂ ਤਾਂ ਇਕ ਸਾਰੰਗੀ ਹਾਂ’ ਦੇ ਨਾਲ ਕੀਤਾ ਸੀ।
ਚੇਤੇ ਰਹੇ, ਰੰਗਮੰਚ ਸੰਸਾਰ ਦੇ ਕਰੀਬ ਸਾਰੇ ਮੁਖੀ ਕ੍ਰਾਂਤੀਕਾਰੀ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਟਕਾਂ ਵਿਚ ਕੰਮ ਕਰਕੇ ਆਪੋ-ਆਪਣੀਆਂ ਨਾਟਕ ਮੰਡਲੀਆਂ ਬਣਾਉਣ ਦੇ ਰਾਹ ਤੁਰੇ ਹਨ।
ਅੰਤਿਕਾ: ਮਿਰਜ਼ਾ ਗਾਲਿਬ
ਬਨਾ ਕਰ ਫਕੀਰੋਂ ਕਾ ਹਮ ਭੇਸ ਗਾਲਿਬ
ਤਮਾਸ਼ਾ-ਏ-ਅਹਿਲ-ਏ-ਕਰਮ ਦੇਖਤੇ ਹੈਂ।