ਚੰਡੀਗੜ੍ਹ: ਸਿੱਖ ਪੰਥ ਜਦੋਂ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾ ਰਿਹਾ ਸੀ ਤਾਂ ਐਨ ਉਸੇ ਵੇਲੇ ਤਖਤ ਸ੍ਰੀ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਤਿੰਨ ਤਖਤਾਂ ਦੇ ਜਥੇਦਾਰਾਂ ਨੂੰ ਸਮਾਗਮ ਵਿਚ ਨਾ ਆਉਣ ਦਾ ਸੁਨੇਹਾ ਭੇਜ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ। ਪਟਨਾ ਸਾਹਿਬ ਕਮੇਟੀ ਵੱਲੋਂ ਤਿੰਨ ਤਖਤਾਂ ਦੇ ਜਥੇਦਾਰਾਂ ਨੂੰ ਪੱਤਰ ਭੇਜ ਕੇ ਸਮਾਗਮਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ।
ਤਰਕ ਇਹ ਦਿੱਤਾ ਗਿਆ ਕਿ ਇਹ ਫੈਸਲਾ ਬਿਹਾਰ ਸਰਕਾਰ ਦੇ ਹੁਕਮਾਂ ਉਤੇ ਸੁਰੱਖਿਆ ਕਾਰਨਾਂ ਕਰ ਕੇ ਲਿਆ ਗਿਆ ਹੈ, ਪਰ ਇਸ ਫੈਸਲੇ ਦੇ ਅਗਲੇ ਹੀ ਦਿਨ ਬਿਹਾਰ ਦੇ ਮੁੱਖ ਮੰਤਰੀ ਨਾਲ ਮੁਤਵਾਜ਼ੀ ਜਥੇਦਾਰਾਂ ਨੂੰ ਚਾਹ ਦਾ ਸੱਦਾ ਦੇ ਦਿੱਤਾ ਗਿਆ।
ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਤੋਂ ਬਾਹਰ ਕਿਸੇ ਧਾਰਮਿਕ ਸਮਾਗਮ ਵਿਚ ਕਿਸੇ ਗੁਰਦੁਆਰਾ ਕਮੇਟੀ ਵੱਲੋਂ ਜਥੇਦਾਰਾਂ ਨੂੰ ਆਉਣ ਤੋਂ ਵਰਜਿਆ ਗਿਆ ਹੋਵੇ। ਮੰਨਿਆ ਜਾ ਰਿਹਾ ਹੈ ਕਿ ਪਟਨਾ ਸਾਹਿਬ ਕਮੇਟੀ ਨੇ ਸਿੱਖ ਸੰਗਤ ਵਿਚ ਜਥੇਦਾਰਾਂ ਪ੍ਰਤੀ ਰੋਹ ਨੂੰ ਵੇਖਦੇ ਹੋਏ ਫੈਸਲਾ ਕੀਤਾ ਹੈ, ਕਿਉਂਕਿ ਪਿਛਲੇ ਮਹੀਨੇ ਫਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਮੌਕੇ ਵੀ ਵਿਰੋਧ ਕਾਰਨ ਜਥੇਦਾਰਾਂ ਨੂੰ ਦੂਰ ਹੀ ਰੱਖਿਆ ਗਿਆ ਸੀ। ਦੱਸਣਯੋਗ ਹੈ ਕਿ ਪਿਛਲੇ ਵਰ੍ਹੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ‘ਮੁਆਫੀਨਾਮਾ’ ਕਬੂਲ ਕਰ ਕੇ ਸਿੱਖ ਜਥੇਬੰਦੀਆਂ ਦਾ ਵਿਰੋਧ ਸਹੇੜ ਲਿਆ ਸੀ, ਜਿਸ ਪਿੱਛੋਂ ਜਥੇਦਾਰ ਨੂੰ ਆਪਣੇ ਫੈਸਲੇ ਤੋਂ ਪਿੱਛੇ ਹਟਣਾ ਪਿਆ ਸੀ। ਇਸ ਦੇ ਬਾਵਜੂਦ ਸੰਗਤਾਂ ਦਾ ਰੋਹ ਸ਼ਾਂਤ ਨਾ ਹੋਇਆ। ਜਥੇਦਾਰਾਂ ਉਤੇ ਅਕਾਲੀ ਦਲ ਬਾਦਲ ਦੀ ਬੋਲੀ ਬੋਲਣ ਦੇ ਦੋਸ਼ ਲੱਗੇ। ਇਸ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਬਲਦੀ ਉਤੇ ਤੇਲ ਪਾਇਆ ਤੇ ਸਿੱਖ ਸੰਗਤ ਵਿਚ ਸਰਕਾਰ ਤੇ ਜਥੇਦਾਰਾਂ ਵਿਰੁੱਧ ਰੋਹ ਖੜ੍ਹਾ ਹੋ ਗਿਆ। ਅਕਾਲ ਤਖਤ ਦੇ ਜਥੇਦਾਰ ਨੂੰ ਹਟਾਉਣ ਦੀ ਮੰਗ ਵੱਡੇ ਪੱਧਰ ‘ਤੇ ਉਠੀ।
ਸਿੱਖ ਜਥੇਬੰਦੀਆਂ ਨੇ ਤਰਤ ਤਾਰਨ ਵਿਚ ਸਰਬੱਤ ਖਾਲਸਾ ਸੱਦ ਕੇ ਤਖਤਾਂ ਦੇ ਨਵੇਂ ਜਥੇਦਾਰ ਥਾਪ ਦਿੱਤੇ, ਪਰ ਇਨ੍ਹਾਂ ਜਥੇਦਾਰ ਨੂੰ ਮਾਨਤਾ ਦੇਣ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਸਾਫ ਇਨਕਾਰ ਕਰ ਦਿੱਤਾ। ਇਸ ਦੇ ਬਾਵਜੂਦ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਹਰ ਸਮਾਗਮ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਹੁਣ ਪਟਨਾ ਕਮੇਟੀ ਵੱਲੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਥਾਂ ਮੁਤਵਾਜ਼ੀ ਜਥੇਦਾਰਾਂ ਨੂੰ ਸੱਦਾ ਦੇ ਇਸ ਵਿਵਾਦ ਨੂੰ ਹਵਾ ਦੇ ਦਿੱਤਾ ਹੈ। ਆਖਿਆ ਭਾਵੇਂ ਇਹੀ ਗਿਆ ਕਿ ਮੁਤਵਾਜ਼ੀ ਜਥੇਦਾਰਾਂ ਨੂੰ ਬਿਹਾਰ ਸਰਕਾਰ ਨੇ ਸੱਦਾ ਦਿੱਤਾ ਹੈ, ਪਰ ਸਵਾਲ ਉਠਦਾ ਹੈ ਕਿ ਸਮਾਗਮ ਵਿਚ ਧਾਰਮਿਕ ਸ਼ਖਸੀਅਤਾਂ ਨੂੰ ਸੱਦਾ ਦੇਣ ਬਾਰੇ ਲਿਸਟ ਪਟਨਾ ਕਮੇਟੀ ਵੱਲੋਂ ਜਾਰੀ ਕੀਤੀ ਗਈ ਹੈ। ਇਸ ਮਸਲੇ ਨੂੰ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਤੇ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਵਿਚਾਲੇ ਬਹਿਸ ਵੀ ਹੋਈ ਤੇ ਗੁਰਮੁਖ ਸਿੰਘ ਨੇ ਵੀ ਇਕਬਾਲ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾ ਆਉਣ ਦੀ ਚਿਤਾਵਨੀ ਦੇ ਦਿੱਤੀ ਹੈ। ਜਥੇਦਾਰ ਗਿਆਨੀ ਗੁਰਮੁਖ ਸਿੰਘ ਮੁਤਾਬਕ ਉਨ੍ਹਾਂ ਨੂੰ ਕੁਝ ਧਮਕੀਆਂ ਦਾ ਹਵਾਲਾ ਦੇ ਕੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਨਾ ਆਉਣ ਲਈ ਕਿਹਾ ਗਿਆ ਹੈ। ਜਥੇਦਾਰ ਗੁਰਮੁਖ ਸਿੰਘ ਨੇ ਇਲਜ਼ਾਮ ਲਾਇਆ ਕਿ ਗਿਆਨੀ ਇਕਬਾਲ ਸਿੰਘ ਨੀਲਧਾਰੀ ਸੰਪਰਦਾ ਦੇ ਦਬਾਅ ਵਿਚ ਕੰਮ ਕਰ ਰਹੇ ਹਨ। ਗਿਆਨੀ ਇਕਬਾਲ ਸਿੰਘ ਨੂੰ ਵੀ ਅਕਾਲ ਤਖਤ ਸਾਹਿਬ ਉਤੇ ਨਹੀਂ ਆਉਣ ਦਿੱਤਾ ਜਾਵੇਗਾ।