ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਡਾæ ਦਲਜੀਤ ਸਿੰਘ ਚੀਮਾ ਨੇ ਨਵੇਂ ਸਾਲ ਦੀ ਰਾਤ ‘ਇਨਸਾਫ’ ਲੈਣ ਲਈ ਧਰਨੇ ਉਤੇ ਗੁਜ਼ਾਰੀ। ਦਰਅਸਲ, ਬੇਰੁਜ਼ਗਾਰ ਅਧਿਆਪਕਾਂ ਨੇ ਮੰਤਰੀ ਦੇ ਘਰ ਉਤੇ ਕਬਜ਼ਾ ਕਰ ਲਿਆ ਸੀ ਤੇ ਮੰਤਰੀ ਸਾਹਬ ਨੇ ਚੰਡੀਗੜ੍ਹ ਪ੍ਰਸ਼ਾਸਨ ਵਿਰੁੱਧ ਸੜਕ ਉਪਰ ਧਰਨਾ ਲੈ ਦਿੱਤਾ।
ਚੰਡੀਗੜ੍ਹ ਪੁਲਿਸ ਨੇ ਕਈ ਘੰਟੇ ਪਏ ਰੌਲੇ ਤੋਂ ਬਾਅਦ ਤੜਕੇ ਦੋ ਵਜੇ ਡਾæ ਚੀਮਾ ਦੀ ਕੋਠੀ ਦੇ ਬਾਹਰ ਤੇ ਅੰਦਰ ਧਰਨਾ ਮਾਰੀ ਬੈਠੇ ਬੇਰੁਜ਼ਗਾਰ ਅਧਿਆਪਕਾਂ ਨੂੰ ਕਿਸੇ ਤਰ੍ਹਾਂ ਸ਼ਾਂਤ ਕਰ ਕੇ ਬਾਹਰ ਕੱਢਿਆ। ਪੁਲਿਸ ਨੇ ਬੇਰੁਜ਼ਗਾਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਬੇਰੁਜ਼ਗਾਰਾਂ ਵੱਲੋਂ ਆਤਮਦਾਹ ਕਰਨ ਦੀ ਧਮਕੀ ਦੇਣ ਕਾਰਨ ਚੰਡੀਗੜ੍ਹ ਪੁਲਿਸ ਉਨ੍ਹਾਂ ਨੂੰ ਤਾਕਤ ਦੀ ਵਰਤੋਂ ਕਰ ਕੇ ਕੋਠੀ ਵਿਚੋਂ ਬਾਹਰ ਕੱਢਣ ਤੋਂ ਝਿਜਕ ਰਹੀ ਸੀ। ਇਸ ਦੌਰਾਨ ਜਦੋਂ ਡਾæ ਚੀਮਾ ਨੇ ਪੰਜਾਬ ਰਾਜ ਭਵਨ ਮੂਹਰੇ ਸੜਕ ਉਪਰ ਰੋਸ ਧਰਨਾ ਦਿੱਤਾ ਤਾਂ ਚੰਡੀਗੜ੍ਹ ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵਿਚ ਖਲਬਲੀ ਮੱਚ ਗਈ। ਧਰਨੇ ਦੌਰਾਨ ਡਾæ ਚੀਮਾ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਪੁਲਿਸ ਵਿਚ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਨਾ ਹੋਣ ਕਾਰਨ ਇਥੋਂ ਦੇ ਅਧਿਕਾਰੀ ਪੰਜਾਬ ਦੇ ਇਕ ਮੰਤਰੀ ਦੀ ਸੁਣਵਾਈ ਕਰਨ ਤੋਂ ਵੀ ਇਨਕਾਰੀ ਹਨ। ਤੜਕੇ ਇਕ ਵਜੇ ਰਾਜਪਾਲ ਵੀæਪੀæ ਬਦਨੌਰ ਨੇ ਚੰਡੀਗੜ੍ਹ ਦੇ ਇੰਸਪੈਕਟਰ ਜਨਰਲ ਤਜਿੰਦਰ ਸਿੰਘ ਲੂਥਰਾ ਨੂੰ ਤਲਬ ਕਰ ਕੇ ਡਾæ ਚੀਮਾ ਦੀ ਕੋਠੀ ਤੁਰਤ ਖਾਲੀ ਕਰਨ ਦੇ ਹੁਕਮ ਦਿੱਤੇ।
ਇਸ ਤੋਂ ਬਾਅਦ ਸ੍ਰੀ ਲੂਥਰਾ ਨੇ ਡਾæ ਚੀਮਾ ਨਾਲ ਗੱਲਬਾਤ ਕੀਤੀ ਅਤੇ ਬੇਰੁਜ਼ਗਾਰਾਂ ਨਾਲ ਮੀਟਿੰਗ ਕਰਨ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ ਤੜਕੇ ਡੇਢ ਵਜੇ ਦੇ ਕਰੀਬ ਡਾæ ਚੀਮਾ ਆਪਣੀ ਕੋਠੀ ਆਏ ਅਤੇ ਬੇਰੁਜ਼ਗਾਰਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਲਈ ਸਹਿਮਤ ਹੋਏ, ਜਿਸ ਤੋਂ ਬਾਅਦ ਧਰਨਾ ਮਾਰੀ ਬੈਠੇ 116 ਦੇ ਕਰੀਬ ਬੇਰੁਜ਼ਗਾਰ ਕੋਠੀ ਤੋਂ ਬਾਹਰ ਆ ਗਏ। ਡਾæ ਚੀਮਾ ਨਾਲ ਗੱਲਬਾਤ ਤੋਂ ਬਾਅਦ ਪੁਲਿਸ ਨੇ 33 ਬੇਰੁਜ਼ਗਾਰਾਂ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਬਾਕੀ ਵਾਪਸ ਮੁੜ ਗਏ। ਡਾæ ਚੀਮਾ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਵਿਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਾਹੀਂ ਇਹ ਮੁੱਦਾ ਕੇਂਦਰੀ ਗ੍ਰਹਿ ਵਿਭਾਗ ਕੋਲ ਉਠਾਉਣਗੇ।