ਪਟਨਾ ਸਾਹਿਬ ਵਿਚ ਪ੍ਰਕਾਸ਼ ਪੁਰਬ

ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜਨਮ ਸਥਾਨ ਪਟਨਾ ਸਾਹਿਬ ਵਿਖੇ ਰੌਣਕਾਂ ਲੱਗੀਆਂ ਹੋਈਆਂ ਹਨ। ਲੱਖਾਂ ਸ਼ਰਧਾਲੂ ਵਹੀਰਾਂ ਘੱਤ ਕੇ ਦਸਮ ਪਾਤਿਸ਼ਾਹ ਨੂੰ ਨਤਮਸਤਕ ਹੋਣ ਲਈ ਪੁੱਜ ਰਹੇ ਹਨ। ਇਸ ਸ਼ੁਭ ਕਾਰਜ ਮੌਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਬਿਹਾਰ ਸਰਕਾਰ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਅਤੇ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਨੇ ਵੀ ਇਸ ਪ੍ਰਕਾਸ਼ ਉਤਸਵ ਮੌਕੇ ਉਚੇਚੇ ਐਲਾਨ ਕੀਤੇ ਹਨ।

ਇਹ ਗੱਲ ਵੱਖਰੀ ਹੈ ਕਿ ਬਹੁਤ ਵਾਰ ਅਜਿਹੇ ਸਮਾਗਮਾਂ ਨੂੰ ਆਪਣੇ ਸਿਆਸੀ ਹਿਤਾਂ ਲਈ ਵੀ ਵਰਤਿਆ ਜਾਂਦਾ ਰਿਹਾ ਹੈ। ਇਸੇ ਕਰ ਕੇ ਦੇਖਣ ਵਿਚ ਆ ਰਿਹਾ ਹੈ ਕਿ ਹੁਣ ਹਰ ਸਿਆਸੀ ਪਾਰਟੀ ਦਾ ਨੁਮਾਇੰਦਾ ਪਟਨਾ ਸਾਹਿਬ ਅੱਪੜ ਰਿਹਾ ਹੈ। ਉਥੇ ਨਤਮਸਤਕ ਹੋਣ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਪੁੱਜ ਕੇ ਕਾਂਗਰਸ ਪਾਰਟੀ ਲਈ ਪ੍ਰਚਾਰ ਕਰਨ ਦਾ ਸੱਦਾ ਵੀ ਦੇ ਆਏ ਹਨ। ਪੰਜਾਬ ਵਿਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੀ ਇਸ ਮਾਮਲੇ ਵਿਚ ਪਿਛੇ ਨਹੀਂ ਹੈ। ਇਸ ਨੇ ‘ਆਪਣੀ’ ਸਰਕਾਰ ਹੋਣ ਦਾ ਫਾਇਦਾ ਉਠਾਉਂਦਿਆਂ ਸਰਕਾਰੀ ਬੱਸਾਂ ਸ਼ਰਧਾਲੂਆਂ ਨੂੰ ਉਥੇ ਲਿਜਾਣ ਲਈ ਲਾ ਦਿੱਤੀਆਂ ਹਨ। ਇਸ ਸਬੰਧੀ ਵਿਸ਼ੇਸ਼ ਨੁਕਤਾ ਇਹ ਹੈ ਕਿ ਜਦੋਂ-ਜਦੋਂ ਸਰਕਾਰੀ ਬੱਸਾਂ ਦਾ ਅਜਿਹਾ ਮਸਲਾ ਸਾਹਮਣੇ ਆਉਂਦਾ ਹੈ ਤਾਂ ਇਸ ਦਾ ਸਿੱਧਾ ਫਾਇਦਾ ਸਦਾ ਬਾਦਲ ਪਰਿਵਾਰ ਨੂੰ ਹੀ ਮਿਲਦਾ ਰਿਹਾ ਹੈ। ਜਿਉਂ ਹੀ ਪੰਜਾਬ ਵਿਚੋਂ ਸਰਕਾਰੀ ਬੱਸਾਂ ਪਟਨਾ ਸਾਹਿਬ ਲਈ ਲਾਈਆਂ ਗਈਆਂ, ਬਾਦਲਾਂ ਦੀਆਂ ਬੱਸਾਂ ਦੀ ਗਿਣਤੀ ਸੜਕਾਂ ਉਤੇ ਪਹਿਲਾਂ ਨਾਲੋਂ ਵਧ ਗਈ ਹੈ। ਇਸ ਤੋਂ ਵੀ ਵੱਡੀ ਗੱਲ, ਚੋਣਾਂ ਸਿਰ ਉਤੇ ਹੋਣ ਕਰ ਕੇ ਅਕਾਲੀ ਦਲ ਨੇ 350ਵੇਂ ਪ੍ਰਕਾਸ਼ ਪੁਰਬ ਸਬੰਧੀ ਖੁਦ ਕੋਈ ਖਾਸ ਸਮਾਗਮ ਨਹੀਂ ਉਲੀਕਿਆ ਹੈ, ਸਗੋਂ ਪਾਰਟੀ ਦੀ ਸਾਰੀ ਤਾਕਤ ਸਿਆਸੀ ਸਰਗਰਮੀ ਲਈ ਝੋਕ ਦਿੱਤੀ ਹੋਈ ਹੈ। ਤਰਦੀ ਨਜ਼ਰੇ ਦੇਖਿਆਂ ਇਸ ਵਿਚ ਕੋਈ ਮਾੜੀ ਗੱਲ ਵੀ ਨਹੀਂ ਜਾਪਦੀ, ਚੋਣਾਂ ਮੌਕੇ ਚੋਣ-ਸਰਗਰਮੀਆਂ ਹੋਣੀਆਂ ਜਾਂ ਵਧਣੀਆਂ ਹੀ ਹੁੰਦੀਆਂ ਹਨ, ਪਰ ਇਥੇ ਮਸਲਾ ਤਰਜੀਹਾਂ ਦਾ ਵੀ ਹੈ। ਜੇ ਅਕਾਲੀ ਦਲ ਅਤੇ ਸਿੱਖਾਂ ਦੀ ਇਕੋ-ਇਕ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤਰਜੀਹਾਂ ਪ੍ਰਕਾਸ਼ ਪੁਰਬ ਜਾਂ ਗੁਰੂ ਸਾਹਿਬਾਨ ਦਾ ਸੁਨੇਹਾ ਵੱਧ ਤੋਂ ਵੱਧ ਲੋਕਾਈ ਤੱਕ ਪਹੁੰਚਾਉਣ ਵਾਲੀਆਂ ਹੁੰਦੀਆਂ ਤਾਂ ਕੋਈ ਵੀ ਸਰਗਰਮੀ ਜਾਂ ਰੁਝੇਵਾਂ ਇਨ੍ਹਾਂ ਦੇ ਰਾਹ ਦਾ ਰੋੜਾ ਨਹੀਂ ਸੀ ਬਣਨਾ, ਪਰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀਆਂ ਤਰਜੀਹਾਂ ਹਾਲ ਦੀ ਘੜੀ ਕਿਉਂਕਿ ਸਿਆਸੀ ਵਧੇਰੇ ਹਨ, ਇਸ ਲਈ ਉਸ ਹਿਸਾਬ ਨਾਲ ਪ੍ਰਕਾਸ਼ ਪੁਰਬ ਮਨਾਉਣ ਦੀ ਥਾਂ ਬਹੁਤਾ ਧਿਆਨ ਸਿਆਸੀ ਸਰਗਰਮੀਆਂ ਉਤੇ ਹੀ ਲੱਗਾ ਹੋਇਆ ਹੈ। ਚਾਹੀਦਾ ਤਾਂ ਇਹ ਸੀ ਕਿ ਦਸਮ ਪਾਤਿਸ਼ਾਹ ਨੇ ਉਸ ਵਕਤ ਅੰਤਾਂ ਦੀਆਂ ਔਖਿਆਈਆਂ ਦੇ ਬਾਵਜੂਦ ਜਿਹੜੇ ਪ੍ਰਸੰਗ ਉਭਾਰੇ ਸਨ, ਉਨ੍ਹਾਂ ਬਾਰੇ ਵੱਧ ਤੋਂ ਵੱਧ ਗੱਲ ਚਲਾਈ ਜਾਂਦੀ। ਇਸ ਪ੍ਰਸੰਗ ਵਿਚ ਸਭ ਤੋਂ ਪਹਿਲਾਂ ਨੁਕਤਾ ਜਿਹੜਾ ਉਭਰ ਕੇ ਸਾਹਮਣੇ ਆਉਂਦਾ ਹੈ, ਉਹ ਇਹ ਹੈ ਕਿ ਉਨ੍ਹਾਂ ਨੇ ਲੋਕਾਈ ਨੂੰ ਭੈਅ-ਮੁਕਤ ਹੋ ਜਾਣ ਦੇ ਰਾਹ ਤੋਰਿਆ। ਸਿੱਖ ਪਰੰਪਰਾ ਆਪਣੇ ਮੁਢਲੇ ਦੌਰ ਤੋਂ ਹੀ ਮਨੁੱਖ ਨੂੰ ਭੈਅ-ਮੁਕਤ ਹੋਣ ਦਾ ਉਪਦੇਸ਼ ਦਿੰਦੀ ਰਹੀ ਹੈ। ਦਸਮ ਪਾਤਿਸ਼ਾਹ ਨੇ ਇਸੇ ਭੈਅ ਨੂੰ ਦੂਰ ਕਰਨ ਲਈ ਵੱਡੀ ਜਥੇਬੰਦਕ ਮੁਹਿੰਮ ਦਾ ਆਗਾਜ਼ ਕੀਤਾ ਸੀ। ਇਹ ਜਥੇਬੰਦਕ ਮੁਹਿੰਮ ਫਿਰ ਅਗਾਂਹ ਵੱਡੀ ਸਮਾਜਕ ਤਬਦੀਲੀ ਦਾ ਵਸੀਲਾ ਬਣੀ।
‘ਪੰਜਾਬ ਟਾਈਮਜ਼’ ਲਈ ਇਹ ਖੁਸ਼ੀ ਦਾ ਅਵਸਰ ਹੈ ਕਿ ਅੱਜ ਜਦੋਂ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਤਾਂ ‘ਪੰਜਾਬ ਟਾਈਮਜ਼’ ਆਪਣੀ ਹੋਂਦ ਦੇ 17 ਵਰ੍ਹੇ ਮੁਕੰਮਲ ਕਰ ਕੇ 18ਵੇਂ ਵਰ੍ਹੇ ਵਿਚ ਪ੍ਰਵੇਸ਼ ਕਰ ਰਿਹਾ ਹੈ। ਨਾਲ ਹੀ ਇਹ ਤਬਦੀਲੀ ਲਈ ਤਾਂਘ ਰੱਖਦਾ ਹੋਇਆ ਆਪਣੇ ਵਿਤ ਮੁਤਾਬਕ ਆਪਣਾ ਹਿੱਸਾ ਪਾਉਣ ਲਈ ਯਤਨਸ਼ੀਲ ਹੈ। ਇਸ ਸਫਰ ਦੌਰਾਨ ਕਈ ਕਿਸਮ ਦੇ ਉਤਰਾਅ-ਚੜ੍ਹਾਏ ਆਏ ਅਤੇ ਕਈ ਕਿਸਮ ਦੇ ਹਾਲਾਤ ਨਾਲ ਜੂਝਣ ਦੇ ਸਬੱਬ ਬਣੇ; ਪਰ ਪਾਠਕਾਂ, ਸੱਜਣਾਂ ਅਤੇ ਸਨੇਹੀਆਂ ਦੀ ਬਦੌਲਤ ਪਰਚੇ ਦਾ ਸਫਰ ਨਿਰਵਿਘਨ ਜਾਰੀ ਹੈ। ਅਸਲ ਵਿਚ ਅਦਾਰੇ ਨੂੰ ਅਜਿਹੀਆਂ ਸ਼ਖਸੀਅਤਾਂ ਦਾ ਸੰਗ-ਸਾਥ ਅਤੇ ਸੁਚੱਜੇ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ ਜਿਨ੍ਹਾਂ ਦੀ ਬਦੌਲਤ ‘ਪੰਜਾਬ ਟਾਈਮਜ਼’ ਪੱਤਰਕਾਰੀ ਦੇ ਖੇਤਰ ਵਿਚ ਇਕ ਮੁਕਾਮ ਹਾਸਲ ਕਰ ਸਕਿਆ ਹੈ। ਅਦਾਰੇ ਨੂੰ ਮਾਣ ਹੈ ਕਿ ਬਹੁਤ ਸਾਰੇ ਮਾਮਲਿਆਂ ਵਿਚ ਖੁਦ ਪਾਠਕਾਂ ਨੇ ਇਸ ਨੂੰ ਅਗਵਾਈ ਵਾਲਾ ਰਾਹ ਦਿਖਾਇਆ ਹੈ। ਪਾਠਕਾਂ ਦੇ ਇਸੇ ਹੁਲਾਰੇ ਕਾਰਨ ਹੀ ਮੰਜ਼ਿਲਾਂ ਸਰ ਕਰਨ ਦਾ ਤਹੱਈਆ ਕੀਤਾ ਜਾ ਸਕਿਆ ਹੈ ਅਤੇ ਅਗਾਂਹ ਰਾਹ ਮੋਕਲੇ ਹੋ ਸਕੇ ਹਨ। ਅਦਾਰੇ ਦੀ ਕੋਸ਼ਿਸ਼ ਸਦਾ ਇਹੀ ਰਹੀ ਹੈ ਕਿ ਸੰਵਾਦ ਵਾਲਾ ਚਿਰਾਗ ਬਾਲ ਕੇ ਰੱਖਿਆ ਜਾਵੇ ਅਤੇ ਮੀਡੀਆ ਦੇ ਮਿਸ਼ਨ ਨਾਲ ਜੁੜੀਆਂ ਰਵਾਇਤਾਂ ਉਤੇ ਪਹਿਰਾ ਦਿੱਤਾ ਜਾਵੇ। ਇਹ ਗੱਲ ਸੱਚ ਹੈ ਕਿ ਅੱਜ ਮੀਡੀਆ ਦੇ ਮਿਸ਼ਨ ਨਾਲ ਕਿਸੇ ਨਾ ਕਿਸੇ ਰੂਪ ਵਿਚ ਕਾਰੋਬਾਰੀ ਹਿਤ ਵੀ ਜੁੜ ਗਏ ਹਨ। ਪਰਵਾਸੀ ਮੀਡੀਆ ਕਿਉਂਕਿ ਇਸ ਜੱਗ-ਜਹਾਨ ਤੋਂ ਵੱਖ ਨਹੀਂ, ਇਸ ਲਈ ਇਸ ਦਾ ਅਸਰ ਪਰਵਾਸੀ ਮੀਡੀਆ ਉਤੇ ਵੀ ਸਾਫ ਦੇਖਿਆ ਜਾ ਸਕਦਾ ਹੈ, ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਅੰਤਾਂ ਦੀਆਂ ਔਕੜਾਂ ਦੇ ਬਾਵਜੂਦ ਇਸ ਖੇਤਰ ਵਿਚ ਸੱਚ ਦੇ ਚਿਰਾਗ ਬਾਲੇ ਜਾ ਰਹੇ ਹਨ। ਕਾਰਨ ਸਿਰਫ ਇਕ ਹੀ ਹੈ ਕਿ ਲੱਖ ਕਮੀਆਂ ਦੇ ਬਾਵਜੂਦ, ਮੀਡੀਆ ਦਾ ਮਿਸ਼ਨ ਅਸਲ ਵਿਚ ਲੋਕ-ਚੇਤਨਾ ਨਾਲ ਜੁੜਿਆ ਹੋਇਆ ਹੈ ਅਤੇ ਲੋਕ-ਚੇਤਨਾ ਦੀਆਂ ਤੰਦਾਂ, ਸੱਚ ਦੀ ਤਾਣੀ ਵਿਚੋਂ ਹੀ ਹੋ ਕੇ ਨਿਕਲਦੀਆਂ ਹਨ। ‘ਪੰਜਾਬ ਟਾਈਮਜ਼’ ਦਾ ਇਸ ਬਾਰੇ ਕੋਈ ਦਾਅਵਾ ਨਹੀਂ, ਪਰ ਇਹ ਵਾਅਦਾ ਜ਼ਰੂਰ ਹੈ ਕਿ ਪਾਠਕਾਂ ਦੀ ਕਚਹਿਰੀ ਵਿਚ ਸੱਚ ਦੀ ਆਵਾਜ਼ ਬੁਲੰਦ ਕੀਤੀ ਜਾਵੇ ਅਤੇ ਪੱਤਰਾਕਾਰੀ ਦੀਆਂ ਨਰੋਈਆਂ ਕਦਰਾਂ-ਕੀਮਤਾਂ ਉਤੇ ਲਗਾਤਾਰ ਪਹਿਰਾ ਦਿੱਤਾ ਜਾਵੇ।