ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਦਲਬਦਲੂਆਂ ਦੀ ਚੜ੍ਹਤ ਹੈ। ਸ਼ਰਤਾਂ ਤਹਿਤ ਦੂਜੀ ਪਾਰਟੀ ਵਿਚ ਗਏ ਇਹ ਆਗੂ ਸਿਆਸੀ ਧਿਰਾਂ ਲਈ ਮੁਸੀਬਤ ਬਣੇ ਹੋਏ ਹਨ। ਸ਼ਰਤਾਂ ਮੁਤਾਬਕ ਅਜਿਹੇ ਆਗੂਆਂ ਨੂੰ ਟਿਕਟ ਦੇਣ ਕਰ ਕੇ ਸਿਆਸੀ ਧਿਰਾਂ ਨੂੰ ਵੱਡੇ ਪੱਧਰ ਉਤੇ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਉਮੀਦਵਾਰ ਐਲਾਨਣ ਵਿਚ ਪੱਛੜੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਮਾਮਲੇ ਵਿਚ ਖਾਸਾ ਸੇਕ ਲੱਗਾ ਹੈ।
ਸੱਤਾ ਦੀਆਂ ਦਾਅਵੇਦਾਰ ਪ੍ਰਮੁੱਖ ਪਾਰਟੀਆਂ ਵਿਚੋਂ ਕੋਈ ਵੀ ਅਜਿਹੀ ਨਹੀਂ ਹੈ, ਜਿਸ ਨੇ ਦੂਸਰੀਆਂ ਪਾਰਟੀਆਂ ਤੋਂ ਉਮੀਦਵਾਰ ਉਧਾਰੇ ਨਾ ਲਏ ਹੋਣ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰਾਂ ਵਿਚੋਂ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਗਰਾਉਂ ਹਲਕੇ ਤੋਂ ਕਾਂਗਰਸ ਦੀ ਟਿਕਟ ਉਤੇ ਚੋਣ ਲੜ ਚੁੱਕੇ ਈਸ਼ਰ ਸਿੰਘ ਮਿਹਰਬਾਨ ਨੂੰ ਪਾਇਲ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਸਨ, ਪਰ ਹੁਣ ਉਹ ਮਹਿਲ ਕਲਾਂ ਹਲਕੇ ਤੋਂ ਅਕਾਲੀ ਦਲ ਲਈ ਮਿਸ਼ਨ 2017 ਤੱਕ ਪੁੱਜਣ ਵਿਚ ਮਦਦ ਕਰਨਗੇ। ਅਕਾਲੀ ਦਲ ਵੱਲੋਂ ਆਪਣੇ ਪੰਜ ਵਾਰ ਦੇ ਵਿਧਾਇਕ ਸਰਵਨ ਸਿੰਘ ਫਿਲੌਰ ਨੂੰ ਛੱਡ ਕੇ ਦੋਆਬੇ ਦੇ ਇਕ ਡੇਰੇ ਦੀ ਖੁਸ਼ੀ ਹਾਸਲ ਕਰਨ ਲਈ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੋਂ ਚੋਣ ਲੜੇ ਬਲਦੇਵ ਸਿੰਘ ਨੂੰ ਫਿਲੌਰ ਤੋਂ ਟਿਕਟ ਨਾਲ ਨਿਵਾਜ਼ ਦਿੱਤਾ ਗਿਆ ਹੈ।
ਨਾਭਾ ਸੀਟ ਤੋਂ ਵੀ ਕੁਝ ਦਿਨ ਪਹਿਲਾਂ ਕਾਂਗਰਸ ਤੋਂ ਲਿਆ ਕੇ ਕਬੀਰ ਦਾਸ ਅਕਾਲੀ ਦਲ ਉਮੀਦਵਾਰ ਬਣਾ ਦਿੱਤੇ ਗਏ। ਸੰਗਰੂਰ ਤੋਂ ਕਾਂਗਰਸ ਟਿਕਟ ਮਨਾਂ ਹੋ ਜਾਣ ਕਰ ਕੇ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਰਹੇ ਸੁਰਿੰਦਰਪਾਲ ਸਿੰਘ ਸਿਬੀਆ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ। ਉਥੋਂ ਬਾਗੀ ਹੋਣ ਦੀ ਸੰਭਾਵਨਾ ਵਾਲੇ ਸਾਬਕਾ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਬੇਟੇ ਕੁਲਵੰਤ ਸਿੰਘ ਨੂੰ ਆਪਣਾ ਓæਐਸ਼ਡੀæ ਬਣਾ ਲਿਆ।
ਕਾਂਗਰਸ ਦੀ ਸਥਿਤੀ ਵੀ ਇਸ ਤੋਂ ਵੱਖਰੀ ਨਹੀਂ ਹੈ। ਪਾਰਟੀ ਭਾਜਪਾ ਤੋਂ ਅਸਤੀਫਾ ਦੇਣ ਵਾਲੇ ਕਾਮੇਡੀਅਨ ਅਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਅੱਗੇ ਪਿੱਛੇ ਘੁੰਮਦੀ ਦਿਖਾਈ ਦੇ ਰਹੀ ਹੈ। ਸਿੱਧੂ ਲਈ ਉਨ੍ਹਾਂ ਦੀ ਵਿਧਾਇਕ ਪਤਨੀ ਡਾæ ਨਵਜੋਤ ਕੌਰ ਸਿੱਧੂ ਨੇ ਆਪਣੀ ਅੰਮ੍ਰਿਤਸਰ (ਪੂਰਬੀ) ਸੀਟ ਤੋਂ ਆਪਣੇ ਪਤੀ ਲਈ ਟਿਕਟ ਐਲਾਨਣ ਤੋਂ ਪਹਿਲਾਂ ਹੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਛੱਡ ਕੇ ਆਏ ਵਿਧਾਇਕ ਅਤੇ ਓਲੰਪੀਅਨ ਪਰਗਟ ਸਿੰਘ ਜਲੰਧਰ ਕੈਂਟ ਤੋਂ ਸੰਭਾਵਿਤ ਉਮੀਦਵਾਰ ਹਨ। ਇਕ ਹੋਰ ਮੌਜੂਦਾ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਵੀ ਕਾਂਗਰਸ ਨੇ ਟਿਕਟ ਦਾ ਲਾਰਾ ਲਾ ਰੱਖਿਆ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਛੱਡ ਕੇ ਆਈ ਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜ ਚੁੱਕੀ ਯਾਮਿਨੀ ਗੌਮਰ ਕਾਂਗਰਸ ਵਿਚ ਆ ਕੇ ਸ਼ਾਮ ਚੌਰਾਸੀ ਤੋਂ ਚੋਣ ਲੜਨ ਲਈ ਦਾਅਵੇਦਾਰ ਹੈ। ਕਾਂਗਰਸ ਫ਼ਿਰੋਜ਼ਪੁਰ ਤੋਂ ਅਕਾਲੀ ਸੰਸਦ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਨੂੰ ਵੀ ਟਿਕਟ ਦਾ ਵਾਅਦਾ ਦੇ ਚੁੱਕੀ ਹੈ।
ਆਮ ਆਦਮੀ ਪਾਰਟੀ ਦੀ ਪੰਜਾਬ ਵਿਧਾਨ ਸਭਾ ਦੀ ਇਹ ਪਹਿਲੀ ਚੋਣ ਹੈ। ਪਾਰਟੀ ਵੱਲੋਂ ਵਾਲੰਟੀਅਰਾਂ ਨੂੰ ਹੀ ਟਿਕਟਾਂ ਦੇਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਕਈ ਅਜਿਹੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਜੋ ਟਿਕਟਾਂ ਲਈ ਹੀ ਆਏ ਦਿਖਾਈ ਦਿੰਦੇ ਹਨ। 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੁਖਪਾਲ ਖਹਿਰਾ ਭੁਲੱਥ ਅਤੇ ਅਮਨ ਅਰੋੜਾ ਸੁਨਾਮ ਤੋਂ ਕਾਂਗਰਸ ਦੇ ਉਮੀਦਵਾਰ ਸਨ। ਇਹ ਕੁਝ ਸਮਾਂ ਪਹਿਲਾਂ ‘ਆਪ’ ਵਿਚ ਆ ਗਏ ਸਨ, ਪਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕੁਲਦੀਪ ਕੌਰ ਪਿਛਲੀ ਚੋਣ ‘ਚ ਪਟਿਆਲਾ (ਦਿਹਾਤੀ) ਤੋਂ ਅਕਾਲੀ ਦਲ ਦੀ ਉਮੀਦਵਾਰ ਸਨ, ਉਨ੍ਹਾਂ ਨੂੰ ‘ਆਪ’ ਨੇ ਸਨੌਰ ਤੋਂ, ਮਰਹੂਮ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ ਨੂੰ ਡੇਰਾਬਸੀ ਤੋਂ ਉਮੀਦਵਾਰ ਬਣਾਇਆ ਹੈ। ਕਈ ਪਾਰਟੀਆਂ ਵਿਚੋਂ ਦੀ ਹੁੰਦੇ ਹੋਏ ‘ਆਪ’ ਵਿਚ ਸ਼ਾਮਲ ਹੋਏ ਚਰਨਜੀਤ ਚੰਨੀ ਨੂੰ ਨਵਾਂ ਸ਼ਹਿਰ ਤੋਂ ਉਮੀਦਵਾਰ ਐਲਾਨਿਆ ਹੈ।
____________________________
ਕੁਨਬਾਪ੍ਰਸਤੀ ਵਿਚ ਅਕਾਲੀ ਦਲ ਦਾ ਪਹਿਲਾ ਨੰਬਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਪਰਿਵਾਰਵਾਦ ਨੂੰ ਪ੍ਰਫੁੱਲਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਮੌਜੂਦਾ ਵਜ਼ਾਰਤ ਵਿਚ ਬਾਦਲ ਪਰਿਵਾਰ ਹਾਵੀ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇਕਲੌਤੀ ਨੂੰਹ ਹਰਸਿਮਰਤ ਕੌਰ ਕੇਂਦਰੀ ਵਜ਼ਾਰਤ ਵਿਚ ਕੈਬਨਿਟ ਮੰਤਰੀ ਹੈ।
ਇਸ ਪਰਿਵਾਰ ਦੇ ਮੈਂਬਰਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਿਕਰਮ ਸਿੰਘ ਮਜੀਠੀਆ ਅਤੇ ਜਨਮੇਜਾ ਸਿੰਘ ਸੇਖੋਂ ਨੂੰ ਅਹਿਮ ਵਿਭਾਗ ਵੀ ਦਿੱਤੇ ਹੋਏ ਹਨ। ਇਹ ਵਿਅਕਤੀ ਆਗਾਮੀ ਚੋਣਾਂ ਲਈ ਮੁੜ ਤੋਂ ਕਿਸਮਤ ਅਜ਼ਮਾਉਣ ਖਾਤਰ ਮੈਦਾਨ ਉਚ ਉਤਰੇ ਹੋਏ ਹਨ।
ਇਸੇ ਤਰ੍ਹਾਂ ਦਰਜਨ ਤੋਂ ਵੱਧ ਅਕਾਲੀ ਦਲ ਦੇ ਹੋਰ ਅਜਿਹੇ ਉਮੀਦਵਾਰ ਹਨ, ਜੋ ਪਰਿਵਾਰਵਾਦ ਨੂੰ ਸਿਆਸਤ ਵਿਚ ਅੱਗੇ ਵਧਾ ਰਹੇ ਹਨ। ਪਾਰਟੀ ਨੇ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਲਹਿਰਾਗਾਗਾ, ਬਲਵਿੰਦਰ ਸਿੰਘ ਭੂੰਦੜ ਦੇ ਪੁੱਤਰ ਬਲਰਾਜ ਸਿੰਘ ਭੂੰਦੜ ਨੂੰ ਸਰਦੂਲਗੜ੍ਹ, ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਖਡੂਰ ਸਾਹਿਬ, ਜਥੇਦਾਰ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਮੋਗਾ (ਜਥੇਦਾਰ ਤੋਤਾ ਸਿੰਘ ਨੂੰ ਵੀ ਧਰਮਕੋਟ ਤੋਂ ਉਮੀਦਵਾਰ ਬਣਾਇਆ ਹੈ), ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਨੂੰ ਸਨੌਰ ਤੋਂ, ਕੁਲਦੀਪ ਸਿੰਘ ਵਡਾਲਾ ਦੇ ਪੁੱਤਰ ਗੁਰਪ੍ਰਾਤਪ ਸਿੰਘ ਵਾਡਲਾ ਨੂੰ ਨਕੋਦਰ, ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰਇਕਬਾਲ ਸਿੰਘ ਅਟਵਾਲ ਨੂੰ ਰਾਏਕੋਟ, ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਰਣਜੀਤ ਸਿੰਘ ਤਲਵੰਡੀ ਨੂੰ ਖੰਨਾ ਅਤੇ ਮਰਹੂਮ ਜ਼ੋਰਾ ਸਿੰਘ ਮਾਨ ਦੇ ਪੁੱਤਰ ਵਰਦੇਵ ਸਿੰਘ ਮਾਨ ਨੂੰ ਗੁਰੂਹਰਸਹਾਏ ਤੋਂ ਟਿਕਟ ਦਿੱਤੀ ਹੈ।