ਚੰਡੀਗੜ੍ਹ: ਪੰਜਾਬ ਦੇ ਤਕਰੀਬਨ ਅੱਧੀ ਦਰਜਨ ਗਾਇਕ ਪ੍ਰਮੁੱਖ ਪਾਰਟੀਆਂ ਵੱਲੋਂ ਚੋਣ ਲੜਨ ਦੇ ਇੱਛੁਕ ਹਨ। ਇਹ ਗਾਇਕ ਪਾਰਟੀਆਂ ਵਿਚ ਸ਼ਾਮਲ ਹੋ ਕੇ ਚੋਣ ਸਰਗਰਮੀਆਂ ਵਿਚ ਹਿੱਸਾ ਵੀ ਲੈ ਰਹੇ ਹਨ ਅਤੇ ਕਈਆਂ ਨੇ ਤਾਂ ਹਲਕੇ ਮਿੱਥ ਕੇ ਉਥੋਂ ਦਾਅਵੇਦਾਰੀ ਵੀ ਜਤਾਈ ਹੈ, ਪਰ ਹਾਲੇ ਤੱਕ ਮੁਹੰਮਦ ਸਦੀਕ ਨੂੰ ਹੀ ਟਿਕਟ ਮਿਲੀ ਹੈ। ਚੋਣ ਲੜਨ ਦੇ ਦਾਅਵੇਦਾਰਾਂ ਵਿਚ ਉਘੇ ਗਾਇਕ ਬਲਕਾਰ ਸਿੱਧੂ ਤੇ ਸਤਵਿੰਦਰ ਬਿੱਟੀ ਕਾਂਗਰਸ ਵੱਲੋਂ, ਗਾਇਕਾ ਮਿਸ ਪੂਜਾ, ਰਣਜੀਤ ਮਣੀ, ਹੰਸ ਰਾਜ ਹੰਸ ਭਾਜਪਾ ਵੱਲੋਂ ਅਤੇ ਕੇæਐਸ਼ ਮੱਖਣ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਉਤੇ ਚੋਣ ਲੜਨ ਦੇ ਇੱਛੁਕ ਦੱਸੇ ਜਾਂਦੇ ਹਨ। ਕਾਂਗਰਸ ਵੱਲੋਂ ਮੌਜੂਦਾ ਵਿਧਾਇਕ ਮੁਹੰਮਦ ਸਦੀਕ ਨੂੰ ਪਹਿਲੀ ਸੂਚੀ ਵਿਚ ਹੀ ਟਿਕਟ ਦੇ ਦਿੱਤੀ ਗਈ ਹੈ, ਪਰ ਉਨ੍ਹਾਂ ਦਾ ਹਲਕਾ ਭਦੌੜ ਤੋਂ ਬਦਲ ਕੇ ਜੈਤੋ ਕਰ ਦਿੱਤਾ ਗਿਆ ਹੈ।
ਬਲਕਾਰ ਸਿੱਧੂ ਜਿਸ ਨੂੰ ਵਿਧਾਨ ਸਭਾ ਜ਼ਿਮਨੀ ਚੋਣ ਸਮੇਂ ‘ਆਪ’ ਨੇ ਤਲਵੰਡੀ ਸਾਬੋ ਤੋਂ ਟਿਕਟ ਦੇ ਕੇ ਬਾਅਦ ਵਿਚ ਕੱਟ ਦਿੱਤੀ ਸੀ, ਨੇ ਕਾਫੀ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਕਾਂਗਰਸ ‘ਚ ਸ਼ਮੂਲੀਅਤ ਕਰ ਕੇ ਬਠਿੰਡਾ ਜ਼ਿਲ੍ਹੇ ‘ਚ ਪੈਂਦੇ ਹਲਕਾ ਮੌੜ ਮੰਡੀ ਤੋਂ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਉਹ ਕਾਂਗਰਸ ਦੇ ਹਰ ਛੋਟੇ-ਵੱਡੇ ਸਮਾਗਮਾਂ ‘ਚ ਸ਼ਾਮਲ ਹੋਣ ਤੋਂ ਇਲਾਵਾ ਹਲਕੇ ਵਿਚ ਸਰਗਰਮੀ ਨਾਲ ਵਿਚਰ ਰਹੇ ਹਨ। ਇਥੋਂ ਟਿਕਟ ਦੇ ਹੋਰ ਵੀ ਕਾਫੀ ਦਾਅਵੇਦਾਰ ਹਨ, ਪਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਤੋਂ ਟਿਕਟ ਦੇਣ ਕਾਰਨ ਹੁਣ ਇਸ ਹਲਕੇ ‘ਤੇ ਹਰਮਹਿੰਦਰ ਸਿੰਘ ਜੱਸੀ ਦਾ ਨਾਂ ਵੀ ਬੋਲਣ ਲੱਗ ਪਿਆ ਹੈ। ਉਘੀ ਗਾਇਕਾ ਸਤਵਿੰਦਰ ਬਿੱਟੀ ਵੀ ਕੁਝ ਸਮਾਂ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਉਹ ਸਾਹਨੇਵਾਲ ਹਲਕੇ ਤੋਂ ਟਿਕਟ ਪ੍ਰਾਪਤ ਕਰਨ ਦੀ ਦੌੜ ਸ਼ਾਮਲ ਹਨ।
ਮਿਸ ਪੂਜਾ ਜੋ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਭਾਜਪਾ ਵਿਚ ਸ਼ਾਮਲ ਹੋ ਗਈ ਸੀ, ਦੀ ਉਸ ਵੇਲੇ ਵੀ ਚੋਣ ਲੜਨ ਦੀ ਚਰਚਾ ਚੱਲੀ ਸੀ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀਆਂ ਰਾਜਨੀਤਿਕ ਸਰਗਰਮੀਆਂ ਠੱਪ ਹੀ ਸਨ। ਬੀਤੇ ਦਿਨਾਂ ‘ਚ ਅਚਨਚੇਤ ਉਨ੍ਹਾਂ ਦੇ ਹਲਕਾ ਰਾਜਪੁਰਾ ਤੋਂ ਚੋਣ ਲੜਨ ਦੀ ਚਰਚਾ ਜ਼ੋਰਾਂ ਉਤੇ ਹੈ। ਮਿਸ ਪੂਜਾ ਦਾ ਜੱਦੀ ਸ਼ਹਿਰ ਵੀ ਰਾਜਪੁਰਾ ਹੀ ਹੈ। ਹੰਸ ਰਾਜ ਹੰਸ ਜੋ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋ ਗਏ ਸਨ, ਦੇ ਵੀ ਅੰਮ੍ਰਿਤਸਰ ਦੇ ਪੱਛਮੀ ਹਲਕੇ ਤੋਂ ਚੋਣ ਲੜਾਏ ਜਾਣ ਦੀ ਚਰਚਾ ਹੈ। ਇਸ ਗੱਲ ਨੂੰ ਇਸ ਕਰ ਕੇ ਵੀ ਬਲ ਮਿਲਦਾ ਹੈ ਕਿ ਹੰਸ ਰਾਜ ਹੰਸ ਨੇ ਭਾਜਪਾ ਵਿਚ ਸ਼ਾਮਲ ਹੋਣ ਉਪਰੰਤ ਅੰਮ੍ਰਿਤਸਰ ਦਾ ਦੌਰਾ ਕਰ ਕੇ ਰਾਜਨੀਤਿਕ ਹਲਚਲ ਪੈਦਾ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਵਿਚ ਹੋਣ ਸਮੇਂ ਉਨ੍ਹਾਂ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਹਲਕੇ ਤੋਂ ਕਿਸਮਤ ਅਜ਼ਮਾਈ ਸੀ, ਪਰ ਜਿੱਤ ਨਸੀਬ ਨਹੀਂ ਹੋ ਸਕੀ। ਰਣਜੀਤ ਮਣੀ ਜੋ ਪਿਛਲੇ ਦਿਨੀਂ ਹੀ ਭਾਜਪਾ ਵਿਚ ਸ਼ਾਮਲ ਹੋਏ ਹਨ, ਨੂੰ ਵੀ ਪਾਰਟੀ ਕਿਸੇ ਹਲਕੇ ਤੋਂ ਉਤਾਰਨ ਦੇ ਮੂਡ ਵਿਚ ਹੈ। ਮੋਗਾ ਦੇ ਪਿੰਡ ਚੁੱਪਕੀਤੀ ਦੇ ਜੰਮਪਲ ਤੇ ਅੱਜ ਕੱਲ੍ਹ ਲੁਧਿਆਣਾ ਵਿਖੇ ਰਹਿ ਰਹੇ ਮਣੀ ਨੇ ਕਿਹਾ ਕਿ ਜੇ ਪਾਰਟੀ ਨੇ ਚੋਣ ਲੜਾਈ ਤਾਂ ਉਹ ਜ਼ਰੂਰ ਲੜਨਗੇ। ਸਿੱਖੀ ਸਰੂਪ ਵਾਲੇ ਗਾਇਕ ਕੇæਐਸ਼ ਮੱਖਣ ਨੇ ਬਹੁਜਨ ਸਮਾਜ ਪਾਰਟੀ ‘ਚ ਸ਼ਮੂਲੀਅਤ ਕਰ ਕੇ ਲੰਘੀਆਂ ਲੋਕ ਸਭਾ ਚੋਣਾਂ ਵਿਚ ਅਨੰਦਪੁਰ ਸਾਹਿਬ ਤੋਂ ਚੋਣ ਲੜੀ ਸੀ, ਪਰ ਉਹ ਚੋਣ ਜਿੱਤਣ ‘ਚ ਅਸਫਲ ਰਹੇ ਸਨ। ਹੁਣ ਉਨ੍ਹਾਂ ਬਸਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਮੂਲੀਅਤ ਕਰ ਲਈ ਹੈ, ਨੂੰ ਪਾਰਟੀ ਵੱਲੋਂ ਕਿਸੇ ਹਲਕੇ ਵਿਚ ਉਤਾਰੇ ਜਾਣ ਦੀ ਚਰਚਾ ਹੈ।