ਨੋਟਬੰਦੀ: ਮੋਦੀ ਦੀ ਮੋਹਲਤ ਖਤਮ, ਪਰ ਦਿੱਕਤਾਂ ਅਜੇ ਵੀ ਜਾਰੀ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕਰਦਿਆਂ ਲੋਕਾਂ ਦੀਆਂ ਦਿੱਕਤਾਂ ਘਟਾਉਣ ਲਈ 50 ਦਿਨ ਦੀ ਮੋਹਲਤ ਮੰਗੀ ਸੀ। ਇਹ ਸਮਾਂ ਬੀਤ ਗਿਆ, ਪਰ ਆਮ ਦੇਸ਼ ਵਾਸੀਆਂ ਦੀਆਂ ਤਕਲੀਫਾਂ ਘਟਣ ਦੀ ਬਜਾਏ ਹੋਰ ਵਧ ਰਹੀਆਂ ਹਨ।

ਬਹੁਤੇ ਏæਟੀæਐਮæ ਖਾਲੀ ਹਨ। ਲੋਕ ਮਨਾਂ ਵਿਚ ਅਸ਼ਾਂਤੀ ਵਧਦੀ ਜਾ ਰਹੀ ਹੈ। ਲੋਕਾਂ ਨੇ ਅਰਬਾਂ, ਖਰਬਾਂ ਰੁਪਏ ਦੇ ਪੁਰਾਣੇ ਨੋਟ ਤਾਂ ਬੈਂਕਾਂ ਵਿਚ ਜਮ੍ਹਾਂ ਕਰਵਾ ਦਿੱਤੇ, ਪਰ ਹੁਣ ਉਨ੍ਹਾਂ ਦੇ ਖੀਸੇ ਖਾਲੀ ਹਨ। ਲੋਕਾਂ ਦੇ ਮਨਾਂ ਵਿਚ ਸਵਾਲ ਹੈ ਕਿ ਜੇ ਸਰਕਾਰ ਨੇ ਇਹ ਕਦਮ ਸੋਚ ਸਮਝ ਕੇ ਪੂਰੇ ਯੋਜਨਾਬੱਧ ਢੰਗ ਨਾਲ ਚੁੱਕਿਆ ਹੁੰਦਾ ਤਾਂ ਦੇਸ਼ ਦੀ ਇਹ ਹਾਲਤ ਨਾ ਹੁੰਦੀ।
ਇਸ ਫੈਸਲੇ ਦੇ ਦੋ ਮਹੀਨਿਆਂ ਬਾਅਦ ਵੀ ਨਗਰਾਂ ਤੇ ਸ਼ਹਿਰਾਂ ਦੇ ਛੋਟੇ ਬਾਜ਼ਾਰ ਸੁੰਨੇ ਨਜ਼ਰ ਆਉਂਦੇ ਹਨ। ਦੁਕਾਨਦਾਰਾਂ ਵਿਚ ਨਿਰਾਸ਼ਾ ਹੈ। ਜ਼ਿਮੀਂਦਾਰ ਬੇਹੱਦ ਆਰਥਿਕ ਔਖ ਵਿਚੋਂ ਗੁਜ਼ਰਦਿਆਂ ਨਵੀਆਂ ਫਸਲਾਂ ਬੀਜਣ ਤੇ ਪਾਲਣ ਜਾਂ ਖੇਤੀਬਾੜੀ ਦਾ ਧੰਦਾ ਜਾਰੀ ਰੱਖਣ ਦਾ ਯਤਨ ਤਾਂ ਜ਼ਰੂਰ ਕਰ ਰਹੇ ਹਨ, ਪਰ ਖੇਤੀ ਉਤਪਾਦਨਾਂ ਦੀਆਂ ਕੀਮਤਾਂ ਵਿਚ ਆਈ ਮੰਦੀ ਸਭ ਦੇ ਸਾਹਮਣੇ ਹੈ। ਖੇਤ ਮਜ਼ਦੂਰ ਤੇ ਦਿਹਾੜੀਦਾਰ ਵੱਡੀ ਹੱਦ ਤੱਕ ਵਿਹਲੇ ਹੋ ਕੇ ਬੈਠ ਗਏ ਹਨ।
ਭਵਿੱਖ ਵਿਚ ਉਹ ਕਿਵੇਂ ਕਮਾਉਣਗੇ ਤੇ ਕੀ ਖਾਣਗੇ, ਇਸ ਬਾਰੇ ਸਭ ਕੁਝ ਧੁੰਦਲਾ ਨਜ਼ਰ ਆਉਂਦਾ ਹੈ। ਸਰਕਾਰ ਕੈਸ਼ਲੈੱਸ ਅਰਥ-ਵਿਵਸਥਾ ਲਿਆਉਣ ‘ਤੇ ਜ਼ੋਰ ਦੇ ਰਹੀ ਹੈ। ਆਮ ਲੋਕਾਂ ਦੇ ਖੀਸੇ ਖਾਲੀ ਹਨ। ਸਰਕਾਰ ਕਾਲਾ ਧਨ ਅਤੇ ਜਾਅਲੀ ਕਰੰਸੀ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਉਸ ਵੱਲੋਂ ਨਿੱਤ ਦਿਨ ਜਾਰੀ ਕੀਤੇ ਜਾਂਦੇ ਫੁਰਮਾਨਾਂ ਨਾਲ ਅਫਸਰਸ਼ਾਹੀ ਦੀਆਂ ਪੌਂ ਬਾਰ੍ਹਾਂ ਹੋ ਰਹੀਆਂ ਹਨ।
ਸੁਪਰੀਮ ਕੋਰਟ ਵੀ ਕਈ ਵਾਰੀ ਇਸ ਸਬੰਧੀ ਆਪਣੇ ਵਿਚਾਰ ਜਨਤਕ ਕਰ ਚੁੱਕੀ ਹੈ। ਵਿਰੋਧੀ ਦਲਾਂ ਦੇ ਸਰਕਾਰ ਵਿਰੁੱਧ ਭੜਾਸ ਕੱਢਦਿਆਂ ਗਲੇ ਪਾਟਣ ‘ਤੇ ਆ ਚੁੱਕੇ ਹਨ। ਬੈਂਕ ਮੁਲਾਜ਼ਮ ਬੇਹੱਦ ਪ੍ਰੇਸ਼ਾਨ ਹਨ ਤੇ ਮਾਨਸਿਕ ਤਣਾਅ ਵਿਚੋਂ ਗੁਜ਼ਰ ਰਹੇ ਹਨ। ਭਾਜਪਾ ਨੂੰ ਅਕਸਰ ਵਪਾਰੀਆਂ ਦੀ ਪਾਰਟੀ ਕਿਹਾ ਜਾਂਦਾ ਸੀ, ਪਰ ਭਾਜਪਾ ਸਰਕਾਰ ਨੇ ਹੀ ਹਰ ਤਰ੍ਹਾਂ ਦੇ ਵਪਾਰ ਤੇ ਵਪਾਰੀਆਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਹੁਣ ਤੱਕ ਟੈਕਸਟਾਈਲ, ਆਟੋਮੋਬਾਈਲ ਅਤੇ ਹੋਰ ਹਰ ਤਰ੍ਹਾਂ ਦੀ ਸਨਅਤ ਵਿਚ ਲੱਖਾਂ ਹੀ ਲੋਕ ਬੇਰੁਜ਼ਗਾਰ ਹੋ ਗਏ ਹਨ। ਸੀਮੈਂਟ ਤੋਂ ਲੈ ਕੇ ਹੋਰ ਹਰ ਤਰ੍ਹਾਂ ਦੇ ਮਾਲ ਦੀ ਵਿਕਰੀ ਅੰਤਾਂ ਦੀ ਘਟ ਗਈ ਹੈ।
ਹੈਰਾਨ-ਪ੍ਰੇਸ਼ਾਨ ਹੋਏ ਲੋਕ ਸੋਚਦੇ ਹਨ ਕਿ ਜੇਕਰ ਕਾਲਾ ਧਨ ਤੇ ਭ੍ਰਿਸ਼ਟਾਚਾਰ ਖਤਮ ਕਰਨਾ ਸੀ ਤਾਂ ਉਨ੍ਹਾਂ ਦਾ ਤੇ ਦੇਸ਼ ਦੀ ਅਰਥ-ਵਿਵਸਥਾ ਦਾ ਕਚੂਮਰ ਕਿਉਂ ਕੱਢ ਦਿੱਤਾ ਗਿਆ। ਹੁਣ ਤੱਕ ਸਰਕਾਰ ਵੱਲੋਂ 50 ਦਿਨਾਂ ਵਿਚ ਇਸ ਸਬੰਧੀ 65 ਫੁਰਮਾਨ ਜਾਰੀ ਕੀਤੇ ਜਾ ਚੁੱਕੇ ਹਨ ਤੇ ਫਿਰ ਵੀ ਸਥਿਤੀ ਸਪੱਸ਼ਟ ਹੁੰਦੀ ਦਿਖਾਈ ਨਹੀਂ ਦੇ ਰਹੀ। ਅੱਗੇ ਲਈ ਪ੍ਰਧਾਨ ਮੰਤਰੀ ਨੇ ਕਾਲੇ ਧਨ ਦੇ ਸਰੋਤਾਂ ਨੂੰ ਰੋਕਣ ਲਈ ਕੀ ਯੋਜਨਾਵਾਂ ਬਣਾਈਆਂ ਹਨ, ਇਸ ਦਾ ਖੁਲਾਸਾ ਉਨ੍ਹਾਂ ਕਦੇ ਨਹੀਂ ਕੀਤਾ। ਕਾਹਲੀ ਵਿਚ ਸਰਕਾਰ ਵੱਲੋਂ ਪੁੱਟਿਆ ਗਿਆ ਇਹ ਕਦਮ ਉਨ੍ਹਾਂ ਦੀਆਂ ਮੁਸੀਬਤਾਂ ਵਿਚ ਵਾਧਾ ਹੀ ਕਰ ਰਿਹਾ ਹੈ।
___________________________________________
ਸੈਲਾਨੀ ਭੁੱਲੇ ਗੋਆ ਦੀਆਂ ਬੀਚਾਂ
ਗੋਆ: ਨੋਟਬੰਦੀ ਨਾਲ ਪੈਦਾ ਹੋਈਆਂ ਦਿੱਕਤਾਂ ਹੌਲੀ-ਹੌਲੀ ਘੱਟ ਹੋਣ ਦਾ ਦਾਅਵਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਪਰ ਇਸ ਦਾ ਅਸਰ ਸੈਲਾਨੀ ਖੇਤਰ ਉਤੇ ਸਭ ਤੋਂ ਜ਼ਿਆਦਾ ਪਿਆ ਹੈ। ਖਾਸ ਤੌਰ ਉਤੇ ਨੋਟਬੰਦੀ ਦਾ ਮਾਰੂ ਅਸਰ ਗੋਆ ਦੇ ਟੂਰਿਜ਼ਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਲੱਗਾ ਹੈ। ਅਕਸਰ ਨਵੇਂ ਸਾਲ ਮੌਕੇ ਗੋਆ ਵਿਚ ਸੈਲਾਨੀਆਂ ਦੀ ਖੂਬ ਭੀੜ ਹੁੰਦੀ ਹੈ। ਇਸ ਵਾਰ ਇਥੇ ਪਿਛਲੇ ਸਾਲ ਦੇ ਮੁਕਾਬਲੇ 40 ਫੀਸਦੀ ਘੱਟ ਸੈਲਾਨੀ ਪਹੁੰਚੇ ਹਨ।
ਗੋਆ ਵਿਚ ਛੋਟੇ-ਵੱਡੇ ਕਰੀਬ 2500 ਹੋਟਲ ਹਨ। ਵੱਡੇ ਹੋਟਲਾਂ ਵਿਚ ਤਾਂ ਪੇਮੈਂਟ ਕਾਰਡ ਰਾਹੀਂ ਹੋ ਰਹੀ ਹੈ, ਪਰ ਛੋਟੇ ਹੋਟਲਾਂ ਵਿਚ ਨਕਦ ਹੁੰਦੀ ਹੈ। ਇਸ ਕਰ ਕੇ ਕੈਸ਼ ਦੀ ਕਿੱਲਤ ਕਾਰਨ ਲੋਕ ਗੋਆ ਆਉਣ ਤੋਂ ਕਿਨਾਰਾ ਕਰ ਰਹੇ ਹਨ। ਸੈਲਾਨੀਆਂ ਦੇ ਘੱਟ ਆਉਣ ਕਾਰਨ ਟੈਕਸੀ ਉਦਯੋਗ ਉਤੇ ਵੀ ਇਸ ਦਾ ਮਾਰੂ ਅਸਰ ਪਿਆ ਹੈ। ਗੋਆ ਵਿਚ ਰਹਿਣ ਵਾਲੇ ਲੋਕਾਂ ਦੀ ਕਮਾਈ ਦਾ ਮੁੱਖ ਸਾਧਨ ਸੈਲਾਨੀ ਹਨ। ਇਥੇ ਅਕਤੂਬਰ ਤੋਂ ਮਈ ਤੱਕ ਟੂਰਿਜ਼ਮ ਦਾ ਸੀਜ਼ਨ ਚੱਲਦਾ ਹੈ। ਇਸ ਦੌਰਾਨ ਇਥੇ ਦੇ ਲੋਕ ਪੂਰੇ ਸਾਲ ਦੀ ਕਮਾਈ ਕਰਦੇ ਹਨ। ਗੋਆ ਵਿਚ ਟੂਰਿਜ਼ਮ ਸੈਕਟਰ ਦੀ ਹਰ ਸਾਲ ਦੀ ਕਮਾਈ 500 ਕਰੋੜ ਦੇ ਆਸਪਾਸ ਹੈ।
_________________________________________
ਰਾਹੁਲ ਦੇ ਮੋਦੀ ਨੂੰ 5 ਸਵਾਲ
ਨਵੀਂ ਦਿੱਲੀ: ਨੋਟਬੰਦੀ ਬਾਰੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਪੰਜ ਸਵਾਲ ਮੁੜ ਦੁਹਰਾਉਂਦਿਆ ਪੁੱਛਿਆ ਹੈ ਕਿ ਅੱਠ ਨਵੰਬਰ ਨੂੰ ਨੋਟਬੰਦੀ ਦੇ ਐਲਾਨ ਤੋਂ ਬਾਅਦ ਕਿੰਨਾ ਕਾਲਾ ਧਨ ਜ਼ਬਤ ਕੀਤਾ ਗਿਆ ਹੈ ਤੇ ਕਿੰਨੇ ਲੋਕਾਂ ਦਾ ਕੰਮਕਾਰ ਖੁੱਸਿਆ ਹੈ। ਕਾਂਗਰਸ ਉਪ-ਪ੍ਰਧਾਨ ਨੇ ਮੋਦੀ ਨੂੰ ਟਵੀਟ ਕਰ ਪੁੱਛਿਆ ਹੈ ਕਿ ਉਨ੍ਹਾਂ ਨੋਟਬੰਦੀ ਦਾ ਐਲਾਨ ਕਰਨ ਤੋਂ ਪਹਿਲਾਂ ਕਿਹੜੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਸੀ ਤੇ ਇਸ ਦੇ ਨਾਲ ਹੀ ਹੈਰਾਨੀ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਮਾਹਿਰਾਂ, ਅਰਥ-ਸ਼ਾਸਤਰੀਆਂ ਤੇ ਆਰæਬੀæਆਈæ ਨਾਲ ਕਿਉਂ ਸਲਾਹ ਨਹੀਂ ਕੀਤੀ। ਰਾਹੁਲ ਨੇ ਪੁੱਛਿਆ ਕਿ ਨੋਟਬੰਦੀ ਦੇ ਐਲਾਨ ਤੋਂ 6 ਮਹੀਨੇ ਪਹਿਲਾਂ ਕਿੰਨੇ ਲੋਕਾਂ ਨੇ ਬੈਂਕ ਖਾਤਿਆਂ ਵਿਚ 25 ਲੱਖ ਰੁਪਏ ਤੋਂ ਵੱਧ ਰਕਮ ਜਮ੍ਹਾਂ ਕਰਵਾਈ ਹੈ। ਕਿੰਨੇ ਲੋਕਾਂ ਦੀ ਨੋਟਬੰਦੀ ਦੌਰਾਨ ਮੌਤ ਹੋਈ? ਮਰਨ ਵਾਲਿਆਂ ਨੂੰ ਕਿੰਨਾ ਮੁਆਵਜ਼ਾ ਮਿਲਿਆ?