ਪਿਛਲੇ ਸਮੇਂ ਦੌਰਾਨ ਕਮਿਊਨਿਸਟ (ਨਕਸਲੀ) ਆਗੂ ਤੋਂ ਸਿੱਖ ਵਿਦਵਾਨ ਬਣ ਕੇ ਧਿਆਨ ਖਿੱਚਣ ਵਾਲੇ ਸ਼ ਅਜਮੇਰ ਸਿੰਘ ਨੇ ਪਿਛਲੇ ਦਿਨੀਂ ਇਕ ਟੀæਵੀæ ਚੈਨਲ ਨੂੰ ਦਿਤੀ ਇੰਟਰਵਿਊ ਦੌਰਾਨ ਇਹ ਕਹਿ ਕੇ ਕਿ ਕਾਮਰੇਡ ਤੇ ਖਾਲਿਸਤਾਨੀ ਇਕੋ ਸਿੱਕੇ ਦੇ ਦੋ ਪਹਿਲੂ ਹਨ ਤੇ ਉਹ ਖਾਲਿਸਤਾਨੀਆਂ ਨਾਲ ਦੋ ਮਿੰਟ ਵੀ ਨਹੀਂ ਬੈਠ ਸਕਦੇ, ਸਿੱਖ ਹਲਕਿਆਂ ਵਿਚ ਤਰਥੱਲੀ ਮਚਾ ਦਿੱਤੀ ਹੈ। ਉਨ੍ਹਾਂ ‘ਨੇਸ਼ਨ-ਸਟੇਟ’ ਮੁੱਦੇ ਉਤੇ ਸਮੁੱਚੇ ਖਾਲਿਸਤਾਨੀਆਂ ਬਾਰੇ ਅਜਿਹੀ ਰਾਏ ਪ੍ਰਗਟ ਕੀਤੀ ਹੈ ਜਿਸ ਤੋਂ ਕੁਝ ਧਿਰਾਂ ਨੂੰ ਮਾਯੂਸੀ ਅਤੇ ਨਿਰਾਸ਼ਾ ਹੋਣੀ ਹੀ ਸੀ।
ਪਹਿਲਾਂ-ਪਹਿਲ ਜਦੋਂ ਉਨ੍ਹਾਂ ਸਿੱਖ ਸਿਆਸਤ ਬਾਰੇ ਆਪਣੇ ਵਿਚਾਰ ਦੇਣੇ ਅਤੇ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਸਨ ਤਾਂ ਕੁਝ ਸੰਜੀਦਾ ਹਲਕਿਆਂ ਦੀ ਰਾਏ ਆਈ ਸੀ ਕਿ ਉਹ ਆਪਣੇ ਵਿਚਾਰਾਂ ਉਤੇ ਲਗਾਤਾਰ ਪਹਿਰਾ ਦੇਣ ਦੀ ਥਾਂ ਅਗਾਂਹ ਨਿਕਲ ਜਾਂਦੇ ਹਨ, ਪਰ ਉਦੋਂ ਸਿੱਖ ਹਲਕਿਆਂ ਨੇ ਇਹ ਆਲੋਚਨਾ ਸਵੀਕਾਰ ਨਹੀਂ ਸੀ ਕੀਤੀ। ਹੁਣ ਜਦੋਂ ਉਹ ਇਕ ਤਰ੍ਹਾਂ ਨਾਲ ਨੇਸ਼ਨ-ਸਟੇਟ ਦੇ ਖਿਲਾਫ ਆਣ ਡਟੇ ਹਨ ਤਾਂ ਕੁਝ ਸਿੱਖ ਹਲਕਿਆਂ ਨੇ ਉਨ੍ਹਾਂ ਉਤੇ ਸਵਾਲਾਂ ਦੀ ਵਾਛੜ ਕਰ ਦਿੱਤੀ ਹੈ। ਇਸੇ ਪ੍ਰਸੰਗ ਵਿਚ ਸਾਨੂੰ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਦੇ ਸਾਬਕਾ ਅਸਿਸਟੈਂਟ ਐਡੀਟਰ ਅਤੇ ਸਿੱਖ ਵਿਦਵਾਨ ਸ਼ ਕਰਮਜੀਤ ਸਿੰਘ ਚੰਡੀਗੜ੍ਹ ਦਾ ਇਹ ਲੇਖ ਪ੍ਰਾਪਤ ਹੋਇਆ ਹੈ ਜਿਸ ਵਿਚ ਉਨ੍ਹਾਂ ਨੇ ਸ਼ ਅਜਮੇਰ ਸਿੰਘ ਦੇ ਸਿਆਸੀ ਪੈਂਤੜਿਆਂ ਬਾਰੇ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿਤੀ ਹੈ। ਖਾਲਿਸਤਾਨੀ ਹਲਕਿਆਂ ਵਿਚ ਕਿਸੇ ਗੰਭੀਰ ਬਹਿਸ ਦਾ ਆਗਾਜ਼ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਮਸਲੇ ਬਾਰੇ ਸੰਜੀਦਾ ਬਹਿਸ ਚਲਾਈ ਜਾਵੇ। ‘ਪੰਜਾਬ ਟਾਈਮਜ਼’ ਪਹਿਲਾਂ ਵੀ ਅਜਿਹੇ ਗੰਭੀਰ ਮਸਲਿਆਂ ਬਾਰੇ ਬੇਬਾਕ ਬਹਿਸਾਂ ਛੇੜਦਾ ਰਿਹਾ ਹੈ। ਬੱਸ ਇਕ ਹੀ ਬੇਨਤੀ ਹੈ ਕਿ ਧੀਰਜ ਤੇ ਸ਼ਾਇਸਤਗੀ ਦਾ ਪੱਲਾ ਨਾ ਛੱਡਿਆ ਜਾਵੇ ਅਤੇ ਬਹਿਸ ਮੁੱਦਿਆਂ ਉਤੇ ਹੀ ਅਗਾਂਹ ਵਧੇ। -ਸੰਪਾਦਕ
ਕਰਮਜੀਤ ਸਿੰਘ ਚੰਡੀਗੜ੍ਹ
ਫੋਨ: 91-99150-91063
ਸਿੱਖ ਵਿਦਵਾਨ ਸ਼ ਅਜਮੇਰ ਸਿੰਘ ਨੇ ਯਾਦਵਿੰਦਰ ਸਿੰਘ ਨਾਲ ਇੰਟਰਵਿਊ ਦੌਰਾਨ ਜੋ ਧਮਾਕਾ ਕੀਤਾ ਹੈ, ਉਹ ਦੇਖ-ਸੁਣ ਕੇ ਹੋਰ ਵੀਰਾਂ ਨੂੰ ਤਾਂ ਸਦਮਾ ਹੋ ਸਕਦਾ ਹੈ, ਪਰ ਸਾਨੂੰ ਉਕਾ ਹੈਰਾਨੀ ਨਹੀਂ ਹੋਈ। ਹਾਂ, ਇਹ ਹੈਰਾਨੀ ਜ਼ਰੂਰ ਹੋਈ ਕਿ ਇਹ ਧਮਾਕਾ ਸਮੇਂ ਤੋਂ ਕਾਫੀ ਪਹਿਲਾਂ ਕਰ ਦਿੱਤਾ ਗਿਆ। ਸਾਡਾ ਅੰਦਾਜ਼ਾ ਸੀ ਕਿ ਖਾਲਿਸਤਾਨ ਅਤੇ ਖਾਲਿਸਤਾਨੀਆਂ ਤੋਂ ਖਹਿੜਾ ਛੁਡਾਉਣ ਲਈ ਸ਼ ਅਜਮੇਰ ਸਿੰਘ ਨੂੰ ਅਜੇ ਘੱਟੋ-ਘੱਟ ਇਕ ਸਾਲ ਦਾ ਸਮਾਂ ਲਗਣਾ ਚਾਹੀਦਾ ਹੈ ਕਿਉਂਕਿ ਜਿਸ ਮਾਹੌਲ ਦੇ ਤੁਸੀਂ ਕਰੀਬ ਰਹੇ ਹੋਵੋ ਅਤੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਵਿਗਸਣ ਲਈ ਹਰ ਕਿਸਮ ਦੀਆਂ ਸੁੱਖ-ਸਹੂਲਤਾਂ ਦਿੱਤੀਆਂ ਹੋਣ, ਉਨ੍ਹਾਂ ਕੋਲੋਂ ਛੇਤੀ-ਛੇਤੀ, ਅਚਾਨਕ ਜਾਂ ਇਕੋ ਝਟਕੇ ਨਾਲ ਦੂਰੀ ਬਣਾਉਣੀ ਔਖੀ ਹੋ ਜਾਂਦੀ ਹੈ। ਵੈਸੇ ਵੀ ਸਲੀਕਾ ਅਤੇ ਜ਼ਮੀਰ ਤੁਹਾਨੂੰ ਅਜਿਹਾ ਕਦਮ ਚੁੱਕਣ ਤੋਂ ਰੋਕਦੇ ਹਨ। ਇਸ ਲਈ ਸਹੀ ਮੌਕੇ ਦੀ ਤਲਾਸ਼ ਕਰਨ ਲਈ ਇੰਤਜ਼ਾਰ ਕਰਨਾ ਮਜਬੂਰੀ ਬਣ ਜਾਂਦੀ ਹੈ।
ਸ਼ ਅਜਮੇਰ ਸਿੰਘ ਦੀ ਖੋਜ ਨੂੰ ਜਦੋਂ ਨੇਸ਼ਨ-ਸਟੇਟ ਦਾ ਸੰਕਲਪ ਅਤੇ ਅਮਲ, ਸਾਰੇ ਪੁਆੜਿਆਂ ਦੀ ਜੜ੍ਹ ਲੱਗਿਆ ਤਾਂ ਉਨ੍ਹਾਂ ਨੇ ਨੇਸ਼ਨ-ਸਟੇਟ ਨੂੰ ਖਲਨਾਇਕ ਬਣਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ। ਉਸ ਸਮੇਂ ਸਾਡੇ ਲਈ ਇਹ ਸਮਝਣਾ ਮੁਸ਼ਕਿਲ ਨਹੀਂ ਸੀ ਕਿ ਹੁਣ ਨੇਸ਼ਨ-ਸਟੇਟ, ਫੇਰ ਰਾਸ਼ਟਰਵਾਦ, ਫੇਰ ਭਾਰਤੀ ਰਾਸ਼ਟਰਵਾਦ ਅਤੇ ਹਿੰਦੂ ਰਾਸ਼ਟਰਵਾਦ ਉਤੇ ਇਕਪਾਸੜ ਬਹਿਸ ਸਿਖਰ ਵੱਲ ਵਧੇਗੀ ਤੇ ਨੇਸ਼ਨ ਸਟੇਟ ਨਾਲ ਜੁੜੇ ਅਮਲ ਮਿਸਾਲਾਂ ਦੇ-ਦੇ ਕੇ ਦੋਸ਼ੀਆਂ ਦੇ ਕਟਹਿਰੇ ਵਿਚ ਖੜ੍ਹੇ ਕਰ ਦਿੱਤੇ ਜਾਣਗੇ। ਹੋਇਆ ਵੀ ਇੰਜ ਹੀ। ਉਸੇ ਸਮੇਂ ਸਾਡਾ ਮੱਥਾ ਠਣਕਿਆ ਸੀ ਕਿ ਹੁਣ ਉਹ ਦਿਨ ਵੀ ਆਵੇਗਾ ਜਦੋਂ ਸਿੱਖ ਰਾਸ਼ਟਰਵਾਦ ਨੂੰ ਲੁਕਵੇਂ, ਅਸਿੱਧੇ ਜਾਂ ਅਣਦਿਸਦੇ ਰੂਪ ਵਿਚ ਤੇ ਜਾਂ ਅਣਕਹੇ (ਜੋ ਕਹਾ ਨਹੀਂ ਵੋ ਸੁਨਾ ਕਰੋ) ਅੰਦਾਜ਼ ਵਿਚ ਰੱਦ ਕਰ ਦਿੱਤਾ ਜਾਵੇਗਾ। ਉਂਜ ਅਜੇ ਸਿੱਖ ਰਾਸ਼ਟਰ ਵਿਰੁਧ ਬੋਲਣ ਵਿਚ ਸ਼ ਅਜਮੇਰ ਸਿੰਘ ਸੰਗ ਮਹਿਸੂਸ ਕਰਦੇ ਹਨ, ਪਰ ਜਦੋਂ ਨੇਸ਼ਨ-ਸਟੇਟ ਰੱਦ ਹੋ ਗਈ ਅਤੇ ਇਸ ਨਾਲ ਜੁੜੀਆਂ ਰਾਸ਼ਟਰਵਾਦ ਦੀਆਂ ਸਾਰੀਆਂ ਵੰਨਗੀਆਂ ਖਲਨਾਇਕ ਬਣਾ ਦਿੱਤੀਆਂ ਗਈਆਂ ਤਾਂ ਫੇਰ ਸਿੱਖ ਰਾਸ਼ਟਰਵਾਦ ਦੀ ਵਾਰੀ ਨੂੰ ਰੋਕਣ ਲਈ ਠੋਸ ਤਰਕ ਨਹੀਂ ਰਹਿ ਜਾਵੇਗਾ।
ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਦਿਆਰਥੀਆਂ ਅੱਗੇ ਇਕ ਘੰਟਾ ਲੰਮੇ ਲੈਕਚਰ ਵਿਚ ਉਨ੍ਹਾਂ ਨੇਸ਼ਨ-ਸਟੇਟ ਨੂੰ ਰੱਦ ਵੀ ਕੀਤਾ ਅਤੇ ਇਸ ਦੇ ਮੁਕਾਬਲੇ ਹਲੇਮੀ ਰਾਜ ਦੇ ਸੰਕਲਪ ਵੱਲ ਇਸ਼ਾਰਾ ਕੀਤਾ, ਪਰ ਇਸ ਹਲੇਮੀ ਰਾਜ ਦਾ ਮਾਡਲ ਕਿਸ ਤਰ੍ਹਾਂ ਦਾ ਹੋਵੇਗਾ, ਇਹ ਰਾਜ ਨੇਸ਼ਨ-ਸਟੇਟ ਨਾਲੋਂ ਕਿਹੜੀ ਗੱਲੋਂ ਵੱਖਰਾ ਹੋਵੇਗਾ? ਇਹ ਜ਼ਿੰਮੇਵਾਰੀ ਉਨ੍ਹਾਂ ਨੇ ਬੁੱਧੀਜੀਵੀਆਂ ਉਤੇ ਸੁੱਟ ਕੇ ਆਪਣੇ ਆਪ ਨੂੰ ਬਰੀ ਕਰ ਲਿਆ। ਇਸ ਸਿੱਖ ਵਿਦਵਾਨ ਨੇ ਖਾਲਿਸਤਾਨ ਲਈ ਹਜ਼ਾਰਾਂ ਵੀਰਾਂ ਤੇ ਭੈਣਾਂ ਦੇ ਡੁੱਲ੍ਹੇ ਖੂਨ ਨੂੰ ਅਣਡਿੱਠ ਅਤੇ ਅਣਗੌਲਿਆ ਕਰ ਕੇ ਇਹ ਸੰਦੇਸ਼ ਦਿੱਤਾ ਹੈ ਕਿ ਉਹ ਸਾਰਾ ਸੰਘਰਸ਼ ਹੀ ਗਲਤ ਸੀ। ਉਨ੍ਹਾਂ ਨੇ ਇਕ ਇਮਾਰਤ ਨੂੰ ਤਾਂ ਮੌਜ ਨਾਲ ਹੀ ਢਾਹ ਦਿੱਤਾ ਅਤੇ ਨਵੀਂ ਇਮਾਰਤ ਬਾਰੇ ਇਹ ਕਹਿ ਕੇ ਖਹਿੜਾ ਛੁਡਾ ਲਿਆ ਕਿ “ਇਟ ਵਿਲ ਟੇਕ ਟਾਈਮ।”
ਨੇਸ਼ਨ-ਸਟੇਟ: ਸੁਤੰਤਰ ਵਰਤਾਰਾ
ਨੇਸ਼ਨ-ਸਟੇਟ ਦੀ ਗੱਲ ਬਹੁਤ ਗੁੰਝਲਦਾਰ ਹੈ। ਇਸ ਦੀਆਂ ਅਨੇਕ ਪਰਤਾਂ ਹਨ, ਵੰਨਗੀਆਂ ਹਨ ਅਤੇ ਨੇਸ਼ਨ-ਸਟੇਟ ਨਾਲ ਜੁੜੇ ਸੰਕਲਪਾਂ ਉਤੇ ਬਹਿਸ ਕਿਸੇ ਵੀ ਸਿੱਟੇ ਤੱਕ ਨਹੀਂ ਪਹੁੰਚੀ। ਇਸ ਲਈ ਨੇਸ਼ਨ-ਸਟੇਟ ਨੂੰ ਸਮਝਣ ਲਈ ਸਾਨੂੰ ਨੇਸ਼ਨ, ਸਟੇਟ, ਸਿਆਸੀ ਰਾਸ਼ਟਰਵਾਦ, ਸਭਿਆਚਾਰਕ ਰਾਸ਼ਟਰਵਾਦ, ਐਥਨਿਕ ਰਾਸ਼ਟਰਵਾਦ, ਸਿਵਿਕ ਰਾਸ਼ਟਰਵਾਦ, ਐਥਨੋ-ਕਲਚਰਲ ਨੈਸ਼ਨਲਿਜ਼ਮ, ਉਦਾਰਵਾਦ ਰਾਸ਼ਟਰਵਾਦ, ਕੰਜ਼ਰਵੇਟਿਵ ਰਾਸ਼ਟਰਵਾਦ, ਐਕਸਪੈਂਸ਼ਨਿਸਟ ਰਾਸ਼ਟਰਵਾਦ, ਬਸਤੀਵਾਦ ਵਿਰੋਧੀ ਅਤੇ ਉਤਰ-ਬਸਤੀਵਾਦ ਵਿਰੋਧੀ ਰਾਸ਼ਟਰਵਾਦ, ਅੰਤਰਰਾਸ਼ਟਰਵਾਦ, ਸੁਪਰਾ ਨੈਸ਼ਨਲਿਜ਼ਮ ਅਤੇ ਪੈਨ ਨੈਸ਼ਨਲਿਜ਼ਮ ਉਤੇ ਡੂੰਘੀ ਵਿਚਾਰ ਕਰਨੀ ਪੈਣੀ ਹੈ। ਇਨ੍ਹਾਂ ਸੰਕਲਪਾਂ ਵਿਚ ਆਪਸੀ ਵਖਰੇਵੇਂ ਸਪਸ਼ਟ ਕਰਨੇ ਪੈਣਗੇ। ਇਥੇ ਹੀ ਬਸ ਨਹੀਂ, ਨੇਸ਼ਨ-ਸਟੇਟ ਨਾਲ ਜੁੜੀਆਂ ਹੋਰ ਕਈ ਟਰਮਾਂ (ਸੰਕਲਪਾਂ) ਬਾਰੇ ਰਾਇ ਬਣਾਉਣੀ ਪਵੇਗੀ। ਇਨ੍ਹਾਂ ਵਿਚ ਸਾਨੂੰ ਦੇਸ਼ ਭਗਤੀ, ਵਤਨ ਪ੍ਰਸਤੀ, ਬਸਤੀਵਾਦ, ਉਤਰ-ਬਸਤੀਵਾਦ, ਐਥਨਿਕ ਸਾਵਰੈਨਿਟੀ, ਮਲਟੀਕਲਚਰਲ ਸਾਵਰੈਨਿਟੀ, ਯੂਨੀਫਿਕੇਸ਼ਨ, ਆਜ਼ਾਦੀ, ਵੱਖਵਾਦ, ਕਬੀਲਾਵਾਦ, ਸਾਮਰਾਜਵਾਦ, ਜਿੰਗੋਇਜ਼ਮ (ਝਨਿਗੋਸਿਮ), ਵੋਲਕਜਿਸਟ (ੜੋਲਕਸਗeਸਿਟ), ਨਸਲਵਾਦ ਅਤੇ ਹੋਰ ਕਈ ਸੰਕਲਪਾਂ ਦੀ ਵਿਆਖਿਆ ਕਰਨੀ ਪਵੇਗੀ। ਅਜਮੇਰ ਸਿੰਘ ਨੇ ਭਾਵੇਂ ਨੇਸ਼ਨ-ਸਟੇਟ ਉਤੇ ਹੁਣ ਤਕ ਇਕਪਾਸੜ ਬਹਿਸ ਹੀ ਛੇੜੀ ਹੈ, ਪਰ ਅਸੀਂ ਨੇਸ਼ਨ-ਸਟੇਟ ਦੇ ਸਾਰੇ ਪੱਖਾਂ, ਇਸ ਦੇ ਇਤਿਹਾਸ, ਮੌਜੂਦਾ ਸਥਿਤੀ, ਇਸ ਵਿਚ ਆਏ ਵਿਗਾੜਾਂ ਅਤੇ ਇਸ ਦੇ ਭਵਿੱਖ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਇਸ ਤਰ੍ਹਾਂ ਪੇਸ਼ ਕਰਨ ਦਾ ਯਤਨ ਕਰਾਂਗੇ ਕਿ ਬਹਿਸ ਦਾ ਪੱਧਰ ਵੀ ਉਚਾ ਹੋਵੇ, ਬਹਿਸ ਦਾ ਘੇਰਾ ਵੀ ਵਧੇ, ਬਹਿਸ ਗੁਰਬਾਣੀ ਦੀ ਰੌਸ਼ਨੀ ਵਿਚ ਵੀ ਚੱਲੇ ਅਤੇ ਅੰਤ ਨੂੰ ਇਹ ਬਹਿਸ ਵਿਸ਼ਾਲ ਲਹਿਰ ਵਿਚ ਵੀ ਤਬਦੀਲ ਹੋ ਜਾਵੇ। ਸਾਡੀ ਜਾਣਕਾਰੀ ਦੇ ਸਾਰੇ ਪੱਖਾਂ ਨੂੰ ਰੋਸ਼ਨ ਕਰਨ ਦੀ ਇੱਛਾ ਹੈ, ਕਿਉਂਕਿ ਸਿਆਣਿਆਂ ਨੇ ਇਹ ਸਿੱਟਾ ਕੱਢਿਆ ਹੈ ਕਿ ਜੇ ਹਵਾ ਇਕ ਹੀ ਦਿਸ਼ਾ ਵਿਚ ਵਹਿੰਦੀ ਰਹੇ ਤਾਂ ਦਰੱਖਤ ਵੀ ਟੇਢਾ ਹੀ ਉਗਦਾ ਹੈ। ਸਾਡੀ ਇਹ ਵੀ ਤਵੱਕੋ ਹੈ ਕਿ ਦੇਸ਼-ਵਿਦੇਸ਼ ਵਿਚ ਬੈਠੀਆਂ ਸੰਗਤਾਂ ਇਸ ਬਹਿਸ ਵਿਚ ਪੂਰੀ ਤਰ੍ਹਾਂ ਸਰਗਰਮ ਹੋਣ ਤਾਂ ਜੋ ਵਿਚਾਰਾਂ ਉਤੇ ਕਿਸੇ ਇਕ ਬੰਦੇ ਦੀ ਇਜਾਰੇਦਾਰੀ ਨਾ ਹੋ ਜਾਵੇ ਅਤੇ ਜਿਸ ਕਾਰਨ ਬਾਅਦ ਵਿਚ ਸਾਡੇ ਲਈ ਨਵੀਆਂ ਸਮੱਸਿਆਵਾਂ ਤੇ ਮੁਸ਼ਕਿਲਾਂ ਖੜ੍ਹੀਆਂ ਹੋ ਜਾਣ ਜਿਵੇਂ ਪਹਿਲਾਂ ਵੀ ਕਈ ਵਾਰ ਹੁੰਦਾ ਰਿਹਾ ਹੈ ਅਤੇ ਅੱਜ ਫੇਰ ਹੋ ਰਿਹਾ ਹੈ।
ਦੋ ਮਿੰਟ ਵੀ ਨਹੀਂ ਬੈਠ ਸਕਦੇ ਅਜਮੇਰ ਸਿੰਘ ਖਾਲਿਸਤਾਨੀਆਂ ਨਾਲ
ਹੁਣ ਅਸੀਂ ਅਸਲ ਨੁਕਤੇ ਅਰਥਾਤ ਉਨ੍ਹਾਂ ਟਿੱਪਣੀਆਂ ਤੇ ਧਾਰਨਾਵਾਂ ਵੱਲ ਆਉਂਦੇ ਹਾਂ ਜੋ ਸ਼ ਅਜਮੇਰ ਸਿੰਘ ਨੇ ਯਾਦਵਿੰਦਰ ਸਿੰਘ ਨਾਲ ਇੰਟਰਵਿਊ ਦੌਰਾਨ ਪੇਸ਼ ਕੀਤੀਆਂ। ਉਨ੍ਹਾਂ ਨੇ ਖਾਲਿਸਤਾਨੀਆਂ ਬਾਰੇ ḔਡਿਸਗਸਟਿੰਗḔ ਸ਼ਬਦ ਵਰਤਿਆ, ਜਿਸ ਦਾ ਡਿਕਸ਼ਨਰੀ ਮਤਲਬ ਹੈ: ਅੱਕ ਜਾਣਾ ਜਾਂ ਘਿਰਣਾ ਕਰਨਾ। ਦੂਜੇ ਸ਼ਬਦਾਂ ਵਿਚ ਉਹ ਖਾਲਿਸਤਾਨੀਆਂ ਤੋਂ ਅੱਕ ਚੁੱਕੇ ਹਨ ਅਤੇ ਉਨ੍ਹਾਂ ਨੂੰ ਘਿਰਣਾ ਦੀ ਨਿਗ੍ਹਾ ਨਾਲ ਦੇਖਦੇ ਹਨ। ਨਾਲ ਹੀ ਉਨ੍ਹਾਂ ਨੇ ਇਹ ਟਿੱਪਣੀ ਵੀ ਕੀਤੀ, “ਕਾਮਰੇਡ ਤੇ ਖਾਲਿਸਤਾਨੀ ਇਕੋ ਸਿੱਕੇ ਦੇ ਦੋ ਪਹਿਲੂ ਆ।” ਉਨ੍ਹਾਂ ਸਭ ਹੱਦਾਂ ਟੱਪ ਕੇ ਇਥੋਂ ਤਕ ਕਹਿ ਦਿੱਤਾ ਕਿ ਮੇਰੀ ਅੱਜ ਦੀ ਹਾਲਤ ਹੈ, ਅੱਜ ਲਹਿਰ ਦੇ ਨਾਲ ਜੁੜੇ ਹੋਏ ਬੰਦਿਆਂ ਨਾਲ ਸ਼ਾਇਦ ਮੈਂ ਦੋ ਮਿੰਟ ਵੀ ਨਾ ਬੈਠ ਸਕਾਂ।
ਇਨ੍ਹਾਂ ਅਫਸੋਸਨਾਕ ਟਿੱਪਣੀਆਂ ਨਾਲ ਹੈਰਾਨੀ, ਮਾਯੂਸੀ, ਰੋਸ ਤੇ ਗੁੱਸੇ ਦਾ ਮਾਹੌਲ ਪੈਦਾ ਹੋ ਗਿਆ। ਉਹ ਸਾਰੇ ਵੀਰ ਜੋ ਬੜੇ ਉਤਸ਼ਾਹ ਨਾਲ ਇਸ ਵਿਦਵਾਨ ਦੀਆਂ ਮੀਟਿੰਗਾਂ ਕਰਾਉਂਦੇ, ਉਨ੍ਹਾਂ ਦੀਆਂ ਕਿਤਾਬਾਂ ਦਾ ਪ੍ਰਚਾਰ ਕਰਦੇ, ਸ਼ਰਧਾ ਤੇ ਪਿਆਰ ਵਿਚ ਉਨ੍ਹਾਂ ਦੇ ਲੈਕਚਰ ਕਰਾਉਂਦੇ, ਉਹ ਸਾਰੇ ਇਕ ਵਾਰ ਤਾਂ ਇਨ੍ਹਾਂ ਟਿੱਪਣੀਆਂ ਤੋਂ ਭੰਬੱਤਰ ਹੀ ਗਏ। ਕਿਸੇ ਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ ਕਿ ਇਕ ਸਿੱਖ ਵਿਦਵਾਨ ਜਿਹੜਾ ਪਿਛਲੇ 15 ਸਾਲਾਂ ਤੋਂ ਉਨ੍ਹਾਂ ਦੀਆਂ ਸਫਾਂ ਵਿਚ ਵਿਚਰਦਾ ਰਿਹਾ, ਜਿਸ ਨੂੰ ਓੜਕਾਂ ਦਾ ਪਿਆਰ ਤੇ ਸਤਿਕਾਰ ਮਿਲਿਆ, ਉਹ ਅਚਾਨਕ ਖਾਲਿਸਤਾਨੀ ਭਰਾਵਾਂ ਬਾਰੇ ਅਜਿਹੀਆਂ ਗੱਲਾਂ ਕਰ ਦਵੇਗਾ, ਜਿਨ੍ਹਾਂ ਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਾ ਕੀਤੀ ਹੋਵੇ।
ਸੋ, ਸਪਸ਼ਟੀਕਰਣ ਦੀ ਜ਼ਬਰਦਸਤ ਲੋੜ ਮਹਿਸੂਸ ਹੋਣ ਲੱਗੀ ਤੇ ਕੁਝ ਹੀ ਦਿਨਾਂ ਵਿਚ ਇਕ ਹੋਰ ਵੈਬਸਾਈਟ ‘ਤੇ ਸ਼ ਅਜਮੇਰ ਸਿੰਘ ਨੇ ਆਪਣਾ ਪੱਖ ਰੱਖਿਆ। ਇਕ ਘੰਟਾ ਲੰਮੀ ਇਸ ਇੰਟਰਵਿਊ ਵਿਚ ਜੇ ਡੂੰਘੀ ਚੁੱਭੀ ਮਾਰੀ ਜਾਵੇ ਤਾਂ ਇਹ ਇੰਟਰਵਿਊ ਨਾ ਤਾਂ ਕੋਈ ਸਪਸ਼ਟੀਕਰਣ ਸੀ, ਨਾ ਹੀ ਕੀਤੇ ਦਾ ਪਛਤਾਵਾ ਤੇ ਨਾ ਹੀ ਯਾਦਵਿੰਦਰ ਸਿੰਘ ਨਾਲ ਕੀਤੀ ਇੰਟਰਵਿਊ ਦੀ ਕੋਈ ਵਿਆਖਿਆ। ਸਾਡੇ ਲਈ ਇਸ ਇੰਟਰਵਿਊ ਦੇ ਕੋਈ ਵਿਸ਼ੇਸ਼ ਅਰਥ ਨਹੀਂ ਅਤੇ ਸਾਡੀ ਟੇਕ ਪਹਿਲੀ ਇੰਟਰਵਿਊ ‘ਤੇ ਹੀ ਹੈ, ਕਿਉਂਕਿ ਇਹ ਇੰਟਰਵਿਊ ਹੀ ਉਨ੍ਹਾਂ ਦੇ ਦਿਲ ਦੀ ਆਵਾਜ਼ ਸੀ। ਉਨ੍ਹਾਂ ਦੇ ਧੁਰ ਅੰਦਰ ਕੋਈ ਦੱਬੀ ਹੋਈ ਗੱਲ ਸੀ ਜੋ ਉਨ੍ਹਾਂ ਦੀ ਇੱਛਾ ਮੁਤਾਬਕ ਅਮਲ ਵਿਚ ਨਹੀਂ ਸੀ ਉਤਰ ਰਹੀ ਤੇ ਸ਼ਾਇਦ ਇਸੇ ਲਈ ਖਾਲਿਸਤਾਨੀ ਉਨ੍ਹਾਂ ਲਈ ‘ਡਿਸਗਸਟਿੰਗ’ ਵਰਗ ਵਿਚ ਆ ਗਏ ਜਿਨ੍ਹਾਂ ਕੋਲ ਦੋ ਮਿੰਟ ਬੈਠਣ ਨਾਲ ਵੀ ਉਨ੍ਹਾਂ (ਸ਼ ਅਜਮੇਰ ਸਿੰਘ) ਨੂੰ ਕਚਿਆਣ ਮਹਿਸੂਸ ਹੁੰਦੀ ਹੈ।
ਇਕ ਹੋਰ ਨੁਕਤਾ ਵੀ ਧਿਆਨ ਮੰਗਦਾ ਹੈ ਕਿ ਇਸ ਸਿੱਖ ਵਿਦਵਾਨ ਨੇ ਦੂਜੀ ਮੁਲਾਕਾਤ ਵਿਚ ਖਾਲਿਸਤਾਨੀਆਂ ਨਾਲ 2 ਮਿੰਟ ਵੀ ਬੈਠ ਨਾ ਸਕਣ ਦਾ ਫਤਵਾ ਮਾਨ ਦਲ ਦੇ ਖਾਲਿਸਤਾਨੀਆਂ ਦੇ ਨਾਂ ‘ਤੇ ਜਾਰੀ ਕਰ ਦਿੱਤਾ। ਇਹ ਅਜਿਹੀ ਬੌਧਿਕ ਚਤੁਰਾਈ ਜਾਂ ਤਰਕੀਬ ਸੀ ਜੋ ਹਲਕੇ ਸਿਆਸਤਦਾਨ ਤਾਂ ਅਕਸਰ ਹੀ ਆਪਣੇ ਪਹਿਲੇ ਬਿਆਨਾਂ ਤੋਂ ਮੁੱਕਰਨ ਲਈ ਜਾਂ ਗੋਲ-ਮੋਲ ਰੱਖਣ ਲਈ ਵਰਤਦੇ ਹਨ, ਪਰ ਨੀਤੀਵਾਨ ਜਾਂ ਰੂਹਾਨੀਅਤ ਦਾ ਪ੍ਰਚਾਰ ਕਰਨ ਵਾਲੇ ਵਿਦਵਾਨ ਕਦੇ ਇੰਜ ਨਹੀਂ ਕਰਦੇ। ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਸ਼ ਅਜਮੇਰ ਸਿੰਘ ਨੇ ਖਾਲਿਸਤਾਨੀਆਂ ਪ੍ਰਤੀ ਦੋ ਮਿੰਟ ਨਾ ਬੈਠਣ ਵਾਲੇ ਗੁੱਸੇ ਦਾ ਤੋਹਫਾ ਸਾਰੇ ਖਾਲਿਸਤਾਨੀਆਂ ਨੂੰ ਬਰਾਬਰ-ਬਰਾਬਰ ਵੰਡਿਆ ਹੈ, ਨਾ ਕਿ ਇਕੱਲੇ ਮਾਨ ਦਲ ਦੇ ਖਾਲਿਸਤਾਨੀਆਂ ਨੂੰ, ਜੋ ਹਾਲ ਦੀ ਘੜੀ ਅਜਮੇਰ ਸਿੰਘ ਨੂੰ ਸੌਫਟ-ਟਾਰਗੈਟ ਲੱਗਿਆ। ਅਸਲ ਵਿਚ ਇਹ ਅਜਿਹੀ ਚਲਾਕ ਰਣਨੀਤੀ ਸੀ ਜਿਸ ਵਿਚ ਉਨ੍ਹਾਂ ਨੇ ਇਕ ਧਿਰ ਉਤੇ ਹਮਲਾ ਕਰ ਕੇ ਖਾਲਿਸਤਾਨ ਦੀਆਂ ਦੂਜੀਆਂ ਧਿਰਾਂ ਨੂੰ ਚੁੱਪ ਕਰਾ ਦਿੱਤਾ।
ਮਾਨ ਅਕਾਲੀ ਦਲ: ਬਫਰ-ਸਟੇਟ ਦਾ ਸੰਕਲਪ
ਮਾਨ ਅਕਾਲੀ ਦਲ ਨਾਲ ਭਾਵੇਂ ਸਾਡੇ ਕਿੰਨੇ ਵੀ ਮਤਭੇਦ ਕਿਉਂ ਨਾ ਹੋਣ, ਪਰ ਜਦੋਂ ਵੀ ਅਸੀਂ ਕਿਸੇ ਦੀ ਆਲੋਚਨਾ ਕਰਨੀ ਹੈ ਤਾਂ ਸਾਨੂੰ ਉਨ੍ਹਾਂ ਦੀਆਂ ਸਿਆਸੀ ਪੁਜੀਸ਼ਨਾਂ ਨੂੰ ਹੀ ਆਪਣੀ ਆਲੋਚਨਾ ਦਾ ਆਧਾਰ ਬਣਾਉਣਾ ਚਾਹੀਦਾ ਹੈ। ਅਸੀਂ ਮੰਨਦੇ ਹਾਂ ਕਿ ਚੋਣਾਂ ਮਸਲੇ ਦਾ ਹੱਲ ਨਹੀਂ, ਪਰ ਫੇਰ ਹੱਲ ਕੀ ਹੈ? ਵਿਦਵਾਨਾਂ ਨੂੰ ਦੱਸਣਾ ਚਾਹੀਦਾ ਹੈ। ਮਾਨ ਅਕਾਲੀ ਦਲ ਦੀ ਦੂਜੀ ਪੁਜੀਸ਼ਨ ਇਹ ਹੈ ਕਿ ਪੰਜਾਬ ਨੂੰ ਬਫਰ ਸਟੇਟ ਮੰਨਿਆ ਜਾਏ। ਅਸੀਂ ਸਮਝਦੇ ਹਾਂ ਕਿ ਬਫਰ ਸਟੇਟ ਦਾ ਮੁੱਦਾ ਅਹਿਮ ਹੈ ਅਤੇ ਮਾਨ ਦਲ ਦੀ ਅੰਤਰਰਾਸ਼ਟਰੀ ਸਮਝ, ਸਿਆਣਪ ਅਤੇ ਦੂਰ-ਅੰਦੇਸ਼ ਰਾਜਨੀਤੀ ਦਾ ਢੁਕਵਾਂ ਪ੍ਰਤੀਕ ਹੈ।
ਅੱਜ ਸਾਡੀ ਹਾਲਤ ਇਹ ਹੈ ਕਿ ਪੰਜਾਬ ਦੇ ਇਰਦ-ਗਿਰਦ ਤਿੰਨ ਪਰਮਾਣੂ ਮੁਲਕ- ਭਾਰਤ, ਪਾਕਿਸਤਾਨ ਤੇ ਚੀਨ ਪੈਂਦੇ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਓ ਕਦੇ ਖਤਮ ਨਹੀਂ ਹੋ ਸਕਦਾ, ਕਿਉਂਕਿ ਦੋਵਾਂ ਮੁਲਕਾਂ ਦੀ ਆਪਸੀ ਦੁਸ਼ਮਣੀ ਅਤੇ ਵਿਰੋਧ ਦੀਆਂ ਜੜ੍ਹਾਂ ਇਤਿਹਾਸ ਵਿਚ ਪਈਆਂ ਹਨ। ਮਾਨ ਦਲ ਇਸ ਹਕੀਕਤ ਨੂੰ ਸਮਝਦਾ ਹੈ। ਜੇ ਇਸ ਖਿੱਤੇ ਵਿਚ ਪਰਮਾਣੂ ਜੰਗ ਹੁੰਦੀ ਹੈ ਤਾਂ ਪੰਜਾਬ ਦਾ ਸਭ ਤੋਂ ਵੱਧ ਘਾਣ ਹੋਵੇਗਾ, ਪਰ ਅਸੀਂ ਇਤਿਹਾਸ ਅਤੇ ਧਰਮ ਦੇ ਖੇਤਰ ਵਿਚ ਅਜਿਹੇ ਨਿਰਪੱਖ ਨਿਸ਼ਾਨ ਛੱਡੇ ਹਨ ਕਿ ਦੋਵੇਂ ਧਿਰਾਂ ਕਿਸੇ ਵੀ ਸੰਕਟਮਈ ਹਾਲਤ ਵਿਚ ਸਾਨੂੰ ਨਿਰਪੱਖ ਮੁਲਕ ਵਜੋਂ ਮਾਨਤਾ ਦੇਣ ਲਈ ਮਜਬੂਰ ਹੋਣਗੀਆਂ। ਇਸ ਖਿੱਤੇ ਦੀ ਜੀਓ-ਪੋਲੀਟਿਕਲ (ਘeੋ-ਫੋਲਟਿਚਿਅਲ) ਸਥਿਤੀ ਕੁਦਰਤ ਨੇ ਸਾਡੇ ਹੱਕ ਵਿਚ ਦਿੱਤੀ ਹੋਈ ਹੈ। ਸਾਨੂੰ ਕੁਦਰਤ ਦੀ ਬਖਸ਼ੀ ਇਸ ਸਥਿਤੀ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਇਸ ਵਿਚੋਂ ਹੀ ਬਫਰ ਸਟੇਟ ਦਾ ਰੋਲ ਜਨਮ ਲੈਂਦਾ ਹੈ। ਅਸੀਂ ਅਜਿਹਾ ਕਰ ਕੇ ਇਕ ਪਾਸੇ ਆਪਣੀ ਕੂਟਨੀਤਕ ਸਿਆਣਪ ਨਾਲ ਦੋਵਾਂ ਮੁਲਕਾਂ ਨੂੰ ਨੇੜੇ ਆਉਣ ਦਾ ਮੌਕਾ ਦੇਵਾਂਗੇ ਅਤੇ ਨਾਲ ਹੀ ਅਜਿਹਾ ਕਰ ਕੇ ਅਸੀਂ ਆਪਣਾ ਕੌਮਾਂਤਰੀ ਰੁਤਬਾ ਸਾਰੀ ਦੁਨੀਆਂ ਵਿਚ ਬੁਲੰਦ ਕਰ ਸਕਾਂਗੇ। ਵੈਸੇ ਇਹ ਗੱਲ ਵੱਖਰੀ ਹੈ ਕਿ ਮਾਨ ਦਲ ਨੇ ਬਫਰ ਸਟੇਟ ਦੇ ਸੰਕਲਪ ਦਾ ਇਤਿਹਾਸ ਤੇ ਇਸ ਨੂੰ ਅਮਲ ਵਿਚ ਉਤਾਰਨ ਬਾਰੇ ਨਾ ਕਦੇ ਕੋਈ ਪ੍ਰੋਗਰਾਮ ਦਿੱਤਾ ਹੈ ਅਤੇ ਨਾ ਕਦੇ ਗੰਭੀਰ ਬਹਿਸ ਚਲਾਈ ਹੈ, ਪਰ ਸ਼ ਅਜਮੇਰ ਸਿੰਘ ਨੇ ਵੀ ਮਾਨ ਦਲ ਦੇ ਇਸ ਸਿਆਸੀ ਪੈਂਤੜੇ ਨੂੰ ਆਪਣੀ ਹਾਂ-ਪੱਖੀ ਸਮਝ ਦਾ ਹਿੱਸਾ ਨਹੀਂ ਬਣਾਇਆ।
ਬਹਿਸ ਕਦੇ ਹੋਈ ਹੀ ਨਹੀਂ
ਪੁੱਛਣਾ ਬਣਦਾ ਹੈ ਕਿ ਆਖਿਰਕਾਰ ਇਸ ਵਿਦਵਾਨ ਨੂੰ ਖਾਲਿਸਤਾਨੀ ਵੀਰਾਂ ਨਾਲ ਦੋ ਮਿੰਟ ਵੀ ਬੈਠਣ ਵਿਚ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਕੀ ਉਨ੍ਹਾਂ ਨੇ ਕਦੇ ਖਾਲਿਸਤਾਨੀਆਂ ਨੂੰ ਕਿਸੇ ਵੱਡੀ ਬਹਿਸ ਦਾ ਸੱਦਾ ਦਿੱਤਾ ਜਾਂ ਖਾਲਿਸਤਾਨੀਆਂ ਨੇ ਕਦੇ ਇਸ ਵਿਦਵਾਨ ਦੀਆਂ ਧਾਰਨਾਵਾਂ ਨੂੰ ਕੋਈ ਚੁਣੌਤੀ ਦਿੱਤੀ? ਜਿਥੋਂ ਤਕ ਸਾਡਾ ਅਨੁਭਵ ਹੈ, ਖਾਲਿਸਤਾਨੀ ਹਲਕੇ ਤਾਂ ਕੇਵਲ ਉਨ੍ਹਾਂ ਨੂੰ ਸੁਣਦੇ ਹੀ ਆ ਰਹੇ ਹਨ, ਜਦਕਿ ਸ਼ ਅਜਮੇਰ ਸਿੰਘ ਉਨ੍ਹਾਂ ਨੂੰ ਸੁਣਾਉਂਦੇ ਹੀ ਆ ਰਹੇ ਹਨ। ਸੁਣਨ-ਸੁਣਾਉਣ ਦਾ ਇਹ ਰਿਸ਼ਤਾ ਇਕ ਤਰ੍ਹਾਂ ਨਾਲ ‘ਵਨ ਵੇ ਟਰੈਫਿਕ’ ਹੀ ਰਿਹਾ ਜਿਸ ਵਿਚ ਬਹੁ-ਪੱਖੀ ਤੇ ਬਹੁ-ਪਰਤੀ ਬਹਿਸ ਸ਼ਾਇਦ ਹੀ ਕਦੇ ਹੋਈ ਹੋਵੇ। ਸਾਨੂੰ ਨਹੀਂ ਲਗਦਾ ਕਿ ਜਿਵੇਂ ‘ਨੇਸ਼ਨ-ਸਟੇਟ’ ਨੂੰ ਉਨ੍ਹਾਂ ਨੇ ਦੈਂਤ ਬਣਾ ਕੇ ਪੇਸ਼ ਕੀਤਾ ਹੈ, ਉਸ ਦੈਂਤ ਬਾਰੇ ਖਾਲਿਸਤਾਨੀ ਭਰਾਵਾਂ ਨੇ ਉਨ੍ਹਾਂ ਨੂੰ ਕਦੇ ਬਰਾਬਰ ਦੀ ਟੱਕਰ ਲਈ ਵੰਗਾਰਿਆ ਹੋਵੇ, ਅਜਿਹੀ ਸਿਧਾਂਤਕ ਟੱਕਰ ਜਿਸ ਵਿਚ ਸਿਧਾਂਤਾਂ ਦੀ ਰੋਸ਼ਨੀ ਹੋਵੇ। ਉਹ ਤਾਂ ਕਿੰਨੀਆਂ ਮੁਸ਼ਕਿਲਾਂ ਨਾਲ ਇਧਰੋਂ ਜਾ ਕੇ ਉਧਰ (ਵਿਦੇਸ਼ਾਂ ਵਿਚ) ਵਸੇ ਅਤੇ ਕਈ-ਕਈ ਸਾਲ ਸਿਟੀਜ਼ਨਸ਼ਿਪ, ਗਰੀਨ ਕਾਰਡ ਜਾਂ ਪੀæਆਰæ ਲਈ ਭਟਕਦੇ ਰਹੇ। ਆਖਰ ਉਮੀਦ ਜਾਗੀ ਕਿ ਥੱਕ ਚੁੱਕੇ ਖਾਲਿਸਤਾਨੀਆਂ ਦੇ ਦਰਦ ਦੀ ਦਾਸਤਾਨ ਨੂੰ ਸ਼ ਅਜਮੇਰ ਸਿੰਘ ਢੁਕਵੇਂ ਸ਼ਬਦ ਦੇਣਗੇ ਅਤੇ ਉਨ੍ਹਾਂ ਦੇ ਮਾਸੂਮ ਅਗਿਆਨ ਨੂੰ ਗਿਆਨ ਦੀ ਰੋਸ਼ਨੀ ਨਾਲ ਸਰਸ਼ਾਰ ਕਰ ਦੇਣਗੇ। ਫੇਰ ਵੀ ਸ਼ ਅਜਮੇਰ ਸਿੰਘ ਨੂੰ ਜੇ ਦੋ ਮਿੰਟ ਵੀ ਉਨ੍ਹਾਂ ਨਾਲ ਬੈਠਣਾ ਠੀਕ ਨਹੀਂ ਲਗਦਾ ਤਾਂ ਫੇਰ ਰੂਹਾਨੀਅਤ ਤਾਂ ਇਹੋ ਕਹਿੰਦੀ ਹੈ ਕਿ ਉਨ੍ਹਾਂ ਨੂੰ ਆਪਣੀ ਇਸ ਖਿਝੂ-ਖਿਝੂ ਮਾਨਸਿਕਤਾ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਕੀ ਇਸ ਤਰ੍ਹਾਂ ਤਾਂ ਨਹੀਂ ਕਿ ਇਹ ਖਿਝੂ-ਖਿਝੂ ਮਾਨਸਿਕਤਾ ਅਤੇ ਚਿੜਚਿੜਾ ਸੁਭਾਅ ਉਨ੍ਹਾਂ ਅੰਦਰ ਉਸ ਸਮੇਂ ਵੀ ਕਾਇਮ ਸੀ ਜਦੋਂ ਉਨ੍ਹਾਂ ਨੇ ਕਾਮਰੇਡ ਭਰਾਵਾਂ ਨਾਲੋਂ ਤੋੜ-ਵਿਛੋੜਾ ਕੀਤਾ। ਅਸੀਂ ਇਹ ਟਿੱਪਣੀ ਇਸ ਲਈ ਕਰ ਰਹੇ ਹਾਂ ਕਿ ਉਨ੍ਹਾਂ ਇੰਟਰਵਿਊ ਵਿਚ ਇਹ ਗੱਲ ਮੰਨੀ ਸੀ ਕਿ ਉਨ੍ਹਾਂ ਲਈ ਕਾਮਰੇਡ ਤੇ ਖਾਲਿਸਤਾਨੀ ਇਕੋ ਸਿੱਕੇ ਦੇ ਦੋ ਪਹਿਲੂ ਹਨ।
ਸ਼ ਅਜਮੇਰ ਸਿੰਘ ਦੀ ‘ਮੈਂ’ ਵਿਚ ਲੁਕੀ ਹਉਮੈ
“ਮੈਂ ਖਾਲਿਸਤਾਨੀਆਂ ਨਾਲ ਸ਼ਾਇਦ ਦੋ ਮਿੰਟ ਵੀ ਨਾ ਬੈਠ ਸਕਾਂ” ਦੀ ਟਿੱਪਣੀ ਉਨ੍ਹਾਂ ਦੀ ਵਿਦਵਤਾ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕਰਨ ਦੀ ਦਿਸ਼ਾ ਵੱਲ ਲੈ ਗਈ ਹੈ। ਰਤਾ ਗੌਰ ਕਰੋ, ਇਸ ਟਿੱਪਣੀ ਵਿਚ ਦੋ ਧਿਰਾਂ ਹਨ। ਇਕ ‘ਮੈਂ’ ਦੀ ਧਿਰ ਤੇ ਦੂਜੀ ‘ਖਾਲਿਸਤਾਨੀ’ ਧਿਰ। ਇਸ ਦਾ ਡੂੰਘਾ ਮਤਲਬ ਕੀ ਹੈ? ਮਤਲਬ ਸਾਫ ਹੈ ਕਿ ‘ਮੈਂ’ ਧਿਰ ‘ਖਾਲਿਸਤਾਨੀਆਂ’ ਦੇ ਮੁਕਾਬਲੇ ਬਰਾਬਰ ਦੀ ਧਿਰ ਬਣ ਚੁੱਕੀ ਹੈ। ਇਸ ਨਾ-ਬਰਾਬਰੀ ਦੇ ਰਿਸ਼ਤੇ ਵਿਚ ਸ਼ ਅਜਮੇਰ ਸਿੰਘ ਦੀ ‘ਮੈਂ’ ਨੇ ਆਪਣੇ ਆਪ ਹੀ ਆਪਣੇ ਆਪ ਨੂੰ ਉਚੀ ਥਾਂ ‘ਤੇ ਬਿਠਾ ਲਿਆ ਹੈ। ਕੀ ਇਸ ਵਿਚ ਮਿੱਠੀ-ਮਿੱਠੀ ਹਉਮੈ ਦਾ ਹਨੇਰਾ ਨਹੀਂ ਹੈ?
‘ਆਈਡਿਓਲੋਜੀ’ (ਵਿਚਾਰਧਾਰਾ) ਦੇ ਸੰਕਲਪ ਬਾਰੇ ਵੀ ਸ਼ ਅਜਮੇਰ ਸਿੰਘ ਦੀਆਂ ਧਾਰਨਾਵਾਂ ਉਨ੍ਹਾਂ ਦੀ ਸਿਆਸੀ ਵਿਦਵਤਾ ਦੇ ਮਿਆਰ ਬਾਰੇ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ। ਰਤਾ ਇਹ ਟਿੱਪਣੀਆਂ ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ ਹੀ ਸੁਣੋ, “ਸਾਰੀਆਂ ਪ੍ਰੋਬਲਮਜ਼ ਆਈਡਿਓਲੋਜੀ ਦੀਆਂ ਹਨ, ਜਿੰਨੇ ਵੱਡੇ ਕਤਲੇਆਮ ਹੋਏ, ਜਿੰਨੀਆਂ ਵਿਨਾਸ਼ਕਾਰੀ ਗੱਲਾਂ ਵਾਪਰੀਆਂ ਨੇ, ਉਹ ਆਈਡਿਓਲੋਜੀ ਕਰ ਕੇ ਹਨ।”
ਉਨ੍ਹਾਂ ਦੀ ਆਈਡਿਓਲੋਜੀ ਦੀ ਮਨਮਰਜ਼ੀ ਵਾਲੀ ਵਿਆਖਿਆ ਵੀ ਸੁਣਨ ਵਾਲੀ ਹੈ, “ਆਈਡਿਓਲੋਜੀ ਕੀ ਹੈ? ਆਈਡਿਓਲੋਜੀ ‘ਇਮੈਜੀਨੇਸ਼ਨ’ ਹੈ ਨਾ, ਨਥਿੰਗ ਕੰਕਰੀਟæææ ਮੈਂ ਤਾਂ ਆਪ ਦਾ ਜਦ ਵੀ ਲਿਖਾਂਗਾ ਤਾਂ ਮੇਰੇ ਕੋਲ ਤਾਂ ਬੜਾ ਐਕਸਪੀਰੀਐਂਸ ਹੈ, ਇਹ ਜਿਹੜੀ ਖਾਲਿਸਤਾਨ ਦੀ ਗੱਲ ਹੈ, ਇਹ ਸਿੱਖ ਧਰਮ ਦੀ ਗੱਲ ਨਹੀਂ, ਇਨ੍ਹਾਂ ਨੇ ਸਿੱਖ ਧਰਮ ਨੂੰ ਆਈਡਿਓਲੋਜੀ ਦੇ ਤੌਰ ‘ਤੇ ਬਣਾ ਲਿਆ, ਧਰਮ ਤੇ ਆਈਡਿਓਲੋਜੀ ਦਾ ਕੋਈ ਰਿਲੇਸ਼ਨਸ਼ਿਪ ਨਹੀਂ, ਇਹ ਲੋਕਾਂ ਨੂੰ ਪਤਾ ਹੀ ਨਹੀਂ ਲਗਦਾ, ਬਾਬੇ ਨਾਨਕ ਦੀ ਵਿਚਾਰਧਾਰਾ, ਸਿੱਖ ਵਿਚਾਰਧਾਰਾ, ਇਟਸ ਨਾਟ ਵਿਚਾਰਧਾਰਾ, ਤੇ ਇਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਉਹ ਧਰਮ ਦੀ ਗੱਲ ਹੋਰ ਹੈ, ਇਹਦੇ ਵਿਚ ਹੋਰ ਕਿਸਮ ਦੇ ਆਦਰਸ਼ ਨਿਕਲਦੇ ਨੇ, ਹੋਰ ਕਿਸਮ ਦਾ ਰਾਹ ਨਿਕਲਦਾ ਹੈ, ਇਹ ਟੂਲ ਬਣਾਉਂਦੇ ਨੇ ਧਰਮ ਨੂੰ, ਬਾਦਲ ਵੀ ਤੇ ਖਾਲਿਸਤਾਨੀ ਧਿਰਾਂ ਵੀæææ।”
ਇੰਟਰਵਿਊ: ਵਿਚਾਰਧਾਰਕ ਧੁੰਦ ਦਾ ਐਲਾਨਨਾਮਾ?
ਇਹ ਵਿਚਾਰ ਪੜ੍ਹ ਕੇ ਕਿਸ ਸਿੱਟੇ ਉਤੇ ਪਹੁੰਚੀਏ? ਪਰ ਇਕ ਗੱਲ ਤਾਂ ਸਪਸ਼ਟ ਹੈ ਕਿ ਉਪਰੋਕਤ ਪਹਿਰੇ ਵਿਚ ਉਨ੍ਹਾਂ ਸਭ ਖਾਲਿਸਤਾਨੀ ਧਿਰਾਂ ਨੂੰ ਰਗੜਾ ਲਾਇਆ ਹੈ, ਨਾ ਕਿ ਇਕੱਲੇ ਮਾਨ ਦਲ ਦੇ ਖਾਲਿਸਤਾਨੀਆਂ ਨੂੰ, ਜਿਵੇਂ ਉਨ੍ਹਾਂ ਦੂਜੀ ਮੁਲਾਕਾਤ ਵਿਚ ਸਪਸ਼ਟੀਕਰਣ ਦੇਣ ਦਾ ਯਤਨ ਕੀਤਾ ਸੀ। ਹੁਣ ਆਈਡਿਓਲੋਜੀ ਬਾਰੇ ਉਨ੍ਹਾਂ ਵਲੋਂ ਇਲਹਾਮੀ ਸੁਰਾਂ ਵਿਚ ਕੀਤੀਆਂ ਟਿਪਣੀਆਂ ਬਾਰੇ ਪਾਠਕ ਖੁਦ ਫੈਸਲਾ ਕਰਨ। ਸਾਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਕਿ ਉਪਰੋਕਤ ਪਹਿਰੇ ਦੀ ਅਸੀਂ ਕੀ ਵਿਆਖਿਆ ਕਰੀਏ। ਫੇਰ ਵੀ ਕੋਸ਼ਿਸ਼ ਕਰਦੇ ਹਾਂ। ਆਈਡਿਓਲੋਜੀ ਕੀ ਹੈ? ਇਸ ਦੀ ਇਕ ਪਰਿਭਾਸ਼ਾ ਇਹ ਹੈ: ਵਿਚਾਰਾਂ ਦਾ ਇਕੱਠ। ਇਹ ਖਿੜਿਆ ਬਾਗ ਵੀ ਹੋ ਸਕਦੀ ਹੈ ਤੇ ਨਹੀਂ ਵੀ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕਿਹੜਾ ਬੰਦਾ ਸਮਾਜ ਦੇ ਬਹੁਪੱਖੀ ਵਿਕਾਸ ਤੇ ਵਿਗਾਸ ਲਈ ਕਿਹੋ ਜਿਹੇ ਵਿਚਾਰਾਂ ਨੂੰ ਸਾਹਮਣੇ ਲਿਆ ਰਿਹਾ ਹੈ, ਪਰ ਸ਼ ਅਜਮੇਰ ਸਿੰਘ ਵਿਚਾਰਧਾਰਾ ਨੂੰ ਹੀ ਵਿਨਾਸ਼ਕਾਰੀ ਦਾ ਸਰਟੀਫਿਕੇਟ ਦਿੰਦਿਆਂ ਵਿਚਾਰਧਾਰਾ ਨੂੰ ਕਾਤਲ ਕਰਾਰ ਦੇ ਰਹੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਜਦੋਂ ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਦਿਆਰਥੀਆਂ ਅੱਗੇ ਆਪਣੇ ਲੈਕਚਰ ਵਿਚ ਰਾਸ਼ਟਰਵਾਦ ਦਾ ਮਰਸੀਆ ਪੜ੍ਹ ਰਹੇ ਸਨ ਤਾਂ ਨਾਲ ਹੀ ਗੁਰਬਾਣੀ ਵਿਚੋਂ ਇਕ ਸਤਰ ਲੈ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਸ ਸੰਸਾਰ ਵਿਚ ਕੋਈ ਵੀ ਚੀਜ਼ ਥਿਰ ਨਹੀਂ, ਪਰ ਸਾਡਾ ਖਿਆਲ ਹੈ ਕਿ ਗੁਰਬਾਣੀ ਦੇ ਅੰਤਰੀਵ ਭਾਵ ਵਿਚ ਡੂੰਘਾ ਉਤਰੇ ਬਿਨਾ ਸ਼ਬਦਾਂ ਦੇ ਅਰਥ ਹੋਰ ਦੇ ਹੋਰ ਬਣ ਸਕਦੇ ਹਨ। ਸਾਡੀ ਸਮਝ ਅਨੁਸਾਰ ਗੁਰਬਾਣੀ ਤਿੰਨ ਹਕੀਕਤਾਂ ਨੂੰ ਥਿਰ ਮੰਨਦੀ ਹੈ, “ਥਿਰੁ ਨਾਰਾਇਣ ਥਿਰੁ ਗੁਰੂ ਥਿਰੁ ਸਚਾ ਬੀਚਾਰੁ॥” ਮਤਲਬ ਸਾਫ ਹੈ ਕਿ ਸੱਚਾ ਵਿਚਾਰ ਹੀ ਥਿਰ ਹੁੰਦਾ ਹੈ ਜਦਕਿ ਅਜਮੇਰ ਸਿੰਘ ਵਿਚਾਰ ਤੇ ਵਿਚਾਰਧਾਰਾ ਨੂੰ ‘ਕਾਤਲਾਂ’ ਦੇ ਵਰਗ ਵਿਚ ਰੱਖ ਰਹੇ ਹਨ। ਚਾਹੀਦਾ ਤਾਂ ਇਹ ਹੈ ਪਈ ਜਾਂ ਤਾਂ ਉਹ ਵਿਚਾਰਧਾਰਾ ਦੀਆਂ ਕਿਸਮਾਂ ਅਤੇ ਉਨ੍ਹਾਂ ਵਿਚ ਵਖਰੇਵਿਆਂ ਨੂੰ ਸਥਾਪਿਤ ਕਰਨ, ਤੇ ਜਾਂ ਫੇਰ ਵਿਚਾਰਧਾਰਾ ਦਾ ਕੋਈ ਹੋਰ ਬਦਲ, ਜਿਹੜਾ ਉਨ੍ਹਾਂ ਨੂੰ ਲੱਭ ਗਿਆ ਹੈ, ਸਾਹਮਣੇ ਲੈ ਕੇ ਆਉਣ। ਇਸੇ ਤਰ੍ਹਾਂ ਜੇ ਉਨ੍ਹਾਂ ਨੂੰ ‘ਬਾਬਾ ਨਾਨਕ’ ਦੇ ਧਰਮ ਬਾਰੇ ਕੋਈ ਨਵੀਂ ਗੱਲ ਪਤਾ ਲੱਗੀ ਹੈ, ਜੋ ਉਨ੍ਹਾਂ ਤੋਂ ਪਿਛਲੇਰੇ ਵਿਦਵਾਨਾਂ ਨਾਲੋਂ ਵੱਖਰੀ ਤੇ ਵਿਸ਼ੇਸ਼ ਹੈ, ਉਸ ਬਾਰੇ ਲੱਪ ਕੁ ਚਾਨਣ ਸਾਡੀ ਝੋਲੀ ਵੀ ਪਾਉਣ। ਇਸੇ ਤਰ੍ਹਾਂ ਪਿਛਲੇ ਕੁਝ ਅਰਸੇ ਤੋਂ ਉਹ ਰੂਹਾਨੀਅਤ ਦੀਆਂ ਗੱਲਾਂ ਵਿਸ਼ੇਸ਼ ਰੂਪ ਵਿਚ ਕਰ ਰਹੇ ਹਨ, ਪਰ ਨਾ ਤਾਂ ਉਹ ਰੂਹਾਨੀਅਤ ਦਾ ਕੋਈ ਨਵਾਂ ਮਾਡਲ ਦੇ ਰਹੇ ਹਨ ਅਤੇ ਨਾ ਹੀ ਰੂਹਾਨੀਅਤ ਦੀਆਂ ਬਾਰੀਕ ਰਮਜ਼ਾਂ ਤੇ ਰਹੱਸਾਂ ਬਾਰੇ ਆਪਣਾ ਅਨੁਭਵ ਸਾਂਝਾ ਕਰ ਰਹੇ ਹਨ।
‘ਰੂਹਾਨੀਅਤ’ ਸ਼ਬਦ ਬਹੁਤ ਚੰਗਾ ਹੈ ਅਤੇ ਸਾਨੂੰ ਤਾਂ ਉਨ੍ਹਾਂ ਨਾਲੋਂ ਵੀ ਚੰਗਾ ਲਗਦਾ ਹੈ, ਪਰ ਸਵਾਲ ਹੈ ਕਿ ਕੀ ਉਹ ਰੂਹਾਨੀਅਤ ਦੇ ਭੇਸ ਵਿਚ ਖਾਲਿਸਤਾਨ ਦਾ ਵਿਰੋਧ ਕਰਨਾ ਚਾਹੁੰਦੇ ਹਨ? ਜੇ ਵਿਰੋਧ ਹੀ ਕਰਨਾ ਹੈ, ਫੇਰ ਖੁੱਲ੍ਹ ਕੇ ਕਰਨ। ਨੇਸ਼ਨ-ਸਟੇਟ ਨੂੰ ਆਧਾਰ ਬਣਾ ਕੇ ਵਿੰਗ ਵਲੇਵਿਆਂ ਨਾਲ ਉਨ੍ਹਾਂ ਨੇ ਖਾਲਿਸਤਾਨ ਦਾ ਵਿਰੋਧ ਕਰਨ ਦਾ ਰਾਹ ਚੁਣਿਆ ਹੈ। ਵੈਸੇ ਧਰਮ, ਰੂਹਾਨੀਅਤ, ਵਿਚਾਰਧਾਰਾ ਅਤੇ ਸੰਸਾਰ ਬਾਰੇ ਜਿਵੇਂ ਉਹ ਹਰਫੇ-ਆਖਿਰ ਵਰਗੀਆਂ ਟਿੱਪਣੀਆਂ ਕਰ ਰਹੇ ਹਨ, ਉਸ ਤੋਂ ਤਾਂ ਸਾਨੂੰ ਲਗਦਾ ਹੈ ਜਿਵੇਂ ਯਾਦਵਿੰਦਰ ਸਿੰਘ ਨਾਲ ਇੰਟਰਵਿਊ ਜਾਂ ਤਾਂ ਭੰਬਲਭੂਸੇ ਦੀ ਦਸਤਾਵੇਜ਼ ਹੈ ਅਤੇ ਜਾਂ ਫੇਰ ਵਿਚਾਰਧਾਰਕ ਧੁੰਦ ਦਾ ਐਲਾਨਨਾਮਾ।
ਸ਼ ਅਜਮੇਰ ਸਿੰਘ ਦੀ ਲਿਖਣ-ਸ਼ੈਲੀ ਉਤੇ ਵੀ ਸਰਬਪੱਖੀ ਟਿੱਪਣੀ ਕੀਤੀ ਜਾਣੀ ਬਣਦੀ ਹੈ। ਉਹ ਤਰਕ ਤੇ ਜਜ਼ਬਾਤ ਦਾ ਵਿਸ਼ੇਸ਼ ਸੰਤੁਲਨ ਬਣਾਈ ਰੱਖਦੇ ਹਨ, ਯਾਨਿ ਜਜ਼ਬਾਤ ਦੀ ਬਰਕਤ ਨੂੰ ਤਰਕ ਨਾਲ ਸਿੰਜਦੇ ਹਨ, ਪਰ ਅਜਿਹਾ ਕਰਦਿਆਂ ਉਹ ਆਪਣੇ ਵਿਸ਼ਲੇਸ਼ਣ ਵਿਚ ਆਪਣੀ ਮਨਮਰਜ਼ੀ ਵਾਲਾ ਤਰਕ ਵੀ ਸ਼ਾਮਿਲ ਕਰਦੇ ਹਨ ਅਤੇ ਬੜੀ ਜੁਗਤ ਨਾਲ ਇਹ ਤਰਕ ਠੋਸਣ ਦਾ ਯਤਨ ਕਰਦੇ ਹਨ। ਜੇ ਸਾਹਮਣੇ ਵਾਲੇ ਪਾਸਿਓਂ ਪੇਸ਼ ਕੋਈ ਵੀ ਵੱਡਾ ਤਰਕ ਉਨ੍ਹਾਂ ਦੇ ਤਰਕ ਨੂੰ ਟੱਕਰ ਨਹੀਂ ਦਿੰਦਾ ਤਾਂ ਉਹ ਬਿਨਾ ਕਿਸੇ ਰੋਕ-ਟੋਕ ਤੋਂ ਅੱਗੇ ਵਧਦੇ ਹਨ ਅਤੇ ਫਤਵੇ ਦੇ ਰੂਪ ਵਿਚ ਆਪਣੀ ਗੱਲ ਸਥਾਪਿਤ ਕਰ ਦਿੰਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਗੁਰ-ਸੰਗਤ ਹੀ ਉਤਮ ਪੰਥ ਹੈ ਅਤੇ ਉਸ ਦੀ ਮਾਸੂਮੀਅਤ ਵਿਚ ਵੀ ਬਹੁਤ ਵੱਡੇ ਰੂਹਾਨੀ ਤਰਕਾਂ ਦਾ ਖਜ਼ਾਨਾ ਪਿਆ ਹੁੰਦਾ ਹੈ। ਲੇਕਿਨ ਸਾਡਾ ਇਹ ਵਿਦਵਾਨ ਉਸ ਨਿਰਦੋਸ਼ ਅਤੇ ਲੁਕੀ ਮਾਸੂਮੀਅਤ ਨਾਲ ਸੰਵਾਦ ਕਰਨ ਦੀ ਲੋੜ ਹੀ ਨਹੀਂ ਸਮਝਦਾ। ਅਜਿਹਾ ਕਰਦਿਆਂ ਉਹ ਵੱਖਰੇ ਰੂਪ ਵਿਚ ‘ਸ਼ਬਦਾਂ ਦੀ ਤਾਨਾਸ਼ਾਹੀ’ ਦਾ ਮਾਹੌਲ ਪੈਦਾ ਕਰ ਦਿੰਦਾ ਹੈ। ਮਿਸਾਲ ਵਜੋਂ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦੇ ਦਿਮਾਗੀ ਦੀਦਾਰ ਤਾਂ ਕੀਤੇ ਹਨ, ਪਰ ਰੂਹਾਨੀ ਦੀਦਾਰ ਨਹੀਂ ਕਰ ਸਕੇ। ਜੇ ਕਰ ਸਕਦੇ ਹੁੰਦੇ ਤਾਂ ਉਹ ਆਪਣੀ ਦਿਮਾਗੀ ਪ੍ਰਸ਼ੰਸਾ ਵਿਚ ਸੰਤ ਜਰਨੈਲ ਸਿੰਘ ਵਲੋਂ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੀ ਸੂਰਤ ਵਿਚ ਖਾਲਿਸਤਾਨ ਦੀ ਨੀਂਹ ਰੱਖੇ ਜਾਣ ਦੇ ਐਲਾਨ ਨੂੰ ਵੀ ਆਪਣੀ ਪ੍ਰਸ਼ੰਸਾ ਵਿਚ ਪ੍ਰਮੁੱਖ ਥਾਂ ਦਿੰਦੇ। ਕਿਉਂ ਨਹੀਂ ਦੇ ਸਕੇ? ਕਿਉਂਕਿ ਖਾਲਿਸਤਾਨ ਉਨ੍ਹਾਂ ਦੀ ਆਪਣੀ ਇੱਛਾ ਜਾਂ ਮਰਜ਼ੀ ਦਾ ਹਿੱਸਾ ਹੀ ਨਹੀਂ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਸੰਤ ਜਰਨੈਲ ਸਿੰਘ ਅਸਲ ਵਿਚ ਕੀ ਚਾਹੁੰਦੇ ਸਨ? ਇਸੇ ਤਰ੍ਹਾਂ 29 ਅਪਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਹੋਇਆ, ਸਾਲਾਂ ਦੇ ਸਾਲ ਗੁਜ਼ਰਦੇ ਗਏ, ਪਰ ਸ਼ਾਇਦ ਹੀ ਕੋਈ ਵਰ੍ਹੇਗੰਢ ਅਜਿਹੀ ਹੋਵੇ ਜਦੋਂ ਇਹ ਮੁਬਾਰਕ ਦਿਨ ਉਨ੍ਹਾਂ (ਅਜਮੇਰ ਸਿੰਘ) ਲਈ ਖਿੱਚ ਦਾ ਕੇਂਦਰ ਬਣਿਆ ਹੋਵੇ, ਜਾਂ ਦੋ ਸ਼ਬਦ ਉਨ੍ਹਾਂ ਦੀ ਕਿਸੇ ਰਚਨਾ ਵਿਚ ਆਏ ਹੋਣ।
ਗਿਆਨ ਦੀ ਰੌਸ਼ਨੀ (ਓਨਲਗਿਹਟeਨਮeਨਟ) ਅਤੇ ਨੇਸ਼ਨ-ਸਟੇਟ: ਸਾਡੀਆਂ ਨਜ਼ਰਾਂ ਵਿਚ
ਕੀ ਨੇਸ਼ਨ-ਸਟੇਟ ਸਚਮੁੱਚ ਹੀ ਵੱਡਾ ਦੈਂਤ ਹੈ ਜਿਵੇਂ ਸ਼ ਅਜਮੇਰ ਸਿੰਘ ਦੀ ਖੋਜ ਇਸ ਨਤੀਜੇ ਉਤੇ ਪਹੁੰਚੀ ਹੈ? ਪਰ ਸਾਡੀ ਇਸ ਮੁੱਦੇ ਉਤੇ ਸਰਬਪੱਖੀ ਬਹਿਸ ਕਰਨ ਦੀ ਜਿਗਿਆਸਾ ਹੈ ਤੇ ਸੰਗਤਾਂ ਨੂੰ ਵੀ ਇਸ ਬਹਿਸ ਵਿਚ ਸ਼ਾਮਿਲ ਹੋਣ ਦੀ ਬੇਨਤੀ ਕਰਦੇ ਹਾਂ। ਨੇਸ਼ਨ-ਸਟੇਟ ਦੇ ਵਜੂਦ ਤੋਂ ਪਹਿਲਾਂ ਦੁਨੀਆਂ ਵਿਚ ਜੋ ਵੀ ਰਾਜ ਕਾਇਮ ਸਨ, ਕੀ ਉਨ੍ਹਾਂ ਦੇ ਜ਼ੁਲਮਾਂ ਦੀ ਦਾਸਤਾਨ ਘੱਟ ਸੀ? ਜੇ ਸਾਰੀ ਗੱਲ ਨੂੰ ਹਿੰਸਾ ਉਤੇ ਹੀ ਖੜ੍ਹੀ ਕਰਨਾ ਹੈ ਤਾਂ ਕੀ ਅਸੀਂ ਕੋਈ ਇਹੋ ਜਿਹਾ ਰਾਜ ਆਪਣੀ ਕਲਪਨਾ ਵਿਚ ਲਿਆ ਸਕਦੇ ਹਾਂ ਜਦੋਂ ਹਿੰਸਾ ਦੇ ਵੱਖਰੇ-ਵੱਖਰੇ ਸਰੂਪ ਇਸ ਧਰਤੀ ਤੋਂ ਸਦਾ ਲਈ ਖਤਮ ਹੋ ਜਾਣਗੇ। ਅਸਲ ਵਿਚ ਇਹ ਵੱਡਾ ਸਵਾਲ ਸਾਨੂੰ ਧਰਮ, ਫਿਲਾਸਫੀ, ਮਨੋਵਿਗਿਆਨ ਅਤੇ ਇਨ੍ਹਾਂ ਨਾਲ ਜੁੜੇ ਵਿਸ਼ਿਆਂ ਵੱਲ ਲੈ ਜਾਂਦਾ ਹੈ ਅਤੇ ਬਹਿਸ ਦੀ ਮੰਗ ਕਰਦਾ ਹੈ।
ਨੇਸ਼ਨ-ਸਟੇਟ ਬਾਰੇ ਸਾਡਾ ਦੂਜਾ ਨੁਕਤਾ ਇਹ ਹੈ ਕਿ ਅੱਜ ਜਿਹੜੀਆਂ ਨੇਸ਼ਨ-ਸਟੇਟ ਹੋਂਦ ਵਿਚ ਹਨ, ਕੀ ਉਨ੍ਹਾਂ ਨੇ ਆਪਣੇ ਲੋਕਾਂ ਦੀ ਭਲਾਈ ਲਈ ਆਪਣੇ ਸਿਧਾਂਤਾਂ ਵਿਚ ਕੋਈ ਖੁੱਲ੍ਹਾਪਨ ਅਤੇ ਮੋਕਲਾਪਨ ਲਿਆਂਦਾ ਹੈ ਜਾਂ ਨਹੀਂ? ਦੁਨੀਆਂ ਭਰ ਵਿਚ ਇਸ ਸਮੇਂ 195 ਮੁਲਕ ਨੇਸ਼ਨ-ਸਟੇਟ ਦਾ ਦਰਜਾ ਰੱਖਦੇ ਹਨ ਅਤੇ ਉਹ ਯੂæਐਨæਓæ ਦੇ ਮੈਂਬਰ ਹਨ। ਇਨ੍ਹਾਂ ਮੁਲਕਾਂ ਦਾ ਤਾਣਾ-ਬਾਣਾ ਵੱਖੋ-ਵੱਖਰਾ ਹੈ। ਕਿਹੜਾ ਮੁਲਕ ਹਿੰਸਾ ਨੂੰ ਕਿਵੇਂ ਲੈਂਦਾ ਹੈ ਅਤੇ ਉਸ ਦਾ ਇਸ ਸਬੰਧ ਵਿਚ ਕੀ ਰਿਕਾਰਡ ਹੈ, ਇਸ ਪਹਿਲੂ ਤੋਂ ਸਾਰੇ ਮੁਲਕ ਵੱਖ-ਵੱਖ ਹਨ। ਖੁੱਲ੍ਹੇਪਨ ਦੇ ਨਜ਼ਰੀਏ ਤੋਂ ਵੀ ਵੱਖੋ-ਵੱਖਰੇ ਹਨ। ਮਿਸਾਲ ਵਜੋਂ ਬਰਤਾਨੀਆ ਹੋਰ ਮੁਲਕਾਂ ਦੇ ਇਨਕਲਾਬੀਆਂ ਨੂੰ ਸਿਆਸੀ ਸ਼ਰਣ ਦਿੰਦਾ ਰਿਹਾ ਹੈ ਜਿਨ੍ਹਾਂ ਵਿਚ ਸਿੱਖ ਇਨਕਲਾਬੀ ਵੀ ਸ਼ਾਮਿਲ ਹਨ। ਅਮਰੀਕਾ ਨੇ ਹਜ਼ਾਰਾਂ ਉਨ੍ਹਾਂ ਸਿੱਖਾਂ ਨੂੰ ਸਿਆਸੀ ਸ਼ਰਣ ਦਿੱਤੀ ਹੈ ਜੋ ਭਾਰਤੀ ਸਟੇਟ ਦੇ ਜ਼ੁਲਮਾਂ ਤੋਂ ਤੰਗ ਆ ਕੇ ਉਥੇ ਜਾ ਵਸੇ। ਕੈਨੇਡਾ ਨੇ ਕਿਊਬਿਕ ਨੂੰ ਸਬ-ਨੇਸ਼ਨ ਦਾ ਦਰਜਾ ਦਿੱਤਾ ਹੈ ਅਤੇ ਉਥੇ ਚਾਰ ਸਿੱਖ ਮੰਤਰੀ ਬਣੇ ਹੋਏ ਹਨ। ਇਹ ਸਾਰੇ ਮੁਲਕ ਨੇਸ਼ਨ-ਸਟੇਟ ਦਾ ਦਰਜਾ ਰੱਖਦੇ ਹਨ। ਕੀ ਸਿੱਖਾਂ ਨੂੰ ਆਪਣੀ ਨੇਸ਼ਨ-ਸਟੇਟ ਕਾਇਮ ਕਰਨ ਦਾ ਸੁਪਨਾ ਨਹੀਂ ਲੈਣਾ ਚਾਹੀਦਾ? ਸ਼ ਅਜਮੇਰ ਸਿੰਘ ਮੁਤਾਬਿਕ ਤਾਂ ਨਹੀਂ ਲੈਣਾ ਚਾਹੀਦਾ। ਕੀ ਅਸਾਂ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਸਮੇਂ ਦੂਜੇ ਧਰਮਾਂ ਨੂੰ ਬਰਾਬਰ ਦਾ ਦਰਜਾ ਨਹੀਂ ਸੀ ਦਿੱਤਾ? ਮਹਾਰਾਜਾ ਰਣਜੀਤ ਸਿੰਘ ਦੀ ਕੈਬਨਿਟ ਵਿਚ ਤਾਂ ਸ਼ਾਇਦ ਕੋਈ ਵੀ ਸਿੱਖ ਨਹੀਂ ਸੀ। ਫੇਰ ਸ਼ ਅਜਮੇਰ ਸਿੰਘ ਨੂੰ ਸਿੱਖ ਨੇਸ਼ਨ-ਸਟੇਟ ਕਾਇਮ ਹੋਣ ਵਿਚ ਕਿਹੜੀ ਮੁਸ਼ਕਿਲ ਪੇਸ਼ ਆ ਰਹੀ ਹੈ?
ਭਲਾਂ ਕੱਲ੍ਹ ਨੂੰ ਜੇ ਹਾਲਾਤ ਅਜਿਹੇ ਹੋ ਜਾਂਦੇ ਹਨ ਅਤੇ ਇਹ ਹੋ ਵੀ ਸਕਦੇ ਹਨ ਕਿ ਨੇਸ਼ਨ-ਸਟੇਟ ਲਈ ਸਾਡੇ ਵਾਸਤੇ ਰਾਹ ਪੱਧਰਾ ਹੋ ਜਾਵੇ ਤਾਂ ਫੇਰ ਕੀ ਸਾਨੂੰ ਅਜਿਹੀ ਹਾਲਤ ਵਿਚ ਨੇਸ਼ਨ-ਸਟੇਟ ਲੈਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ? ਸ਼ ਅਜਮੇਰ ਸਿੰਘ ਦੀ ਖੋਜ ਮੁਤਾਬਿਕ ਤਾਂ ਸਾਨੂੰ ਨੇਸ਼ਨ-ਸਟੇਟ ਲੈਣ ਤੋਂ ਨਾਂਹ ਕਰ ਦੇਣੀ ਚਾਹੀਦੀ ਹੈ, ਕਿਉਂਕਿ ਇਹ ਉਨ੍ਹਾਂ ਮੁਤਾਬਿਕ ਵਿਨਾਸ਼ਕਾਰੀ ਹੈ। ਬਹਿਸ ਦਾ ਮੁੱਖ ਮੁੱਦਾ ਇਹ ਹੈ ਕਿ ਅੱਜ ਨੇਸ਼ਨ-ਸਟੇਟ ਕਿਥੇ ਖੜ੍ਹੀ ਹੈ? ਜੇ ਅਸੀਂ ਨੇਸ਼ਨ-ਸਟੇਟ ਨਹੀਂ ਲੈਂਦੇ ਤਾਂ ਫੇਰ ਅਜਮੇਰ ਸਿੰਘ ਦੀ ਖੋਜ ਮੁਤਾਬਿਕ ਸਾਨੂੰ ਭਾਰਤੀ ਸਟੇਟ ਦੇ ਜ਼ੁਲਮਾਂ ਨੂੰ ਭਾਣਾ ਮੰਨ ਕੇ ਬਰਦਾਸ਼ਤ ਕਰਦੇ ਰਹਿਣਾ ਚਾਹੀਦਾ ਹੈ। ਸ਼ ਅਜਮੇਰ ਸਿੰਘ ਤਾਂ ਘੱਟੋਘੱਟ ਸਾਰੀ ਸਥਿਤੀ ਨੂੰ ਇਸੇ ਤਰ੍ਹਾਂ ਹੀ ਥਿਓਰਾਜ਼ੀ ਕਰ ਰਹੇ ਜਾਪਦੇ ਹਨ।
ਸ਼ ਅਜਮੇਰ ਸਿੰਘ ਵਲੋਂ ਗਿਆਨ ਦੇ ਯੁੱਗ (Aਗe ਾ ਓਨਲਗਿਹਟeਨਮeਨਟ) ਦੀ ਥਿਊਰੀ ਬਾਰੇ ਕੀਤੀ ਇਕਪਾਸੜ ਵਿਆਖਿਆ ਉਤੇ ਵੀ ਵਿਚਾਰ ਕਰਨੀ ਬਣਦੀ ਹੈ। ਇਹ ਗਿਆਨ ਦਾ ਯੁੱਗ ਅਸਲ ਵਿਚ ਕੀ ਸੀ? ਮੋਟੇ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਗਿਆਨ ਦਾ ਯੁੱਗ ਫਰਾਂਸ ਦੇ ਇਨਕਲਾਬ ਨਾਲ ਸ਼ੁਰੂ ਹੋਇਆ ਜਿਸ ਵਿਚ ਪੁਰਾਤਨ ਵਿਚਾਰਾਂ ਅਤੇ ਰਵਾਇਤਾਂ ਦਾ ਯੁੱਗ ਖਤਮ ਹੋ ਗਿਆ, ਅਤੇ ਤਰਕ ਤੇ ਦਲੀਲ ਦੇ ਨਵੇਂ ਯੁੱਗ ਦੀ ਪ੍ਰਭਾਤ ਹੋਈ। ਇਸ ਨਾਲ ਜੁੜੇ ਵਿਦਵਾਨਾਂ ਵਿਚ ਰੂਸੋ, ਵਾਲਟੇਅਰ, ਐਡਮ ਫਰਗੂਸਨ, ਜੋਹਨ ਮਿਲਰ ਅਤੇ ਕਾਂਤ ਵਗੈਰਾ-ਵਗੈਰਾ ਹਨ, ਪਰ ਇਸ ਗਿਆਨ ਯੁੱਗ ਬਾਰੇ ਜਰਮਨਾਂ ਨੇ ਹੋਰ ਅਰਥ ਕੱਢੇ। ਉਨ੍ਹਾਂ ਨੇ ਇਸ ਨੂੰ ਧਾਰਮਿਕ ਤੇ ਰੂਹਾਨੀ ਗਿਆਨ ਨਾਲ ਜੋੜ ਦਿੱਤਾ। ਜਦਕਿ ਜਰਮਨੀ ਵਿਚ ਹੀ ਇਕ ਹੋਰ ਧਾਰਾ ਨੇ ਗਿਆਨ ਨੂੰ ਬੌਧਿਕ ਤੇ ਧਰਮ-ਨਿਰਪੱਖਤਾ ਨਾਲ ਜੋੜਿਆ।
ਗਿਆਨ ਦੇ ਯੁੱਗ ਬਾਰੇ ਵਿਦਵਾਨਾਂ ਦੀ ਰਾਇ ਵੀ ਵੱਖਰੀ-ਵੱਖਰੀ ਹੈ, ਪਰ ਮੁੱਖ ਸਵਾਲ ਇਹ ਹੈ ਕਿ ਕੀ ਸਿੱਖ ਕੌਮ ਨੇ ਗਿਆਨ ਦੇ ਯੁੱਗ ਵਿਚੋਂ ਪੈਦਾ ਹੋਏ ਠੀਕ-ਗਲਤ ਰੁਝਾਨਾਂ ਨੂੰ ਆਪਣੀ ਤਰਜ਼-ਏ-ਜ਼ਿੰਦਗੀ ਵਿਚ ਇੰਨ-ਬਿੰਨ ਹੀ ਰਚਾ ਲਿਆ? ਸਾਡਾ ਜੁਆਬ ਨਾਂਹ ਵਿਚ ਹੈ। ਅਸੀਂ ਤਰਕ, ਵਿਗਿਆਨ ਤੇ ਤਕਨਾਲੋਜੀ ਨੂੰ ਗੁਰਬਾਣੀ ਦੀ ਰੋਸ਼ਨੀ ਵਿਚ ਹੀ ਵੇਖਦੇ ਹਾਂ। ਬਾਹਰੋਂ ਆਈਆਂ ਚੀਜ਼ਾਂ, ਘਟਨਾਵਾਂ ਅਤੇ ਵਰਤਾਰੇ ਸਾਡੇ ਉਤੇ ਇਸ ਤਰ੍ਹਾਂ ਦਾ ਪ੍ਰਭਾਵ ਨਹੀਂ ਪਾ ਸਕਦੇ ਕਿ ਅਸੀਂ ਉਨ੍ਹਾਂ ਵਰਤਾਰਿਆਂ ਦੀ ਅਧੀਨਗੀ ਜਾਂ ਗੁਲਾਮੀ ਕਬੂਲ ਕਰ ਲਈਏ। ਗੁਰਬਾਣੀ ਵਿਚ ਅਕਲ, ਮੱਤ, ਬੁੱਧ, ਸਿਆਣਪ ਤੇ ਤਰਕ ਦੀ ਆਪਣੀ ਹੀ ਅਹਿਮੀਅਤ ਤੇ ਆਪਣੀ ਹੀ ਮੌਲਿਕ ਪਰਿਭਾਸ਼ਾ ਹੈ। ਇਨ੍ਹਾਂ ਸਤਰਾਂ ਨੂੰ ਧਿਆਨ ਨਾਲ ਪੜ੍ਹੋ: “ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ॥”æææ “ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ॥ ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ॥”
ਗੁਰਬਾਣੀ ਮੁਤਾਬਕ ਅਸੀਂ ਅਕਾਲ ਪੁਰਖ ਦੀ ਯਾਦ ਦੀ ਰੋਸ਼ਨੀ ਵਿਚ ਹੀ ਵਰਤਾਰਿਆਂ ਦਾ ਅੰਤਿਮ ਫੈਸਲਾ ਕਰਦੇ ਹਾਂ। ਸਿੰਘ ਸਭਾ ਲਹਿਰ ਸਿੱਖੀ ਸਿਧਾਂਤਾਂ ਦੀ ਵਿਆਖਿਆ ਕਾਫੀ ਹੱਦ ਤਕ ਇਵੇਂ ਕਰਦੀ ਵੀ ਰਹੀ ਹੈ। ਜੇ ਬਾਹਰੀ ਅਕਲ ਦੀ ਰੋਸ਼ਨੀ ਅਤੇ ਇਥੋਂ ਤਕ ਕਿ ਇਸ ਸਰਜ਼ਮੀਨ ਦੀ ਸਿਆਣਪ ਵੀ ਸਾਡੇ ਮੁਤਾਬਕ ਨਹੀਂ ਤਾਂ ਗੁਰੂ ਸਾਹਿਬ ਨੇ ਉਹੋ ਜਿਹੀਆਂ ਸਿਆਣਪਾਂ ਨੂੰ “ਅਵਰੁ ਸਿਆਣਪ ਸਗਲ ਅਕਾਥਿ” ਕਹਿ ਕੇ ਰੱਦ ਵੀ ਕਰ ਦਿੱਤਾ ਸੀ। ਸ਼ਾਇਦ ਇਥੇ ਵਿਕਟਰ ਕਰਨਾਨ ਦਾ ਜ਼ਿਕਰ ਕਰਨਾ ਬਣਦਾ ਹੈ ਜਿਸ ਦਾ ਵਿਚਾਰ ਸੀ ਕਿ ਭਾਰਤ ਵਿਚ ਗਿਆਨ ਦੇ ਯੁੱਗ ਦੀ ਸ਼ੁਰੂਆਤ ਧਰਮ ਤੋਂ ਹੋਈ ਹੈ ਜਿਸ ਵਿਚ ਉਹ ਵਿਦਵਾਨ ਬੁੱਧ ਧਰਮ ਅਤੇ ਸਿੱਖ ਧਰਮ ਵੱਲ ਮੁੜਦਾ ਪ੍ਰਤੀਤ ਹੁੰਦਾ ਹੈ। ਇਹ ਵਿਦਵਾਨ ਕਿਸੇ ਸਮੇਂ ਸਿੱਖ ਨੈਸ਼ਨਲ ਕਾਲਜ, ਲਾਹੌਰ ਵਿਚ ਪ੍ਰੋਫੈਸਰ ਵੀ ਰਿਹਾ, ਜਿਥੇ ਕਿਸੇ ਸਮੇਂ ਸ਼ਹੀਦ ਭਗਤ ਸਿੰਘ ਵੀ ਪੜ੍ਹਦੇ ਰਹੇ ਹਨ। ਬਰਤਾਨੀਆ ਦਾ ਇਹ ਵਿਦਵਾਨ ਭਾਰਤ ਦੀ ਵੰਡ ਤੋਂ ਪਹਿਲਾਂ ਲਾਹੌਰ ਵਿਚ ਸਿਰਫ ਇਸ ਕਰ ਕੇ ਆਇਆ ਕਿ ਉਹ ਗਾਲਿਬ, ਇਕਬਾਲ ਅਤੇ ਫੈਜ਼ ਦੀ ਕਵਿਤਾ ਤੋਂ ਇਸ ਹੱਦ ਤਕ ਪ੍ਰਭਾਵਿਤ ਸੀ ਕਿ ਉਸ ਨੇ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਵੀ ਕੀਤਾ।
ਇਸੇ ਸਮੇਂ ਹੀ ਉਸ ਦੇ ਧਿਆਨ ਦਾ ਕੇਂਦਰ ਬੁੱਧ ਧਰਮ ਅਤੇ ਸਿੱਖ ਧਰਮ ਵੱਲ ਹੋਇਆ। ਸਾਡੇ ਕੋਲ ਇਸ ਗੱਲ ਦੇ ਪੱਕੇ ਪ੍ਰਮਾਣ ਫਿਲਹਾਲ ਨਹੀਂ, ਪਰ ਇਹ ਪ੍ਰਮਾਣ ਮਿਲ ਰਹੇ ਹਨ ਕਿ ਉਸ ਨੇ ਆਪਣੀ ਖੋਜ ਨੂੰ ਅੱਗੇ ਵਧਾਉਣ ਲਈ ਦਿੱਲੀ ਰਹਿੰਦੇ ਮਾਰਕਸੀ ਵਿਦਵਾਨ ਪ੍ਰੋਫੈਸਰ ਰਣਧੀਰ ਸਿੰਘ ਨਾਲ ਸੰਪਰਕ ਕੀਤਾ ਜੋ ਦਿੱਲੀ ਯੂਨੀਵਰਸਿਟੀ ਵਿਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਸਨ। ਉਨ੍ਹਾਂ ਨੇ ਪ੍ਰੋਫੈਸਰ ਕਿਸ਼ਨ ਸਿੰਘ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ, ਪਰ ਸ਼ਾਇਦ ਉਨ੍ਹਾਂ ਦੀ ਤਸੱਲੀ ਨਹੀਂ ਸੀ ਹੋਈ। ਇਥੇ ਇਹ ਚੇਤੇ ਕਰਾਉਣਾ ਜ਼ਰੂਰੀ ਹੈ ਕਿ ਪ੍ਰੋਫੈਸਰ ਕਿਸ਼ਨ ਸਿੰਘ ਪਿਛਲੀ ਸਦੀ ਦੇ ਸੱਤਰਵਿਆਂ ਦੌਰਾਨ ਗੁਰਬਾਣੀ ਦੀ ਡੂੰਘੀ ਸਮਝ ਦੇ ਸੁਆਲ ‘ਤੇ ਇਕ ਹੋਰ ਮਾਰਕਸੀ ਸਾਹਿਤਕਾਰ ਸੰਤ ਸਿੰਘ ਸੇਖੋਂ ਨਾਲ ਵੱਡੀ ਬਹਿਸ ਕਰ ਰਹੇ ਸਨ, ਜਿਸ ਬਹਿਸ ਨੇ ਉਸ ਦੌਰ ਵਿਚ ਵਿਦਵਾਨਾਂ ਨੂੰ ਦੋ ਖੇਮਿਆਂ ਵਿਚ ਵੰਡ ਦਿੱਤਾ ਸੀ। ਕਹਿਣ ਦਾ ਮਤਲਬ, ਗੁਰਬਾਣੀ ਦੇ ਧੁਰ ਅੰਦਰ ਜ਼ੁਲਮ ਤੇ ਬੇਇਨਸਾਫੀ ਵਿਰੁਧ ਡੱਟ ਕੇ ਖਲੋਣ ਅਤੇ ਟੱਕਰ ਲੈਣ ਦੀ ਆਪਣੀ ਹੀ ਕਿਸਮ ਦੀ ਅਥਾਹ ਸਮਰੱਥਾ ਤੇ ਤਾਕਤ ਹੈ, ਜਿਸ ਨੂੰ ਹਰ ਕਿਸਮ ਦੇ ਵਿਰੋਧੀ ਤੇ ਹਮਾਇਤੀ ਪ੍ਰਵਾਨ ਕਰਦੇ ਹਨ। ਅਸੀਂ ਨਾ ਤਾਂ ਸੰਤ ਸਿੰਘ ਸੇਖੋਂ ਅਤੇ ਨਾ ਹੀ ਪ੍ਰੋਫੈਸਰ ਕਿਸ਼ਨ ਸਿੰਘ ਦੀਆਂ ਧਾਰਨਾਵਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿਉਂਕਿ ਦੋਵੇਂ ਵਿਦਵਾਨ ਬੁਨਿਆਦੀ ਤੌਰ ‘ਤੇ ਮਾਰਕਸੀ ਦ੍ਰਿਸ਼ਟੀਕੋਣ ਨੂੰ ਹੀ ਆਪਣੇ ਚਿੰਤਨ ਦਾ ਆਧਾਰ ਬਣਾ ਰਹੇ ਸਨ। ਇਕ ਗੱਲ ਤਾਂ ਸਾਰੇ ਮੰਨਦੇ ਹਨ ਕਿ ਗੁਰਬਾਣੀ ਵਿਚ ਮਨੁੱਖ ਲਈ ਆਪਣੇ ਆਜ਼ਾਦ ਰਾਹ ਸਿਰਜਣ ਦੀ ਅਥਾਹ ਸਮਰੱਥਾ ਹੈ। ਇਹੋ ਗੱਲ ਸ਼ ਅਜਮੇਰ ਸਿੰਘ ਦੀ ਸਮਝ ਵਿਚ ਨਹੀਂ ਆ ਰਹੀ ਅਤੇ ਉਹ ਅੱਜ ਕਲ੍ਹ ਨੇਸ਼ਨ-ਸਟੇਟ ਦੇ ਨਾਂ ਹੇਠ ਗੁੰਮਰਾਹ ਕਰ ਰਹੇ ਹਨ। ਮੁਸ਼ਕਿਲ ਇਹ ਹੈ ਕਿ ਨੇਸ਼ਨ-ਸਟੇਟ ਨਾਲ ਜੁੜੇ ਬਾਰੀਕ ਪੱਖ ਪੱਛਮ ਵਲੋਂ ਆਏ ਹਨ ਅਤੇ ਸੰਗਤਾਂ ਨੇ ਅਜੇ ਇਨ੍ਹਾਂ ਸੰਕਲਪਾਂ ਦੀ ਸੂਖਮ ਜਾਣਕਾਰੀ ਹਾਸਿਲ ਕਰਨ ਵਿਚ ਦਿਲਚਸਪੀ ਨਹੀਂ ਦਿਖਾਈ। ਇਸ ਲਈ ਸੰਗਤਾਂ ਇਹ ਸੋਚ ਲੈਂਦੀਆਂ ਹਨ ਕਿ ਸ਼ ਅਜਮੇਰ ਸਿੰਘ ਜੋ ਕਹਿੰਦੇ ਹਨ, ਉਹ ਠੀਕ ਹੀ ਹੋਵੇਗਾ। ਉਨ੍ਹਾਂ ਦੀ ਇਸੇ ਲਾਪਰਵਾਹੀ ਵਿਚੋਂ ਸ਼ ਅਜਮੇਰ ਸਿੰਘ ਗੁੰਮਰਾਹ ਕਰਨ ਵਿਚ ਕਾਮਯਾਬ ਹੋਏ ਹਨ। ਜਿਥੋਂ ਤਕ ਪੱਛਮ ਦਾ ਸਬੰਧ ਹੈ, ਉਥੇ ਗਿਆਨ ਦੀ ਰੋਸ਼ਨੀ ਜਗੀਰਦਾਰੀ ਸਿਸਟਮ ਨੂੰ ਭੰਨ ਕੇ ਪੈਦਾ ਹੋਈ ਅਤੇ ਉਸ ਵਿਚੋਂ ਹੀ ਆਜ਼ਾਦੀ, ਧਰਮ ਨਿਰਪੱਖਤਾ, ਇਨਸਾਫ ਤੇ ਬਰਾਬਰੀ ਆਦਿ ਸਿਧਾਂਤ ਸਾਹਮਣੇ ਆਏ। ਵੇਖਣ-ਸਮਝਣ ਵਾਲੀ ਗੱਲ ਇਹ ਹੈ ਕਿ ਇਹ ਰੋਸ਼ਨੀ ਦਾ ਸੋਮਾ ਬੁਨਿਆਦੀ ਤੌਰ ‘ਤੇ ਪਦਾਰਥ ਸੀ। ਦੂਜੇ ਸ਼ਬਦਾਂ ਵਿਚ ਇਸ ਤਰ੍ਹਾਂ ਦੀ ਰੋਸ਼ਨੀ ਨੂੰ ਅਸੀਂ ਪਦਾਰਥਵਾਦੀ ਰੋਸ਼ਨੀ ਕਹਿ ਸਕਦੇ ਹਾਂ ਜਦਕਿ ਸਿੱਖ ਧਰਮ ਵਿਚ ਵਿਚਾਰ ਸਰਵੋਤਮ ਹੈ। ਦੂਜੇ ਪਾਸੇ ਪੂੰਜੀਵਾਦ ਵਿਚ ਮੰਡੀ ਸਰਵੋਤਮ ਹੈ। ਮੰਡੀ ਦਾ ਨਜ਼ਰੀਆ ਆਰਥਿਕ ਹੁੰਦਾ ਹੈ ਜਦਕਿ ਸਿੱਖ ਵਿਚਾਰ ਦਾ ਨਜ਼ਰੀਆ ਗੈਰ-ਆਰਥਿਕ ਹੈ। ਮੰਡੀ ਦੇ ਸੰਕਲਪ ਵਿਚੋਂ ਜੋ ਕਦਰਾਂ-ਕੀਮਤਾਂ ਆ ਰਹੀਆਂ ਹਨ, ਉਨ੍ਹਾਂ ਵਿਚ ਮਨੁੱਖ ਆਪਣੇ ਆਪ ਵਿਚ ਅਧੂਰਾ ਹੈ ਜਦਕਿ ਗੁਰਬਾਣੀ ਸੰਪੂਰਣ ਮਨੁੱਖ (ਗੁਰਸਿੱਖ) ਦੀ ਸਿਰਜਣਾ ਕਰਦੀ ਹੈ। ਗੁਰਬਾਣੀ ਵਿਚ ਸੰਗਤ ਤੇ ਪੰਗਤ ਦਾ ਸਿਧਾਂਤ ਸਾਨੂੰ ਪੂਰੀ ਤਰ੍ਹਾਂ ਆਜ਼ਾਦ ਕਰਦਾ ਹੈ, ਪਰ ਸ਼ ਅਜਮੇਰ ਸਿੰਘ ਵਿਚਾਰ ਦੀ ਤਾਕਤ, ਉਸ ਦੇ ਪ੍ਰਭਾਵ ਅਤੇ ਜਾਹੋ-ਜਲਾਲ ਨੂੰ ਵੀ ਰੱਦ ਕਰ ਦਿੰਦੇ ਹਨ, ਕਿਉਂਕਿ ਉਨ੍ਹਾਂ ਨੇ ਇਹ ਗੱਲ ਆਪਣੇ ਅੰਦਰ ਵਸਾ ਲਈ ਜਾਪਦੀ ਹੈ ਕਿ ਅਸੀਂ ਪੱਛਮ ਵਿਚ ਪੂਰੀ ਤਰ੍ਹਾਂ ਢਲ ਗਏ ਹਾਂ।
ਜੂਝਾਰੂ ਲਹਿਰ ਦਾ ਰੂਹਾਨੀ ਦਰਜਾ ਨੀਵਾਂ ਸੀ?
ਗੱਲ ਇਥੇ ਹੀ ਨਹੀਂ ਮੁੱਕੀ, ਸਗੋਂ ਹੋਰ ਅੱਗੇ ਵਧਦੀ ਗਈ। ਉਹ ਗਦਰ ਪਾਰਟੀ ਲਹਿਰ ਦੇ ਵਿਸ਼ਲੇਸ਼ਣ ਵੱਲ ਹੋ ਤੁਰੇ ਅਤੇ ਆਖਿਰ ਨੂੰ ਇਸ ਸਿੱਟੇ ਉਤੇ ਪਹੁੰਚ ਗਏ (ਜਾਂ ਪਹੁੰਚਣਾ ਹੀ ਚਾਹੁੰਦੇ ਸਨ!) ਕਿ ਜੁਝਾਰੂ ਲਹਿਰ ਦਾ ਰੂਹਾਨੀ ਦਰਜਾ ਗਦਰ ਪਾਰਟੀ ਲਹਿਰ ਦੇ ਦਰਜੇ ਨਾਲੋਂ ਨੀਵਾਂ ਸੀ। ਇਹ ਉਨ੍ਹਾਂ ਦੀ ਸ਼ਖਸੀਅਤ ਵਿਚ ਲੁਕੀ ਤਾਨਾਸ਼ਾਹ ਬਿਰਤੀ ਹੀ ਸੀ ਕਿ ਉਨ੍ਹਾਂ ਨੇ ਜੁਝਾਰੂ ਲਹਿਰ ਦੇ ਅੰਤਰੀਵ ਦਰਦ ਅਤੇ ਪੀੜ ਨੂੰ ਸਿਧਾਂਤਕ ਰੂਪ ਵਿਚ ਜਾਣੇ ਬਿਨਾ ਹੀ ਲਹਿਰ ਦੀ ਰੂਹਾਨੀ ਉਚਤਾ ਅੱਗੇ ਪ੍ਰਸ਼ਨ ਚਿੰਨ੍ਹ ਖੜ੍ਹੇ ਕਰ ਦਿੱਤੇ ਅਤੇ ਉਸ ਲਹਿਰ ਨੂੰ ਗਦਰ ਪਾਰਟੀ ਲਹਿਰ ਦੇ ਮੁਕਾਬਲੇ ਵਿਚ ਖੜ੍ਹਾ ਕਰ ਦਿੱਤਾ। ਸਵਾਲ ਹੈ ਕਿ ਜੇ ਗਦਰ ਪਾਰਟੀ ਲਹਿਰ ਨਾਲ ਜੁੜੇ ਸਿੱਖ ਵੀਰ ਰੂਹਾਨੀ ਤੌਰ ‘ਤੇ ਉਚੇ ਤੇ ਸੁੱਚੇ ਸਨ ਤਾਂ ਉਨ੍ਹਾਂ ਦੀ ਰੂਹਾਨੀਅਤ ਵਿਚ ਸਾਵਰੈਨਿਟੀ ਦੀ ਤਾਂਘ ਨੇ ਜਥੇਬੰਦਕ ਰੂਪ ਕਿਉਂ ਨਾ ਧਾਰਿਆ? ਕੀ ਕਾਰਨ ਸੀ ਕਿ ਉਹ ਸਾਰੇ ਵੀਰ ਐਨੀਆਂ ਵੱਡੀਆਂ ਸਰੀਰਕ ਤੇ ਮਾਨਸਿਕ ਪੀੜਾਂ ਵਿਚੋਂ ਲੰਘ ਕੇ ਵੀ ਸਿੱਖ ਰਾਜ ਦਾ ਸੁਪਨਾ ਆਪਣੀ ਰੂਹਾਨੀਅਤ ਦਾ ਮਾੜਾ ਜਿਹਾ ਵੀ ਹਿੱਸਾ ਨਾ ਬਣਾ ਸਕੇ? ਜੇ ਇਹ ਤਰਕ ਹੀ ਦੇਣਾ ਹੈ ਕਿ ਉਹ ਭੋਲੇ ਭਾਲੇ ਤੇ ਮਾਸੂਮ ਸਨ ਤਾਂ ਫੇਰ ਇਹ ਸਵਾਲ ਸਹਿਜੇ ਹੀ ਜਵਾਬ ਮੰਗਦਾ ਹੈ ਕਿ ਕੀ ਖਾਲਸਈ-ਮਾਸੂਮੀਅਤ ਵਿਚ ਰਾਜ ਦਾ ਨਿਸ਼ਾਨਾ ਮਰ ਜਾਂਦਾ ਹੈ? ਇਹ ਸਵਾਲ ਵੀ ਹੱਕ ਬਜਾਨਬ ਹੈ ਕਿ ਗਦਰੀ ਯੋਧੇ 1947 ਤੋਂ ਪਿਛੋਂ ਭਾਰਤੀ ਮੁੱਖਧਾਰਾ ਵਿਚ ਹੀ ਜਜ਼ਬ ਕਿਉਂ ਹੋ ਗਏ ਜਾਂ ਉਨ੍ਹਾਂ ਨੇ ਖੱਬੇ ਪੱਖੀ ਰਾਹ ਕਿਉਂ ਅਖਤਿਆਰ ਕਰ ਲਿਆ? ਦੂਜੇ ਪਾਸੇ ਅਕਾਲੀ ਲਹਿਰ ਵੀ ਗਾਹੇ-ਬ-ਗਾਹੇ ਕਿਸੇ ਨਾ ਕਿਸੇ ਰੂਪ ਵਿਚ ਸਿੱਖ ਸਟੇਟ ਦੀ ਮੰਗ ਕਰਦੀ ਰਹੀ; ਇਹ ਗੱਲ ਵੱਖਰੀ ਹੈ ਕਿ ਉਹ ਮੰਗ ਲਹਿਰ ਨਾ ਬਣ ਸਕੀ, ਪਰ ਇਹ ਪਹਿਲੀ ਵਾਰ ਸੀ ਜਦੋਂ 1849 ਤੋਂ ਪਿਛੋਂ ਜੁਝਾਰੂ ਲਹਿਰ ਦੌਰਾਨ ਖਾਲਿਸਤਾਨ ਦਾ ਸੁਪਨਾ ਹਕੀਕਤ ਦੀਆਂ ਕਨਸੋਆਂ ਦੇਣ ਲੱਗਾ। ਜੁਝਾਰੂ ਲਹਿਰ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚ ਸਕੀ, ਇਹ ਵੱਖਰੀ ਗੱਲ ਹੈ ਅਤੇ ਅਸੀਂ ਇਸ ਦਾ ਗੰਭੀਰ ਤੇ ਬੇਬਾਕ ਵਿਸ਼ਲੇਸ਼ਣ ਕਰਨ ਦੇ ਵੀ ਹੱਕ ਵਿਚ ਹਾਂ, ਪਰ ਇਸ ਮਹਾਨ ਲਹਿਰ ਨੇ ਆਪਣੇ ਪਿੱਛੇ ਜਿਹੜੇ ਨਿਸ਼ਾਨ ਛੱਡੇ ਹਨ, ਉਹ ਅਗਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣੇ ਰਹਿਣਗੇ।
ਜੁਝਾਰੂ ਲਹਿਰ ਦਾ ਸੰਸਾਰ ਦੀਆਂ ਹੋਰ ਲਹਿਰਾਂ ਵਿਚ ਕੀ ਥਾਂ ਹੈ, ਉਸ ਲਹਿਰ ਨਾਲ ਜੁੜੇ ਵੀਰਾਂ ਦੀਆਂ ਰੂਹਾਨੀ ਬੁਲੰਦੀਆਂ ਕੀ ਸੰਦੇਸ਼ ਦਿੰਦੀਆਂ ਹਨ, ਸੁੱਖਾ-ਜਿੰਦਾ ਕਿਵੇਂ ਸਜ-ਧਜ ਨਾਲ ਫਾਂਸੀ ਦੇ ਤਖਤੇ ਵੱਲ ਜਾ ਰਹੇ ਸਨ, ਪੁਲਿਸ ਹਿਰਾਸਤ ਵਿਚ ਜੁਝਾਰੂ ਸਿੰਘਾਂ ਦਾ ਰੂਹਾਨੀ ਜਲਾਲ ਤੇ ਜਮਾਲ ਕਿਸ ਤਰ੍ਹਾਂ ਦਾ ਸੀ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਕਿਉਂ ਤੇ ਕਿਥੇ ਸਨ? ਇਨ੍ਹਾਂ ਬਾਰੇ ਅਸੀਂ ਖੁਦ ਵੀ ਲਿਖਾਂਗੇ ਤੇ ਉਨ੍ਹਾਂ ਭਰਾਵਾਂ ਕੋਲੋਂ ਵੀ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਸੰਕਟ ਦੀਆਂ ਇਨ੍ਹਾਂ ਘੜੀਆਂ ਵਿਚ ਉਨ੍ਹਾਂ ਵੀਰਾਂ ਦੇ ਨੇੜੇ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਸ਼ ਅਜਮੇਰ ਸਿੰਘ ਨੇ ਇਹ ਚੁਣੌਤੀ ਤਾਂ ਹੁਣ ਸੁੱਟ ਹੀ ਦਿੱਤੀ ਹੈ।
ਸ਼ ਅਜਮੇਰ ਸਿੰਘ ਦੀਆਂ ਲਿਖਤਾਂ ਵਿਚ ਵੱਡੀਆਂ ਗੱਲਾਂ
ਉਹ ਕਿਹੜੀ ਯਾਦ ਰੱਖਣ ਵਾਲੀ ਵੱਡੀ ਗੱਲ ਸੀ ਜਾਂ ਉਹ ਵੱਡਾ ਗੁਣ ਸੀ ਜਿਸ ਨਾਲ ਸ਼ ਅਜਮੇਰ ਸਿੰਘ ਦੀਆਂ ਲਿਖਤਾਂ ਨੌਜਵਾਨਾਂ, ਬੁੱਧੀਜੀਵੀਆਂ ਅਤੇ ਖਾਸ ਕਰ ਕੇ ਖਾਲਿਸਤਾਨੀਆਂ ਦੇ ਹਰ ਵਰਗ ਵਿਚ ਪਸੰਦ ਕੀਤੀਆਂ ਜਾਣ ਲੱਗੀਆਂ। ਸ਼ਾਇਦ ਇਹ ਪਹਿਲੀ ਵਾਰ ਸੀ ਜਦੋਂ ਸਿੱਖ ਲੀਡਰਸ਼ਿਪ ਦਾ ਸਿੱਖੀ ਸਿਧਾਂਤਾਂ ਤੋਂ ਥਿੜਕਣਾ, ਇਸ ਦੀਆਂ ਹਾਰਾਂ, ਗੈਰਸਿਧਾਂਤਕ ਸਮਝੌਤਿਆਂ, ਸਿੱਖੀ ਦੇ ਨਿਆਰੇਪਨ, ਭਾਰਤੀ ਸਟੇਟ ਦੀ ਕਰੂਰਤਾ, ਬੁੱਧੀਜੀਵੀਆਂ ਦੀਆਂ ਡਿਗਦੀਆਂ ਢਹਿੰਦੀਆਂ ਪੁਜੀਸ਼ਨਾਂ, ਸਿਆਸੀ ਖਲਾਅ, ਭਾਸ਼ਾ ਦੀ ਖੂਬਸੂਰਤ ਪੇਸ਼ਕਾਰੀ, ਤਰਕ ਅਤੇ ਜਜ਼ਬਾਤ ਪ੍ਰਭਾਵਸ਼ਾਲੀ ਰੂਪ ਵਿਚ ਸਿੱਖਾਂ ਦੇ ਸਾਹਮਣੇ ਆਏ ਅਤੇ ਆਏ ਵੀ ਉਚੀ ਪੱਧਰ ਦੇ ਮਿਆਰੀ ਰੂਪ ਵਿਚ। ਉਂਜ ਇਹ ਗੱਲਾਂ ਅਤੇ ਤੱਥ ਕਿਤਾਬਾਂ ਵਿਚ ਪਹਿਲਾਂ ਵੀ ਆਉਂਦੇ ਰਹੇ ਹਨ, ਪਰ ਖਿੱਲਰੇ ਅਤੇ ਬੇਤਰਤੀਬ ਸ਼ਕਲ ਵਿਚ। ਲੇਕਿਨ ਇਤਿਹਾਸ ਦੇ ਵੱਖ-ਵੱਖ ਦੌਰਾਂ ਵਿਚ ਸਿੱਖ ਕੌਮ ਦੇ ਰੁਲ ਜਾਣ ਅਤੇ ਭੁੱਲ ਜਾਣ ਦੀ ਦਾਸਤਾਨ ਸਿਲਸਿਲੇਵਾਰ ਤੇ ਜਥੇਬੰਦਕ ਰੂਪ ਵਿਚ ਅਤੇ ਉਹ ਵੀ ਆਪਣੀ ਬੋਲੀ ਵਿਚ, ਸ਼ ਅਜਮੇਰ ਸਿੰਘ ਦੀਆਂ ਲਿਖਤਾਂ ਰਾਹੀਂ ਹੀ ਆ ਸਕੀ।
ਇਕ ਹੋਰ ਗੱਲ ਦਾ ਵੀ ਸਿਧਾਂਤ ਰੂਪ ਵਿਚ ਪਹਿਲੀ ਵਾਰ ਪ੍ਰਕਾਸ਼ ਹੋਇਆ ਅਤੇ ਉਹ ਸੀ ਪਾਠਕਾਂ ਵਿਚ ਸਿਆਸੀ ਚੇਤਨਾ ਦੀ ਸ਼ੁਭ ਪ੍ਰਭਾਤ ਦਾ ਆਗਾਜ਼ ਹੋਣਾ; ਹਾਲਾਂਕਿ ਇਹ ਕਹਿਣਾ ਵੀ ਦਰੁਸਤ ਹੋਵੇਗਾ ਕਿ ਇਹ ਰਾਜਸੀ ਚੇਤਨਾ ਬੌਧਿਕ ਲਹਿਰ ਦੀ ਸ਼ਕਲ ਅਖਤਿਆਰ ਨਹੀਂ ਕਰ ਸਕੀ। ਫੇਰ ਵੀ ਸ਼ ਅਜਮੇਰ ਸਿੰਘ ਦੀਆਂ ਉਕਤ ਪ੍ਰਾਪਤੀਆਂ ਉਨ੍ਹਾਂ ਦਾ ਇਤਿਹਾਸਕ ਹਾਸਲ ਹਨ। ਲੇਕਿਨ ਇਸ ਸਿਆਸੀ ਚੇਤਨਾ ਨੇ ਅੱਗੇ ਜਾ ਕੇ ਕਿਹੜਾ ਰੂਪ ਧਾਰਿਆ? ਬਸ ਅਸੀਂ ਇਥੇ ਹੀ ਉਨ੍ਹਾਂ ਦੀਆਂ ਲਿਖਤਾਂ ਦੇ ਚੇਤੰਨ, ਜਜ਼ਬਾਤੀ, ਕੱਚੇ-ਪਿਲੇ ਹਮਦਰਦਾਂ ਅਤੇ ਵਿਸ਼ੇਸ਼ ਕਰ ਕੇ ਖਾਲਿਸਤਾਨੀ ਭਰਾਵਾਂ ਨੂੰ ਕੁਝ ਪਲਾਂ ਲਈ ਰੋਕ ਦੇਣਾ ਚਾਹੁੰਦੇ ਹਾਂ। ਸ਼ ਅਜਮੇਰ ਸਿੰਘ ਦੀਆਂ ਪਹਿਲੀਆਂ ਤਿੰਨ ਕਿਤਾਬਾਂ ਬਿਨਾ ਸ਼ੱਕ ਸਿੱਖ ਕੌਮ ਦੀ ਦਰਦਨਾਕ ਦਾਸਤਾਨ ਨੂੰ ਇਕ ਲੜੀ ਵਿਚ ਪਰੋਂਦੀਆਂ ਹਨ ਅਤੇ ਹਲੂਣਾ ਵੀ ਦਿੰਦੀਆਂ ਹਨ। ਅਸੀਂ ਵੀ ਆਪਣੇ ਹਿਸਾਬ ਨਾਲ ਇਨ੍ਹਾਂ ਕਿਤਾਬਾਂ ਦੀ ਭਰਪੂਰ ਪ੍ਰਸ਼ੰਸਾ ਕਰਦੇ ਰਹੇ ਹਾਂ।
ਪਹਿਲੀ ਕਿਤਾਬ ’20ਵੀਂ ਸਦੀ ਦੀ ਸਿੱਖ ਰਾਜਨੀਤੀ’ ਵਿਚ ਛੋਟਾ ਸਿਰਲੇਖ ਦਿਲਚਸਪ ਵੀ ਹੈ ਪਰ ਗੰਭੀਰ ਜ਼ਿਆਦਾ ਹੈ ਕਿਉਂਕਿ ਇਹ ਉਮੀਦ ਬੰਨਾਉਂਦਾ ਹੈ। ਇਹ ਸਿਰਲੇਖ ਹੈ, ‘ਇਕ ਗੁਲਾਮੀ ਤੋਂ ਦੂਜੀ ਗੁਲਾਮੀ ਵੱਲ।’ ਦੂਜੇ ਸ਼ਬਦਾਂ ਵਿਚ ਇਹ ਸਿਰਲੇਖ ਇਹ ਉਮੀਦ ਬੰਨਾਉਂਦਾ ਸੀ ਕਿ ਸ਼ ਅਜਮੇਰ ਸਿੰਘ ਸਿੱਖ ਕੌਮ ਨੂੰ ਗੁਲਾਮੀ ਤੋਂ ਆਜ਼ਾਦੀ ਵੱਲ ਲੈ ਕੇ ਜਾਣਗੇ, ਪਰ ਹੁਣ ਤਾਂ ਸਾਨੂੰ ਇਉਂ ਲਗਦਾ ਹੈ ਕਿ ਉਹ ਸਾਨੂੰ ਕਿਸੇ ਤੀਸਰੀ ਗੁਲਾਮੀ ਵੱਲ ਲੈ ਕੇ ਜਾ ਰਹੇ ਹਨ, ਜਦਕਿ ਕੁਝ ਦੋਸਤਾਂ ਦਾ ਦਾਅਵਾ ਹੈ ਕਿ ਉਹ ਅਸਲ ਵਿਚ ਦੂਜੀ ਗੁਲਾਮੀ ਨੂੰ ਹੀ ਪੱਕਾ ਕਰਨਗੇ। ਜਦੋਂ ਇਹ ਪੁਛਿਆ ਗਿਆ ਕਿ ਉਹ ਕਿਹੜੀ ਜੁਗਤ ਨਾਲ ਦੂਜੀ ਗੁਲਾਮੀ ਨੂੰ ਪੱਕਾ ਕਰਨਗੇ ਤਾਂ ਜਵਾਬ ਸੀ, ਉਹ ਦੂਜੀ ਗੁਲਾਮੀ ਦੇਣ ਵਾਲਿਆਂ ਵਿਚ ਆਪਣੀ ਕਿਸੇ ਵੱਖਰੀ ਥਾਂ ਦੀ ਤਲਾਸ਼ ਕਰ ਰਹੇ ਹਨ, ਪਰ ਅਸੀਂ ਇਸ ਤਰਕ ਨਾਲ ਸਹਿਮਤ ਨਹੀਂ, ਕਿਉਂਕਿ ਉਹ ਦੂਜੀ ਗੁਲਾਮੀ ਦੇਣ ਵਾਲਿਆਂ ਦੇ ਖਿਲਾਫ ਐਨਾ ਕੁਝ ਕਹਿ ਚੁੱਕੇ ਹਨ ਕਿ ਉਥੇ ਖਲੋ ਸਕਣਾ ਹੁਣ ਲਗਭਗ ਅਸੰਭਵ ਹੈ। ਤਾਂ ਫੇਰ ਉਹ ਕੀ ਕੋਈ ਵੱਡਾ ਕਰਨਾਮਾ ਕਰਨਾ ਚਾਹੁੰਦੇ ਹਨ ਕਿ ਇਤਿਹਾਸ ਵਿਚ ਉਨ੍ਹਾਂ ਦਾ ਨਾਂ ਪੱਕੀ ਤਰ੍ਹਾਂ ਕਾਇਮ ਹੋ ਜਾਏ? ਜਾਂ ਕੀ ਉਹ ਕਨਫੈਡਰੇਸ਼ਨ ਵਰਗੀ ਵਿਵਸਥਾ ਕਾਇਮ ਕਰਨ ਵਾਲੀ ਗੱਲ ਨੂੰ ‘ਹਲੇਮੀ ਰਾਜ’ ਵਜੋਂ ਸਥਾਪਿਤ ਕਰਨਗੇ? ਹਵਾ ਦਾ ਰੁਖ ਬਦਲ ਗਿਆ ਜਾਪਦਾ ਹੈ। ਹੁਣ ਅਜਮੇਰ ਸਿੰਘ-ਰੂਪੀ ਲੱਕੜ ਉਤੇ ਖਾਲਿਸਤਾਨ ਦੀ ਨਕਾਸ਼ੀ ਨਹੀਂ ਹੋ ਸਕੇਗੀ, ਕਿਉਂਕਿ ਆ ਰਹੀਆਂ ਘਟਨਾਵਾਂ ਦੇ ਪਰਛਾਵੇਂ ਪੈਣੇ ਸ਼ੁਰੂ ਹੋ ਗਏ ਹਨ। ਇਹ ਜ਼ਰੂਰੀ ਨਹੀਂ ਹੁੰਦਾ ਕਿ ਬਹੁਤੇ ਪੱਤਿਆਂ ਵਾਲਾ ਰੁੱਖ ਕੋਈ ਰਸੀਲਾ ਫਲ ਹੀ ਪੈਦਾ ਕਰੇ। ਇਸ ਲਈ ਖਾਲਿਸਤਾਨ ਉਨ੍ਹਾਂ ਦੀ ਮੰਜ਼ਿਲ ਨਹੀਂ ਹੈ, ਸ਼ਾਇਦ ਇਹ ਕਦੇ ਵੀ ਨਹੀਂ ਸੀ। ਉਨ੍ਹਾਂ ਦੀ ਗੁਫਤਾਰ ਤੇ ਰਫਤਾਰ ਤੋਂ ਤਾਂ ਇਹੋ ਇਸ਼ਾਰੇ ਮਿਲ ਰਹੇ ਹਨ।