ਗੁਜਰਾਤ ਫਾਈਲਾਂ:ਦਹਿਸ਼ਤਗਰਦ ਨਹੀਂ ਸੀ ਇਸ਼ਰਤ ਜਹਾਂæææ

‘ਗੁਜਰਾਤ ਫਾਈਲਾਂ’ ਪੱਤਰਕਾਰ ਰਾਣਾ ਅਯੂਬ ਦੀ ਅਜਿਹੀ ਲਿਖਤ ਹੈ ਜਿਸ ਵਿਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦਾ ਖੁਲਾਸਾ ਹੋਇਆ ਹੈ। ਇਸ ਖੁਲਾਸੇ ਲਈ ਉਸ ਨੇ ਅੰਤਾਂ ਦਾ ਜੋਖਮ ਉਠਾਉਂਦਿਆਂ ਫਰਜ਼ੀ ਫਿਲਮਸਾਜ਼ ਮੈਥਿਲੀ ਤਿਆਗੀ ਦਾ ਭੇਸ ਵਟਾਇਆ। ਜਦੋਂ ਇਹ ਕਿਤਾਬ ਛਾਪਣ ਲਈ ਕਿਸੇ ਪ੍ਰਕਾਸ਼ਕ ਨੇ ਹਾਮੀ ਨਹੀਂ ਭਰੀ ਤਾਂ ਉਹਨੇ ਇਹ ਕਿਤਾਬ ਆਪੇ ਛਾਪ ਲਈ। ਇਸ ਕਿਤਾਬ ਦਾ ਪੰਜਾਬੀ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਉਨ੍ਹਾਂ ਨੇ ਵੀ ਇਹ ਕਿਤਾਬ ਖੁਦ ਹੀ ਛਪਵਾਈ ਹੈ।

-ਸੰਪਾਦਕ

ਕਾਂਡ ਤੀਜਾ (ਭਾਗ ਦੂਜਾ)
ਗਿਰੀਸ਼ ਸਿੰਘਲ ਨੇ ਸੀæਬੀæਆਈæ ਨੂੰ ਇਹ ਵੀ ਦੱਸਿਆ ਕਿ ਉਹ ਵਾਅਦਾ ਮੁਆਫ਼ ਨਹੀਂ ਬਣਨਾ ਚਾਹੁੰਦਾ ਤੇ ਨਾ ਰਹਿਮ ਮੰਗਦਾ ਹੈ, ਸਗੋਂ ਉਹ ਆਪਣੇ ਜ਼ਿਆਦਾਤਰ ਸਹਿ-ਦੋਸ਼ੀਆਂ ਵਾਂਗ ਮੁਕੱਦਮੇ ਦਾ ਸਾਹਮਣਾ ਕਰਨਾ ਚਾਹੁੰਦਾ ਹੈ। ਦੂਜੇ ਦੇ ਮਨ ਨੂੰ ਸਮਝਣਾ ਮੁਸ਼ਕਿਲ ਹੈ, ਦੂਜੇ ਬੰਦੇ ਬਾਰੇ ਤੁਸੀਂ ਜੋ ਜਾਣਦੇ ਹੋ, ਉਸ ਦੇ ਆਧਾਰ ‘ਤੇ ਹੀ ਤੁਸੀਂ ਅੰਦਾਜ਼ਾ ਲਗਾਉਂਦੇ ਹੋ, ਪਰ ਸਿੰਘਲ ਦੀ ਸੀæਬੀæਆਈæ ਨੂੰ ਅਜੀਬ ਬੇਨਤੀ ਮੈਨੂੰ ਉਸ ਗੱਲਬਾਤ ਵੱਲ ਲੈ ਜਾਂਦੀ ਹੈ ਜੋ ਸਾਡੇ ਦਰਮਿਆਨ ਦਸੰਬਰ 2010 ਵਿਚ ਹੋਈ ਸੀ:
ਸਵਾਲ: ਗੁਜਰਾਤ ਵਿਚ ਬਹੁਤ ਕੁਝ ਐਸਾ ਹੈ ਜੋ ਤੁਹਾਡੇ ਪੁਲਿਸ ਮੁਖੀਆਂ ਨਾਲ ਜੁੜਿਆ ਹੋਇਆ ਹੈ, ਖ਼ਾਸ ਕਰ ਕੇ ਵਾਦ-ਵਿਵਾਦ?
ਜਵਾਬ: ਅਜੀਬ ਹਾਲਤ ਬਣੀ ਹੋਈ ਹੈ। ਜੇ ਸਾਡੇ ਕੋਲ ਕੋਈ ਸ਼ਿਕਾਇਤ ਲੈ ਕੇ ਆਉਂਦਾ ਹੈ, ਤੇ ਅਸੀਂ ਸ਼ਿਕਾਇਤਕਰਤਾ ਨੂੰ ਸੰਤੁਸ਼ਟ ਕਰ ਦਿੰਦੇ ਹਾਂ, ਤਾਂ ਅਸੀਂ ਸਰਕਾਰ ਦੀ ਨਾਰਾਜ਼ਗੀ ਸਹੇੜ ਲੈਂਦੇ ਹਾਂ; ਤੇ ਜੇ ਸਰਕਾਰ ਨੂੰ ਖੁਸ਼ ਕਰਦੇ ਹਾਂ ਤਾਂ ਸ਼ਿਕਾਇਤਕਰਤਾ ਗੁੱਸੇ ਹੋ ਜਾਂਦਾ ਹੈ; ਲਿਹਾਜ਼ਾ ਕੁਝ ਵੀ ਕਰੀਏ, ਪੁਲਿਸ ਫਸ ਜਾਂਦੀ ਹੈ।
ਸਵਾਲ: ਮੁਕਾਬਲਿਆਂ ਵਿਚ ਸ਼ਾਮਲ ਜ਼ਿਆਦਾਤਰ ਅਫ਼ਸਰ ਨੀਵੀਂ ਜਾਤ ਦੇ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਇਸਤੇਮਾਲ ਕਰ ਕੇ ਸੁੱਟ ਦਿੱਤਾ ਗਿਆ?
ਜਵਾਬ: ਹਾਂ, ਪੁਲਿਸ ਮਹਿਕਮੇ ਵਿਚਲੇ ਉਹ ਸਾਰੇ ਅਫ਼ਸਰ, ਇਹ ਤਾਕਤਵਰ ਮਹਿਕਮਾ ਹੈ।
ਸਵਾਲ: ਫ਼ਸਾਦਾਂ ਦਾ ਸੂਬੇ ‘ਤੇ ਕੀ ਅਸਰ ਪਿਐ? ਤੇ ਪੁਲਿਸ ‘ਤੇ ਵੀ?
ਜਵਾਬ: ਦੇਖੋ, ਮੈਂ ਇਥੇ 1991 ਤੋਂ ਕੰਮ ਕਰ ਰਿਹਾਂ, ਤੇ ਮੈਂ ਗੁਜਰਾਤ ਦੇ ਕਈ ਫ਼ਸਾਦ ਦੇਖ ਚੁੱਕਾ ਹਾਂ। ਸੰਨ 82, 83, 85, 87 ਅਤੇ ਅਯੁੱਧਿਆ ਤੋਂ ਬਾਅਦ 1992 ਦਾ ਫ਼ਸਾਦ ਵੀ ਮੈਂ ਵੇਖਿਆ ਹੈ। ਉਸ ਵੇਲੇ ਮੁਸਲਮਾਨਾਂ ਦਾ ਦਬਦਬਾ ਸੀ। 2002 ਵਿਚ ਮੁਸਲਮਾਨ ਵੱਡੀ ਤਾਦਾਦ ਵਿਚ ਮਾਰੇ ਗਏ ਸਨ। ਇਹ ਗੱਲ ਖ਼ਾਸ ਕਰ ਕੇ 2002 ਵਿਚ ਹੀ ਹੋਈ ਸੀ, ਨਹੀਂ ਤਾਂ ਪਹਿਲਾਂ ਮੁਸਲਮਾਨ ਹੀ ਹਿੰਦੂਆਂ ਨੂੰ ਮਾਰਦੇ ਸਨ। ਇੰਨੇ ਸਾਲ ਮੁਸਲਮਾਨਾਂ ਦੇ ਹੱਥੋਂ ਮਾਰੇ ਜਾਣ ਤੋਂ ਬਾਅਦ 2002 ਇਕ ਬਦਲਾ ਸੀ, ਜਦਕਿ ਕੁਲ ਦੁਨੀਆ ਦੇ ਲੋਕਾਂ ਨੇ ਹੋ-ਹੱਲਾ ਮਚਾ ਦਿੱਤਾ। ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਇਥੇ ਪਹਿਲਾਂ ਹਿੰਦੂ ਮਾਰੇ ਜਾ ਰਹੇ ਸਨ।
ਸਵਾਲ: ਮੈਂ ਰਾਜਨ ਪ੍ਰਿਯਾਦਰਸ਼ੀ ਨੂੰ ਮਿਲੀ ਸੀ। ਤੁਸੀਂ ਹੀ ਮੈਨੂੰ ਦਲਿਤ ਦੇ ਤੌਰ ‘ਤੇ ਉਨ੍ਹਾਂ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਸੀ।
ਜਵਾਬ: ਮੈਂ ਇਥੇ ਹਰ ਸੰਭਵ ਅਹੁਦੇ ਉਪਰ ਅਤੇ ਤਮਾਮ ਅਫਸਰਾਂ ਨਾਲ ਕੰਮ ਕਰ ਚੁੱਕਾ ਹਾਂ। ਮੈਂ ਦਰਜੇਬੰਦੀ ਦੇ ਹਿਸਾਬ ਵਿਚਕਾਰ ਜਿਹੇ ਹਾਂ, ਇਸ ਲਈ ਮੈਂ ਤਮਾਮ ਲੋਕਾਂ ਨਾਲ ਕੰਮ ਕੀਤਾ ਹੈ, ਪਰ ਉਨ੍ਹਾਂ ਵਰਗਾ ਆਦਮੀ ਮੈਨੂੰ ਨਹੀਂ ਮਿਲਿਆ। ਉਹ ਸਭ ਤੋਂ ਇਮਾਨਦਾਰ ਅਫ਼ਸਰ ਹਨ। ਉਹ ਐਸੇ ਅਫ਼ਸਰ ਹਨ ਜੋ ਪੁਲਿਸ ਤੰਤਰ ਦੀ ਹਰ ਰਗ ਦੇ ਭੇਤੀ ਹਨ।
ਸਵਾਲ: ਉਨ੍ਹਾਂ ਨੇ ਦੱਸਿਆ ਸੀ ਕਿ ਸਰਕਾਰ ਉਸ ਨਾਲ ਸਮਝੌਤਾ ਕਰਨਾ ਚਾਹੁੰਦੀ ਸੀ, ਪਰ ਉਹ ਨਹੀਂ ਮੰਨੇ।
ਜਵਾਬ: ਹਾਂ, ਉਨ੍ਹਾਂ ਨੇ ਸਮਝੌਤਾ ਨਹੀਂ ਕੀਤਾ, ਮੈਨੂੰ ਇਸ ਦਾ ਪਤਾ ਹੈ।
ਸਵਾਲ: ਕੀ ਇਹ ਸੱਚੀਂ ਹੀ ਮੁਸ਼ਕਿਲ ਹੈ ਕਿ ਤੁਸੀਂ ਸਮਝੌਤਾ ਵੀ ਨਾ ਕਰੋ ਅਤੇ ਤੰਤਰ ਦਾ ਹਿੱਸਾ ਵੀ ਬਣੇ ਰਹੋ?
ਜਵਾਬ: ਇਕ ਵਾਰ ਸਮਝੌਤਾ ਕਰਨ ‘ਤੇ ਤੁਹਾਨੂੰ ਹਰ ਚੀਜ਼ ਨਾਲ ਸਮਝੌਤਾ ਕਰਨਾ ਪੈਂਦਾ ਹੈ; ਖ਼ੁਦ ਨਾਲ, ਆਪਣੇ ਖ਼ਿਆਲਾਂ ਨਾਲ, ਆਪਣੀ ਜ਼ਮੀਰ ਨਾਲ।
ਸਵਾਲ: ਕੀ ਗੁਜਰਾਤ ਵਿਚ ਕਿਸੇ ਅਫ਼ਸਰ ਲਈ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਕੰਮ ਕਰਦੇ ਰਹਿਣਾ ਸੰਭਵ ਹੈ?
ਜਵਾਬ: ਹਾਂ, ਹਾਂ। ਤੇ ਜਦੋਂ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝਣ ਵਾਲਾ ਕੋਈ ਵੱਡਾ ਅਫਸਰ ਸਮਝੌਤਾ ਕਰ ਲੈਂਦਾ ਹੈ, ਫਿਰ ਇਹ ਮੁਸ਼ਕਿਲ ਹੋ ਜਾਂਦਾ ਹੈ।
ਸਵਾਲ: ਤੁਹਾਡੇ ਨਾਲ ਵੀ ਇੰਞ ਹੀ ਹੋਇਆ? ਤੁਹਾਨੂੰ ਕਿੰਨਾ ਕੁ ਸੰਘਰਸ਼ ਕਰਨਾ ਪਿਆ?
ਜਵਾਬ: ਕੁਝ ਲੋਕ ਖੜ੍ਹੇ ਹੋਣ ਦਾ, ਸੰਘਰਸ਼ ਕਰਨ ਦਾ ਯਤਨ ਕਰਦੇ ਹਨ। ਕੁਝ ਅਜਿਹੇ ਵੀ ਹਨ ਜੋ ਮਰਦੇ ਦਮ ਤਕ ਲੜਦੇ ਰਹਿੰਦੇ ਹਨ। ਰਾਜਨ ਪ੍ਰਿਯਾਦਰਸ਼ੀ ਉਨ੍ਹਾਂ ਵਿਚੋਂ ਇਕ ਹਨ।
ਸਵਾਲ: ਤੇ ਤੁਸੀਂ?
ਜਵਾਬ: ਮੈਂ ਵੀ।
ਸਵਾਲ: ਤਾਂ ਕੀ ਇਹ ਤੰਤਰ ਤੁਹਾਨੂੰ ਸਹਿਯੋਗ ਦਿੰਦਾ ਹੈ?
ਜਵਾਬ: ਹਰਗਿਜ਼ ਨਹੀਂ। ਮੈਂ ਦਲਿਤ ਹਾਂ, ਪਰ ਬ੍ਰਾਹਮਣਾਂ ਵਰਗਾ ਹਰ ਕੰਮ ਕਰ ਸਕਦਾ ਹਾਂ। ਮੈਂ ਉਨ੍ਹਾਂ ਦੇ ਮੁਕਾਬਲੇ ਆਪਣਾ ਧਰਮ ਵੱਧ ਬਿਹਤਰੀ ਨਾਲ ਜਾਣਦਾ ਹਾਂ, ਪਰ ਲੋਕ ਇਸ ਨੂੰ ਨਹੀਂ ਸਮਝਦੇ। ਜੇ ਮੈਂ ਦਲਿਤ ਪਰਿਵਾਰ ਵਿਚ ਜੰਮਿਆ ਹਾਂ ਤਾਂ ਕੀ ਇਹ ਮੇਰਾ ਦੋਸ਼ ਹੈ?
ਸਵਾਲ: ਕੀ ਕਦੀ ਇੰਞ ਹੋਇਆ ਹੈ ਕਿ ਉਨ੍ਹਾਂ ਲੋਕਾਂ ਦੀ ਸੇਵਾ ਕਰਨ ਦੇ ਬਾਵਜੂਦ ਜਦੋਂ ਤਰੱਕੀ ਦਾ ਸਵਾਲ ਆਇਆ ਹੋਵੇ ਤਾਂ ਤੁਹਾਡੀ ਜਾਤ ਕਾਰਨ ਤੁਹਾਨੂੰ ਰੋਕ ਦਿੱਤਾ ਗਿਆ ਹੋਵੇ?
ਜਵਾਬ: ਹਾਂ, ਕਈ ਵਾਰ ਐਸਾ ਹੋਇਆ ਹੈ। ਦੇਖੋ, ਗੁਜਰਾਤ ਹੀ ਨਹੀਂ, ਸਾਰੇ ਸੂਬਿਆਂ ਵਿਚ ਇਹ ਚਲਦਾ ਹੈ। ਇਹ ਬ੍ਰਾਹਮਣ ਅਤੇ ਕਸ਼ੱਤਰੀ ਆਪਣੇ ਮਤਹਿਤ ਦਲਿਤ ਜਾਂ ਓæਬੀæਸੀæ ਨੂੰ ਨਹੀਂ ਰੱਖਦੇ।
ਸਵਾਲ: ਤੁਹਾਡੇ ਸੀਨੀਅਰ ਦਲਿਤ ਹਨ?
ਜਵਾਬ: ਨਹੀਂ, ਪਰ ਮੇਰਾ ਕੰਮ ਚੱਲੀ ਜਾਂਦਾ ਹੈ। ਮੈਂ ਉਨ੍ਹਾਂ ਲਈ ਜ਼ਰੂਰੀ ਹਾਂ, ਕਿਉਂਕਿ ਮੈਂ ਉਨ੍ਹਾਂ ਲਈ ਦਹਿਸ਼ਤਵਾਦ ਦੇ ਕਈ ਮਾਮਲੇ ਨਜਿੱਠੇ ਹਨ। ਇਸ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਕਦੇ ਕਦਾਈਂ ਉਹ ਮੈਨੂੰ ਐਸਾ ਕੰਮ ਕਰਨ ਲਈ ਕਹਿ ਦਿੰਦੇ ਨੇ ਜੋ ਸਿਪਾਹੀ ਦੇ ਲਾਇਕ ਹੁੰਦਾ ਹੈ।
ਸਵਾਲ: ਊਸ਼ਾ (ਰਾਡਾ) ਦੱਸ ਰਹੀ ਸੀ ਕਿ ਤੁਸੀਂ ਵੀ ਕਿਸੇ ਵਿਵਾਦ ਵਿਚ ਫਸੇ ਸੀ?
ਜਵਾਬ: ਹਾਂ, 2004 ਵਿਚ ਅਸੀਂ ਚਾਰ ਲੋਕਾਂ ਨੂੰ ਮੁਕਾਬਲੇ ਵਿਚ ਮਾਰ ਦਿੱਤਾ ਸੀ। ਦੋ ਪਾਕਿਸਤਾਨੀ ਸਨ ਅਤੇ ਦੋ ਮੁੰਬਈ ਤੋਂ ਸਨ। ਉਨ੍ਹਾਂ ਵਿਚ ਇਕ ਕੁੜੀ ਇਸ਼ਰਤ ਸੀ। ਇਹ ਮਾਮਲਾ ਕਾਫ਼ੀ ਚਰਚਿਤ ਹੋਇਆ ਹੈ। ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਇਸ ਮੁਕਾਬਲੇ ਦੀ ਜਾਂਚ ਕੀਤੀ ਜਾਵੇ, ਇਹ ਅਸਲੀ ਸੀ ਜਾਂ ਫਰਜ਼ੀ।
ਸਵਾਲ: ਫਰਜ਼ੀ ਸੀ? ਤੁਸੀਂ ਇਸ ਵਿਚ ਕੀ ਕਰ ਰਹੇ ਸੀ?
ਜਵਾਬ: ਮੈਂ ਉਸ ਮੁਕਾਬਲੇ (ਐਨਕਾਊਂਟਰ) ਦਾ ਹਿੱਸਾ ਜੁ ਸੀ।
ਸਵਾਲ: ਪਰ ਤੁਹਾਨੂੰ ਇਸ ਵਿਚ ਕਿਉਂ ਉਲਝਾਇਆ ਗਿਆ?
ਜਵਾਬ: ਦੇਖੋ, ਇਹ ਸਭ ਮਨੁੱਖੀ ਅਧਿਕਾਰ ਕਮਿਸ਼ਨਾਂ ਦਾ ਕੰਮ ਹੈ। ਕੁਝ ਮਾਮਲੇ ਮੁਸ਼ਕਿਲ ਹੁੰਦੇ ਹਨ ਤਾਂ ਉਨ੍ਹਾਂ ਨਾਲ ਵੱਖਰੀ ਤਰ੍ਹਾਂ ਨਜਿੱਠਣਾ ਪੈਂਦਾ ਹੈ। ਹੁਣ ਅਮਰੀਕਾ ਨੂੰ ਦੇਖੋ, ਉਸ ਨੇ 9/11 ਤੋਂ ਬਾਅਦ ਕੀ ਕੀਤਾ। ਉਥੇ ਇਕ ਜਗ੍ਹਾ ਸੀ, ਗੁਆਂਟਾਨਾਮੋ। ਉਥੇ ਲੋਕਾਂ ਨੂੰ ਹਿਰਾਸਤ ਵਿਚ ਰੱਖਿਆ ਜਾਂਦਾ ਸੀ ਅਤੇ ਤਸੀਹੇ ਦਿੱਤੇ ਜਾਂਦੇ ਸਨ। ਮਗਰ ਠੀਕ ਹੈ ਨਾ। ਹਰ ਕਿਸੇ ਨੂੰ ਤਾਂ ਤਸੀਹੇ ਦਿੱਤੇ ਨਹੀਂ ਜਾਂਦੇ। ਦਸ ਫ਼ੀਸਦੀ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ, ਭਾਵੇਂ ਉਨ੍ਹਾਂ ਨੇ ਕੁਝ ਨਾ ਕੀਤਾ ਹੋਵੇ। ਇਨ੍ਹਾਂ ਵਿਚੋਂ ਇਕ ਫ਼ੀਸਦੀ ਤਾਂ ਗ਼ਲਤ ਹੋਣਗੇ ਹੀ। ਇਹ ਸਭ ਕੁਝ ਰਾਸ਼ਟਰ, ਮੁਲਕ ਨੂੰ ਬਚਾਉਣ ਲਈ ਕਰਨਾ ਹੀ ਪੈਂਦਾ ਹੈ।
ਸਵਾਲ: ਇਹ ਲੋਕ ਕੌਣ ਸਨ? ਲਸ਼ਕਰ ਦੇ ਦਹਿਸ਼ਤਗਰਦ?
ਜਵਾਬ: ਹਾਂ।
ਸਵਾਲ: ਕੁੜੀ, ਇਸ਼ਰਤ ਵੀ?
ਜਵਾਬ: ਦੇਖੋ, ਉਹ ਨਹੀਂ ਸੀ, ਪਰ ਉਸੇ ਵਾਰਦਾਤ ਵਿਚ ਉਹ ਵੀ ਮਾਰੀ ਗਈ। ਮੇਰਾ ਮਤਲਬ ਹੈ, ਉਹ ਹੋ ਵੀ ਸਕਦੀ ਹੈ ਅਤੇ ਨਹੀਂ ਵੀ। ਹੋ ਸਕਦਾ ਹੈ ਉਸ ਦਾ ਕਵਰ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਂਦਾ ਰਿਹਾ ਹੋਵੇ।
ਸਵਾਲ: ਮਤਲਬ ਇਹ ਕਿ ਤੁਸੀਂ ਸਾਰੇ ਭਾਵ ਵਨਜਾਰਾ, ਪਾਂਡਿਅਨ, ਅਮੀਨ, ਪਰਮਾਰ ਅਤੇ ਕਈ ਹੋਰ ਹੇਠਲੀਆਂ ਜਾਤਾਂ ਤੋਂ ਹੋ। ਤੁਸੀਂ ਜੋ ਕੁਝ ਕੀਤਾ, ਸੱਤਾ ਦੇ ਕਹਿਣ ‘ਤੇ ਕੀਤਾ। ਇਸ ਦਾ ਭਾਵ ਹੈ ਕਿ ਤੁਹਾਨੂੰ ਇਸਤੇਮਾਲ ਕਰ ਕੇ ਵਗਾਹ ਮਾਰਿਆ ਗਿਆ ਹੈ?
ਜਵਾਬ: ਹਾਂ, ਸਾਡੇ ਸਾਰਿਆਂ ਨਾਲ ਇੰਞ ਹੀ ਹੋਇਆ ਹੈ, ਪਰ ਸਰਕਾਰ ਇੰਞ ਨਹੀਂ ਸੋਚਦੀ। ਉਸ ਨੂੰ ਲਗਦਾ ਹੈ ਕਿ ਸਾਡਾ ਕੰਮ ਉਸ ਦੀ ਗੱਲ ਮੰਨਣਾ ਹੈ ਅਤੇ ਉਸ ਦੀ ਜ਼ਰੂਰਤ ਨੂੰ ਪੂਰਾ ਕਰਨਾ ਹੈ। ਹਰ ਸਰਕਾਰੀ ਨੌਕਰ ਜੋ ਕੁਝ ਵੀ ਕਰਦਾ ਹੈ, ਉਹ ਸਰਕਾਰ ਲਈ ਹੀ ਕਰਦਾ ਹੈ। ਇਸ ਦੇ ਬਾਵਜੂਦ ਸਮਾਜ ਅਤੇ ਸਰਕਾਰ ਤੁਹਾਨੂੰ ਆਪਣਾ ਨਹੀਂ ਮੰਨਦੇ। ਵਨਜਾਰਾ ਨੇ ਜੋ ਕੁਝ ਵੀ ਕੀਤਾ, (ਪਰ) ਉਸ ਦੇ ਨਾਲ ਕੋਈ ਵੀ ਖੜ੍ਹਾ ਨਹੀਂ ਹੋਇਆ।
ਸਵਾਲ: ਪਰ ਸਰ, ਤੁਸੀਂ ਲੋਕਾਂ ਨੇ ਜੋ ਕੁਝ ਵੀ ਕੀਤਾ, ਉਹ ਤਾਂ ਸਰਕਾਰ ਦੇ ਕਹਿਣ ‘ਤੇ ਹੀ ਕੀਤਾ ਸੀ, ਸਿਆਸੀ ਤਾਕਤਾਂ ਦੇ ਕਹਿਣ ‘ਤੇ ਹੀ ਕੀਤਾ ਸੀ, ਫਿਰ ਉਹ ਲੋਕ ਕਿਉਂ ਨਹੀਂæææ?
ਜਵਾਬ: ਸਿਸਟਮ ਕੇ ਸਾਥ ਰਹਨਾ ਹੈ ਤੋ ਲੋਗੋਂ ਕੋ ਕੰਪਰੋਮਾਈਜ਼ ਕਰਨਾ ਪੜ੍ਹਤਾ ਹੈ।
ਸਵਾਲ: ਮਤਲਬ, ਪ੍ਰਿਯਾਦਰਸ਼ੀ ਸਰਕਾਰ ਦੇ ਨੇੜੇ ਨਹੀਂ ਸਨ?
ਜਵਾਬ: ਉਹ ਸਰਕਾਰ ਦੇ ਨੇੜੇ ਤਾਂ ਸਨ, ਪਰ ਜਦ ਕਦੇ ਉਨ੍ਹਾਂ ਨੂੰ ਕੁਝ ਗ਼ਲਤ ਕਰਨ ਲਈ ਕਿਹਾ ਜਾਂਦਾ, ਉਹ ਨਾਂਹ ਕਰ ਦਿੰਦੇ ਸਨ।
ਸਵਾਲ: ਹਾਂ, ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਕੋਈ ਮੁਕਾਬਲਾ ਬਣਾਉਣ ਲਈ ਕਿਹਾ ਗਿਆ ਸੀ, ਪਾਂਡਿਅਨ ਨਾਲ। ਉਨ੍ਹਾਂ ਨਾਂਹ ਕਰ ਦਿੱਤੀ ਸੀ।
ਜਵਾਬ: ਪਤਾ ਨਹੀਂ, ਮੈਂ ਪਾਂਡਿਅਨ ਦੇ ਪਿਛੋਕੜ ਤੋਂ ਜ਼ਿਆਦਾ ਵਾਕਿਫ਼ ਨਹੀਂ ਹਾਂ। ਹੁਣ ਉਹ ਜੇਲ੍ਹ ਵਿਚ ਹੈ।
ਸਵਾਲ: ਉਹ ਗ੍ਰਹਿ ਮੰਤਰੀ ਦੇ ਏਨਾ ਨੇੜੇ ਕਿਵੇਂ ਹੋ ਗਏ?
ਜਵਾਬ: ਏæਟੀæਐਸ਼ ਵਿਚ ਆਉਣ ਤੋਂ ਪਹਿਲਾਂ ਉਹ ਖੁਫ਼ੀਆ ਵਿਭਾਗ ਵਿਚ ਸਨ।
ਸਵਾਲ: ਓਹæææ ਇਸ ਦਾ ਮਤਲਬ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ, ਦੋਵੇਂ ਆਪਣਾ ਮਤਲਬ ਕੱਢ ਰਹੇ ਹਨ। ਹੁਣ ਤੁਹਾਨੂੰ ਕੋਈ ਰਾਹਤ ਮਿਲੀ?
ਜਵਾਬ: ਕੁਝ ਚੀਜ਼ਾਂ ਸਾਡੇ ਹੱਥ ਵੱਸ ਨਹੀਂ ਹਨ। ਅਸੀਂ ਜੋ ਕੀਤਾ, ਸਿਸਟਮ ਲਈ ਕੀਤਾ।
ਸਵਾਲ: ਤੁਸੀਂ ਅਜੇ ਵੀ ਰਡਾਰ ਹੇਠ ਹੋ ਜਾਂ ਤੁਹਾਡਾ ਕੇਸ ਖ਼ਤਮ ਹੋ ਗਿਆ?
ਜਵਾਬ: ਕੇਸ ਚੱਲ ਰਿਹਾ ਹੈ। ਤਕਰੀਬਨ ਨੇੜੇ ਹੋ ਗਿਆ।
ਸਵਾਲ: ਅੱਛਾ, ਸਟੇਟ ਤੁਹਾਡੀ ਮਦਦ ਕਰ ਰਿਹਾ ਹੈ ਜਾਂ ਨਹੀਂ?
ਜਵਾਬ: ਦੇਖੋ, ਚਾਹੇ ਕਾਂਗਰਸ ਹੈ ਜਾਂ ਭਾਜਪਾ, ਸਿਆਸੀ ਪਾਰਟੀਆਂ ਤਾਂ ਸਿਆਸੀ ਪਾਰਟੀਆਂ ਹਨ। ਪਹਿਲਾਂ ਉਹ ਆਪਣਾ ਲਾਹਾ ਦੇਖਦੀਆਂ ਹਨ, ਕਿਨ੍ਹਾਂ ਹਾਲਾਤ ਵਿਚ ਉਨ੍ਹਾਂ ਨੂੰ ਫ਼ਾਇਦਾ ਹੋ ਸਕਦਾ ਹੈ। ਸਾਡੇ ਮਾਮਲੇ ਵਿਚ ਉਹ ਮਦਦ ਕਰ ਰਹੇ ਹਨ, ਪਰ ਇਹ ਵੀ ਦੇਖ ਰਹੇ ਹਨ ਕਿ ਉਨ੍ਹਾਂ ਨੂੰ ਲਾਹਾ ਮਿਲਦਾ ਹੈ ਜਾਂ ਨਹੀਂ; ਜੇ ਇਹ ਠੁੱਸ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਸ ਵਿਚੋਂ ਕੀ ਮਿਲੇਗਾ।æææ
ਜ਼ਰਾ ਉਨ੍ਹਾਂ ਲੋਕਾਂ ਨੂੰ ਦੇਖੋ ਜੋ ਸਾਡੇ ਵਾਲੇ ਮੁਕਾਬਲੇ ਦੀ ਜਾਂਚ ਕਰ ਰਹੇ ਹਨ। ਕਰਨੈਲ ਸਿੰਘ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦਾ ਜਾਇੰਟ ਕਮਿਸ਼ਨਰ ਸੀ, ਉਸ ਦਾ ਮਿਜ਼ੋਰਮ ਦਾ ਤਬਾਦਲਾ ਕਰ ਦਿੱਤਾ ਗਿਆ। ਉਸ ਦੇ ਕਾਰਜਕਾਲ ਦੌਰਾਨ 44 ਮੁਕਾਬਲੇ ਹੋਏ। ਤੇ ਹੁਣ ਉਹ ਸਾਡੀ ਜਾਂਚ ਲਈ ਬਣਾਈ ‘ਸਿੱਟ’ ਦਾ ਚੇਅਰਮੈਨ ਹੈ। ਇਕ ਹੋਰ ਅਫ਼ਸਰ ਹੈ ਸਤੀਸ਼ ਵਰਮਾ ਜੋ ਮਨੁੱਖੀ ਹੱਕਾਂ ਦਾ ਹਾਮੀ ਹੋਣ ਦੇ ਦਮਗਜੇ ਮਾਰਦਾ ਹੈ, ਪਰ ਉਸ ਨੇ ਵੀ ਦਸ ਮੁਕਾਬਲੇ ਬਣਾਏ। ਉਹ ਦਿਖਾਵਾ ਇਹ ਕਰਦਾ ਹੈ ਕਿ ਉਹ ਤਾਂ ਸਾਫ਼-ਸੁਥਰਾ ਹੈ।
ਸਵਾਲ: ਇਸ ਦਾ ਤਰਕਪੂਰਨ ਅੰਤ ਕੀ ਹੋਵੇਗਾ?
ਜਵਾਬ: ਦੇਖੋ, ਇਸ ਵਿਚੋਂ ਕੁਝ ਨਹੀਂ ਨਿਕਲਣਾ।
ਸਵਾਲ: ਪਰ ਤੁਸੀਂ ਅਤੇ ਬਹੁਤ ਸਾਰੇ ਹੋਰ ਅਫ਼ਸਰ ਸੋਹਰਾਬੂਦੀਨ ਵਾਲੇ ਮਾਮਲੇ ਵਿਚ ਵੀ ਸ਼ਾਮਲ ਸੀ?
ਜਵਾਬ: ਹਾਂ।
ਸਵਾਲ: ਮੈਂ ਗੀਤਾ ਜੌਹਰੀ ਨੂੰ ਮਿਲੀ ਸੀ।
ਜਵਾਬ: ਓਹ, ਹਾਂ। ਉਸ ਨੇ ਬਹੁਤ ਵਧੀਆ ਜਾਂਚ ਕੀਤੀ ਅਤੇ ਬਾਅਦ ਵਿਚ ਰਜਨੀਸ਼ ਰਾਏ ਨੇ ਵੀ। ਉਨ੍ਹਾਂ ਨੇ ਵਧੀਆ ਕੰਮ ਕੀਤਾ। ਉਨ੍ਹਾਂ ਨੇ ਆਪ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਸਵਾਲ: ਪਰ ਇਹ ਅਮਿਤ ਸ਼ਾਹ ਦਾ ਮਾਮਲਾ ਕੀ ਹੈæææ ਮੈਂ ਤੁਹਾਡੇ ਅਫ਼ਸਰਾਂ ਬਾਰੇ ਵੀ ਸੁਣ ਰਹੀ ਹਾਂ। ਮੇਰਾ ਮਤਲਬ, ਇਕ ਤਰ੍ਹਾਂ ਦਾ ਅਫ਼ਸਰ-ਨੇਤਾ ਗਰੋਹ ਜਿਹਾ ਕੁਝ, ਖ਼ਾਸ ਕਰ ਕੇ ਮੁਕਾਬਲਿਆਂ ਦੇ ਮਾਮਲੇ ਵਿਚ ਕੰਮ ਕਰ ਰਿਹਾ ਹੈ। ਮੈਂ ਦੂਸਰੇ ਮੰਤਰੀਆਂ ਨੂੰ ਮਿਲੀ ਸੀ ਤਾਂ ਮੈਨੂੰ ਇਸ ਦਾ ਅੰਦਾਜ਼ਾ ਹੋਇਆ।
ਜਵਾਬ: ਇਹੀ ਨਹੀਂ, ਮੁੱਖ ਮੰਤਰੀ ਵੀæææ ਜਿੰਨੇ ਵੀ ਮੰਤਰਾਲੇ ਅਤੇ ਮੰਤਰੀ ਨੇ, ਸਾਰੇ ਰਬੜ ਦੀਆਂ ਮੋਹਰਾਂ ਹਨ। ਸਾਰੇ ਫ਼ੈਸਲੇ ਮੁੱਖ ਮੰਤਰੀ ਕਰਦਾ ਹੈ। ਮੰਤਰੀ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਤੋਂ ਪ੍ਰਵਾਨਗੀ ਲੈਂਦੇ ਹਨ।
ਸਵਾਲ: ਫਿਰ ਤਮਾਮ ਮਾਮਲਿਆਂ ਵਿਚ, ਸਮੇਤ ਤੁਹਾਡੇ ਮਾਮਲੇ ਦੇ, ਉਨ੍ਹਾਂ ਨੂੰ ਕੋਈ ਆਂਚ ਕਿਉਂ ਨਹੀਂ ਆਉਂਦੀ? ਇਨ੍ਹਾਂ ਮਾਮਲਿਆਂ ਵਿਚ ਉਹ ਦੋਸ਼ੀ ਕਿਉਂ ਨਹੀਂ ਸਾਬਤ ਹੋਏ?
ਜਵਾਬ: ਕਿਉਂਕਿ ਉਹ ਸਿੱਧੇ ਸਾਹਮਣੇ ਕਦੇ ਵੀ ਨਹੀਂ ਆਉਂਦੇ। ਉਹ ਆਪਣੇ ਨੌਕਰਸ਼ਾਹਾਂ ਨੂੰ ਨਿਰਦੇਸ਼ ਦਿੰਦੇ ਹਨ।
ਸਵਾਲ: ਜੇ ਤੁਹਾਡੇ ਮਾਮਲੇ ਵਿਚ ਅਮਿਤ ਸ਼ਾਹ ਦੀ ਗ੍ਰਿਫ਼ਤਾਰੀ ਹੋਈ ਤਾਂ ਇਸੇ ਤਰਜ਼ ‘ਤੇ ਮੁੱਖ ਮੰਤਰੀ ਨੂੰ ਵੀ ਗ੍ਰਿਫ਼ਤਾਰ ਹੋਣਾ ਚਾਹੀਦਾ ਸੀ?
ਜਵਾਬ: ਬਿਲਕੁਲ, ਸੋਹਰਾਬੂਦੀਨ ਦੀ ਹੱਤਿਆ ਵਿਚ ਅਫ਼ਸਰਾਂ ਦੀ ਗ੍ਰਿਫਤਾਰੀ ਤੋਂ ਐਨ ਪਿੱਛੋਂ 2007 ਵਿਚ ਸੋਨੀਆ ਗਾਂਧੀ ਇਥੇ ਆਈ ਸੀ ਅਤੇ ਉਨ੍ਹਾਂ ਨੇ ਅਫਸਰਾਂ ਨੂੰ ‘ਮੌਤ ਕੇ ਸੌਦਾਗਰ’ ਕਿਹਾ ਸੀ। ਇਸ ਤੋਂ ਬਾਅਦ ਹਰ ਇਕੱਠ ਵਿਚ ਮੋਦੀ ਜੀ ਜ਼ੋਰ ਜ਼ੋਰ ਨਾਲ ਚੀਕਦੇ ਸਨ- ‘ਮੌਤ ਕੇ ਸੌਦਾਗਰ’? ਸੋਹਰਾਬੂਦੀਨ ਕੌਨ ਥਾ? ਉਸ ਕੋ ਮਾਰਾ ਤੋ ਅੱਛਾ ਹੂਆ ਕਿ ਨਹੀਂ ਹੂਆ?’ ਚੰਗਾ ਹੋਇਆ ਕਿ ਨਹੀਂ? ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰੀ ਬਹੁਮਤ ਮਿਲ ਗਿਆ। ਉਹ ਜੋ ਚਾਹੁੰਦੇ ਸੀ, ਉਹੀ ਹਾਸਲ ਹੋ ਗਿਆ।
ਸਵਾਲ: ਤੇ ਜਿਨ੍ਹਾਂ ਅਫ਼ਸਰਾਂ ਤੋਂ ਉਨ੍ਹਾਂ ਨੇ ਸਭ ਕੁਝ ਕਰਵਾਇਆ, ਹੁਣ ਉਹ ਉਨ੍ਹਾਂ ਦੀ ਮਦਦ ਨਹੀਂ ਕਰ ਰਹੇ?
ਜਵਾਬ: ਨਹੀਂ, ਉਹ ਸਾਰੇ ਜੇਲ੍ਹ ਵਿਚ ਹਨ।
ਸਵਾਲ: ਉਨ੍ਹਾਂ ਨੇ ਕਦੇ ਤੁਹਾਨੂੰ ਵੀ ਇਨ੍ਹਾਂ ਮੁਕਾਬਲਿਆਂ ਬਾਰੇ ਕੋਈ ਸਵਾਲ ਪੁੱਛਿਆ ਸੀ?
ਜਵਾਬ: ਕਦੇ ਵੀ ਨਹੀਂ। ਦੇਖੋ, ਇਨ੍ਹਾਂ ਨੇ ਸਭ ਦਾ ਲਾਹਾ ਲੈਣਾ ਹੁੰਦੈ; ਫ਼ਸਾਦ ਹੋਏ, ਮੁਸਲਿਮ ਕੋ ਮਾਰਾ, ਬੈਨੀਫਿਟ ਲੀਆ, ਇਸ ਪਰ ਭੀ ਕੀਆ।
ਸਵਾਲ: ਕੀ ਤੁਹਾਡੇ ਸ਼ਾਹ ਸਾਹਿਬ ਦੁਬਾਰਾ ਗ੍ਰਹਿ ਮੰਤਰਾਲੇ ਵਿਚ ਆਉਣਗੇ?
ਜਵਾਬ: ਨਹੀਂ, ਹੁਣ ਉਹ ਨਹੀਂ ਆ ਸਕਣਗੇ, ਕਿਉਂਕਿ ਸੀæਐਮæ ਨੂੰ ਉਸ ਤੋਂ ਡਰ ਲਗਦਾ ਹੈ, ਕਿਉਂਕਿ ਉਹ ਗ੍ਰਹਿ ਵਿਭਾਗ ਵਿਚ ਬਹੁਤ ਪਾਪੂਲਰ ਹੋ ਗਿਆ ਸੀ। ਉਹ ਸਰਕਾਰ ਦੀ ਕਮਜ਼ੋਰੀ ਜਾਣਦਾ ਹੈ, ਇਸ ਲਈ ਮੁੱਖ ਮੰਤਰੀ ਕਦੇ ਵੀ ਨਹੀਂ ਚਾਹੁਣਗੇ ਕਿ ਗ੍ਰਹਿ ਮੰਤਰੀ ਕੋਈ ਐਸਾ ਬੰਦਾ ਬਣੇ ਜੋ ਸਭ ਕੁਝ ਦਾ ਭੇਤੀ ਹੋਵੇ।
ਸਵਾਲ: ਤਾਂ ਕੀ ਹੁਣ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਦੀ ਆਪੋ ਵਿਚ ਬਣਦੀ ਨਹੀਂ?
ਜਵਾਬ: ਨਹੀਂ, ਇਹ ਮੁੱਖ ਮੰਤਰੀ ਮੋਦੀ ਜਿਵੇਂ ਤੁਸੀਂ ਹੁਣੇ ਆਖ ਰਹੇ ਸੀ, ਉਹ ਮੌਕਾਪ੍ਰਸਤ ਹੈ। ਆਪਣਾ ਕੰਮ ਕੱਢਿਆ, ਤੇ ਬੱਸ!
ਸਵਾਲ: ਘਟੀਆ ਕੰਮ।
ਜਵਾਬ: ਹਾਂ
ਸਵਾਲ: ਤੁਸੀਂ ਇਸ ਤੋਂ ਬਿਨਾ ਹੋਰ ਕਿੰਨੇ ਕੁ ਮੁਕਾਬਲੇ ਬਣਾਏ?
ਜਵਾਬ: ਹਮਮæææ ਸ਼ਾਇਦ ਦਸ ਦੇ ਕਰੀਬ।
ਸਵਾਲ: ਸਾਰੇ ਅਹਿਮ ਮੁਕਾਬਲੇ ਸਨ?
ਜਵਾਬ: ਨਹੀਂ, ਨਹੀਂ।
ਫਰਜ਼ੀ ਮੁਕਾਬਲਿਆਂ ਦੀ ਜਾਂਚ ਸਾਰੇ ਰੋਜ਼ਾਨਾ ਅਖ਼ਬਾਰਾਂ ਦੇ ਗੁਜਰਾਤ ਐਡੀਸ਼ਨਾਂ ਵਿਚ ਰੋਜ਼ ਸੁਰਖ਼ੀਆਂ ਬਣ ਕੇ ਛਾਈ ਰਹਿੰਦੀ ਸੀ, ਇਸ ਤੱਥ ਨੇ ਮੈਨੂੰ ਸਿੰਘਲ ਤੋਂ ਘੋਖਵੇਂ ਸਵਾਲ ਪੁੱਛਣ ਦਾ ਬਹਾਨਾ ਦੇ ਦਿੱਤਾ, ਤੇ ਉਸ ਨੂੰ ਸ਼ੱਕ ਵੀ ਨਹੀਂ ਹੋਇਆ। ਜਦੋਂ ਦਿਨ ਗੁਜ਼ਰ ਗਏ ਅਤੇ ਜਦੋਂ ਦੀ ਮੈਂ ਸਿੰਘਲ ਨੂੰ ਮਿਲੀ ਸੀ, ਮੈਂ ਆਪਣੇ ਅੰਦਰ ਗੁਨਾਹ ਦੀ ਭਾਵਨਾ ਹਮਦਰਦੀ ਮਹਿਸੂਸ ਕਰਨ ਲੱਗੀ। ਕੀ ਉਹ ਸੱਚੀਂ ਹੀ ਬੇਕਸੂਰ ਸੀ ਜਿਸ ਨੂੰ ਪ੍ਰਬੰਧ ਨੇ ਗ਼ਲਤ ਬਣਾ ਦਿੱਤਾ ਸੀ, ਜਿਵੇਂ ਉਹ ਮੈਨੂੰ ਜਚਾਉਣਾ ਚਾਹੁੰਦਾ ਸੀ? ਉਹ ਫਿਲਮਾਂ ਵਿਚੋਂ ਆਪਣੀ ਹਾਲਤ ਨਾਲ ਮਿਲਦੇ-ਜੁਲਦੇ ਕਿਰਦਾਰ ਲੈ-ਲੈ ਕੇ ਮੈਨੂੰ ਮਿਸਾਲਾਂ ਦਿੰਦਾ ਅਤੇ ਮੈਨੂੰ ਉਨ੍ਹਾਂ ਦਾ ਚੇਤਾ ਕਰਾਉਂਦਾ, ਗੱਲਬਾਤ ਭਗਵਦ ਗੀਤਾ ਦੇ ਸਲੋਕਾਂ ਅਤੇ ਉਸ ਵਲੋਂ ਧਰਮ ਦੀ ਓਟ ਲੈਣ ਵੱਲ ਮੁੜ ਜਾਂਦੀ। ਅਸੀਂ ਓਸ਼ੋ ਬਾਰੇ ਅਤੇ ਮੇਰੀ ਸਿਗਰਟਾਂ ਪੀਣ ਦੀ ਆਦਤ ਬਾਰੇ ਚਰਚਾ ਕਰਦੇ। ਉਸ ਨੇ ਮਸ਼ਵਰਾ ਦਿੱਤਾ- ‘ਜੇ ਛੱਡ ਸਕਦੀ ਏਂ ਤਾਂ ਛੱਡ ਦੇ, ਇਹ ਚੰਗੀ ਨਹੀਂ।’ ਉਹ ਮੇਰੇ ਨਾਲ ਗੂੜ੍ਹੀ ਦੋਸਤੀ ਬਣਾ ਰਿਹਾ ਸੀ। ਮੈਂ ਕੋਈ ਬਾਹਰਲਾ ਬੰਦਾ ਸਾਂ ਜੋ ਉਥੋਂ ਦੇ ਕਿਸੇ ਅੰਦਰਲੇ ਬੰਦੇ ਦੇ ਭਵਿੱਖਨਕਸ਼ੇ ਤੋਂ ਉਸ ਬਾਰੇ ਰਾਏ ਬਣਾਉਣ ਲਈ ਨਹੀਂ ਗਈ ਸੀ।
ਸੱਚੀਂ ਹੀ ਮੈਂ ਇਹ ਹਿਸਾਬ-ਕਿਤਾਬ ਨਹੀਂ ਲਾ ਸਕੀ ਕਿ ਇਹ ਬੰਦਾ ਅਸਲ ਵਿਚ ਇਸ ਤਰ੍ਹਾਂ ਕਿਉਂ ਸੋਚਦਾ ਸੀ। ਇਕ ਦਿਨ ਜਦੋਂ ਮੈਂ ਆਪਣੇ ਹੋਸਟਲ ਵਾਪਸ ਆਈ, ਮੈਂ ਸਿੱਧੀ ਪੀæਸੀæਓæ ਉਪਰ ਚਲੀ ਗਈ। ਮੈਂ ਭਿਆਨਕ ਉਲਝਣ ਦਾ ਸ਼ਿਕਾਰ ਸੀ ਅਤੇ ਮੈਂ ਮਨ ਬਣਾਇਆ ਕਿ ਮੈਨੂੰ ਅੰਮਾ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂ ਸਿੰਘਲ ਪ੍ਰਤੀ ਹਮਦਰਦੀ ਮਹਿਸੂਸ ਕਰ ਰਹੀ ਸੀ, ਪਰ ਇੰਞ ਕਰਨਾ ਮੈਨੂੰ ਵਾਰਾ ਨਹੀਂ ਸੀ ਖਾ ਸਕਦਾ। ਉਸ ਦਾ ਰਵੱਈਆ ਉਨ੍ਹਾਂ ਅਫ਼ਸਰਾਂ ਵਰਗਾ ਢੀਠ ਨਹੀਂ ਸੀ ਜਿਨ੍ਹਾਂ ਨੂੰ ਮੈਂ ਪਹਿਲਾਂ ਮਿਲ ਚੁੱਕੀ ਸੀ; ਜੋ ਬੇਰਹਿਮੀ ਨਾਲ ਕੀਤੇ ਕਤਲਾਂ, ਮੁਕਾਬਲਿਆਂ ਨੂੰ ਲੈ ਕੇ ਬਾਘੀਆਂ ਪਾਉਂਦੇ ਸਨ, ਪਰ ਐਸੇ ਕਤਲਾਂ ਦੀ ਕੋਈ ਵੀ ਵਾਜਬੀਅਤ ਨਹੀਂ ਹੋ ਸਕਦੀ ਸੀ, ਜਦੋਂ ਕੋਈ ਬੰਦਾ ਇਨ੍ਹਾਂ ਵਿਚ ਸ਼ਾਮਲ ਸੀ, ਜਾਂ ਉਹ ਐਸਾ ਅਫਸਰ ਸੀ ਜਿਸ ਨੇ ਸੱਚ ਨੂੰ ਦਬਾਉਣ ਦਾ ਫ਼ੈਸਲਾ ਕੀਤਾ ਹੋਇਆ ਸੀ। ਜਿਵੇਂ ਮੇਰੀ ਮਾਂ ਨੇ ਉਸ ਦਿਨ ਮੈਨੂੰ ਸਮਝਾਇਆ ਕਿ ਐਸੇ ਬੰਦੇ ਮਿਲਣਗੇ ਜੋ ਤੁਹਾਨੂੰ ਆਪਣੇ ਵਤੀਰੇ, ਆਪਣੇ ਕਾਰਿਆਂ ਦੀਆਂ ਬਹੁਤ ਸਾਰੀਆਂ ਸਫ਼ਾਈਆਂ ਦੇਣਗੇ। ਤੁਹਾਡੇ ਕਰਨ ਵਾਲਾ ਕੰਮ ਇਹ ਹੁੰਦਾ ਹੈ ਕਿ ਤੁਸੀਂ ਵਾਪਸ ਆ ਕੇ ਇਹ ਦੇਖੋ ਕਿ ਉਨ੍ਹਾਂ ਨੇ ਸੱਚਮੁੱਚ ਇਹੀ ਕੀਤਾ ਸੀ, ਤੇ ਫਿਰ ਤੁਸੀਂ ਜਾਣ ਜਾਵੋਗੇ ਕਿ ਉਨ੍ਹਾਂ ਦੀਆਂ ਸਫ਼ਾਈਆਂ ਦੀ ਕੋਈ ਵੁੱਕਤ ਬਣਦੀ ਹੈ ਜਾਂ ਨਹੀਂ।
ਹੁਣ ਮੈਨੂੰ ਇਹ ਤਾਂ ਸਪਸ਼ਟ ਸੀ ਕਿ ਐਨੇ ਸਾਲ ਖ਼ਾਮੋਸ਼ ਰਹਿ ਕੇ ਸਿੰਘਲ ਬਾਕੀਆਂ ਵਾਂਗ ਹੀ ਇਸ ਵਿਚ ਹਿੱਸੇਦਾਰ ਸੀ, ਪਰ ਰਾਜ ਤੰਤਰ ਵਲੋਂ ਐਸੇ ਨਿਸ਼ਾਨੇ ਦੀ ਮਾਰ ਹੇਠ ਆਏ ਆਹਲਾ ਅਫ਼ਸਰਾਂ ਨੂੰ ਘਿਨਾਉਣੇ ਤਰੀਕੇ ਨਾਲ ਇਸਤੇਮਾਲ ਕਰ ਕੇ ਸੁੱਟ ਦੇਣ ਦਾ ਨੋਟਿਸ ਲਏ ਬਿਨਾ ਨਹੀਂ ਰਿਹਾ ਜਾ ਸਕਦਾ। ਸਿੰਘਲ ਨੇ ਜਿਸ ‘ਇਸਤੇਮਾਲ ਕਰੋ ਤੇ ਸੁੱਟ ਦਿਓ’ ਦੀ ਨੀਤੀ ਦੀ ਗੱਲ ਕੀਤੀ ਸੀ ਜਿਸ ਨੂੰ ਮੈਂ ਆਪਣੇ ਖੁਫ਼ੀਆ ਕੈਮਰੇ ਵਿਚ ਰਿਕਾਰਡ ਕਰ ਲਿਆ ਸੀ, ਕੁਝ ਸਾਲ ਪਿੱਛੋਂ ਉਦੋਂ ਮੁੜ ਚਰਚਾ ਵਿਚ ਆ ਗਈ ਜਦੋਂ ਇਕ ਹੋਰ ਆਹਲਾ ਪੁਲਿਸ ਅਫ਼ਸਰ ਡੀæਜੀæਵਨਜਾਰਾ ਨੇ ਇਸ ਬਾਰੇ ਸਵਾਲ ਉਠਾਏ। ਵਨਜਾਰਾ ਮੋਦੀ ਸਰਕਾਰ ਦੇ ਉਨ੍ਹਾਂ ਆਹਲਾ ਪੁਲਿਸ ਅਫ਼ਸਰਾਂ ਵਿਚੋਂ ਸੀ ਜਿਨ੍ਹਾਂ ਨੂੰ ਚਾਰ ਫਰਜ਼ੀ ਮੁਕਾਬਲਿਆਂ ਵਿਚ ਉਨ੍ਹਾਂ ਵਲੋਂ ਨਿਭਾਈ ਭੂਮਿਕਾ ਬਦਲੇ ਸੀਖਾਂ ਪਿੱਛੇ ਬੰਦ ਕੀਤਾ ਗਿਆ ਸੀ। ਉਸ ਨੇ ਗੁਜਰਾਤ ਸਰਕਾਰ ਨੂੰ ਲਿਖੇ ਖ਼ਤ ਵਿਚ ਉਹੀ ਸਭ ਕੁਝ ਦੁਹਰਾਇਆ ਸੀ ਜੋ ਸਿੰਘਲ ਇਸ ਬਾਬਤ ਪਹਿਲਾਂ ਕਹਿ ਚੁੱਕਾ ਸੀ। ਉਸ ਦਾ ਕਹਿਣਾ ਸੀ ਕਿ ਉਸ ਵਰਗੇ ਅਫ਼ਸਰਾਂ ਨੂੰ ਅਮਿਤ ਸ਼ਾਹ ਵਰਗੇ ਮੰਤਰੀਆਂ ਵਲੋਂ ਆਪਣੇ ਨਿਸ਼ਾਨੇ ਹਾਸਲ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ, ਤੇ ਜਿਸ ਬੰਦੇ, ਮੁੱਖ ਮੰਤਰੀ ਨਰੇਂਦਰ ਮੋਦੀ, ਨੂੰ ਉਹ ਰੱਬ ਸਮਝਦਾ ਸੀ, ਉਸੇ ਨੇ ਉਸ ਨਾਲ ਧੋਖਾ ਕੀਤਾ ਸੀ। ਇਹ ਗੱਲ ਭੇਤ ਬਣੀ ਰਹੇਗੀ ਕਿ ਵਨਜਾਰਾ ਦੇ ਬਿਆਨ ਪਿੱਛੇ (ਜਿਸ ਵਲੋਂ ਫਿਰ ਸਟੇਟ ਆਈæਪੀæਐਸ਼ ਤੋਂ ਅਸਤੀਫ਼ਾ ਦੇ ਦਿੱਤਾ ਗਿਆ) ਕੋਈ ਸਿਆਸੀ ਮਨੋਰਥ ਸੀ ਜਾਂ ਨਹੀਂ; ਪਰ ਤੱਥ ਇਹੀ ਹੈ ਕਿ ਉਸ ਅਤੇ ਸਿੰਘਲ ਵਰਗੇ ਅਫ਼ਸਰਾਂ ਨੂੰ ਉਸ ਦੀ ਬੇਦੀ ਉਪਰ ਇਸਤੇਮਾਲ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਇਹ ਦਹਿਸ਼ਤਗਰਦ ਮੁਕਤ ਰਾਜ ਹੈ।
ਸਿੰਘਲ ਕੋਈ ਵਿਸ਼ੇਸ਼ ਮਾਮਲਾ ਨਹੀਂ ਸੀ, ਸਗੋਂ ਆਮ ਦਸਤੂਰ ਸੀ। ਇਹੀ ਕੁਝ ਸੀ ਜਿਸ ਨੂੰ ਮੈਂ ਆਉਣ ਵਾਲੇ ਦਿਨਾਂ ਵਿਚ ਖੋਜ ਕੇ ਸਾਹਮਣੇ ਲਿਆਉਣਾ ਸੀ, ਉਸ ਦੇ ਸੀਨੀਅਰ ਰਾਜਨ ਪ੍ਰਿਯਾਦਰਸ਼ੀ ਤੋਂ, ਸੂਬੇ ਦੇ ਸਾਬਕਾ ਪੁਲਿਸ ਕਮਿਸ਼ਨਰ ਤੋਂ ਅਤੇ ਹੋਰ ਨੌਕਰਸ਼ਾਹਾਂ ਤੋਂ। ਸੱਚ ਦੀ ਭਾਲ ਤਾਂ ਅਜੇ ਸ਼ੁਰੂ ਹੀ ਹੋਈ ਸੀ।
(ਚਲਦਾ)