‘ਗ਼ਦਰ’ ਦਾ ਤੀਜਾ ਪੰਜਾਬੀ ਅੰਕ

ਤਵਾਰੀਖ-ਏ-ਗ਼ਦਰ
ਹਫਤਾਵਾਰੀ ‘ਗ਼ਦਰ’ ਪਹਿਲੀ ਨਵੰਬਰ 1913 ਨੂੰ ਸ਼ੁਰੂ ਕੀਤਾ ਗਿਆ ਸੀ। ਉਦੋਂ ਉਰਦੂ ਵਿਚ ਤਿੰਨ ਪਰਚੇ ਹੀ ਛਪੇ ਸਨ। ਪਰਚੇ ਦੀ ਮੰਗ ਇੰਨੀ ਵਧੀ ਕਿ ਬਿਜਲੀ ਨਾਲ ਚੱਲਣ ਵਾਲੀ ਨਵੀਂ ਮਸ਼ੀਨ ਲਿਆ ਕੇ ਲਾਈ ਗਈ। ਪੰਜਾਬੀ ਦਾ ਪਹਿਲਾ ਪਰਚਾ 9 ਦਸੰਬਰ 1913 ਨੂੰ ਛਪਿਆ। ਹਫਤਾਵਾਰੀ ਹੋਣ ਕਰ ਕੇ ਇਸ ਦੇ ਦੂਜੇ ਪੰਜਾਬੀ ਅੰਕ ਦੀ ਤਰੀਕ 16 ਦਸੰਬਰ 1913 ਬਣਦੀ ਸੀ, ਪਰ ਲਾਲਾ ਹਰਦਿਆਲ (ਜੋ ਪਰਚੇ ਦੇ ਬਾਨੀ ਸੰਪਾਦਕ ਸਨ) ਨੇ 16 ਦਸੰਬਰ ਵਾਲਾ ਪਰਚਾ 23 ਦਸੰਬਰ ਨੂੰ ਛਾਪਣ ਲਈ ਕਿਹਾ, ਕਿਉਂਕਿ 23 ਦਸੰਬਰ 1912 ਨੂੰ ਕ੍ਰਾਂਤੀਕਾਰੀ ਗਰੁਪ ਵੱਲੋਂ ਵਾਇਸਰਾਇ ਉਤੇ ਬੰਬ ਸੁੱਟਿਆ ਗਿਆ ਸੀ।

ਇਉਂ ਪੰਜਾਬੀ ਦਾ ਤੀਜਾ ਅੰਕ 30 ਦਸੰਬਰ 1913 ਨੂੰ ਛਪਿਆ ਸੀ। 1913 ਵਿਚ ਦਸੰਬਰ ਮਹੀਨੇ ਦੇ ਇਨ੍ਹਾਂ ਤਿੰਨ ਅੰਕਾਂ ਤੋਂ ਬਾਅਦ, ਬਾਕੀ ਅਖਬਾਰ ਹਰ ਹਫਤੇ ਛਪਦਾ ਰਿਹਾ। ਪੰਜਾਬੀ ‘ਗ਼ਦਰ’ ਦੇ 9 ਅਤੇ 23 ਦਸੰਬਰ 1913 ਵਾਲੇ ਦੋ ਅੰਕ ਅਸੀਂ ਆਪਣੇ ਪਾਠਕਾਂ ਲਈ ਪਹਿਲਾਂ ਹੀ ਲੜੀਵਾਰ ਛਾਪ ਚੁੱਕੇ ਹਾਂ। ਐਤਕੀਂ ਤੀਜੇ ਅੰਕ (30 ਦਸੰਬਰ 1913) ਦੇ ਪਹਿਲੇ ਚਾਰ ਸਫੇ ਛਾਪੇ ਜਾ ਰਹੇ ਹਨ। ਸ਼ਬਦਜੋੜ ਉਦੋਂ ਛਪਦੇ ‘ਗ਼ਦਰ’ ਵਾਲੇ ਹੀ ਰੱਖੇ ਹਨ, ਤਾਂਕਿ ਉਸ ਵਕਤ ਪ੍ਰਚਲਤ ਪੰਜਾਬੀ ਦੇ ਦੀਦਾਰ ਵੀ ਹੋ ਸਕਣ। ਇਹ ਸਾਰੀ ਸਮੱਗਰੀ ‘ਪੰਜਾਬ ਟਾਈਮਜ਼’ ਦੇ ਸਾਥੀ ਕਸ਼ਮੀਰ ਸਿੰਘ ਕਾਂਗਣਾ, ਬੇਕਰਜ਼ਫੀਲਡ (ਫੋਨ: 661-331-5651) ਨੇ ਮੁਹੱਈਆ ਕਰਵਾਈ ਹੈ। -ਸੰਪਾਦਕ

ਪੰਜਾਬੀ ਸਿੰਘ ਤੇ ਗੁਜਰਾਤੀ ਔਰਤਾਂ
ਹਿੰਦੋਸਤਾਨੀ ਲੋਕ ਆਮ ਰਵਾਜ ਨਾਲ ਅਪਨੀ ਔਰਤਾਂ ਨੂੰ ਮਰਦਾਂ ਤੋਂ ਹੀਣਾ ਸਮਝਦੇ ਹਨ। ਪਰ ਅਫਰੀਕਾ ਵਿਚ ਹਿੰਦੋਸਤਾਨ ਦੀਆਂ ਦੇਵੀਆਂ ਜਿਹੜੇ ਕੰਮ ਕਰ ਰਹੀਆਂ ਹਨ। ਏਸ ਤੋਂ ਹਿੰਦੋਸਤਾਨੀਆਂ ਦੇ ਗਲ਼ਤ ਖਿਆਲ ਦਾ ਖੰਡਨ ਹੁੰਦਾ ਹੈ। ਅਫਰੀਕਾ ਦੇ ਜ਼ਾਲਮ ਕਾਨੂੰਨ ਨੂੰ ਤੋੜਨ ਦੀ ਖਾਤਰ ਉਥੇ ਦੀ ਗੁਜਰਾਤੀ ਔਰਤਾਂ ਨੇ ਮਰਦਾਂ ਨਾਲੋਂ ਚਾਰ ਕਦਮ ਵਧ ਕੇ ਟਾਕਰਾ ਕੀਤਾ ਹੈ। ਗੰਨੇ ਦੇ ਖੇਤਾਂ ਜਲਾਓਣ ਤੇ ਹੋਰ ਕੰਮਾਂ ਵਿਚ ਮਰਦਾਂ ਦੇ ਬਰਾਬਰ ਕੰਮ ਕੀਤਾ ਹੈ। ਮਰਦਾਂ ਦੇ ਨਾਲੇ ਹੀ ਜੇਲ੍ਹ ਵਿਚ ਜਾਨ ਦਾ ਡਰ ਨਹੀਂ ਮੰਨਿਆ।
ਹੁਣ ਮੈਂ ਸਿੰਘਾਂ ਤੋਂ ਪੁਛਦਾ ਹਾਂ ਕਿ ਜਿਨਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾ ਕੇ ਸ਼ੇਰ ਬਨਾਇਆ ਸੀ ਅਤੇ ਇਕ ਇਕ ਸਿੰਘ ਸਵਾ ਸਵਾ ਲੱਖ ਨਾਲ ਲੜਨ ਦਾ ਦਾਵਾ ਰੱਖਦੇ ਸਨ। ਪਰ ਹੁਣ ਵੀ ਪੰਜਾਬ ਵਿਚ ਇਸੇ ਤਰ੍ਹਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਪਰ ਉਹ ਪੈਹਲਾਂ ਜੈਸੀ ਕੁਵੱਤ ਤੇ ਬਹਾਦਰੀ ਸਿੰਘਾਂ ਵਿਚ ਕਿਉਂ ਨਹੀਂ ਰਹੀ। ਏਸ ਦੇ ਦੋ ਸਬੱਬ ਹਨ:
ਪੈਹਲਾ, ਉਹ ਆਦਮੀ ਜਿਹੜੇ ਅੰਮ੍ਰਿਤ ਬਨਾਉਂਦੇ ਹਨ, ਉਹ ਗੁਲਾਮ ਹਨ। ਗੁਰਦੁਆਰਿਆਂ ਦੇ ਗ੍ਰੰਥੀ ਅੰਗਰੇਜ਼ ਬਾਂਦਰਾਂ ਨੂੰ ਝੁਕ ਝੁਕ ਕੇ ਸਲਾਮ ਕਰਦੇ ਦੇਖੇ ਜਾਂਦੇ ਹਨ। ਭਲਾ ਅਜਿਹੇ ਨੀਚ ਪੁਰਸ਼ ਜਿਹੜੇ ਲੀਡਰ ਬਨੇ ਹੁਏ ਹਨ ਤਾਂ ਕੌਮ ਵਿਚ ਕੀ ਤਾਕਤ ਤੇ ਦਲੇਰੀ ਹੋ ਸਕਦੀ ਹੈ। ਜਦ ਤਕ ਗੁਰੂ ਗੋਬਿੰਦ ਸਿੰਘ ਜੀ ਵਰਗੇ ਸ਼ੇਰ ਦਿਲ ਤੇ ਬਹਾਦਰ ਆਦਮੀ ਲੀਡਰ ਨਹੀਂ ਹੁੰਦੇ, ਤਦ ਤੱਕ ਕੋਈ ਅਸਰ ਨਹੀਂ ਹੋਵੇਗਾ। ਅੱਜ ਕਲ ਦੇ ਹਾਲ ਪੁਰ ਅਛੀ ਤਰ੍ਹਾਂ ਸਿੰਘਾਂ ਨੂੰ ਨਿਗਾ ਮਾਰਨੀ ਚਾਹੀਦੀ ਹੈ। ਅਤੇ ਗੁਲਾਮ ਤੇ ਡਰਾਕਲ ਗ੍ਰੰਥੀਆਂ ਨੂੰ ਨਿਕਾਲ ਦੇਣਾ ਚਾਹੀਦਾ ਹੈ।
ਦੂਜਾ ਸਬੱਬ ਇਹ ਹੈ ਕਿ ਗਵਰਮਿੰਟ ਦੇ ਹੱਦ ਤੋਂ ਵਧੇ ਹੋਏ ਮਾਮਲੇ ਨੂੰ ਦੇਣ ਤੋਂ ਮਗਰੋਂ ਸਿੰਘਾਂ ਦੇ ਪਾਸ ਖਾਣ ਜੋਗੇ ਦਾਨੇ ਭੀ ਨਹੀਂ ਬਚਦੇ।
ਅੰਗਰੇਜ਼ੀ ਗਵਰਮਿੰਟ ਦਿਨੋ ਦਿਨ ਮਾਮਲਾ ਵਧਾਉਂਦੀ ਜਾਂਦੀ ਹੈ। ਕੋਈ ਸਿੰਘ ਵੀ ਪੁਛਣ ਦੀ ਹਿੰਮਤ ਨਹੀਂ ਕਰਦਾ। ਹੁਣ ਤਾਂ ਸਾਨੂੰ ਖੁਰਾਕ ਤੇ ਪਹਿਨਣ ਨੂੰ ਕੱਪੜੇ ਵੀ ਨਹੀਂ ਮਿਲਦੇ। ਦੂਜੇ ਮੁਲਕਾਂ ਵਿਚ ਧੱਕੇ ਪੈਣ ਲਗ ਪਏ ਹਨ। ਹੁਣ ਤਾਂ ਮਾਮਲਾ ਵਧਾਉਣ ਤੋਂ ਬੰਦ ਕਰੋ।
1908 ਵਿਚ ਅਜੀਤ ਸਿੰਘ ਤੇ ਲਾਜਪਤ ਰਾਏ ਨੇ ਥੋੜਾ ਜਿਹਾ ਸਿਰ ਹਲਾਇਆ ਸੀ। ਉਸ ਵਕਤ ਬਾਰ ਦਾ ਲਗਾਨ ਘਟਾ ਦਿੱਤਾ ਸੀ। ਲਾਜਪਤ ਰਾਏ ਨੂੰ ਸਰਕਾਰੀ ਟੱਟੂ ਬਨਣ ‘ਤੇ ਮਗਰੋਂ ਅਤੇ ਅਜੀਤ ਸਿੰਘ ਦੇ ਦੇਸ਼ ਤੋਂ ਚਲੇ ਜਾਣ ਤੋਂ ਏਸ ਸਾਲ 1913 ਵਿਚ ਫੇਰ ਲਗਾਨ ਵਧਾ ਦਿੱਤਾ ਹੈ। ਪਰ ਕੋਈ ਭੀ ਸਿੰਘ ਕੰਨ ਨਹੀ ਹਿਲਾਉਂਦਾ। ਹੁਣ ਤਾਂ ਸਿੰਘਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਗੁਜਰਾਤ ਦੀ ਔਰਤਾਂ ਵੀ ਮੈਦਾਨ ਵਿਚ ਨਿਕਲ ਪਈਆਂ ਹਨ। ਹੁਣ ਆਪਣੇ ਨਾਓਂ ਤੋਂ ਜਾਂ ਤਾਂ ਸਿੰਘ ਦਾ ਪਦ ਹਟਾ ਕੇ ਗੁਜਰਾਤੀ ਔਰਤਾਂ ਨੂੰ ਦੇ ਦਿਓ, ਨਹੀਂ ਤਾਂ ਸ਼ੇਰ ਬਣ ਕੇ ਮੈਦਾਨ ਵਿਚ ਆਓ। ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਹੋਏ ਖਤਾਬ ਦੀ ਇਜ਼ਤ ਕਰੋ।
(ਲੇਖਕ ਇਕ ਪੰਜਾਬੀ ਸਿੰਘ)

ਹਿੰਦੂ ਤੇ ਮੁਸਲਮਾਨਾਂ ਦਾ ਇਤਫਾਕ
ਅੱਜ ਕੱਲ ਹਿੰਦੋਸਤਾਨ ਮੇਂ ਹਿੰਦੂ ਮੁਸਲਮਾਨਾਂ ਦੇ ਇਤਫਾਕ ਦੀ ਖਾਤਰ ਬੜੀ ਬੜੀ ਜੁਗਤਾਂ ਹੋ ਰਹੀਆਂ ਹਨ। ਕੋਈ ਕੁਝ ਕਹਿੰਦਾ ਹੈ, ਕੋਈ ਕੁਝ। ਹਿੰਦੂ ਅਖਬਾਰ ਕਹਿੰਦੇ ਹਨ ਕਿ ਮੁਸਲਮਾਨ ਗਊ ਹੱਤਿਆ ਨਾ ਕਰਨ। ਮੁਸਲਮਾਨ ਲੀਡਰ ਏਸ ਨੂੰ ਮਦਦ ਕਰਦੇ ਹਨ। ਲਾਹੌਰ ਦਾ ਗੰਦਾ ਅਖਬਾਰ ਏਸ ਉਤੇ ਬੜਾ ਜ਼ੋਰ ਦਿੰਦਾ ਹੈ ਕਿ ਗਊ ਹੱਤਿਆ ਨਾ ਹੋਵੇ। ਏਸ ਵੇਲੇ ਤੁਰਕੀ ਦੀ ਲੜਾਈ ਦੀ ਵਜਾ ਹੋਣ ਕਰ ਕੇ ਮੁਸਲਮਾਨ ਭੀ ਬੜੇ ਜੋਸ਼ ਵਿਚ ਹਨ। ਉਹ ਅੰਗਰੇਜ਼ਾਂ ਦੇ ਹੱਥ ਕੰਡਿਆਂ ਨੂੰ ਜਾਣ ਗਏ ਹਨ।
ਮੁਸਲਮਾਨਾਂ ਦੇ ਡਰਾਕਲ ਤੇ ਗੁਲਾਮ ਦਿਲ ਆਗੂ ਅਮੀਰ ਅਲੀ ਤੇ ਆਗਾ ਖਾਨ ਮੁਸਲਮਾਨ ਲੀਗ (ਮੁਸਲਮਾਨਾਂ ਦੀ ਪਾਰਟੀ) ਦੀ ਕਮੇਟੀ ਤੋਂ ਜੁਦਾ ਹੋ ਗਏ ਹਨ। ਲੰਦਨ ਦਾ ਅਖਬਾਰ ਟੈਮਜ਼ ਜੁਆਨ ਮੁਸਲਮਾਨਾਂ ਨੂੰ ਗਿਦੜ ਭਬਕੀਆਂ ਦੇਣ ਦੀ ਕੋਸ਼ਿਸ਼ ਕਰਦਾ ਹੈ। ਸਾਡੀ ਰਾਏ ਵਿਚ ਹਿੰਦੂ ਮੁਸਲਮਾਨਾਂ ਦੇ ਇਤਫਾਕ ਦੀ ਸਾਰੀ ਬਾਤਾਂ ਉਮੈਦਾ ਅਤੇ ਸ਼ੁਭ ਹਨ ਅਤੇ ਏਸ ਵਿਚ ਗਦਰ 1857 ਦੀ ਤਵਾਰੀਖ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਕਿਉਂਕਿ ਏਸ ਗ਼ਦਰ ਵਿਚ ਹਿੰਦੂ ਮੁਸਲਮਾਨਾਂ ਨੇ ਏਕਾ ਕਰ ਕੇ ਅੰਗਰੇਜ਼ ਦੇ ਰਾਜ ਨੂੰ ਹਿਲਾ ਦਿੱਤਾ ਸੀ। ਹੋਰ ਕਿਸਮ ਦਾ ਝਗੜਾ ਨਹੀਂ ਹੋਇਆ। ਉਹ ਇਤਫਾਕ ਦੀ ਯਾਦਗਾਰ ਕੈਮ ਰੱਖਣੀ ਚਾਹੀਦੀ ਹੈ। ਏਸ ਕਰ ਕੇ ਅਸੀਂ ਹਰ ਵਾਰ ਲੜੀ ਦੀ ਤਾਰ ਉਸ ਤਵਾਰੀਖ ਨੂੰ ਏਸ ਅਖਬਾਰ ਵਿਚ ਛਾਪਦੇ ਹਾਂ। ਏਸ ਤੋਂ ਬਿਨਾਂ ਹਿੰਦੂ ਮੁਸਲਮਾਨਾਂ ਨੂੰ ਮਾਲੀ ਖਿਆਲ ਜ਼ਿਆਦਾ ਰਖਣਾ ਚਾਹੀਦਾ ਹੈ। ਤੇ ਮਜ਼੍ਹਬੀ ਖਿਆਲ ਜੁਦਾ ਰਖਨੇ ਚਾਹੀਦੇ ਹਨ। ਹਿੰਦੂ ਮੁਸਲਮਾਨ ਦੋਨੋ ਹੀ ਪਲੇਗ ਵਿਚ ਮਰਦੇ ਹਨ। ਕਾਲ ਵਿਚ ਦੋਨਾਂ ਨੂੰ ਹੀ ਰੋਟੀ ਨਹੀਂ ਮਿਲਦੀ। ਦੋਨੋ ਹੀ ਕੱਚੇ ਮਕਾਨਾਂ ਤੇ ਅੰਧੇਰੀ ਗਲੀਆਂ ਵਿਚ ਰਹਿੰਦੇ ਹਨ। ਦੋਨਾਂ ਦੀ ਜੇਬ ਖਾਲੀ ਹੈ। ਦੋਹਾਂ ਤੋਂ ਜ਼ਮੀਨ ਦਾ ਮਾਮਲਾ ਲਿਆ ਜਾਂਦਾ ਹੈ।
ਦੋਨੋ ਹੀ ਬਗਾਰ ਵਿਚ ਫੜੇ ਜਾਂਦੇ ਹਨ। ਬਸ ਏਨਾਂ ਬਾਤਾਂ ਉਤੇ ਜ਼ੋਰ ਦੇਣ ਤੋਂ ਇਤਫਾਕ ਦਾ ਖਿਆਲ ਤਾਕਤ ਫੜੇਗਾ। ਮਜ਼੍ਹਬੀ ਬਾਤਾਂ ਦੇ ਨਾਲ ਅਸਲੀ ਮਤਲਬ ਗੁਮ ਹੋ ਜਾਂਦਾ ਹੈ ਅਤੇ ਇਹ ਭੀ ਯਾਦ ਰਖਣਾ ਚਾਹੀਏ ਕਿ ਸਿਰਫ ਅੰਗਰੇਜ਼ਾਂ ਦੇ ਕਢਨ ਦੀ ਖਾਤਰ ਹੀ ਹਿੰਦੂ ਮੁਸਲਮਾਨਾਂ ਦਾ ਇਤਫਾਕ ਹੋ ਸਕਦਾ ਹੈ। ਕਿਉਂਕਿ ਇਤਫਾਕ ਦੀ ਖਾਤਰ ਇਕ ਦੁਸ਼ਮਣ ਹੋਣਾ ਜ਼ਰੂਰੀ ਹੈ। ਜਿਸ ਦੇ ਬਰਖਲਾਫ ਇਤਫਾਕ ਕੀਤਾ ਜਾਵੇ। ਜਿਸ ਤਰ੍ਹਾਂ ਸਵਿਟਜ਼ਰਲੈਂਡ ਵਿਚ ਆਸਟਰੀਆ ਦੇ ਬਾਦਸ਼ਾਹ ਦੇ ਬਰਖਲਾਫ ਲੜਾਈ ਕਰਨ ਨੂੰ ਇਤਫਾਕ ਹੋ ਗਿਆ ਅਤੇ ਇੰਗਲਿਸ਼ਸਤਾਨ ਵਿਚ ਸਪੇਨ ਨੇ ਬਰਖਲਾਫ ਹੋਇਆ। ਏਸੇ ਤਰ੍ਹਾਂ ਹਿੰਦੋਸਤਾਨ ਮੇਂ ਗੋਰੀ ਚਮੜੀ ਦੇ ਮਾਸ ਖੋਰ ਜਾਨਵਰਾਂ ਦਾ ਸ਼ਿਕਾਰ ਕਰਨ ਦੀ ਖੇਲ ਵਿਚ ਸਾਰੀ ਕੌਮਾਂ ਦਾ ਇਤਫ਼ਾਕ ਹੋਊਗਾ। ਸਿਰਫ ਜ਼ਬਾਨੀ ਜਮਾਂ ਖਰਚ ਨਾਲ ਕੰਮ ਨਹੀਂ ਚਲੇਗਾ। ਅਤੇ ਇਤਫਾਕ ਦੇ ਨਾਲ ਹੀ ਵੱਡੇ ਤੇ ਨੇਕ ਅਸੂਲਾਂ ਪਰ ਗ਼ਦਰ ਦੀ ਜੜ ਨੂੰ ਕਾਇਮ ਕਰਨ ਚਾਹੀਦਾ ਹੈ। ਜਾਨੀ ਕਿ ਹਰ ਇਕ ਮਨੁੱਖ ਦੀ ਅਜ਼ਾਦੀ, ਮਜ਼੍ਹਬ ਦੀ ਅਜ਼ਾਦੀ, ਸਭ ਕੌਮਾਂ ਦੇ ਬਰਾਬਰ ਹਨ, ਪੰਚੈਤੀ ਰਾਜ ਤੇ ਹੋਰ ਵੱਡੇ ਅਸੂਲ ਨਾ ਦਸੇ ਜਾਣ। ਤਾਂ ਮੁਸਲਮਾਨਾਂ ਦੇ ਦਿਲ ਵਿਚ ਕਿਸ ਤਰ੍ਹਾਂ ਮੁਲਕ ਦੀ ਮੁਹੱਬਤ ਹੋ ਸਕਦੀ ਹੈ। ਉਨ੍ਹਾਂ ਨੂੰ ਹਿੰਦੂਆਂ ਦੀ ਨੇਕ ਨੀਅਤ ਪਰ ਕਿਸ ਤਰਾਂ ਇਤਵਾਰ ਹੋ ਸਕਦਾ ਹੈ।
ਬਸ ਸਾਰੇ ਦੇਸ਼ ਭਗਤਾਂ ਨੂੰ ਚਾਹੀਦਾ ਹੈ ਕਿ ਮਜ਼੍ਹਬੀ ਬਾਤਾਂ ਨੂੰ ਦੂਰ ਕਰ ਕੇ ਮੁਲਕ ਦੇ ਮਾਲੀ ਮਾਮਲਿਆਂ ਦਾ ਖਿਆਲ ਕਰਨ ਅਤੇ ਹਰ ਆਦਮੀ ਦੀ ਅਜ਼ਾਦੀ ਦਾ ਲਿਹਾਜ਼ ਰਖ ਕੇ ਪੰਚੈਤੀ ਰਾਜ ਬਨਾਉਣ ਦਾ ਬੀੜਾ ਉਠਾਇਆ ਜਾਵੇ। ਪੁਰਾਣੇ ਵੇਲੇ ਦੀ ਐਵੇਂ ਦਿਲ ਸਤਾਉਣ ਵਾਲੀ ਬਾਤਾਂ ਭੁਲ ਕੇ 1857 ਦੇ ਗ਼ਦਰ ਦੀ ਯਾਦਗਾਰ ਤਾਜ਼ਾ ਕਰੀਏ ਅਤੇ ਹਿੰਦੂ ਮੁਸਲਮਾਨਾਂ ਦਾ ਸਵਾਲ ਹਟਾ ਕੇ ਹਿੰਦੋਸਤਾਨੀ ਤੇ ਅੰਗਰੇਜ਼ਾਂ ਦਾ ਸਵਾਲ ਅੱਗੇ ਰੱਖੋ। ਏਸ ਤਰ੍ਹਾਂ ਹੌਲੀ ਹੌਲੀ ਮੁਸਲਮਾਨਾਂ ਦਾ ਇਤਫਾਕ ਅਜਿਹਾ ਮਜ਼ਬੂਤ ਹੋ ਜਾਵੇ। ਭਈ ਕੋਈ ਦਖਲ ਦੇ ਕੇ ਨੁਕਸਾਨ ਨਾ ਦੇ ਸਕੇ।

ਕਸ਼ਮੀਰ ‘ਚ ਖੁਸ਼ਹਾਲੀ ਤੇ ਤੰਦਰੁਸਤੀ
ਅੰਗਰੇਜ਼ੀ ਇਲਾਕੇ ਵਿਚ ਖਿਲਕਤ ਰੋਜ਼ ਪਲੇਗ, ਤਾਪ ਤੇ ਹੈਜ਼ੇ ਨਾਲ ਦੁਖੀ ਰਹਿੰਦੀ ਹੈ। ਬਿਮਾਰੀ ਨਾਲ ਮੌਤਾਂ ਵਧਦੀਆਂ ਜਾਂਦੀਆਂ ਹਨ। ਏਸ ਦੀ ਵੱਡੀ ਵਜ੍ਹਾ ਏਹ ਹੈ ਕਿ ਲੋਕ ਗਰੀਬ ਹਨ। ਪੂਰੀ ਖੁਰਾਕ ਨਹੀਂ ਮਿਲਦੀ। ਮਕਾਨਾਂ ਦੀ ਸਫਾਈ ਨਹੀਂ ਕਰ ਸਕਦੇ। ਗਵਰਮਿੰਟ ਤੇ ਕਮੇਟੀਆਂ ਤੰਦਰੁਸਤੀ ਦੇ ਇੰਤਜ਼ਾਮ ਪੁਰ ਪੂਰਾ ਰੁਪਿਆ ਖਰਚ ਨਹੀਂ ਕਰਦੀਆਂ। ਬਿਮਾਰੀ ਦੇ ਰੋਕਣ ਦੀ ਕੋਈ ਜੁਗਤ ਨਹੀਂ ਕੀਤੀ ਜਾਂਦੀ। ਅਮਰੀਕਾ ਤੇ ਸਵਿਟਜ਼ਰਲੈਂਡ ਵਿਚ ਗਵਰਮਿੰਟ ਤੇ ਕਮੇਟੀਆਂ ਬਹੁਤ ਰੁਪਿਆ ਕੌਮਾਂ ਦੀ ਤੰਦਰੁਸਤੀ ਦੀ ਖਾਤਰ ਖਰਚ ਕਰਦੀਆਂ ਹਨ। ਪਰ ਹਿੰਦੋਸਤਾਨ ਦੀ ਗਵਰਮਿੰਟ ਸਾਰਾ ਰੁਪਿਆ ਫੌਜ ਤੇ ਅੰਗਰੇਜ਼ਾਂ ਦੀ ਤਨਖਾਹ ਪਰ ਖਰਚ ਕਰ ਸਕਦੀ ਹੈ। ਖਬਰ ਆਈ ਹੈ ਕਿ ਅਜ ਕਲ ਰਾਓਲ ਪਿੰਡੀ (ਰਾਵਲਪਿੰਡੀ) ਵਿਚ ਪਲੇਗ ਦਾ ਬੜਾ ਜ਼ੋਰ ਹੈ ਅਤੇ ਤਾਪ ਭੀ ਬੜਾ ਫੈਲਿਆ ਹੋਇਆ ਹੈ। ਹਰ ਕੋਈ, ਡਾਕਟਰ ਤਾਈ ਸ਼ਹਿਰ ਨੂੰ ਛਡ ਕੇ ਭਜ ਗਏ ਹਨ। ਖਿਲਕਤ ਦਾ ਬੁਰਾ ਹਾਲ ਹੈ। ਰਾਓਲ ਪਿੰਡੀ ਦਾ ਪਾਣੀ ਤਾਂ ਬੜਾ ਅੱਛਾ ਹੈ। ਪਹਾੜ ਕੋਲ ਹੈ, ਬੱਸ ਜੇ ਤੰਦਰੁਸਤੀ ਦਾ ਇੰਤਜ਼ਾਮ ਅੱਛਾ ਹੋਵੇ, ਲੋਕਾਂ ਦੇ ਪਾਸ ਖਾਣ ਪੀਣ ਤੇ ਪਹਿਨਣ ਨੂੰ ਬਹੁਤ ਪੈਸਾ ਹੋਵੇ, ਲੋਕਾਂ ਵਿਚ ਬਿਮਾਰੀ ਨਹੀਂ ਵਧ ਸਕਦੀ।
ਜੇ ਅਸੀਂ ਕਸ਼ਮੀਰ ਵਲ ਵੇਖੀਏ ਤਾਂ ਪਤਾ ਲਗੂਗਾ ਕਿ ਉਥੇ ਖੁਸ਼ਹਾਲੀ ਤੇ ਤੰਦਰੁਸਤੀ ਹੈ। ਕਿਉਂਕਿ ਗਵਰਮਿੰਟ ਦਾ ਜ਼ੁਲਮ ਨਹੀਂ ਹੈ। ਏਸ ਦਾ ਮਤਲਬ ਇਹ ਹੈ ਕਿ ਲੋਕ ਅੱਛੀ ਖੁਰਾਕ ਖਾਂਦੇ ਹਨ ਜਿਸ ਤੋਂ ਜਿਸਮ ਨੂੰ ਤਾਕਤ ਮਿਲਦੀ ਹੈ। ਬਿਮਾਰੀ ਜ਼ੋਰ ਨਹੀਂ ਪਾ ਸਕਦੀ। ਏਹ ਗਵਰਮਿੰਟ ਦੀ ਜਨਰਲ ਮਲੇਰੀਆ (ਜਾਨੀ ਤਾਪ ਦੇ ਬੰਦੋਬਸਤ ਦੀ ਬੜੀ) ਕਮੇਟੀ ਦੇ ਤੀਜੇ ਜਲਸੇ ਦੀ ਰੀਪੋਰਟ ਤੋਂ ਪਤਾ ਲੱਗਿਆ ਹੈ। ਇਹ ਜਲਸਾ ਮਦਰਾਸ ਵਿਚ ਨਵੰਬਰ 1912 ਵਿਚ ਹੋਇਆ ਰੀਪੋਰਟ ਦੇ ਸਫੇ 91 ਪਰ ਸਰਕਾਰੀ ਡਾਕਟਰ ਲਫਟੈਟ ਕਰਨਲ ਏਡੀ ਤੇ ਉਸ ਦੀ ਇਸਤਰੀ ਨੇ ਕਸ਼ਮੀਰ ਦੀ ਹਾਲਤ ਪੁਰ ਨੋਟ ਲਿਖਿਆ ਹੈ। ਜਿਹੜੀਆਂ ਹੇਠ ਲਿਖਿਆ ਸਤਰਾਂ ਵਿਚ ਵਿਚਾਰ ਯੋਗ ਹਨ,
“ਕਸ਼ਮੀਰ ਵਾਸੀਆਂ ਦੀ ਸੂਰਤੇ ਸ਼ਕਲ ਤੋਂ ਮਲੂਮ ਹੁੰਦਾ ਹੈ ਕਿ ਉਹ ਮਜ਼ਬੂਤ ਹਨ। ਅੱਛੀ ਖੁਰਾਕ ਖਾਂਦੇ ਹਨ। ਸਭੀ ਲੋਕ ਤਾਂ ਘੱਟੋ ਘੱਟ ਅਛੀ ਖੁਰਾਕ ਖਾਂਦੇ ਹਨ। ਮੁਰਗੀ, ਮੱਛੀ, ਸਬਜ਼ੀ ਉਨ੍ਹਾਂ ਦੀ ਨਿਤ ਦੀ ਖੁਰਾਕ ਹੈ। ਕਸ਼ਮੀਰ ਦੇ ਜਮੀਦਾਰਾਂ ਦੇ ਘਰ ਵਿਚ ਸਬਜ਼ੀ ਤਰਕਾਰੀ ਦੀ ਖਾਤਰ ਛੋਟਾ ਜਿਹਾ ਬਗੀਚਾ ਹੁੰਦਾ ਹੈ। ਉਹੋ ਮੁਰਗੀਆਂ, ਭੇਡਾਂ ਰਖਦੇ ਹਨ। ਉਨ੍ਹਾਂ ਦੇ ਪਾਸ ਫਲਾਂ ਦੇ ਦਰੱਖਤ ਹੁੰਦੇ ਹਨ। ਪਹਾੜਾਂ ਉਤੇ ਅਪਨੇ ਡੰਗਰ ਚਰਾ ਸਕਦੇ ਹਨ। ਜੰਗਲ ਵਿਚੋਂ ਲੱਕੜੀ ਤੇ ਚਾਰਾ ਲੈਂਦੇ ਹਨ। ਏਸ ਤਰ੍ਹਾਂ ਕਸ਼ਮੀਰ ਦੇ ਲੋਕ ਬੜੇ ਹੀ ਖੁਸ਼ ਹਨ। ਏਹ ਕਹਿੰਦਾ ਹੈ ਕਿ ਜਿਤਨੀ ਅੱਛੀ ਖੁਰਾਕ ਹੁੰਦੀ ਹੈ। ਉਹਨੀਆਂ ਹੀ ਬਿਮਾਰੀਆਂ ਘੱਟ ਦੀਆਂ ਜਾਂਦੀਆਂ ਹਨ।”
ਅੰਗਰੇਜ਼ਾਂ ਦੇ ਇਲਾਕੇ ਵਿਚ ਮਾਮਲਾ ਵਸੂਲ, ਜੰਗਲਾਂ ਦੇ ਕਾਨੂੰਨਾਂ ਤੋ ਹੋਰ ਕਈ ਮੁਸ਼ਕਲਾਂ ਤੋਂ ਜਮੀਦਾਰ ਏਤਨੇ ਗਰੀਬ ਹਨ ਕਿ ਬਹੁਤ ਬੁਰੀ ਖੁਰਾਕ ਖਾਂਦੇ ਹਨ। ਘੀ, ਦੁੱਧ, ਅੰਬ ਮੁਸ਼ਕਲ ਨਾਲ ਮਿਲਦੇ ਹਨ। ਜਿਹੜਾ ਰੁਪਿਆ ਖੁਰਾਕ ਪਰ ਖਰਚ ਕਰਨਾ ਚਾਹੀਦਾ ਸੀ, ਉਹ ਸਰਕਾਰ ਦੇ ਖਜ਼ਾਨੇ ਵਿਚ ਦੇਣਾ ਪੈਂਦਾ ਹੈ।
ਹੁਣ ਅੰਗਰੇਜ਼ ਕਸ਼ਮੀਰ ਵਿਚ ਭੀ ਹੱਥ ਪਾਉਣਾ ਚਾਹੁੰਦੇ ਹਨ। ਗ਼ਦਰ ਪਾਰਟੀ ਉਨ੍ਹਾਂ ਨੂੰ ਉਥੇ ਆਪਣੇ ਸੋਗੀ ਪੈਰ ਧਰਨ ਤੋਂ (ਹੀ) ਨਹੀਂ ਰੋਕੂਗੀ ਸਗੋਂ ਸਾਰੇ ਪੰਜਾਬ ਤੇ ਹਿੰਦੋਸਤਾਨ ਵਿਚ ਉਨ੍ਹਾਂ ਦਾ ਨਾਓਂ ਨਹੀਂ ਛੱਡੂਗੀ।

ਦੇਸ਼ ਘਾਤੀ ਦੀ ਜ਼ਿੰਦਗੀ
ਆਦਮੀ ਤੇ ਡੰਗਰ ਦੇ ਵਿਚ ਕੀ ਫਰਕ ਹੈ? ਆਦਮੀ ਅਪਨੀ ਜਾਤ ਅਪਨੇ ਕਬੀਲੇ ਅਪਨੀ ਕੌਮ ਤੇ ਵਤਨ ਦੀ ਇਜ਼ਤ ਦਾ ਖਿਆਲ ਰੱਖਦਾ ਹੈ। ਪਸ਼ੂ ਸਿਰਫ ਰੋਟੀ ਦੀ ਖਾਤਰ ਆਪਣੀ ਕੌਮ ਤੋਂ ਘਿਣ ਕਰਦਾ ਹੈ। ਨਹੀਂ ਨਹੀਂ, ਪਸ਼ੂ ਮਮੂਲੀ ਘਾਸ ਫੂਸ ਖਾ ਕੇ ਆਦਮੀ ਦੀ ਖਾਤਰ ਕੰਮ ਕਰਦਾ ਹੈ। ਕੀ ਆਦਮੀ ਜਿਹੜਾ ਕੌਮ ਘਾਤੀ ਹੋਵੇ, ਕੌਮ ਰਾਖੀ ਕੀੜੀ ਦੀ ਬਰਾਬਰੀ ਕਰ ਸਕਦਾ ਹੈ? ਕਦੇ ਨਹੀਂ। ਬਸ ਉਹ ਆਦਮੀ ਜੇਹੜਾ ਦਸ ਪੰਦਰਾਂ ਡਾਲਰ ਦੀ ਖਾਤਰ ਅਪਨੀ ਕੌਮ ਦੇ ਬਰਖਲਾਫ ਅਪਨੀ ਕੌਮ ਦੇ ਦੁਸ਼ਮਣਾਂ ਦੇ ਪਾਸ ਜ਼ਹਿਰ ਉਗਲਦਾ ਹੈ, ਉਹੋ ਗਧੇ, ਟੱਟੂ, ਊਠ ਅਤੇ ਕੀੜੀਆਂ ਤੋਂ ਬੀ ਬੁਰਾ ਹੈ। ਓਹੋ ਅਪਨੇ ਮੁਨੱਸ਼ ਜਾਤੀ ਦੇ ਜਾਮੇ ਨੂੰ ਪਲੀਤ ਕਰਦਾ ਹੈ। ਮੁਨੱਸ਼ ਜਨਮ ਪਾ ਕੇ ਬੀ ਉਹ ਉਪਰਾਧੀ ਅਪਨੇ ਹਥਾਂ ਨਾਲ ਅਪਨੀ ਖਾਤਰ ਮੁਸੀਬਤ ਦੇ ਸਮਾਨ ਕਠੇ ਕਰਦਾ ਹੈ।
ਮਾਯਾ ਆਦਮੀ ਦੇ ਹੱਥਾਂ ਦੀ ਮੈਲ ਹੈ। ਫੇਰ ਉਸ ਦੌਲਤ ਦੀ ਖਾਤਰ ਅਪਨੀ ਕੌਮ ਦੇ ਮਹਾਂ ਪੁਰਸ਼ਾਂ ਦੇ ਬਰਖਲਾਫ ਚੁਗਲੀ ਕਰਨਾ ਕੈਸਾ ਨੀਚ ਕੰਮ ਹੈ। ਅਤੇ ਗਵਰਮਿੰਟ ਤੋਂ ਐਵੇਂ ਫੋਕੇ ਖਤਾਬਾਂ ਦੀ ਖਾਤਰ ਕੌਮ ਦੇ ਸ਼ਹੀਦਾਂ ਦੀ ਨਿੰਦਿਆ ਕਰਨਾ ਮਹਾਂ ਪਾਪ ਹੈ।
ਦੇਸ਼ ਘਾਤੀ ਨੂੰ ਰੁਪੈ ਤਾਂ ਮਿਲ ਜਾਂਦੇ ਹਨ ਪਰ ਰੁਪਏ ਦੇਣ ਵਾਲੇ, ਦੇਸ਼ ਘਾਤੀ ਨੂੰ ਕੁੱਤਾ ਸਮਝਦੇ ਹਨ। ਉਹ ਜਾਣਦੇ ਹਨ ਕਿ ਜਿਸ ਆਦਮੀ ਨੇ ਅਪਨੀ ਕੌਮ ਦਾ ਭਲਾ ਨਹੀਂ ਕੀਤਾ, ਪਰਾਈ ਕੌਮ ਦਾ ਉਹ ਕਿਸ ਤਰ੍ਹਾਂ ਭਲਾ ਕਰ ਸਕਦਾ ਹੈ ਅਤੇ ਦਿਲ ਵਿਚ ਸਮਝਦੇ ਹਨ ਕਿ ਏਹ ਕੁੱਤਾ ਜੇਹੜਾ ਅਪਨੀ ਕੌਮ ਦਾ ਦੁਸ਼ਮਣ ਹੈ, ਉਹ ਸਾਡਾ ਦੋਸਤ ਕਿਸ ਤਰ੍ਹਾਂ ਬਣ ਸਕਦਾ ਹੈ। ਬਸ ਏਸ ਨੂੰ ਥੋੜੇ ਰੁਪਏ ਦੇ ਕੇ ਭਾੜੇ ਦੇ ਟੱਟੂ ਬੱਛੇ ਅਪਨਾ ਕੰਮ ਕੱਢ ਲਵੋ। ਮਗਰੋਂ ਛਿਤਰ ਮਾਰ ਕੇ ਕੱਢ ਦੇਣਾ। ਸਾਰੇ ਆਨਰੇਬਲ ਰਾਏ ਬਾਂਦਰ, ਖਾਨ ਬਾਂਦਰ ਤੇ ਸਰਦਾਰ ਬਾਂਦਰ। ਜੰਗਲੀ ਬੇਵਕੂਫ ਤੇ ਬੇਸ਼ਹੂਰ ਸਮਝੇ ਜਾਂਦੇ ਹਨ। ਰਾਜ ਕਰਨ ਵਾਲੇ ਬੜੇ ਚਲਾਕ ਹੁੰਦੇ ਹਨ। ਉਹ ਦੇਸ਼ ਘਾਤੀ ਕੁੱਤਿਆਂ ਅੱਗੇ ਰੋਟੀ ਦਾ ਟੁਕੜਾ ਪਾ ਕੇ ਅਪਨਾ ਕੰਮ ਕੱਢਦੇ ਹਨ। ਭਲਾ ਕਿਸੇ ਅੰਗਰੇਜ਼ ਦੇ ਨਾਓਂ ਨਾਲ ਬਹਾਦਰ ਦੇ ਖਤਾਬ ਦੀ ਪੂਛ ਦੇਖੀ ਹੈ। ਫੇਰ ਉਹ ਦੇਸ਼ ਘਾਤੀ ਹਿੰਦੋਸਤਾਨੀਆਂ ਨੂੰ ਹੀ ਬਹਾਦਰ ਤੇ ਆਨਰੇਬਲ ਦੇ ਨਾਓਂ ਦਿੰਦੇ ਹਨ। ਅਸਲ ਵਿਚ ਉਹ ਸਭ ਜਾਣਦੇ ਹਨ ਕਿ ਏਹ ‘ਬਹਾਦਰ’ ਨਹੀਂ ਹਨ। ਜੇ ਬਹਾਦਰ ਹੁੰਦੇ ਤਾਂ ਸਾਨੂੰ ਹਿੰਦੋਸਤਾਨ ਵਿਚ ਪੈਰ ਹੀ ਕਿਉਂ ਧਰਨ ਦਿੰਦੇ। ਹਾਂ, ਏਹ ਬਾਂਦਰ ਹਨ। ਸਾਡੇ ਕੈਹਨ ਪਰ ਨਚਦੇ ਹਨ। ਜਿਸ ਤਰ੍ਹਾਂ ਸੱਪ (ਸਾਹਬ) ਲੋਕ ਹੁਕਮ ਕਰਦਾ ਹੈ, ਉਸੇ ਤਰ੍ਹਾਂ ਏਹ ਲੋਕ ਸਿਰ ਤੇ ਮੱਥਾ ਰਗੜ ਕੇ ਉਸ ਨੂੰ ਮੰਨਦੇ ਹਨ। ਜਿਹੜੇ ਲੋਕ ਅਪਨੇ ਦੇਸ਼ ਵਿਚ ਅਪਨੀ ਇਜ਼ਤ ਨਹੀਂ ਬਚਾ ਸਕਦੇ, ਜਿਨਾਂ ਨੂੰ ਗੋਰੇ ਮਾਰ ਕੇ ਕਹਿ ਦਿੰਦੇ ਹਨ, ਆਪੇ ਮਰ ਗਿਆ। ਏਸ ਨੂੰ ਬੁਖਾਰ ਸੀ। ਜਿਨਾਂ ਦੇ ਦੇਸ਼ ਵਿਚ ਉਨ੍ਹਾਂ ਦੀਆਂ ਔਰਤਾਂ ਦੀ ਇਜ਼ਤ ਨਹੀਂ ਬਚ ਸਕਦੀ ਅਤੇ ਬਾਹਰ ਉਨ੍ਹਾਂ ਦੇ ਛਿਤਰ ਪੈਂਦੇ ਹਨ। ਉਹ ਭਲਾ ਲੋਕ ‘ਆਨਰੇਬਲ’ (ਇਜ਼ਤ ਦੇ ਲੈਕ) ਕਿਸ ਤਰ੍ਹਾਂ ਹੋ ਸਕਦੇ ਹਨ। ‘ਆਨਰੇਬਲ’ ਨਹੀਂ ਆਨਰਬੈਲ ਹਨ। ਆਨਰ ਦਾ ਮਤਲਬ ਹੈ ਇਜ਼ਤ ਤੇ ਬੈਲ ਜਿਹੜਾ ਬੈਲ ਹਲ ਗਡੀ ਤੇ ਹੋਰ ਕੰਮਾਂ ਦੀ ਖਾਤਰ ਰੱਖਿਆ ਜਾਂਦਾ ਹੈ। ਬਸ ਇਹ ਅੰਗਰੇਜ਼ਾਂ ਦੀ ਇਜ਼ਤ ਦੀ ਗੱਡੀ ਨੂੰ ਖਿਚਣ ਵਾਲੇ ਬੈਲ ਹਨ। ਅੰਗਰੇਜ਼ ਹਿੰਦੋਸਤਾਨੀ ਰਈਸਾਂ, ਮਰਹੱਟੇ, ਬਰਾਮਣਾਂ, ਪਠਾਣਾਂ ਤੇ ਸਿੱਖ ਸਰਦਾਰਾਂ ਨੂੰ ‘ਬਾਂਦਰ’ ‘ਬੈਲ’ ਕਹਿੰਦੇ ਹਨ। ਪਰ ਕਿਸੇ ਦੇ ਵਿਚ ਏਹ ਤਾਕਤ ਨਹੀਂ ਕਿ ਏਨਾਂ ਬਦਮਾਸ਼ਾਂ ਨੂੰ ਕੰਨੋ ਫੜ ਕੇ ਬਾਹਰ ਕਢ ਦੇਵੇ। ਅਤੇ ਪੂਰੀ ਏਸ ਜ਼ੁਲਮ ਦੀ ਸਿਖਿਆ ਦੇਵੇ।
ਦੇਖੋ ਇਹ ਮਨਘੜਤ ਬਾਤਾਂ ਨਹੀਂ ਹਨ। ਅੰਗਰੇਜ਼ ਏਨਾਂ ਖਾਨ ਬਹਾਦਰਾਂ, ਸਰਦਾਰ ਬਹਾਦਰਾਂ ਨੂੰ ਸਚ ਮੁਚ ਉਲੂ ਸਮਝਦੇ ਹਨ। ਲਓ ਇਕ ਅੰਗਰੇਜ਼ ਦੀ ਜ਼ਬਾਨ ਤੋਂ ‘ਪਬਲਕ ਸਰਵਿਸ’ ਦੇ ਖੁਲੇ ਦਰਬਾਰ ਵਿਚ ਏਹ ਮਤਲਬ ਮਿਲਦਾ ਹੈ।
ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਫਰੰਗੀ ਸੀਲੇ ਕਮਿਸ਼ਨਰ ਪਰੇਜੀਡੈਂਸੀ ਡਵੀਜ਼ਨ ਦੇ ਛੋਟੇ ਅਫਸਰ ਸੈਦ ਅਸ਼ਰਫ ਅਲੀ ਨੂੰ ਇਓਂ ਪੁਛਦਾ ਹੈ:
ਫਰੰਗੀ: ਅਛਾ ਮਿਸਟਰ ਅਸ਼ਰਫ! ਕੀ ਤੁਸੀਂ ਬੀ ਅਪਨੀ ਖਿਦਮਤ ਦੇ ਬਦਲੇ ਰਾਏ ਤੇ ਖਾਨ ਬਹਾਦਰ ਦੇ ਖਤਾਬ ਚਾਹੁੰਦੇ ਹੋ?
ਸੈਦ ਅਸ਼ਰਫ਼: ਹਾਂ ਹਜ਼ੂਰ!
ਫਰੰਗੀ: ਕੀ ਤੈਂ ਸੁਣਿਆ ਨੀਂ ਕਿ ਰਾਏ ਤੇ ਖਾਨ ਬਹਾਦਰੀ ਦੇ ਖਤਾਬਾਂ ਨੂੰ ਅੰਗਰੇਜ਼ਾਂ ਵਿਚ ਫੂਲ ਜਾਣੀ ਬੇਵਕੂਫ ਤੇ ਬੇਸ਼ਹੂਰ ਆਖਿਆ ਜਾਂਦਾ ਹੈ।
ਸੈਦ ਅਸ਼ਰਫ਼: ਹਾਂ ਅੱਜ ਕੱਲ ਏਹ ਖਤਾਬ ਇਹਾ ਜਿਹਾ ਗਿਰ ਗਿਆ ਹੈ ਕਿ ਅਜੇਹਾ ਹੀ ਹੋਵੇਗਾ।
ਫਰੰਗੀ: ਪਰ ਫੇਰ ਬੀ ਕੀ ਤੁਸੀਂ ਅਪਨੇ ਨਾਓਂ ਨਾਲ ਏਸ ਖਿਤਾਬ ਨੂੰ ਚਾਹੁੰਦੇ ਹੋ।
ਸੈਦ ਅਸ਼ਰਫ: ਹਾਂ ਅਪਨੀ ਖਿਦਮਤ ਦੀ ਖਾਤਰ।
ਪਾਠਕੋ ਵਿਚਾਰ ਕਰੋ!
ਬੀਸਵੀ ਸਦੀ ਵਿਚ
ਸਾਡੀ ਜ਼ਮੀਨ ਪਰ ਸਾਡੇ ਨੇਕ ਲੋਕਾਂ ਨੂੰ ਬੇਵਕੂਫ ਤੇ ਬੇ-ਸ਼ਹੂਰ ਕਿਹਾ ਜਾਂਦਾ ਹੈ। ਅਤੇ ਉਹ ਬੀ ਕੈਹੰਦੇ ਹਨ ਕਿ ਹਾਂ ਅਸੀਂ ਅਪਨੀ ਖਿਦਮਤ ਦੇ ਬਦਲੇ ਵਿਚ ਬੇਵਕੂਫ ਦਾ ਖਿਤਾਬ ਚਾਹੁੰਦੇ ਹਾਂ। ਬੇ-ਸ਼ਰਮੀ ਬੇ-ਹਿਆਈ ਤੇ ਬੁਜ਼ਦਿਲੀ ਦੀ ਹੱਦ ਹੋ ਗਈ। ਬੇਵਕੂਫ ਕੈਹਨ ਵਾਲੇ ਅੰਗਰੇਜ਼ ਦੇ ਨਹੀਂ, ਤਾਂ ਅਪਨੇ ਹੀ ਸੀਨੇ ਵਿਚ ਗੋਲੀ ਮਾਰ ਲੈਂਦੇ। ਅੰਗਰੇਜ਼ਾਂ ਨੂੰ ਖੁਲੇ ਦਰਬਾਰ ਵਿਚ ਹੱਸਣ ਤੇ ਮਖੌਲ ਕਰਨ ਦਾ ਸਮਾਂ ਨਾ ਮਿਲਦਾ ਕਿ ਆਪ ਹੀ ਏਹ ਲੋਕ ਬੇ-ਸ਼ਹੂਰ ਦਾ ਖਤਾਬ ਚਾਹੁੰਦੇ ਹਨ।
ਬਸ ਹੁਣ ਪਤਾ ਲਗ ਗਿਆ ਕਿ ਫਰੰਗੀਆਂ ਦੇ ਨੌਕਰ, ਡਿਪਟੀ, ਥਾਣੇਦਾਰ, ਆਨਰੇਬਲ, ਰਾਏ ਖਾਨ ਤੇ ਸਰਦਾਰ ਬਹਾਦਰ, ਬੇ-ਸ਼ਹੂਰ ਤੇ ਬੇਵਕੂਫ ਹਨ। ਦੇਸ਼ ਘਾਤੀ ਤੇ ਖੁਫੀਆ ਸਪਾਹੀ ਕੁੱਤਿਆਂ ਤੋਂ ਬੀ ਬੁਰੇ। ਅੰਗਰੇਜ਼ਾਂ ਦੀ ਜ਼ਬਾਨੀ ਮਲੂਮ ਹੁੰਦਾ ਹੈ।
ਪਰ ਅਸੀਂ ਏਨਾਂ ਨੂੰ ਪਸ਼ੂਆਂ ਤੋਂ ਵਧ ਸਮਝਦੇ ਹਾਂ ਜਿਸ ਤਰਾਂ ਅਸੀਂ ਹੁਣ ਕੈਹ ਚੁੱਕੇ ਹਾਂ। ਹੁਣ ਤਾਂ ਕੌਮੀ ਪਾਰਟੀ ਬੀ ਹੁਸ਼ਿਆਰ ਹੋ ਗਈ ਹੈ। ਅਤੇ (ਇਸ) ਦਾ ਜਥਾ ਹਿੰਦ ਵਿਚ ਫੈਲ ਗਿਆ ਹੈ। ਅਸੀਂ ਦੇਸ਼ ਘਾਤੀਆਂ ਨੂੰ ਇਕ ਦਮ ਪਛਾਣ ਲੈਂਦੇ ਹਾਂ। ਅਤੇ ਉਨ੍ਹਾਂ ਨੂੰ ਕਹਿ ਦਿੰਦੇ ਹਾਂ ਕਿ ਅਸੀਂ ਤੁਹਾਨੂੰ ਪਛਾਣ ਲਿਆ, ਫੇਰ ਉਹ ਸਾਡੇ ਪਾਸ ਨਹੀਂ ਆਉਂਦੇ। ਬਸ ਦੇਸ਼ ਘਾਤੀਆਂ ਦੀ ਮਿੱਟੀ ਪਲੀਤ ਹੈ। ਕੌਮ ਦੇ ਉਹ ਦੁਸ਼ਮਣ, ਕੌਮ ਉਨ੍ਹਾਂ ਦੀ ਦੁਸ਼ਮਣ। ਜਿਨਾਂ ਦੀ ਖਾਤਰ ਉਹ ਧਰਮ ਅਮਾਨ ਵੇਚ ਕੇ ਕੰਮ ਕਰਦੇ ਹਨ। ਉਹ ਅੰਗਰੇਜ਼ ਬੀ ਉਨ੍ਹਾਂ ਨੂੰ ਬਾਂਦਰ, ਬੈਲ, ਕੁੱਤੇ ਤੇ ਬੇਵਕੂਫ ਕੈਂਹਦੇ ਹਨ।
ਬੱਸ ਅਸੀਂ ਦੇਸ਼ ਘਾਤੀਆਂ ਉਤੇ ਰੈਹਮ ਕਰਦੇ ਕਹਿੰਦੇ ਹਾਂ ਕਿ ਉਏ ਦੇਸ਼ ਘਾਤੀਓ, ਤੁਹਾਡੀ ਮਾਤਾ ਦੁਖ ਭਰੇ ਹਾਲ ਵਿਚ ਹੈ। ਉਸ ਦੇ ਵਾਲ ਬਿਖਰੇ ਹੋਏ ਹਨ। ਉਸ ਦੇ ਬਦਨ ਵਿਚੋਂ ਲਹੂ ਦੇ ਫੁਹਾਰੇ ਚਲਦੇ ਹਨ। ਭਾਰਤ ਮਾਤਾ ਦੇ ਸਾਰੇ ਪੁੱਤਰ ਉਸ ਦੀ ਮਦਦ ਦੀ ਖਾਤਰ ਕੱਠੇ ਹੋ ਰਹੇ ਹਨ। ਤੁਸੀਂ ਭੀ ਉਸ ਦੇ ਪੁੱਤਰ ਹੋ। ਪਿਛਲੇ ਕੰਮਾਂ ਤੋਂ ਤੋਬਾ ਕਰੋ। ਮਾਤਾ ਦੇ ਚਰਨਾਂ ਵਿਚ ਸਿਰ ਰੱਖੋ, ਉਹ ਤੁਹਾਨੂੰ ਬਖਸ਼ ਦੇਵੇਗੀ ਅਤੇ ਤੁਹਾਡੀ ਦੀਨ ਦੁਨੀਆ ਸੁਧਰ ਜਾਵੇਗੀ। (ਲੇਖਕ ਭਰਤ ਦਾਸ)
ਨੋਟ
ਬੜੀ ਸਭਾ ਹੋਵੇਗੀ
31 ਦਸੰਬਰ ਬੁਧਵਾਰ ਨੂੰ ਸੈਕਰਾਮੈਂਟੋ ਵਿਚ ਬੜੀ ਸਭਾ ਹੋਵੇਗੀ ਸਭæææ ਹਾਲ ਵਿਚ ਹੋਵੇਗੀæææ ਸਟਰੀਟ ਹਿੰਦੂ ਹੋਟਲ ਤੋਂ ਪੰਜ ਛੇ ਬਲਾਕ ਹੈ।æææ ਉਪਦੇਸ਼ ਹੋਉਗਾ ਸਭ ਭਾਈ ਦਰਸ਼ਨ ਦੇਣ।
ਅੱਜ ਕੱਲ੍ਹ ਕਈ ਦੇਸ਼ ਘਾਤੀ ਏਧਰ ਉਧਰ ਫਿਰਦੇ ਹਨ। ਏਸ ਵਾਸਤੇ ਸਾਰੇ ਦੇਸ਼ ਭਾਈਆਂ ਨੂੰ ਖਬਰਦਾਰ ਰੈਹਨਾ ਚਾਹੀਦਾ ਹੈ।
(ਬਾਕੀ ਅਗਲੇ ਅੰਕ ਵਿਚ)