ਏਹੁ ਨਿਦੋਸਾ ਮਾਰੀਐ

ਬਲਜੀਤ ਬਾਸੀ
ਸਦੀਆਂ ਤੋਂ ਮਨੁੱਖ ਨੇ ਆਪਣੇ ਨੇੜੇ ਰਹਿੰਦੇ ਜਾਨਵਰਾਂ ਤੋਂ ਬੜੀ ਨਿਰਦੈਤਾ ਨਾਲ ਕੰਮ ਲੈ ਕੇ ਆਪਣੀ ਉਪਜੀਵਕਾ ਕਮਾਈ ਹੈ। ਸਭਿਅਤਾ ਦੇ ਵਿਕਾਸ ਨਾਲ ਨਵੇਂ ਨਵੇਂ ਸੰਦਾਂ, ਪੁਰਜ਼ਿਆਂ, ਸਜਾਵਟੀ ਤੇ ਮਨੋਰੰਜਕੀ ਵਸਤਾਂ ਆਦਿ ਦੇ ਨਾਂ ਰੱਖਣ ਦੀ ਲੋੜ ਪਈ ਤਾਂ ਇਹੋ ਬਿਰਤੀ ਸਾਹਮਣੇ ਆਈ। ਉਸ ਨੇ ਜਾਨਵਰਾਂ ਦੇ ਇਨ੍ਹਾਂ ਬੇਜਾਨ ਪ੍ਰਤਿਰੂਪਾਂ ਵੱਲ ਵੀ ਆਪਣਾ ਸੁਆਰਥੀ, ਜ਼ਾਲਮਾਨਾ ਅਤੇ ਪਰਪੀੜਕ ਰਵੱਈਆ ਉਸੇ ਤਰ੍ਹਾਂ ਕਾਇਮ ਰੱਖਿਆ। ਅਜਿਹੇ ਨਾਂ ਇਸ ਕਰਕੇ ਰੱਖੇ ਗਏ ਹਨ ਕਿ ਆਮ ਤੌਰ ‘ਤੇ ਸਬੰਧਤ ਜਾਨਵਰ ਦਾ ਕੋਈ ਗੁਣ ਇਨ੍ਹਾਂ ਚੀਜ਼ਾਂ ਦੀ ਖਾਸੀਅਤ ਨਾਲ ਮੇਲ ਖਾਂਦਾ ਹੈ।

ਇਸ ਲੇਖ ਵਿਚ ਕੁਝ ਇਕ ਅਜਿਹੇ ਸ਼ਬਦਾਂ ਦਾ ਜ਼ਿਕਰ ਕਰਾਂਗੇ। ਸ਼ੁਰੂਆਤ ਕਰਦੇ ਹਾਂ ਮਨੁੱਖ ਦੇ ਸਦੀਵੀ ਵਫਾਦਾਰ ਜਾਨਵਰ ਦੇ ਸੂਚਕ ਸ਼ਬਦ ਕੁੱਤਾ ਤੋਂ ਚਿੰਨਿਤ ਹੁੰਦੀਆਂ ਚੀਜ਼ਾਂ ਨਾਲ। ਹਲਟ ਵਾਲੇ ਖੂਹ ਵਿਚ ਜੇ ਕੋਈ ਸੰਗੀਤਮਈ ਅਤੇ ਰੌਣਕੀਲੀ ਸ਼ੈਅ ਹੈ ਤਾਂ ਉਹ ਇਸ ਦਾ ਕੁੱਤਾ ਹੀ ਹੈ। ਮੋਹਨ ਸਿੰਘ ਦੀ ਇਕ ਕਵਿਤਾ ਵਿਚ ਅਜਿਹੇ ਖੂਹ ਉਤੇ ਕੁੱਤੇ ਦੀ ਟੁਣਕਵੀਂ ਸੁਰੀਲੀ ਆਵਾਜ਼ ਇਸ ਤਰ੍ਹਾਂ ਸੁਣੀਂਦੀ ਹੈ,
ਸੁਣ ਠੱਕ ਠੱਕ, ਰੀਂ ਰੀਂ, ਵਾਂ ਵਾਂ,
ਮੈਂ ਉਡ ਉਡ ਉਥੇ ਜਾਵਾਂ।
ਜਿਥੇ ਅਪੜੇ ਟਾਵਾਂ ਟਾਵਾਂ,
ਤੇ ਬਿਰਤੀ ਜਾਏ ਫਿਰ ਲੱਗ ਨੀ।
ਹਲਟ ਦਾ ਕੁੱਤਾ ਉਹ ਅੜਤਲ ਹੈ ਜੋ ਛੋਟੀ ਚਕਲੀ ਦੇ ਬੂੜੀਆਂ ਵਿਚ ਅੜ ਕੇ ਖੂਹ ਦੇ ਵੈੜ ਨੂੰ ਪੁੱਠਾ ਗਿੜਨ ਤੋਂ ਰੋਕਦਾ ਹੈ। ਜੇ ਇਹ ਕੁੱਤਾ ਜੰਗਾਲ ਲੱਗਣ ਜਾਂ ਹੋਰ ਕਿਸੇ ਕਾਰਨ ਨਕਾਰਾ ਹੋ ਜਾਵੇ ਤਾਂ ਖੂਹ ਦੇ ਸਾਰੇ ਘੁੰਮਵੇਂ ਪੁਰਜ਼ੇ ਪੁੱਠੇ ਗਿੜ ਸਕਦੇ ਹਨ ਕਿਉਂਕਿ ਪਾਣੀ ਨਾਲ ਭਰੀਆਂ ਮਾਅਲ ਦੀਆਂ ਟਿੰਡਾਂ ਆਪਣੇ ਭਾਰ ਨਾਲ ਥੱਲੇ ਨੂੰ ਦੌੜਨ ਲੱਗਣਗੀਆਂ। ਇਸ ਤਰ੍ਹਾਂ ਹਲਟ ਹੱਕ ਰਹੇ ਬੰਦੇ ਅਤੇ ਬਲਦਾਂ ਦੀ ਜੋੜੀ ਨੂੰ ਗੰਭੀਰ ਸੱਟ ਲੱਗ ਸਕਦੀ ਹੈ। ਇਹ ਕੁੱਤਾ ਹੱਥ ਕੁ ਭਰ ਲੰਬਾ ਹੁੰਦਾ ਹੈ। ਇਸ ਦੇ ਉਪਰਲੇ ਸਿਰੇ ਦਾ ਕੁੰਡਾ ਛੋਟੀ ਚਕਲੀ ਵਿਚ ਅੜ ਜਾਂਦਾ ਹੈ। ਹੇਠਲਾ ਸਿਰਾ ਜ਼ਮੀਨ ਵਿਚ ਲਾਈ ਲੱਕੜ ਨਾਲ ਕਬਜ਼ੇ ਦੀ ਤਰ੍ਹਾਂ ਜੋੜਿਆ ਹੁੰਦਾ ਹੈ। ਇਸ ਸੂਰਤ ਵਿਚ ਇਹ ਅਗਲੀਆਂ ਲੱਤਾਂ ਚੱਕ ਕੇ ਬੈਠੇ ਕੁੱਤੇ ਜਿਹਾ ਪ੍ਰਤੀਤ ਹੁੰਦਾ ਹੈ। ਇਸ ਦਾ ਕਾਰਜ ਵੀ ਕੁੱਤੇ ਵਾਲਾ ਅਰਥਾਤ ਚਕਲੀ ਦੀ ਪੁੱਠਾ ਘੁੰਮਣ ਤੋਂ ਰਾਖੀ ਕਰਨਾ ਹੈ। ਇਕ ਬੁਝਾਰਤ ਹੈ, “ਨਿੱਕਾ ਜਿਹਾ ਕਾਕਾ ਟੈਂ-ਟੈਂ ਕਰਦਾ| ਭਾਰ ਚੁਕਾਇਆ ਤਾਂ ਚੁੱਪ ਕਰਦਾ।” ਹਲਟ ਦੇ ਕੁੱਤੇ ਜਿਹਾ ਕੰਮ ਹੀ ਸਾਈਕਲ ਦੇ ਫਰੀਵ੍ਹੀਲ ਦਾ ਕੁੱਤਾ ਕਰਦਾ ਹੈ। ਇਹ ਪੈਡਲ ਨੂੰ ਉਲਟਾ ਘੁਮਾਇਆਂ ਪਿਛਲੇ ਪਹੀਏ ਨੂੰ ਪਿਛਲਖੁਰੀ ਚੱਲਣ ਨਹੀਂ ਦਿੰਦਾ। ਜੇ ਸਾਈਕਲ ਦੇ ਕੁੱਤੇ ਫੇਲ੍ਹ ਹੋ ਜਾਣ ਤਾਂ ਉਸ ਦੀ ਪਿਛਲੀ ਗਰਾਰੀ ਨਹੀਂ ਚੱਲੇਗੀ। ਪੰਜਾਬੀ ਕੁੱਤਾ ਸ਼ਬਦ ਨਾਲ ਲੱਗਾ ਅੰਗਰੇਜ਼ੀ ਫੇਲ੍ਹ ਗੜਬੇ ਵਾਂਗ ਫਿੱਟ ਹੋਇਆ ਪਿਆ ਹੈ। ਤੋੜੇਦਾਰ ਬੰਦੂਕ ਦੇ ਤਾਲੇ ਦਾ ਵੀ ਇਕ ਕੁੱਤਾ ਹੁੰਦਾ ਹੈ। ਇਹ ਕੁੱਤਾ ਘੋੜੇ ਨੂੰ ਦੱਬਣ ਨਾਲ ਹਰਕਤ ਵਿਚ ਆਉਂਦਾ ਹੈ। ਜਾਣੋਂ ਕੁੱਤਾ ਘੋੜੇ ਦੇ ਹੁਕਮਾਂ ‘ਤੇ ਚਲਦਾ ਹੈ। ਇਕ ਤਰ੍ਹਾਂ ਦੇ ਪਦਬਹੇੜੇ ਦੀ ਸ਼ਕਲ ਕੁੱਤੇ ਦੇ ਖਿਲਰੇ ਹੋਏ ਮੂਤ ਵਰਗੀ ਹੁੰਦੀ ਹੈ। ਇਸ ਨੂੰ ਕੁੱਤੇ-ਮੂਤਰਾ ਕਿਹਾ ਜਾਂਦਾ ਹੈ।
ਕੁੱਤੇ-ਬਿੱਲੀ ਦੀ ਦੁਸ਼ਮਣੀ ਪ੍ਰਸਿੱਧ ਹੈ, ਚਲੋ ਬਿੱਲੀ ਦੀ ਗੱਲ ਤੋਰਦੇ ਹਾਂ। ਦੁੱਧ, ਦਹੀਂ, ਮੱਖਣ ਆਦਿ ਚੀਜ਼ਾਂ ਨੂੰ ਲੁਕੋ ਕੇ ਰੱਖਣ ਲਈ ਇਕ ਜਾਲੀਦਾਰ ਡੋਲੀ ਹੁੰਦੀ ਹੈ ਜਿਸ ਉਤੇ ਇਕ ਆਂਡੇਨੁਮਾ ਲਕੜੀ ਦੀ ਘੁੰਮਵੀਂ ਚਿਟਕਣੀ ਲਾਈ ਜਾਂਦੀ ਹੈ। ਇਹ ਡੋਲੀ ਦੇ ਦਰ ਉਤੇ ਲਟਕ ਕੇ ਇਸ ਨੂੰ ਖੁੱਲ੍ਹਣ ਨਹੀਂ ਦਿੰਦੀ। ਬਿੱਲੀ ਹੀ ਹੈ ਜੋ ਦੁਧ-ਦਹੀਂ ਦੀ ਸ਼ੌਕੀਨ ਅਤੇ ਚਰੋਟੀ ਹੈ। ਤਨਜ਼ ਭਰੀ ਕਹਾਵਤ ਹੈ, ‘ਦੁਧ ਦਾ ਰਾਖਾ ਬਿੱਲਾ।’ ਪਰ ਇਥੇ ਬਿੱਲੀ ਹੀ ਦੁਧ ਬਾਧ ਨੂੰ ਬਿੱਲੀ ਤੋਂ ਬਚਾਉਂਦੀ ਹੈ। ਹੋਰ ਮਜ਼ੇ ਦੀ ਗੱਲ, ਇਕ ਕੋਸ਼ ਵਿਚ ਕੁੱਤੇ ਦੇ ਉਪਰੋਕਤ ਅਰਥ ਲਈ ਬਿੱਲੀ ਸ਼ਬਦ ਵੀ ਵਰਤਿਆ ਗਿਆ ਹੈ। ਖੈਰ, ਬੇਜਾਨ ਬਿੱਲੀ ਅਤੇ ਕੁੱਤਾ ਵੀ ਬੰਦੇ ਦੀ ਸੰਪਤੀ ਦੀ ਰਾਖੀ ਕਰਕੇ ਮਨੁੱਖ-ਭਗਤੀ ਦਾ ਡਾਢਾ ਸਬੂਤ ਦਿੰਦੇ ਹਨ।
ਅੱਗੇ ਬਿੱਲੀ ਚੂਹੇ ਦੀ ਵੈਰਨ ਹੈ; ਜੇ ਕਹਾਵਤ ਦੀ ਸੱਚਾਈ ਮੰਨੀਏ ਤਾਂ ਇਹ ਭੁੱਖੜ ਨੌ ਸੌ ਤੱਕ ਚੂਹੇ ਖਾ ਸਕਦੀ ਹੈ। ਨੱਕ ਵਿਚ ਪੈਦਾ ਹੋਣ ਵਾਲੇ ਰੇਸ਼ੇਦਾਰ ਪਦਾਰਥ ਨੂੰ ਜੇ ਸੰਭਲ ਕੇ ਉਂਗਲੀ ਨਾਲ ਕੱਢਿਆ ਜਾਵੇ ਤਾਂ ਇਸ ਨਾਲ ਰੇਸ਼ੇ ਦੇ ਢੇਲੇ ਪਿਛੇ ਲੰਮੀ ਜਿਹੀ ਤਾਰ ਵੀ ਨਿਕਲਦੀ ਆਉਂਦੀ ਹੈ, ਜਾਣੋਂ ਇਹ ਚੂਹੇ ਦੀ ਪੂਛ ਹੈ। ਸ਼ਿਅਰ ਦਾ ਮਤਲਾ ਹੈ, ‘ਨਾਕ ਜੋ ਉਸ ਕੀ ਬਹੀ, ਤੋ ਬਹਿਤੀ ਚਲੀ ਗਈ।’ ਸੀਰੇ ਅਰਥਾਤ ਤਿਆਰ ਹੋਈ ਪੱਤ ਨੂੰ ਡੋਹਰੀ ਨਾਲ ਗੰਡ ਵਿਚ ਪਲਟਾਉਣ ਸਮੇਂ ਕੁਝ ਲੇਸਦਾਰ ਤਾਰਾਂ ਗੰਡ ਦੇ ਕੰਢਿਆਂ ‘ਤੇ ਡਿਗ ਪੈਂਦੀਆਂ ਹਨ ਜਿਨ੍ਹਾਂ ਨੂੰ ਪੇਂਡੂ ਬੱਚੇ ਚਾਕਲੇਟ ਦੀ ਤਰ੍ਹਾਂ ਚਾਹ ਕੇ ਖਾਂਦੇ ਹਨ। ਕੰਪਿਊਟਰ ਵਿਗਿਆਨੀਆਂ ਨੇ ਕੰਪਿਊਟਰ ਨੂੰ ਚਲਾਉਣ ਵਾਲੇ ਮਾਊਸ ਦਾ ਇਹ ਨਾਂ ਇਸ ਕਰਕੇ ਰੱਖਿਆ ਹੈ ਕਿਉਂਕਿ ਚੂਹੇ ਦੀ ਪੂਛ ਜਿਹੀ ਲੰਮੀ ਤਾਰ ਲੱਗੀ ਇਹ ਕਲ ਚੂਹੇ ਦਾ ਭੁਲੇਖਾ ਪਾਉਂਦੀ ਹੈ।
ਘੋੜੇ ਦੀ ਕਾਰਕਰਦਗੀ ਤੇ ਮਹਾਨਤਾ ਦਾ ਪਤਾ ਲਗਦਾ ਹੈ, ਇਸ ਪਿਛੇ ਰੱਖੇ ਹੋਰ ਉਪਕਰਣਾਂ ਦੇ ਨਾਂਵਾਂ ਤੋਂ। ‘ਲੇਡੀਜ਼ ਫਸਟ’ ਅਸੂਲ ਅਨੁਸਾਰ ਘੋੜੇ ਦੀ ਮਦੀਨ ਘੋੜੀ ਤੋਂ ਗੱਲ ਸ਼ੁਰੂ ਕਰਦੇ ਹਾਂ। ਘੋੜੀ ਲੱਕੜ ਦੇ ਬਣੇ ਉਸ ਢਾਂਚੇ ਨੂੰ ਆਖਦੇ ਹਨ ਜਿਸ ਉਪਰ ਕੋਈ ਹੋਰ ਚੀਜ਼ ਟਿਕਾਈ ਜਾਵੇ, ਸਮਝੋ ਘੋੜ-ਸਵਾਰ ਦੀ ਤਰ੍ਹਾਂ। ਅਜਿਹੇ ਕੁਝ ਢਾਂਚੇ ਹਨ: ਖੂਹ ਦੇ ਪਾੜਛੇ ਨੂੰ ਉਤਾਂਹ ਚੁੱਕੀ ਰੱਖਣ ਲਈ ਹੇਠ ਰੱਖੀ ਲੱਕੜੀ; ਕਰਾਹੀ ਦੇ ਫੱਟੇ ਉਪਰਲਾ ਢਾਂਚਾ; ਸਟੈਂਡ, ਜਿਸ ‘ਤੇ ਚੜ੍ਹ ਕੇ ਸਫੈਦੀ ਕੀਤੀ ਜਾਂਦੀ ਹੈ; ਫੱਟੀ, ਜਿਸ ਉਤੇ ਸਿਤਾਰ ਦੀਆਂ ਤਾਰਾਂ ਕੱਸੀਆਂ ਜਾਂਦੀਆਂ ਹਨ; ਸੇਵੀਆਂ ਵੱਟਣ ਵਾਲੀ ਮਸ਼ੀਨ; ਜੁਲਾਹੇ ਦਾ ਤਾਣਾ ਟਿਕਾਉਣ ਵਾਲੀ ਲੱਕੜੀ; ਊਠ ਨੂੰ ਜੋੜਨ ਸਮੇਂ ਇਸ ਦੇ ਬੰਨ੍ਹ ਤੋਂ ਅੱਗੇ ਰੱਖਿਆ ਜਾਣ ਵਾਲਾ ਲੱਕੜ ਦਾ ਢਾਂਚਾ; ਗੰਡ ਵਿਚ ਸੀਰੇ ਦੀ ਸ਼ਕਰ ਮਲਣ ਵਾਲਾ ਗੁਰਮਾਲੇਨੁਮਾ ਸੰਦ, ਇਸ ਨੂੰ ਪਿੱਸੂ ਵੀ ਆਖਦੇ ਹਨ। ਹੁਣ ਲਈਏ ਘੋੜੀ ਦਾ ਮਰਦ: ਬੰਦੂਕ ਦਾ ਇਕ ਪੁਰਜ਼ਾ ਜਿਸ ਦੀ ਸ਼ਕਲ ਘੋੜੇ ਦੀ ਬੂਥੀ ਅਤੇ ਧੌਣ ਨਾਲ ਮਿਲਦੀ ਹੈ; ਸ਼ਤਰੰਜ ਦਾ ਇਕ ਮੁਹਰਾ। ਅਸੀਂ ਸਵਾਰੀ ਸ਼ਬਦ ਉਤੇ ਪੂਰਾ ਲੇਖ ਲਿਖ ਚੁੱਕੇ ਹਾਂ ਪਰ ਇਥੇ ਪ੍ਰਸੰਗਵੱਸ ਦੱਸ ਦੇਈਏ ਕਿ ਸਵਾਰ/ਅਸਵਾਰ ਜਾਂ ਸਵਾਰੀ ਸ਼ਬਦ ਪਿਛੇ ਵੀ ਘੋੜਾ ਹੀ ਹੈ। ਇਸ ਦਾ ਮੂਲ ਹੈ ‘ਅਸਵ-ਵਾਰ’ ਜਿਸ ਵਿਚ ਅਸ਼ਵ ਦਾ ਅਰਥ ਵੀ ਘੋੜਾ ਹੀ ਹੁੰਦਾ ਹੈ, ਅਸ਼ਵਮੇਧ ਯੱਗ ਧਿਆਓ। ਘੋੜੇ ਵਾਂਗ ਹਾਥੀ ਵੀ ਸ਼ਤਰੰਜ ਦਾ ਇਕ ਮੁਹਰਾ ਹੈ। ਇਸ ਨੂੰ ਫੀਲਾ ਕਿਹਾ ਜਾਂਦਾ ਹੈ ਜੋ ਹਾਥੀ ਲਈ ਫਾਰਸੀ ਸ਼ਬਦ ਹੈ। ਪੀਲਪਾਵੇ ਵਿਚ ਵੀ ਹਾਥੀ ਚਿੰਘਾੜਦਾ ਹੈ।
ਕੋਈ ਕਾਂ ਵਾਂਗੂੰ ਕਾਂ ਕਾਂ ਕਰਦਾ ਅਰਥਾਤ ਬਹੁਤਾ ਬੋਲਦਾ ਹੋਵੇ ਤਾਂ ਉਸ ਨੂੰ ਛੇੜਦੇ ਹਨ, ਤੂੰ ਕਾਂ ਖਾਧੇ ਆ? ਭਲਾ ਅਜਿਹਾ ਕੁਬੋਲ ਬੋਲਣ ਵਾਲੇ ਨੂੰ ਕੋਈ ਪੁੱਛੇ ਕਿ ਕਾਂ ਤਾਂ ਹਰੇਕ ਦੇ ਸੰਘ ਵਿਚ ਹੈ ਫਿਰ ਵੀ ਉਸ ਨੂੰ ਕੋਈ ਨਹੀਂ ਖਾਂਦਾ। ਭੋਜਨ ਨਿਗਲੇ ਜਾਣ ਸਮੇਂ ਇਹ ਨੱਕ ਦੇ ਦੁਆਰ ਨੂੰ ਬੰਦ ਕਰ ਦਿੰਦਾ ਹੈ ਤਾਂ ਜੋ ਭੋਜਨ ਨੱਕ ਵਿਚ ਨਾ ਜਾ ਸਕੇ। ਇਸ ਤਰ੍ਹਾਂ ਇਹ ਭੋਜਨ ਨੂੰ ਗਲਤ ਰਾਹ ਪੈਣ ਤੋਂ ਰੋਕਦਾ ਹੈ।
ਨਲਕਿਆਂ, ਲੋਟਿਆਂ ਅਤੇ ਕੇਤਲੀਆਂ ਵਿਚ ਪਾਣੀ ਦੀ ਟੂਟੀ ਲੱਗੀ ਹੁੰਦੀ ਹੈ। ਇਸ ਦਾ ਇਹ ਨਾਂ ਇਸ ਲਈ ਪਿਆ ਕਿਉਂਕਿ ਇਸ ਦੀ ਸ਼ਕਲ ਪੰਛੀ ਦੀ ਚੁੰਝ ਨਾਲ ਮਿਲਦੀ ਹੁੰਦੀ ਹੈ। ਇਹ ਸ਼ਬਦ ਸੰਸਕ੍ਰਿਤ ਤੁੰਡ ਤੋਂ ਬਣਿਆ ਹੈ ਜਿਸ ਦਾ ਅਰਥ ਚੁੰਝ ਹੁੰਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ਕੌਕ ਕਹਿੰਦੇ ਹਨ ਕਿਉਂਕਿ ਇਸ ਦੀ ਸ਼ਕਲ ਕੌਕ (ਕੁੱਕੜ) ਨਾਲ ਮਿਲਦੀ ਹੈ। ਅੰਗਰੇਜ਼ੀ ਬੀਕ (ਚੁੰਝ) ਤੋਂ ਹੀ ਬੀਕਰ ਸ਼ਬਦ ਬਣਿਆ ਜਿਸ ਦਾ ‘ਲੋਹ-ਪਤ-ਗਮਨੀ’ ਵਾਲੇ ਕੋਸ਼ਕਾਰ ਰਘੂਵੀਰਾ ਨੇ ਸੰਸਕ੍ਰਿਤ ਅਨੁਵਾਦ ਚੋਂਚਕ ਕੀਤਾ ਹੈ। ਪੌਣ-ਕੁੱਕੜ ਹਵਾ ਦੀ ਦਿਸ਼ਾ ਦੱਸਦੇ ਹਨ। ਮਨੁੱਖੀ ਪੌਣ ਕੁੱਕੜ ਫਸਲੀ ਬਟੇਰੇ ਦੀ ਤਰ੍ਹਾਂ ਮੌਕਾਪ੍ਰਸਤ ਹੁੰਦਾ ਹੈ ਜੋ ਆਪਣੀ ਵਰਤਮਾਨ ਦਿਸ਼ਾ ਦਸਦਾ ਹੈ। ਕੁੱਕੜ-ਛਿੱਦੀ ਇਕ ਬੂਟੀ ਹੁੰਦੀ ਹੈ। ਬੈਡਮਿੰਟਨ ਦੀ ਖੇਡ ਨੂੰ ‘ਚਿੜੀ ਛਿੱਕਾ’ ਕਿਹਾ ਜਾਂਦਾ ਹੈ। ਇਸ ਵਿਚ ਚਿੜੀ ਟੱਪਣ ਵਾਲੀ ਚੀਜ਼ ਹੈ ਜੋ ਖੰਭਾਂ ਦੀ ਬਣੀ ਹੁੰਦੀ ਹੈ ਤੇ ਚਿੜੀ ਵਾਂਗ ਹੀ ਉਡਾਈ ਜਾਂਦੀ ਹੈ। ਇਸ ਨੂੰ ਅੰਗਰੇਜ਼ੀ ਵਿਚ ਕੌਕ (ਕੁੱਕੜ) ਕਿਹਾ ਜਾਂਦਾ ਹੈ। ਤਾਸ਼ ਵਿਚ ਚਿੜੀ ਜਾਂ ਚਿੜੀਏ ਦੇ ਪੱਤੇ ਹੁੰਦੇ ਹਨ ਜਿਨ੍ਹਾਂ ਦੇ ਟਿਮਕੜਿਆਂ ਦੀ ਸ਼ਕਲ ਖੰਭਾਂ ਵਰਗੀ ਹੁੰਦੀ ਹੈ। ਸ਼ੰਕੂਨੁਮਾ ਲਾਟੂ ਦੁਆਲੇ ਛੈਂਟੇ ਦੀ ਲੀਰ ਲਪੇਟ ਕੇ ਬੱਚੇ ਇਸ ਦੀ ਗਧੇ ਦੀ ਤਰ੍ਹਾਂ ਖੂਬ ਖੜਕੈਂਤੀ ਕਰਦੇ ਘੁਮਾਉਂਦੇ ਹਨ ਤੇ ਇਸ ਨੂੰ ਕਹਿੰਦੇ ਵੀ ਗਧਾ ਹੀ ਹਨ। ਬਾਬਾ ਫਰੀਦ ਫਰਮਾਉਂਦੇ ਹਨ, ‘ਏਹੁ ਨਿਦੋਸਾ ਮਾਰੀਐ ਹਮ ਦੋਸਾਂ ਦਾ ਕਿਆ ਹਾਲ।’
ਗਹਿਣਿਆਂ ਦੇ ਨਾਂਵਾਂ ਵਿਚ ਵੀ ਜਾਨਵਰ-ਸੂਚਕ ਸ਼ਬਦਾਂ ਦਾ ਖੂਬ ਦਖਲ ਹੈ। ਪਰਾਂਦੇ ਉਪਰ ਪਾਏ ਜਾਣ ਵਾਲੇ ਸੋਨੇ ਜਾਂ ਚਾਂਦੀ ਦੇ ਇਕ ਗਹਿਣੇ ਨੂੰ ਬਘਿਆੜੀ ਕਹਿੰਦੇ ਹਨ। ਇਥੇ ਬਘਿਆੜ ਦੇ ਸ਼ਿਕਾਰ ਨੂੰ ਨਪੀੜਨ ਵਾਲੇ ਮੁੜੇ ਹੋਏ ਤਿੱਖੇ ਦੰਦਾਂ ਵੱਲ ਸੰਕੇਤ ਹੈ। ਲੋਕ ਗੀਤ ਹੈ, “ਚੌਕੀਦਾਰਨੀ ਬਣੀ ਬਘਿਆੜੀ, ਤੀਲੀ ਬਣੀ ਟਹਿਲਦਾਰਨੀ।” ਕੱਟੇ ਵੱਛੇ ਨੂੰ ਦੁਧ ਚੁੰਘਣ ਤੋਂ ਰੋਕਣ ਲਈ ਬੂਥੀ ਉਤੇ ਮਧਾਣੀ ਜੁੱਟ ਬੱਧੀਆਂ ਲੱਕੜ ਦੀਆਂ ਕਿਲੀਆਂ ਨੂੰ ਬਘਿਆੜੀ ਕਹੀਦਾ ਹੈ। ਗੰਨਾ ਪੀੜਨ ਵਾਲੇ ਵੇਲਣਿਆਂ ਨੂੰ ਸਹੀ ਕਰਨ ਵਾਲੇ ਇਕ ਯੰਤਰ ਦਾ ਨਾਂ ਬਘਿਆੜੀ ਹੈ। ਇਕ ਛੋਟੇ ਜਿਹੇ ਕੁੰਡਲ ਵਰਗੇ ਗਹਿਣੇ ਨੂੰ ਮੋਰਨੀ ਆਖਦੇ ਹਨ। ਲਾਂਗਾ ਉਚਾ ਸੁੱਟਣ ਵਾਲੇ ਸਲੰਘ ਦੇ ਅੱਗੇ ਲਾਏ ਤੀਜੇ ਸਿੰਗੜ ਨੂੰ ਬਘਿਆੜਾ ਆਖਦੇ ਹਨ। ਅੱਜ ਕਲ੍ਹ ਮੱਛੀ ਮੋਟਰ ਵੀ ਚੱਲੀ ਹੋਈ ਹੈ। ਨੱਥ ਦੇ ਨਾਲ ਹੀ ਨੱਕ ਵਿਚ ਛੇਕ ਕਰਕੇ ਮਛਲੀ ਪਹਿਨੀ ਜਾਂਦੀ ਹੈ। ਇਸ ਵਿਚ ਸੋਨੇ ਦੀਆਂ ਫੁੱਲਪੱਤੀਆਂ ਦੀਆਂ ਲੜੀਆਂ ਹੁੰਦੀਆਂ ਹਨ। ਇਸ ਦੇ ਪੱਤ ਹੇਠਲੇ ਬੁਲ੍ਹ ਤੱਕ ਲਟਕਦੇ ਰਹਿੰਦੇ ਹਨ। ਪੱਤਾਂ ਤੋਂ ਬਿਨਾ ਮਛਲੀ ਦੀ ਖੂਬਸੂਰਤੀ ਅਧੂਰੀ ਹੈ, Ḕਪੱਤਾਂ ਬਾਝ ਨਾ ਸੁਹੰਦੀ ਮਛਲੀ।’ ਗੱਭਰੂ ਪੱਟਾਂ ‘ਤੇ ਮੋਰ ਖੁਣਾਉਂਦੇ ਹਨ ਤਾਂ ਮੁਟਿਆਰਾਂ ਮੋਰ ਦੇ ਖੰਬਾਂ ਜਿਹੇ ਇਕ ਕੁੰਡਲਨੁਮਾ ਗਹਿਣਾ ਮੋਰਨੀ ਪਾਉਂਦੀਆਂ ਹਨ। ਕੰਨ ਦੀ ਹੇਠਲੀ ਪੇਪੜੀ ਵਿਚ ਪਹਿਨੀਆਂ ਜਾਂਦੀਆਂ ਸੋਨ-ਚਿੜੀਆਂ ਬਹੁਤ ਖੂਬਸੂਰਤ ਲਗਦੀਆਂ ਹਨ, “ਤੇਰਾ ਰੂਪ ਝੱਲਿਆ ਨਾ ਜਾਵੇ ਕੰਨੋਂ ਲਾਹ ਦੇ ਸੋਨਚਿੜੀਆਂ।” ਰੱਸੀ ਖਿਚਣ ਤੇ ਮੂੰਹ ਬੰਦ ਕਰਨ ਅਤੇ ਪੂਛਲ ਚੁੱਕਣ ਦੀ ਹਰਕਤ ਕਰਨ ਵਾਲਾ ਡੰਡੇ ਦੇ ਸਿਰੇ ‘ਤੇ ਕਾਟੋ ਦੀ ਸ਼ਕਲ ਵਾਲਾ ਇਕ ਲੋਕ ਸਾਜ਼ ਕਾਟੋ ਕਹਾਉਂਦਾ ਹੈ।
ਵਿਚਾਰੇ ਤੋਤੇ ਦੀ ਸਾਰ ਵੀ ਲੈ ਲਈਏ। ਦੋਵੇਂ ਪਾਸੇ ਬਰਾਬਰ ਮਿੱਟੀ ਸੁੱਟਣ ਲਈ ਬਣਾਏ ਚੌੜੇ ਪੱਖਿਆਂ ਦੇ ਚਉ ਵਾਲਾ ਹਲ ਤੋਤਾ-ਹਲ ਕਹਾਉਂਦਾ ਹੈ। ਮੱਖੀ ਜਿਹੇ ਤੁੱਛ ਅਤੇ ਸ਼ੇਰ ਜਿਹੇ ਮਹਾਨ ਜਾਨਵਰ ਮੁਆਫ ਕਰਨ, ਅਜੇ ਅਣਗੌਲੇ ਰਹਿ ਗਏ।