ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਹਾਦਸਾ-ਦਰ-ਹਾਦਸਾ ਅਪਨਾ ਰਹੇ ਹਾਂ ਦਿਨ-ਬ-ਦਿਨ।
ਸਦਮਿਆਂ ਦੀ ਭੀੜ ਨੂੰ ਗਲ ਲਾ ਰਹੇ ਹਾਂ ਦਿਨ-ਬ-ਦਿਨ।
ਰਾਜਿੰਦਰ ਪਰਦੇਸੀ ਦੇ ਇਸ ਸ਼ਿਅਰ ਮੁਤਾਬਕ ਸੋਚਾਂ ਦੇ ਸਮੁੰਦਰ ਵਿਚੋਂ ਗੋਤੇ ਲਵਾਉਣ ਵਾਲੀਆਂ ਬੁਰੀਆਂ ਤੋਂ ਬੁਰੀਆਂ ਖਬਰਾਂ ਭਾਵੇਂ ਆਲਿਉਂ-ਦੁਆਲਿਉਂ ਹਰ ਰੋਜ਼ ਹੀ ਆਈ ਜਾਂਦੀਆਂ ਹਨ, ਪਰ ਤਿੰਨ ਦਸੰਬਰ ਵਾਲੇ ਦਿਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌੜ ਮੰਡੀ ਵਾਲੀ ਉਹ ਮਨਹੂਸ ਖਬਰ ਸ਼ਾਇਦ ਹੀ ਕਿਸੇ ਨੂੰ ਭੁੱਲੀ ਹੋਵੇ ਜਿਸ ਵਿਚ ਵਿਆਹ ਸਮਾਗਮ ਵਿਚ ਵੱਜਦੇ ਗੀਤਾਂ ਉਤੇ ਨੱਚਦੀਆਂ ਡਾਂਸਰ ਕੁੜੀਆਂ ਵਿਚੋਂ ਇਕ ਅਚਾਨਕ ਮੌਤ ਦੇ ਮੂੰਹ ਜਾ ਪਈ। ਜਿਵੇਂ ਅਜਿਹੇ ਅਣਕਿਆਸੇ ਕਹਿਰ ਉਪਰੰਤ ਹੁੰਦਾ ਹੀ ਹੈ, ਕੁਝ ਦਿਨ ਇਸ ਦਰਦਨਾਕ ਘਟਨਾ ਬਾਬਤ ਅਖਬਾਰਾਂ ਵਿਚ ਖਬਰਾਂ ਅਤੇ ਕਰੁਣਾਮਈ ਲੇਖ-ਕਵਿਤਾਵਾਂ ਛਪਦੇ ਰਹੇ।
ਫਿਰ ਇਸੇ ਤਰ੍ਹਾਂ ਸੋਸ਼ਲ ਸਾਈਟਾਂ ਉਤੇ ਵੀ ਭਿਆਨਕ ਦ੍ਰਿਸ਼ ਵਾਲੀ ਉਹ ਵੀਡੀਓ ਚਲਦੀ ਰਹੀæææ ਦਿਲਾਂ ‘ਤੇ ਹੱਥ ਰੱਖ ਕੇ ਸਭ ਨੇ ਦੇਖਿਆ ਕਿ ਕਿਵੇਂ ਨੱਚ ਰਹੀ ਲੜਕੀ ਦੀ ਪੁੜਪੁੜੀ ਵਿਚ ਗੋਲੀ ਵੱਜੀæææ ਕਿਵੇਂ ਥਾਏਂ ਮੁਰਦਾ ਹੋ ਕੇ ਡਿੱਗੀ ਪਈ ਉਤੇ ਰੰਗ-ਬਰੰਗੀਆਂ ਰੌਸ਼ਨੀਆਂ ਦੀਆਂ ਲਿਸ਼ਕੋਰਾਂ ਘੁੰਮ-ਘੁੰਮ ਕੇ ਪਈ ਗਈਆਂæææ ਤੇ ਸਟੇਜ ਪਿੱਛੇ ਲੱਗੇ ਪਰਦੇ ਉਪਰ ਦਿਲਜੀਤ ਦੁਸਾਂਝ ਅਧ-ਨੰਗੀਆਂ ਮਾਡਲਾਂ ਨਾਲ ਬੇਹੂਦਾ ਟੱਪ-ਟਪੱਈਆ ਕਰਦਾ ਰਿਹਾ। ਰਾਈਫਲ ਦੇ ਫਾਇਰ ਦੀ ਠਾਹ ਸੁਣ ਕੇ ਲੜਕੀ ਦੇ ਨਾਲ ਦੀਆਂ ਡਾਂਸਰ ਕੁੜੀਆਂ ਦੇ ਹਉਕਿਆਂ ਸਿਸਕੀਆਂ ਤੇ ਫਿਰ ਚੀਕ-ਚਿਹਾੜੇ ਦੌਰਾਨ ਲਾਸ਼ ਬਣ ਚੁੱਕੀ ਕੁੜੀ ਨੂੰ ਕਿੰਜ ਲੱਤਾਂ-ਬਾਹਾਂ ਤੋਂ ਫੜ ਕੇ ਇਕ ਤਰ੍ਹਾਂ ਦਾ ਘੜੀਸ ਕੇ ਸਟੇਜ ਤੋਂ ਹੇਠਾਂ ਲਾਹਿਆ ਗਿਆ, ਇਹ ਹੌਲਨਾਕ ਵੀਡੀਓ ਦੇਖਦਿਆਂ ਸ਼ਾਇਦ ਹੀ ਕਿਸੇ ਦੀਆਂ ਅੱਖਾਂ ਸੁੱਕੀਆਂ ਰਹੀਆਂ ਹੋਣ।
ਬੇ-ਗੁਨਾਹ ਦੇ ਕਤਲ ਦਾ ਕਿੰਨਾ ਕੁ ਪੈਂਦਾ ਮੁੱਲ ਹੈ,
ਦੋ ਘੜੀ ਸ਼ਰਧਾਂਜਲੀ ਤੇ ਦੋ ਪਹਿਰ ਹੜਤਾਲ ਹੈ।
ਆਪਣੇ ਦੇਸ਼ ਵਿਚ ਕਿਤੇ ਵੀ ਕਿਸੇ ਨਿਰਦੋਸ਼ ਦਾ ਕਤਲ ਹੋ ਜਾਣ ਉਪਰੰਤ ਵਾਲੇ ਹਾਲਾਤ ਦਾ ਵੇਰਵਾ ਓਮ ਪ੍ਰਕਾਸ਼ ਅਤਰੇ ਦੇ ਇਸ ਸ਼ਿਅਰ ਵਿਚ ਦੱਸ ਹੀ ਦਿੱਤਾ ਗਿਆ ਹੈ, ਪਰ ਹੁਣ ਇਹਦੇ ਵਿਚ ਵਾਧਾ ਫੇਸਬੁੱਕੀ ਚਰਚਾ ਦਾ ਹੋਰ ਜੁੜ ਗਿਆ ਹੈ। ਸੋ, ਬਠਿੰਡਾ-ਕਾਂਡ ਬਾਰੇ ਵੀ ਫੇਸਬੁੱਕ ‘ਤੇ ਅਣਗਿਣਤ ਪੰਜਾਬੀਆਂ ਨੇ ਭੜਾਸ ਕੱਢੀ।æææ ਕਈ ਕਹਿ ਰਹੇ ਸਨ ਕਿ ਵਿਆਹ ਵਿਚ ਕਿਸੇ ਕੋਲ ਹਥਿਆਰ ਵੇਖਦੇ ਸਾਰ ਉਹ ਉਸ ਵਿਆਹ ਦਾ ‘ਬਾਈਕਾਟ’ ਕਰ ਕੇ ਘਰੇ ਮੁੜ ਆਇਆ ਕਰਨਗੇ। ਕਈਆਂ ਨੇ ਸੁਝਾਅ ਦਿੱਤਾ ਕਿ ਵਿਆਹਾਂ ਦੇ ਸੱਦਾ ਪੱਤਰਾਂ ਉਤੇ ਉਘੜਵੇਂ ਅੱਖਰਾਂ ਵਿਚ ਹਥਿਆਰ ਨਾ ਲਿਜਾਣ ਦੀ ਸਖਤ ਹਦਾਇਤ ਲਿਖਣੀ ਚਾਹੀਦੀ ਹੈ। ਬਹੁਤਿਆਂ ਨੇ ਵਿਆਹ-ਸ਼ਾਦੀਆਂ ਮੌਕੇ ਕੁੜੀਆਂ ਦੇ ਡਾਂਸ ਕਰਾਉਣ ਨੂੰ ਕੰਜਰਪੁਣਾ ਕਹਿੰਦਿਆਂ ਇਸ ਭੈੜੇ ਰਿਵਾਜ ਨੂੰ ਤੁਰਤ ਬੰਦ ਕਰਨ ‘ਤੇ ਜ਼ੋਰ ਦਿੱਤਾæææ ਕੁਝ ਪਰਵਾਸੀ ਵੀਰਾਂ ਨੇ ਕਥਿਤ ਕਲਾਕਾਰਾਂ ਨੂੰ ਵਿਦੇਸ਼ਾਂ ਵਿਚ ਨਾ ਬੁਲਾਉਣ ਦੀਆਂ ਅਪੀਲਾਂ ਕੀਤੀਆਂæææ ਕੁਝ ਵੀਰਾਂ ਨੇ ‘ਪੋਸਟਾਂ’ ਪਾਈਆਂ ਕਿ ਅਸੀਂ ਆਪਣੇ ਵਿਆਹਾਂ ਵਿਚ ਖਰੂਦੀ ਟੱਪ-ਟਪੱਈਏ ਤੋਂ ਪਰਹੇਜ਼ ਕਰਾਂਗੇ। ਕੋਈ ਮੈਰਿਜ ਪੈਲੇਸਾਂ ਦੇ ਪ੍ਰਬੰਧਕਾਂ ਦੀ ਢਿੱਲ ਨੂੰ ਕੋਸ ਰਿਹਾ ਸੀæææ ਬਹੁਤਿਆਂ ਨੇ ਪੰਜਾਬ ਸਰਕਾਰ ਨੂੰ ਭੰਡਿਆ ਕਿ ਉਹ ਬਦ-ਅਮਨੀ ਨੂੰ ਠੱਲ੍ਹ ਪਾਉਣ ਵਿਚ ਨਾਕਾਮ ਹੈæææ ਵਗੈਰਾ ਵਗੈਰਾ।
ਗੁਸੈਲੇ ਤੇ ਸੋਗਮਈ ਸ਼ਬਦਾਵਲੀ ਵਾਲੇ ‘ਜ਼ਬਾਨੀ ਜਮ੍ਹਾਂ ਖਰਚ’ ਕਹੇ ਜਾ ਸਕਦੇ ਪੰਜਾਬੀਆਂ ਦੇ ਉਪਰੋਕਤ ਪ੍ਰਤੀਕਰਮਾਂ ਤੋਂ ਬਾਅਦ ਇਕ ਗੈਰ-ਪੰਜਾਬੀ ਦਾ ਅਨੋਖਾ ਅਤੇ ਨਿੱਗਰ ਪ੍ਰਤੀਕਰਮ ਸਾਹਮਣੇ ਆ ਗਿਆ। ਅਖਬਾਰਾਂ ਵਿਚ ਛਪਿਆ ਇਸ ਦਾ ਵੇਰਵਾ ਪੜ੍ਹ ਕੇ ਇਕ ਵਾਰ ਤਾਂ ਲੋਕ ਹੈਰਾਨ ਰਹਿ ਗਏ ਹੋਣਗੇ। ਕੁਝ ਅਸਰਦਾਰ ਅਤੇ ਸਾਰਥਕ ਸਿੱਟੇ ਕੱਢ ਕੇ ਦਿਖਾਉਣ ਵਾਲਾ ਇਹ ਨਿਵੇਕਲਾ ਪ੍ਰਤੀਕਰਮ ਪੰਜਾਬ ਤੋਂ ਲਗਭਗ ਢਾਈ ਹਜ਼ਾਰ ਕਿਲੋਮੀਟਰ ਦੂਰ ਦੱਖਣ ਦੇ ਕਰਨਾਟਕ ਪ੍ਰਾਂਤ ਨਾਲ ਸਬੰਧਤ ਪ੍ਰੋਫੈਸਰ ਪੰਡਿਤ ਰਾਉ ਧਰੈਨਵਰ ਦਾ ਹੈ। ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿਚ ਸਮਾਜ ਸ਼ਾਸਤਰ ਦਾ ਵਿਸ਼ਾ ਪੜ੍ਹਾ ਰਹੇ ਇਸ ਸੰਵੇਦਨਸ਼ੀਲ ਪ੍ਰੋਫੈਸਰ ਨੇ ਫੇਸਬੁੱਕ ਜਾਂ ਅਖਬਾਰਾਂ ਵਿਚ ਕੋਈ ਮਗਜ਼ ਖਪਾਈ ਨਹੀਂ ਕੀਤੀ ਅਤੇ ਨਾ ਹੀ ‘ਮੰਦਭਾਗਾ’ ਕਹਿ ਕੇ ਇਸ ਖੂਨੀ ਕਾਰੇ ਤੋਂ ਪਿੱਛਾ ਛੁਡਾਇਆ। ਲੰਬੇ ਅਰਸੇ ਤੋਂ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਨਾ ਵਿਸਾਰਨ ਦਾ ਹੋਕਾ ਦੇ ਰਹੇ ਇਸ ਪ੍ਰੋਫੈਸਰ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ,
ਖੰਜਰ ਚਲੇ ਕਿਸੀ ਪੇ ਤੜਪਤੇ ਹੈਂ ਹਮ ‘ਅਮੀਰ’
ਸਾਰੇ ਜਹਾਂ ਕਾ ਦਰਦ ਹਮਾਰੇ ਸੀਨੇ ਮੇਂ ਹੈ।
æææਇਹ ਪੰਡਿਤ ਰਾਉ ਪ੍ਰੋਫੈਸਰ ਸਿੱਧਾ ਗਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ। ਆਪਣੇ ਕੋਲ ਲਿਖ ਕੇ ਲੈ ਗਿਆ ਪੰਜਾਬੀ ਗਾਇਕ ਕਲਾਕਾਰਾਂ ਵੱਲੋਂ ਸਭਿਆਚਾਰ ਦੇ ਨਾਂ ਹੇਠ ਗਾਏ ਜਾਂਦੇ ਗੰਦ-ਮੰਦ ਦੇ ਕਈ ਨਮੂਨੇæææ। ਨਾਲੇ ਲੈ ਗਿਆ ਆਪਣੇ ਕੋਲ ‘ਆਸਾ ਦੀ ਵਾਰ’ ਦਾ ਗੁਟਕਾ। ਜੱਜਾਂ ਮੂਹਰੇ ਖੜ੍ਹ ਕੇ ਕਹਿੰਦਾ,
“ਮਾਨਯੋਗ ਜੱਜ ਸਾਹਿਬ, ਜਿਸ ਪੰਜਾਬ ਦੀਆਂ ਫਿਜ਼ਾਵਾਂ ਵਿਚ ਹਰ ਸਵੇਰ ਆਸਾ ਦੀ ਵਾਰ ਦੀਆਂ ਤੁਕਾਂ ਗੂੰਜਦੀਆਂ ਹਨ, ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’æææਉਸੇ ਪੰਜਾਬ ਵਿਚ ਗੀਤਕਾਰਾਂ ਤੇ ਗਾਇਕਾਂ ਵੱਲੋਂ ਔਰਤ ਨੂੰ ਕਮਜ਼ੋਰ, ਭੋਗਣ ਵਾਲੀ ਵਸਤੂ ਤੇ ਮਹਿਜ਼ ‘ਕਾਮ-ਖਿਡਾਉਣਾ’ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਜਨ-ਹਿੱਤ ਪਟੀਸ਼ਨ ਦਾਖਲ ਕਰਦਿਆਂ ਉਸ ਨੇ ਅਦਾਲਤ ਨੂੰ ਇਤਿਹਾਸਕ ਹਵਾਲੇ ਦਿੰਦਿਆਂ ਕਿਹਾ ਕਿ ਪੰਜਾਬੀ ਲੋਕ ਤਾਂ ਆਪਣੇ ਗੁਰੂਆਂ ਦੇ ਰੂਹਾਨੀ ਨਾਦ ਵਿਚ ਨੱਚਦਿਆਂ ਸਭ ਦੀ ਇੱਜਤ ਆਬਰੂ ਦੇ ਰਖਵਾਲੇ ਅਣਖੀ ਲੋਕ ਹਨ, ਪਰ ਅਜੋਕੇ ਕਲਾਕਾਰਾਂ ਨੇ ਆਪਣੀਆਂ ਜੇਬਾਂ ਭਰਨ ਦੀ ਕੁਚੇਸ਼ਟਾ ਨਾਲ ਔਰਤ ਜਾਤੀ ਦੀ ਰੱਜ ਕੇ ਬੇਇੱਜਤੀ ਕਰਨੀ ਸ਼ੁਰੂ ਕਰ ਦਿੱਤੀ ਹੋਈ ਹੈ। ਦਲੀਲ ਵਜੋਂ ਉਸ ਨੇ ਇਨ੍ਹਾਂ ਗਾਇਕਾਂ ਵੱਲੋਂ ਗਾਏ ਕੁਝ ਗੀਤਾਂ ਦੇ ਮੁਖੜੇ ਵੀ ਦੁਹਰਾਏ।
ਖਪਤਕਾਰੀ ਬਜ਼ਾਰੂ ਚਕਾਚੌਂਧ ਨਾਲ ਝੰਬੇ ਪਏ ਪੰਜਾਬੀਆਂ ਨੂੰ ਮਹਿਜ ‘ਵੋਟ’ ਬਣਾਉਣ ਲਈ ਸਰਕਾਰ ਨੇ ਵੀ ਉਨ੍ਹਾਂ ਨੂੰ ਔਝੜੇ ਪਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਸੇ ਵੋਟ-ਬਟੋਰੂ ਨੀਤੀ ਬਾਰੇ ਪ੍ਰੋਫੈਸਰ ਰਾਉ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੱਚਰਪੁਣੇ ਨੂੰ ਠੱਲ੍ਹ ਤਾਂ ਕੀ ਪਾਉਣੀ ਸੀ, ਸਗੋਂ ਵੱਡੇ-ਵੱਡੇ ਸਰਕਾਰੀ ਸਮਾਗਮਾਂ ਵਿਚ ਪੰਜਾਬ ਦੇ ਸਥਾਨਕ ਵਿਰਸੇ ਦੇ ਉਲਟ ਭੜਕੀਲੇ ਕਲਾਕਾਰਾਂ ਨੂੰ ਮੋਟੀਆਂ ਫੀਸਾਂ ਨਾਲ ਨਿਵਾਜਿਆ ਹੈ। ਇਹੋ ਜਿਹੇ ਮਾਹੌਲ ਦੇ ਚੱਲਦਿਆਂ ਪੰਜਾਬੀਆਂ ਦੀ ਕੁਝ ਆਪਣੀ ਅਣਗਹਿਲੀ ਸਦਕਾ ਬਠਿੰਡੇ ਦੇ ਡਾਂਸਰ ਕਾਂਡ ਜਿਹੇ ਭਾਣੇ ਵਾਪਰਨ ਲੱਗੇ ਹਨ। ਪੰਜਾਬੀ ਸਮਾਜ ਵਿਚ ਵੱਡੇ ਵਿਗਾੜ ਪੈਦਾ ਹੋ ਰਹੇ ਹਨ ਤੇ ਅਸ਼ਲੀਲਤਾ ਵਧ ਰਹੀ ਹੈ।
ਅਖਬਾਰੀ ਖਬਰਾਂ ਤੋਂ ਪਤਾ ਲੱਗਾ ਹੈ ਕਿ ਪ੍ਰੋਫੈਸਰ ਰਾਉ ਦੀਆਂ ਵਜ਼ਨਦਾਰ ਦਲੀਲਾਂ ਸੁਣਨ ਉਪਰੰਤ ਜੱਜ ਨੇ ਬਗੈਰ ਕੋਈ ਹੋਰ ਸਵਾਲ-ਜਵਾਬ ਕੀਤਿਆਂ ਉਸ ਦੀ ਪਟੀਸ਼ਨ ਪ੍ਰਵਾਨ ਕਰ ਲਈ। ਉਸੇ ਵੇਲੇ ਅਗਲੀ ਸੁਣਵਾਈ ਤਹਿਤ ਸਰਕਾਰ ਦੇ ਗ੍ਰਹਿ ਸਕੱਤਰ, ਸਭਿਆਚਾਰਕ ਮਾਮਲਿਆਂ ਦੇ ਸਕੱਤਰ, ਬਠਿੰਡਾ ਦੇ ਡੀæਸੀæ, ਜ਼ਿਲ੍ਹਾ ਪੁਲਿਸ ਮੁਖੀ ਅਤੇ ਭਾਰਤ ਸਰਕਾਰ ਦੇ ਸਕੱਤਰ ਨੂੰ ਨੋਟਿਸ ਜਾਰੀ ਕਰ ਦਿੱਤੇ। ਇਵੇਂ ਸੰਗੀਤ ਦੇ ਨਾਂ ‘ਤੇ ਪੰਜਾਬ ਵਿਚ ਕੌੜੀ ਵੇਲ ਵਾਂਗ ਵਧ ਰਹੇ ਲੱਚਰ ਗੀਤਾਂ ‘ਤੇ ਰੋਕਥਾਮ ਲਈ ਸੈਂਸਰ ਬੋਰਡ ਬਣਾਉਣ ਦੀ ਗੱਲ ਤੁਰ ਪਈ ਹੈ।
ਕਰਨਾਟਕਾ ਦੇ ਪ੍ਰੋਫੈਸਰ ਦੁਆਰਾ ਸ਼ੁਰੂ ਹੋਈ ਇਸ ਅਦਾਲਤੀ ਚਾਰਾਜੋਈ ਦੇ ਨਤੀਜੇ ਜੋ ਮਰਜ਼ੀ ਨਿਕਲਣ, ਪਰ ਹਾਲ ਦੀ ਘੜੀ ਤਾਂ ਇਸ ਗੈਰ-ਪੰਜਾਬੀ ਪਿਛੋਕੜ ਵਾਲੇ ਪੰਡਿਤ ਰਾਉ ਪ੍ਰੋਫੈਸਰ ਨੇ ਤਮਾਮ ਪੰਜਾਬੀਆਂ ਮੂਹਰੇ ਵੱਡਾ ਸਵਾਲੀਆ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਗਰਕਦੇ ਜਾਂਦੇ ਆਪਣੇ ਵਿਰਸੇ ਅਤੇ ਸਭਿਆਚਾਰ ਦੀ ਕਿੰਨੀ ਕੁ ਚਿੰਤਾ ਹੈ? ਬਠਿੰਡੇ ਵਾਲੇ ਦਰਦਨਾਕ ਹਾਦਸੇ ਤੋਂ ਬਾਅਦ ਵੀ ਜੇ ਅਸੀਂ ਪੰਜਾਬੀ ਆਪਣੇ ਵਿਆਹ-ਸ਼ਾਦੀਆਂ ਵਿਚ ਨਾਚ ਕਰਵਾਉਣ ਅਤੇ ਖੁਸ਼ੀ ਦੇ ਮੌਕਿਆਂ ‘ਤੇ ਹਥਿਆਰਾਂ ਦੀ ਨੁਮਾਇਸ਼ ਤੋਂ ਬਾਜ਼ ਨਾ ਆਏ, ਤਦ ਪ੍ਰੋæ ਰਾਉ ਨੂੰ ਚਾਹੀਦਾ ਹੈ ਕਿ ਉਹ ਅਦਾਲਤੀ ਜਨ-ਹਿੱਤ ਪਟੀਸ਼ਨਾਂ ਦਾ ਖਹਿੜਾ ਛੱਡ ਕੇ, ਪੰਜਾਬੀਆਂ ਦੀ ਖੁੱਲ੍ਹੀ ਕਚਹਿਰੀ ਵਿਚ ਕਿਸੇ ‘ਸ਼ਰਮ-ਹਿੱਤ ਪਟੀਸ਼ਨ’ ਦਾ ਬੰਦੋਬਸਤ ਕਰੇ।æææ ਵਿਰਾਸਤਾਂ ਦਾ ਭੋਗ ਪੈਂਦਿਆਂ ਦੇਖ ਕੇ ਵੀ ਗਫ਼ਲਤ ਦੀ ਨੀਂਦ ਸੌਂ ਰਹੇ ਪੰਜਾਬੀਆਂ ਨੂੰ ਹਲੂਣ ਕੇ ਜਗਾਉਣ ਵਾਲੇ ਪ੍ਰੋਫੈਸਰ ਰਾਉ ਜ਼ਿੰਦਾਬਾਦ।