ਦਲਬਾਰਾ ਸਿੰਘ ਮਾਂਗਟ
ਫੋਨ: 269-267-9621
ਉਲੰਪਿਕ ਖੇਡਾਂ ਦਾ ਅਰੰਭ 1896 ਵਿਚ ਯੂਨਾਨ (ਗਰੀਸ) ਦੇ ਏਥਨਜ਼ ਸ਼ਹਿਰ ਤੋਂ ਹੋਇਆ ਸੀ ਅਤੇ ਇਹ ਖੇਡਾਂ 120 ਸਾਲ (1896-2016) ਦਾ ਸਫਰ ਪੂਰਾ ਕਰ ਚੁੱਕੀਆਂ ਹਨ। ਕੇਵਲ ਸੰਸਾਰ ਯੁੱਧ ਕਰ ਕੇ 1940-44 ਵਿਚ ਇਹ ਖੇਡਾਂ ਨਹੀਂ ਸਨ ਹੋ ਸਕੀਆਂ। ਇਸ ਤੋਂ ਇਲਾਵਾ ਹਰ ਚਾਰ ਸਾਲ ਮਗਰੋਂ ਦੁਨੀਆਂ ਦੇ ਕਿਸੇ ਨਾ ਕਿਸੇ ਸ਼ਹਿਰ ਇਹ ਖੇਡਾਂ ਹੁੰਦੀਆਂ ਆਈਆਂ ਹਨ। ਇਸ ਬਾਬਤ ਕੁਝ ਵੇਰਵਾ ਇਸ ਪ੍ਰਕਾਰ ਹੈ:
ਸਾਲ ਸ਼ਹਿਰ ਦੇਸ਼
1948 ਲੰਡਨ ਇੰਗਲੈਂਡ
1952 ਹੇਲਸਿੰਕੀ ਫਿਨਲੈਂਡ
1956 ਮੈਲਬਰਨ ਅਸਟਰੇਲੀਆ
1960 ਰੋਮ ਇਟਲੀ
1964 ਟੋਕੀਓ ਜਾਪਾਨ
1968 ਮੈਕਸੀਕੋ ਮੈਕਸੀਕੋ
1972 ਮਿਉਨਖ ਜਰਮਨੀ
1976 ਮੌਂਟਰੀਅਲ ਕੈਨੇਡਾ
1980 ਮਾਸਕੋ ਰੂਸ
1984 ਲਾਸ ਏਂਜਲਸ ਅਮਰੀਕਾ
1988 ਸਿਓਲ ਦੱਖਣੀ ਕੋਰੀਆ
1992 ਬਾਰਸੀਲੋਨਾ ਸਪੇਨ
1996 ਅਟਲਾਂਟਾ ਅਮਰੀਕਾ
2000 ਸਿਡਨੀ ਆਸਟਰੇਲੀਆ
2004 ਏਥਨਜ਼ ਗਰੀਸ
2008 ਬੀਜਿੰਗ ਚੀਨ
2012 ਲੰਡਨ ਇੰਗਲੈਂਡ
2016 ਰੀਓ-ਡੀ-ਜਨੇਰੋ ਬ੍ਰਾਜ਼ੀਲ
2020 ਦੀਆਂ ਉਲੰਪਿਕ ਖੇਡਾਂ ਟੋਕੀਓ (ਜਾਪਾਨ) ਵਿਚ ਦੂਜੀ ਵਾਰ ਹੋ ਰਹੀਆਂ ਹਨ ਅਤੇ ਏਸ਼ੀਆਈ ਉਪ ਮਹਾਦੀਪ ਵਿਚ ਇਹ ਚੌਥੀ ਵਾਰ ਹੋਣਗੀਆਂ। ਕੀ ਭਾਰਤ ਵੀ ਕਦੀ ਉਲੰਪਿਕ ਖੇਡਾਂ ਕਰਵਾ ਸਕੇਗਾ? ਇਹ ਸਵਾਲ ਹਮੇਸ਼ਾ ਖੜ੍ਹਾ ਰਹੇਗਾ, ਕਿਉਂਕਿ 1988 ਵਾਲੀਆਂ ਸਿਓਲ (ਦੱਖਣੀ ਕੋਰੀਆ) ਖੇਡਾਂ ਦੌਰਾਨ ਉਸ ਵੇਲੇ ਭਾਰਤੀ ਉਲੰਪਿਕ ਸੰਘ ਦੇ ਪ੍ਰਧਾਨ ਵਿਦਿਆ ਚਰਨ ਸ਼ੁਕਲਾ ਨੇ ਦਾਅਵਾ ਪੇਸ਼ ਕੀਤਾ ਸੀ, ਪਰ ਪਹਿਲੇ ਦਸ ਮੁਲਕਾਂ ਵਿਚ ਵੀ ਨੰਬਰ ਨਹੀਂ ਸੀ ਲੱਗਾ। ਪਿਛੋਂ ਤਾਂ ਓਲੰਪਿਕ ਖੇਡਾਂ ਬਾਰੇ ਕਦੀ ਕਿਤੇ ਗੱਲ ਵੀ ਨਾ ਚੱਲੀ। ਫਿਰ ਭਾਰਤ ਨੂੰ 2010 ਦੀਆਂ ਕਾਮਨਵੈਲਥ ਖੇਡਾਂ ਕਰਵਾ ਕੇ ਹੀ ਸਬਰ ਕਰਨ ਪਿਆ ਜਿਸ ਵਿਚ ਹੋਇਆ ਘੁਟਾਲਾ ਅਜੇ ਵੀ ਚਰਚਾ ਵਿਚ ਹੈ।
ਓਲੰਪਿਕ ਖੇਡਾਂ ਨੂੰ ਕੌਮਾਂਤਰੀ ਓਲੰਪਿਕ ਕਮੇਟੀ (ਆਈæਓæਸੀæ) ਚਲਾਉਂਦੀ ਹੈ ਜਿਸ ਦਾ ਮੁੱਖ ਦਫਤਰ ਬੈਲਜ਼ੀਅਮ ਵਿਚ ਹੈ ਅਤੇ ਇਹ ਸੰਸਥਾ ਤਕਰੀਬਨ ਅੱਠ ਸਾਲ ਪਹਿਲਾਂ ਹੀ ਤੈਅ ਕਰ ਦਿੰਦੀ ਹੈ ਕਿ ਕਿਹੜੀਆਂ ਉਲੰਪਿਕ ਕਿਥੇ ਅਤੇ ਕਦੋਂ ਹੋਣਗੀਆਂ। ਮਸਲਨ, 2024 ਲਈ ਦੁਨੀਆਂ ਦੇ ਤਿੰਨ ਮੁੱਖ ਸ਼ਹਿਰਾਂ-ਪੈਰਿਸ (ਫਰਾਂਸ), ਬੁਡਾਪੈਸਟ (ਹੰਗਰੀ) ਅਤੇ ਲਾਸ ਏਂਜਲਸ (ਅਮਰੀਕਾ) ਵੱਲੋਂ ਕੀਤੇ ਗਏ ਦਾਅਵਿਆਂ ਦਾ ਫੈਸਲਾ ਸਤੰਬਰ 2017 ਵਿਚ ਪੀਰੂ ਦੇ ਲੀਮਾ ਸ਼ਹਿਰ ਵਿਚ ਕਰ ਦਿੱਤਾ ਜਾਵੇਗਾ। ਕੁਝ ਲੋਕਾਂ ਦਾ ਕਹਿਣਾ ਹੈ ਕਿ ਨਵੇਂ ਬਣੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜ਼ੋਰ ਪਾਉਣਗੇ ਕਿ 2024 ਦੀਆਂ ਖੇਡਾਂ ਤੀਜੀ ਵਾਰ ਲਾਸ ਏਂਜਲਜ ਵਿਚ ਹੀ ਹੋਣ। ਇਹ ਆਪਣੇ-ਆਪ ਵਿਚ ਰਿਕਾਰਡ ਹੋ ਸਕਦਾ ਹੈ। ਇਸ ਸ਼ਹਿਰ ਵਿਚ 1932 ਅਤੇ 1984 ਵਿਚ ਉਲੰਪਿਕ ਖੇਡਾਂ ਹੋ ਚੁੱਕੀਆਂ ਹਨ।
ਇਹ ਗੱਲ ਸਪਸ਼ਟ ਕਰ ਦਈਏ ਕਿ ਉਲੰਪਿਕ ਕੋਈ ਵਸਤੂ ਵਗੈਰਾ ਨਹੀਂ ਜੋ ਖਰੀਦੀ ਜਾ ਸਕੇ ਅਤੇ ਇਨ੍ਹਾਂ ਖੇਡਾਂ ਵਿਚ ਸਿਆਸਤ ਲਈ ਕੋਈ ਥਾਂ ਨਹੀਂ ਹੁੰਦੀ। ਸਿਆਸਤ ਨੂੰ ਖੇਡ ਖੇਤਰ ਤੋਂ ਦੂਰ ਰੱਖਣ ਲਈ ਸਖਤ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਗਏ ਹਨ। ਆਈæਓæਸੀæ ਬਹੁਤ ਮਜ਼ਬੂਤ ਸੰਸਥਾ ਹੈ ਜਿਸ ਵਿਚ ਵੱਖ-ਵੱਖ ਦੇਸ਼ਾਂ ਦੇ 98 ਮੈਂਬਰ ਹਨ। ਕਦੀ ਭਾਰਤ ਵੱਲੋਂ ਰਾਜਾ ਭਲਿੰਦਰ ਸਿੰਘ ਅਤੇ ਆਈæਪੀæਐਸ਼ ਅਸ਼ਵਨੀ ਕੁਮਾਰ ਲੰਮਾ ਸਮਾਂ ਲਾਈਫ ਮੈਂਬਰ ਰਹੇ। ਇਹ ਮੈਂਬਰ ਵੱਖ-ਵੱਖ ਸਹੂਲਤਾਂ, ਸਕਿਓਰਿਟੀ, ਵਾਤਾਵਰਣ, ਸਪੋਰਟਸ ਕੰਪਲੈਕਸ ਅਤੇ ਹਾਲਾਤ ਦਾ ਜਾਇਜ਼ਾ ਲੈ ਕੇ ਕੋਈ ਵੀ ਫੈਸਲਾ ਕਰਦੇ ਹਨ, ਕਿਸੇ ਸਿਆਸੀ ਦਬਾਅ ਹੇਠ ਨਹੀਂ।
ਜ਼ਿਕਰਯੋਗ ਹੈ ਕਿ ਹਿਲਰੀ ਕਲਿੰਟਨ ਨੇ 2012 ਦੀਆਂ ਉਲੰਪਿਕ ਖੇਡਾਂ ਨਿਊ ਯਾਰਕ ਵਿਚ ਕਰਵਾਉਣ ਲਈ ਕੋਸ਼ਿਸ਼ ਕੀਤੀ ਸੀ, ਪਰ ਨਾਕਾਮ ਰਹੀ ਅਤੇ ਇਹ ਖੇਡਾਂ ਲੰਡਨ ਸ਼ਹਿਰ ਨੂੰ ਦੇ ਦਿੱਤੀਆਂ ਗਈਆਂ ਸਨ। ਹਿਲਰੀ ਕਈ ਵਾਰ ਉਲੰਪਿਕ ਵਿਚ ਸ਼ਿਰਕਤ ਕਰ ਚੁੱਕੀ ਹੈ। ਸਾਲ 1996 ਵਾਲੀਆਂ ਅਟਲਾਂਟਾ ਖੇਡਾਂ ਦੌਰਾਨ ਉਹ ‘ਫਸਟ ਲੇਡੀ’ ਵੀ ਸੀ। ਇਸੇ ਤਰ੍ਹਾਂ 2009 ਵਿਚ ਰਾਸ਼ਟਰਪਤੀ ਬਰਾਕ ਓਬਾਮਾ ਖੁਦ ਆਈæਓæਸੀæ ਮੀਟਿੰਗ ਵਿਚ ਕੋਪਨਹੈਗਨ ਪਹੁੰਚੇ ਸਨ, ਇਸ ਉਮੀਦ ਨਾਲ ਕਿ 2016 ਦੀਆਂ ਉਲੰਪਿਕ ਖੇਡਾਂ ਸ਼ਿਕਾਗੋ ਨੂੰ ਮਿਲ ਸਕਣ, ਪਰ ਨਿਰਾਸ਼ਾ ਹੀ ਮਿਲੀ ਅਤੇ ਇਹ ਖੇਡਾਂ ਰੀਓ-ਡੀ-ਜਨੇਰੋ (ਬ੍ਰਾਜ਼ੀਲ) ਨੂੰ ਸੌਂਪ ਦਿੱਤੀਆਂ।
ਜਿਥੋਂ ਤੱਕ ਲਾਸ ਏਂਜਲਸ ਵਿਚ 2024 ਦੀਆਂ ਉਲੰਪਿਕ ਖੇਡਾਂ ਕਰਵਾਉਣ ਦਾ ਸਬੰਧ ਹੈ, ਇਹ ਗੱਲ ਜੱਗ ਜ਼ਾਹਰ ਹੈ ਕਿ ਡੋਨਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਵਿਚ ਨਸਲਕੁਸ਼ੀ ਅਤੇ ਹੋਰ ਕਈ ਕੌੜੇ ਸ਼ਬਦ ਬੋਲੇ ਸਨ ਜਿਸ ਦਾ ਪਰਵਾਸੀਆਂ ਦੇ ਮਨਾਂ ਵਿਚ ਰੋਸ ਹੈ ਅਤੇ ਉਲੰਪਿਕ ਅਸੈਂਬਲੀ ਦੇ ਮੈਂਬਰਾਂ ਨੇ ਵੀ ਇਸ ਦੀ ਨਿੰਦਾ ਕੀਤੀ ਸੀ। ਉਲੰਪਿਕ ਖੇਡਾਂ ਤਾਂ ਸ਼ਾਂਤੀ, ਪਿਆਰ ਤੇ ਸਭਿਅਤਾ ਦਾ ਸੁਨੇਹਾ ਦਿੰਦੀਆਂ ਹਨ। ਇਸ ਦੇ ਸਫੈਦ ਰੰਗ ਦੇ ਝੰਡੇ ‘ਚ ਪੰਜ ਰੰਗੇ ਗੋਲ ਚੱਕਰ ਦੁਨੀਆਂ ਸਾਰੇ ਮਹਾਦੀਪਾਂ ਨੂੰ ਬਰਾਬਰੀ ਦਾ ਸੱਦਾ ਦਿੰਦੇ ਹਨ।
ਹੁਣ ਜੇ ਪੈਰਿਸ ਦੀ ਗੱਲ ਕਰੀਏ ਤਾਂ ਉਸ ਦੇ ਆਪਣੇ ਘਰੇਲੂ ਮਸਲੇ ਜਿਵੇਂ ਕੌਮੀ ਚੋਣਾਂ, ਸੁਰੱਖਿਆ ਅਤੇ ਆਈæਐਸ਼ ਵੱਲੋਂ ਕੀਤੇ ਜਾ ਰਹੇ ਬੰਬ ਧਮਾਕੇ ਵੱਡੀ ਚੁਣੌਤੀ ਬਣੇ ਹੋਏ ਹਨ ਜਿਸ ਦਾ ਅਸਰ ਪੈਰਿਸ ਉਲੰਪਿਕ ਖੇਡਾਂ ਉਪਰ ਹੋਣਾ ਲਾਜ਼ਮੀ ਹੈ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖ ਕੇ ਇਹ ਤੈਅ ਹੋਵੇਗਾ ਕਿ 2024 ਦੀਆਂ ਉਲੰਪਿਕ ਖੇਡਾਂ ਬੁਡਾਪੈਸਟ (ਹੰਗਰੀ) ਨੂੰ ਕਰਵਾਉਣ ਦਾ ਪਹਿਲਾ ਮੌਕਾ ਮਿਲ ਸਕੇ। ਹੰਗਰੀ ਯੂਰਪ ਦਾ ਸ਼ਾਂਤੀਪੂਰਨ ਦੇਸ਼ ਹੈ ਜਿਸ ਨੇ ਅਣਗਿਣਤ ਉਲੰਪਿਕ ਖਿਡਾਰੀ ਪੈਦਾ ਕੀਤੇ ਹਨ ਪਰ ਇਨ੍ਹਾਂ ਖੇਡਾਂ ਤੋਂ ਵਾਂਝਾ ਹੀ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਅਗਲੇ ਸਾਲ ਪੀਰੂ ਵਿਚ ਹੋਣ ਵਾਲੀ ਆਈæਓæਸੀæ ਦੀ ਜਨਰਲ ਮੀਟਿੰਗ, ਜਿਸ ਵਿਚ ਦੁਨੀਆਂ ਦੇ ਇਕ ਹਜ਼ਾਰ ਤੋਂ ਵੱਧ ਖੇਡ ਨੁਮਾਇੰਦੇ ਇਕੱਠੇ ਹੋਣਗੇ, ਵਿਚ ਕਿਹੜਾ ਸ਼ਹਿਰ 20 ਮਿੰਟ ਦੀ ਵਧੀਆ ਕਾਰਗੁਜ਼ਾਰੀ ਰਿਪੋਰਟ ਦੇ ਕੇ 2024 ਦੀਆਂ ਉਲੰਪਿਕ ਖੇਡਾਂ ਕਰਵਾਉਣ ਲਈ ਬਾਜ਼ੀ ਮਾਰਦਾ ਹੈ।
2012 ਅਤੇ 2016 ਦੀਆਂ ਉਲੰਪਿਕ ਖੇਡਾਂ ਨੂੰ ‘ਵੰਡਰ ਵੂਮੈਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਖੇਡਾਂ ਵਿਚ ਮਹਿਲਾ ਵਰਗ ਦਾ ਹੀ ਜ਼ਿਆਦਾ ਬੋਲਬਾਲਾ ਰਿਹਾ। ਚੀਨ ਦੀ ਤੈਰਾਕ ਯੀ ਸੀਵੋਨ, ਅਮਰੀਕੀ ਟੈਨਿਸ ਸਟਾਰ ਸੈਰੇਨਾ ਵਿਲੀਅਮਜ਼, ਇਟਲੀ ਦੀ ਫੈਂਸਿੰਗ ਸਟਾਰ ਇਲੀਸਾ ਫਰਾਂਸਿਸਕਾ ਅਤੇ ਹੋਰ ਕੁੜੀਆਂ ਨੇ ਉਲੰਪਿਕ ਰਿਕਾਰਡ ਕਾਇਮ ਕੀਤੇ। ਭਾਰਤੀ ਖਿਡਾਰੀਆਂ ਵਿਚ ਵੀ ਲੜਕੀਆਂ ਨੇ ਹੀ ਮੈਡਲ ਜਿੱਤੇ। ਇਨ੍ਹਾਂ ਉਲੰਪਿਕ ਅਥਲੀਟਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਭਾਈਚਾਰੇ ਦੀਆਂ ਦੋ ਬੱਚੀਆਂ ਸਿਮਰ ਅਤੇ ਸਾਨਾ ਨੇ 2024 ਦੀਆਂ ਖੇਡਾਂ ਵਿਚ ਹਿੱਸਾ ਲੈਣ ਲਈ ਤਿਆਰੀ ਹੁਣ ਤੋਂ ਹੀ ਆਪਣੀ ਜਿਮਨਾਸਟਿਕ ਟਰੇਨਰ ਐਮਲੀ ਮਿਕਾਲਿਆ ਦੀ ਨਿਗਰਾਨੀ ਹੇਠ ਸ਼ੁਰੂ ਕਰ ਦਿੱਤੀ ਹੈ। ਜਿਮਨਾਸਟਿਕ ਉਲੰਪਿਕ ਦਾ ਰੁਮਾਂਚਕ ਈਵੈਂਟ ਹੈ ਅਤੇ ਇਸ ਵਿਚ ਰੂਸ ਹਮੇਸ਼ਾ ਮੋਹਰੀ ਰਿਹਾ ਹੈ। ਭਾਰਤੀ ਜਿਮਨਾਸਟ ਕੁੜੀ ਦੀਪਾ ਕਰਮਾਕਰ ਦੀ ਬਦੌਲਤ ਕੇਵਲ ਅਗਰਤਲਾ ਹੀ ਕੇਂਦਰ ਵਿਚ ਆਇਆ ਹੈ।
ਸਾਲ 1976 ਵਿਚ ਮੌਂਟਰੀਅਲ (ਕੈਨੇਡਾ) ਉਲੰਪਿਕਸ ਵਿਚ ਰੋਮਾਨੀਆ ਦੀ ਜਿਮਨਾਸਟ ਨਾਡੀਆ ਕਾਮੈਨਸੀ ਨੇ ‘ਟੈਨ ਫਾਰ ਟੈਨ’ ਅੰਕ ਪ੍ਰਾਪਤ ਕਰ ਕੇ ਇਤਿਹਾਸ ਸਿਰਜਿਆ। ਅਮਰੀਕਾ ਨੇ ਉਸ ਨੂੰ ਜਿਮਨਾਸਟਿਕ ਟਰੇਨਰ ਦਾ ਮਾਣ ਦਿੱਤਾ ਅਤੇ ਨਤੀਜੇ ਸਭ ਦੇ ਸਾਹਮਣੇ ਹਨ; ਭਾਵ 1996 ਦੀਆਂ ਉਲੰਪਿਕ ਖੇਡਾਂ ਵਿਚ ਪਹਿਲੀ ਵਾਰ ਅਮਰੀਕੀ ਖਿਡਾਰੀਆਂ ਨੇ ਗੋਲਡ ਮੈਡਲ ਜਿੱਤਿਆ। ਲੰਡਨ-ਰੀਓ ਦੀਆਂ ਖੇਡਾਂ ਵਿਚ ਵੀ ਟੌਪ ਕਰ ਕੇ ਇਹ ਅੱਜ ਦੁਨੀਆਂ ਦਾ ਨੰਬਰ ਇਕ ਦੇਸ਼ ਹੈ।
ਸਿਮਰ ਅਤੇ ਸਾਨਾ ਬਹੁਤ ਟੇਲੈਂਟ ਬੱਚੀਆਂ ਹਨ ਜੋ ਐਕਸੇਲ ਸੈਂਟਰ ਵਿਚ ਬੈਲੇ ਡਾਂਸ ਦੇ ਨਾਲ ਤੈਰਾਕੀ, ਸਕੀਇੰਗ ਅਤੇ ਟੈਨਿਸ ਵਿਚ ਕਾਫੀ ਰੁਚੀ ਰੱਖਦੀਆਂ ਹਨ, ਪਰ ਰੀਓ ਉਲੰਪਿਕ ਵਿਚ ਅਮਰੀਕੀ ਜਿਮਨਾਸਟਿਕ ਖਿਡਾਰੀਆਂ ਦੀ ਬਿਹਤਰੀਨ ਪ੍ਰਦਰਸ਼ਨੀ ਤੋਂ ਪ੍ਰਭਾਵਿਤ ਹੋ ਕੇ ਇਸੇ ਖੇਡ ਨੂੰ ਹੀ ਪਹਿਲ ਦਿੱਤੀ ਅਤੇ ਜੇ 2024 ਦੀਆਂ ਖੇਡਾਂ ਲਈ ਉਨ੍ਹਾਂ ਨੂੰ ਚੁਣਿਆ ਗਿਆ ਤਾਂ ਉਹ ਪਹਿਲੀਆਂ ਪੰਜਾਬੀ ਅਮਰੀਕਨ ਖਿਡਾਰਨਾਂ ਹੋਣਗੀਆਂ।
ਉਲੰਪਿਕ ਉਹ ਜਗ੍ਹਾ ਹੈ ਜਿਥੇ ਖਿਡਾਰੀ ਆਪਣੀ ਮਿਹਨਤ ਮੁਸ਼ੱਕਤ ਕਰ ਕੇ ਮੈਡਲ ਹਾਸਲ ਕਰਨ ਦੇ ਨਾਲ-ਨਾਲ ਆਪਣੇ ਦੇਸ਼ ਦਾ ਨਾਂ ਵੀ ਰੋਸ਼ਨ ਕਰਦੇ ਹਨ, ਕਿਉਂਕਿ ਮੈਡਲ ਰਸਮ ਸਮੇਂ ਜੇਤੂ ਖਿਡਾਰੀ ਦੇ ਦੇਸ਼ ਦਾ ਝੰਡਾ ਵੀ ਲਹਿਰਾਇਆ ਜਾਂਦਾ ਹੈ। ਵਿਸ਼ਵ ਚੈਂਪੀਅਨਸ਼ਿਪਾਂ ਵੀ ਭਾਵੇਂ ਹੁੰਦੀਆਂ ਹਨ, ਪਰ ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਦਾ ਵੱਖਰਾ ਹੀ ਰੰਗ ਹੁੰਦਾ ਹੈ। ਖਿਡਾਰੀ ਨੂੰ ਉਲੰਪਿਕ ਦੇ ਤੌਰ ‘ਤੇ ਜਾਣਿਆ ਜਾਣ ਲਗਦਾ ਹੈ। ਪੁਰਾਣੇ ਉਲੰਪੀਅਨਾਂ ਨੂੰ ਖੇਡਾਂ ਵਿਚ ਗੈਸਟ ਆਫ ਆਨਰਜ਼ ਦੇ ਤੌਰ ‘ਤੇ ਯਾਦ ਕਰਨ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਉਲੰਪਿਕ ਖੇਡਾਂ ਵਿਚ ਸੰਸਾਰ ਦੇ ਖਿਡਾਰੀ ਆਪਣੇ ਸੁਪਨੇ ਪੂਰੇ ਕਰਨ ਦੇ ਨਾਲ ਬਿਨਾ ਕਿਸੇ ਭੇਦਭਾਵ ਦੇ ਇਕ-ਦੂਜੇ ਨਾਲ ਗਲਵੱਕੜੀ ਪਾ ਕੇ ਆਪਣੇ ਮੁਲਕ ਦੀ ਸਭਿਅਤਾ ਅਤੇ ਸੰਸਕਾਰਾਂ ਦੀ ਗਹਿਰੀ ਛਾਪ ਛੱਡ ਜਾਂਦੇ ਹਨ।
ਉਲੰਪਿਕ ਖੇਡਾਂ ਕਰਵਾਉਣਾ ਕੋਈ ਸਸਤਾ ਸੌਦਾ ਨਹੀਂ। ਸਾਲ 2004 ਦੀਆਂ ਏਥਨਜ਼ ਉਲੰਪਿਕਸ ਤੋਂ ਬਾਅਦ ਗਰੀਸ ਦੀਵਾਲੀਆ ਹੋ ਗਿਆ ਸੀ। ਕੀ ਉਲੰਪਿਕ ਕਮੇਟੀ ਕਦੀ ਇਹ ਸੋਚੇਗੀ ਕਿ ਦੋ ਮੁਲਕ ਇਕੱਠੇ ਹੋ ਕੇ ਇਹ ਖੇਡਾਂ ਕਰਵਾ ਸਕਣ, ਜਿਵੇਂ ਕ੍ਰਿਕਟ ਵਿਸ਼ਵ ਕੱਪ ਭਾਰਤ ਅਤੇ ਪਾਕਿਸਤਾਨ ਨੇ ਕਰਵਾਇਆ ਸੀ। ਇਕ ਦੇਸ਼ ਓਪਨਿੰਗ ਸੈਰੇਮਨੀ ਅਤੇ ਦੂਜਾ ਕਲੋਜ਼ਿੰਗ ਸੈਰੇਮਨੀ ਕਰੇ ਤਾਂ ਪੁੰਨ ਤੇ ਫਲੀਆਂ ਵਾਲੀ ਗੱਲ ਬਣ ਸਕਦੀ ਹੈ।