ਸੁਖਦੇਵ ਸਿੰਘ ਸ਼ਾਂਤ
ਫੋਨ: 317-406-0002
ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਨੁੱਖੀ ਏਕਤਾ ਦੇ ਬੜੇ ਵੱਡੇ ਹਾਮੀ ਸਨ। Ḕਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ’ ਉਨ੍ਹਾਂ ਦੇ ਮੁਖਾਰਬਿੰਦ ਤੋਂ ਨਿਕਲਿਆ ਹੋਇਆ ਸੰਦੇਸ਼ ਹੈ ਜੋ ਇਕ ਅਖਾਉਤ ਦਾ ਰੂਪ ਧਾਰ ਚੁਕਾ ਹੈ। ਉਹ ਦੇਹੁਰਾ-ਮਸੀਤ, ਪੂਜਾ-ਨਮਾਜ਼ ਅਤੇ ਪੁਰਾਨ-ਕੁਰਾਨ ਨੂੰ ਇਕ ਸਾਰ ਸਤਿਕਾਰ ਦੇਣ ਦੇ ਹੱਕ ‘ਚ ਸਨ। ਉਹ ਗੁਰੂ ਨਾਨਕ ਦੇਵ ਦੇ ਇਸ ਉਪਦੇਸ਼ ਦੇ ਧਾਰਨੀ ਸਨ ਕਿ ਹਿੰਦੂ ਨੂੰ ਚੰਗਾ ਹਿੰਦੂ ਅਤੇ ਮੁਸਲਮਾਨ ਨੂੰ ਚੰਗਾ ਮੁਸਲਮਾਨ ਬਣਨਾ ਚਾਹੀਦਾ ਹੈ।
ਇਕ ਵਾਰ ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ, ḔḔਮਜ਼ਹਬ ਤੁਮਹਾਰਾ ਖੂਬ ਕਿ ਹਮਾਰਾ ਖੂਬ?” ਗੁਰੂ ਜੀ ਦਾ ਉਤਰ ਸੀ, ḔḔਤੁਮ ਕੋ ਤੁਮਹਾਰਾ ਖੂਬ, ਹਮ ਕੋ ਹਮਾਰਾ ਖੂਬ।” ਗੁਰੂ ਜੀ ਦਾ ਇਹ ਇਤਿਹਾਸਕ ਉਤਰ ਅੱਜ ਵੀ ਧਾਰਮਿਕ ਸਹਿਨਸ਼ੀਲਤਾ ਨੂੰ ਅਪਨਾ ਕੇ ਮਨੁੱਖੀ ਏਕਤਾ ਲਈ ਪ੍ਰੇਰਦਾ ਹੈ।
ਭਾਈ ਘਨ੍ਹਈਆ ਦੀ ਸ਼ਿਕਾਇਤ ਹੋਈ ਕਿ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਦਿੰਦੇ ਹਨ। ਗੁਰੂ ਜੀ ਦੇ ਪੁੱਛਣ ‘ਤੇ ਭਾਈ ਘਨ੍ਹਈਆ ਦਾ ਉਤਰ ਸੀ, ḔḔਮਹਾਰਾਜ, ਆਪ ਜੀ ਦਾ ਹੀ ਹੁਕਮ ਹੈ ਕਿ ਸਭ ਵਿਚ ਇੱਕੋ ਅਕਾਲ ਪੁਰਖ ਦਾ ਵਾਸਾ ਹੈ। ਮੈਨੂੰ ਤਾਂ ਕੋਈ ਪਰਾਇਆ ਨਹੀਂ ਦਿਸਦਾ।” ਇਹ ਇਕ ਇਤਿਹਾਸਕ ਸੱਚਾਈ ਹੈ ਕਿ ਗੁਰੂ ਜੀ ਨੇ ਇਸ ਉਤਰ ਤੋਂ ਖੁਸ਼ ਹੋ ਕੇ ਭਾਈ ਘਨ੍ਹਈਆ ਨੂੰ ਸ਼ਾਬਾਸ਼ ਦਿੱਤੀ ਅਤੇ ਨਾਲ ਹੀ ਮੱਲ੍ਹਮ ਵੀ ਦਿੱਤੀ ਤਾਂ ਕਿ ਉਹ ਜ਼ਖਮਾਂ ਦਾ ਇਲਾਜ ਵੀ ਕਰ ਸਕਣ। ਗੁਰੂ ਜੀ ਦੇ ਜੀਵਨ ਦੀ ਇਹ ਸਾਖੀ ਮਨੁੱਖੀ ਏਕਤਾ ਅਤੇ ਭਰਾਤਰੀ ਭਾਵ ਨੂੰ ਮਨੁੱਖੀ ਜੀਵਨ ਦੇ ਸੱਚੋ ਸੁੱਚੇ ਉਦੇਸ਼ ਵਜੋਂ ਦਰਸਾਉਂਦੀ ਹੈ।
ਸਵਾਮੀ ਵਿਵੇਕਾਨੰਦ ਅਨੁਸਾਰ ਗੁਰੂ ਗੋਬਿੰਦ ਸਿੰਘ ਦੇ ਸਮੇਂ ਹਿੰਦੂ ਅਤੇ ਮੁਸਲਮਾਨ-ਦੋਵੇਂ ਹੀ ਘੋਰ ਅਨਿਆਂ ਅਤੇ ਦਬਾਅ ਵਾਲੀ ਹਕੂਮਤ ਅਧੀਨ ਰਹਿ ਰਹੇ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਜਗਾਇਆ ਅਤੇ ਭਾਰਤ ਦੇ ਇਤਿਹਾਸ ਵਿਚ ਇਹ ਇਕ ਨਿਵੇਕਲੀ ਮਿਸਾਲ ਸੀ ਕਿ ਹਿੰਦੂ ਅਤੇ ਮੁਸਲਮਾਨ-ਦੋਵੇਂ ਹੀ ਗੁਰੂ ਜੀ ਦੀ ਅਗਵਾਈ ਹੇਠ ਇਕੱਠੇ ਹੋ ਗਏ। ਹੋਰ ਵੀ ਅਨੇਕਾਂ ਗੁੰਮਨਾਮ ਮੁਸਲਮਾਨਾਂ ਨੇ ਗੁਰੂ ਜੀ ਦਾ ਸਾਥ ਦਿਤਾ ਹੋਵੇਗਾ ਪਰ ਪੀਰ ਬੁੱਧੂ ਸ਼ਾਹ, ਮੈਮੂ ਖਾਂ, ਸੈਦ ਖਾਂ, ਨਬੀ ਖਾਂ, ਗਨੀ ਖਾਂ ਆਦਿ ਨਾਂ ਤਾਂ ਪ੍ਰਤੱਖ ਉਦਾਹਰਣਾਂ ਵਜੋਂ ਇਤਿਹਾਸ ਵਿਚ ਮੌਜੂਦ ਹਨ। ਇਉਂ ਗੁਰੂ ਸਾਹਿਬ ਦੀ ਫੌਜ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ-ਸਭ ਸ਼ਾਮਲ ਸਨ। ਗੁਰੂ ਜੀ ਦੀ ਲੜਾਈ ਅਨਿਆਂ, ਅਧਰਮ ਅਤੇ ਜ਼ੁਲਮ ਦੇ ਵਿਰੁਧ ਸੀ। ਉਨ੍ਹਾਂ ਦੀ ਲੜਾਈ Ḕਧਰਮ ਚਲਾਵਨ ਸੰਤ ਉਬਾਰਨ’ ਵਾਸਤੇ ਸੀ।
ਗੁਰੂ ਜੀ ਦੀ ਯੁੱਧ ਨੀਤੀ ਸਿਰਫ ਅਸੂਲ ਅਤੇ ਨਿਆਂ ਵਾਸਤੇ ਸੀ। ਇਹੀ ਕਾਰਨ ਸੀ ਕਿ ਇਕ ਪਾਸੇ ਭੰਗਾਣੀ ਦੇ ਯੁੱਧ ਵਿਚ ਉਹ ਪਹਾੜੀ ਰਾਜਿਆਂ ਵਿਰੁਧ ਲੜਦੇ ਹਨ ਅਤੇ ਦੂਜੇ ਪਾਸੇ ਨੰਦੌਨ ਦੀ ਲੜਾਈ ਵਿਚ ਉਨ੍ਹਾਂ ਦੀ ਮਦਦ ‘ਤੇ ਆਉਂਦੇ ਹਨ। ਬਾਦਸ਼ਾਹ ਔਰੰਗਜ਼ੇਬ ਨਾਲ ਪੱਤਰ-ਵਿਹਾਰ ਅਤੇ ਮੁਲਾਕਾਤ ਲਈ ਤਿਆਰ ਹੋ ਜਾਣਾ ਵੀ ਇਸ ਗੱਲ ਦੀ ਗਵਾਹੀ ਹੈ ਕਿ ਗੁਰੂ ਜੀ ਦੀ ਦ੍ਰਿਸ਼ਟੀ ਬੜੀ ਵਿਸ਼ਾਲ ਸੀ ਅਤੇ ਉਨ੍ਹਾਂ ਵਿਚ ਬਦਲੇ ਜਾਂ ਨਫਰਤ ਦੀ ਭਾਵਨਾ ਨਾਂਮਤਰ ਵੀ ਨਹੀਂ ਸੀ।
ਗੁਰੂ ਜੀ ਵਲੋਂ ਆਪਣੇ ਸਿੱਖਾਂ ਨੂੰ ਸੰਸਕ੍ਰਿਤ, ਅਰਬੀ ਤੇ ਫਾਰਸੀ ਦਾ ਗਿਆਨ ਦਿਵਾਉਣ ਅਤੇ ਉਨ੍ਹਾਂ ਦੀ ਬਾਣੀ ਵਿਚ ਇਨ੍ਹਾਂ ਭਾਸ਼ਾਵਾਂ ਦਾ ਸੁੰਦਰ ਸੁਮੇਲ ਵੀ ਇਹ ਸਾਬਤ ਕਰਦਾ ਹੈ ਕਿ ਗੁਰੂ ਜੀ ਦੀ ਦ੍ਰਿਸ਼ਟੀ ਅਤੇ ਸੋਚਣੀ ਬੜੀ ਵਿਸ਼ਾਲ ਤੇ ਉਦਾਰ ਸੀ। ਗੁਰੂ ਜੀ ਦੇ ਦਰਬਾਰੀ ਕਵੀਆਂ ਵਿਚ ਵੀ ਇਨ੍ਹਾਂ ਭਾਸ਼ਾਵਾਂ ਦੇ ਵੱਖ ਵੱਖ ਮਾਹਰ ਕਵੀ ਮੌਜੂਦ ਸਨ।
ਗੁਰੂ ਜੀ ਦੇ ਜੀਵਨ ਵਿਚੋਂ ਉਪਰੋਕਤ ਘਟਨਾਵਾਂ ਅਤੇ ਉਨ੍ਹਾਂ ਦੀ ਬਾਣੀ ਦੇ ਅਧਿਐਨ ਤੋਂ ਇਹ ਸਿੱਟਾ ਸੁਤੇ-ਸਿਧ ਨਿਕਲਦਾ ਹੈ ਕਿ ਉਹ ਵਿਸ਼ਾਲ ਸੋਚਣੀ ਵਾਲੇ, ਸਾਰੀ ਮਾਨਵਤਾ ਨੂੰ ਕਲਾਵੇ ਵਿਚ ਲੈਣ ਵਾਲੇ ਤੇ ਮਨੁੱਖੀ ਏਕਤਾ ਦੀ ਤਹਿ ਦਿਲੋਂ ਹਾਮੀ ਭਰਨ ਵਾਲੇ ਮਹਾਪੁਰਸ਼ ਸਨ।