ਗੁਲਜ਼ਾਰ ਸਿੰਘ ਸੰਧੂ
ਸਰਕਾਰ ਦੀ ਨੋਟਬੰਦੀ ਨੇ ਦੇਸ਼ ਦੀ ਕਿਰਸਾਨੀ ਨੂੰ ਜਿਸ ਤਰ੍ਹਾਂ ਵਲੂੰਧਰਿਆ ਹੈ, ਉਸ ਦੇ ਸਮਾਚਾਰ ਨੇੜਲੇ ਪੰਜਾਬ ਤੇ ਹਰਿਆਣਾ ਵਿਚ ਹੀ ਨਹੀਂ, ਦਿੱਲੀ ਦੱਖਣ ਤੋਂ ਵੀ ਆ ਰਹੇ ਹਨ। ਸਬਜ਼ੀ ਉਤਪਾਦਕਾਂ ਦੇ ਸਾਹ ਸੂਤੇ ਗਏ ਹਨ। ਸਬਜ਼ੀ ਤੇ ਫਲਾਂ ਦੀ ਉਪਜ ਲੰਮਾ ਅਰਸਾ ਸੰਭਾਲ ਕੇ ਰੱਖਣੀ ਸੰਭਵ ਹੀ ਨਹੀਂ। ਮੱਧ ਪ੍ਰਦੇਸ਼ ਵਿਚ ਗੰਢੇ ਦਾ ਭਾਅ ਇੱਕ ਰੁਪਏ ਕਿੱਲੋ ਦੱਸਿਆ ਜਾ ਰਿਹਾ ਹੈ ਤੇ ਆਂਧਰਾ ਪ੍ਰਦੇਸ਼ ਵਿਚ ਟਮਾਟਰ ਦਾ ਢਾਈ ਰੁਪਏ ਕਿੱਲੋ। ਦੁੱਧ ਖਰੀਦਣ ਵਾਲੇ ਦੋਧੀਆਂ ਨੂੰ ਪੈਸੇ ਨਹੀਂ ਦੇ ਰਹੇ।
ਮੈਂ ਹੁਸ਼ਿਆਰਪੁਰ ਦਾ ਜੰਮਪਲ ਹਾਂ। ਦੱਬੇਵਾਲ ਵਿਚ ਹੰਦੋਵਾਲ ਨੇੜਲੀ ਸਬਜ਼ੀ ਮੰਡੀ ਤੋਂ ਹਰ ਰੋਜ਼ ਆਲੂ ਤੇ ਮਟਰ ਦੇ ਦਰਜਨਾਂ ਟਰੱਕ ਦਿੱਲੀ ਅਤੇ ਦੱਖਣੀ ਰਾਜਾਂ ਵਿਚ ਵਿਕਣ ਜਾਂਦੇ ਹਨ। ਪਿਛਲੇ ਦਿਨੀਂ ਮੈਨੂੰ ਮਾਹਿਲਪੁਰ ਜਾਣਾ ਪਿਆ ਤਾਂ ਉਥੋਂ ਦੇ ਡਾæ ਜਗੀਰ ਸਿੰਘ ਬੈਂਸ ਨੇ ਮੈਨੂੰ ਉਸ ਹੰਦੋਵਾਲ ਮੰਡੀ ਨੇੜੇ ਖੜੇ ਸੈਂਕੜੇ ਟਰੱਕਾਂ ਦੀਆਂ ਕਤਾਰਾਂ ਦੇਖਣ ਭੇਜ ਦਿੱਤਾ। ਆਲੂ ਦੇ ਜਿਨ੍ਹਾਂ ਟਰੱਕਾਂ ਦੀ ਬੋਲੀ 500 ਰੁਪਏ ਤੱਕ ਚਲੀ ਜਾਂਦੀ ਸੀ, ਉਹ 250 ਰੁਪਏ ਤੋਂ ਉਤੇ ਨਹੀਂ ਸੀ ਜਾ ਰਹੀ। 50 ਰੁਪਏ ਕਿੱਲੋ ਵਾਲੇ ਮਟਰਾਂ ਦੇ 20-25 ਰੁਪਏ ਮਿਲ ਰਹੇ ਸਨ। ਖੇਤੀ ਪ੍ਰਧਾਨ ਦੇਸ਼ ਨੂੰ ਕੁਦਰਤੀ ਕਰੋਪੀ ਦੀ ਮਾਰ ਤਾਂ ਪੈਂਦੀ ਦੇਖਦੇ ਆਏ ਹਾਂ, ਕੇਵਲ ਇੱਕ ਵਿਅਕਤੀ ਦੀ ਸੋਚ ਦਾ ਸ਼ਿਕਾਰ ਹੁੰਦਿਆਂ ਪਹਿਲਾਂ ਕਦੀ ਨਹੀਂ ਸੀ ਦੇਖਿਆ। ਮਾੜੀ ਗੱਲ ਇਹ ਕਿ ਪਹਿਲੀਆਂ ਸਰਕਾਰਾਂ ਨੇ ਕਿਰਸਾਨੀ ਦੀ ਸੁਰੱਖਿਆ ਲਈ ਜਿਹੜੀ ਫਸਲੀ ਬੀਮੇ ਦੀ ਪਿਰਤ ਪਾਈ ਸੀ, ਉਸ ਵਿਚ ਨੋਟਬੰਦੀ ਦਾ ਸ਼ਿਕਾਰ ਹੋਈ ਕਿਰਸਾਨੀ ਵਾਲੀ ਮਦ ਨਾ ਹੋਣ ਕਾਰਨ ਇਸ ਤੋਂ ਪੈਦਾ ਹੋਈ ਤਬਾਹੀ ਨੂੰ ਇਹ ਬੀਮਾ ਯੋਜਨਾ ਲਾਗੂ ਹੀ ਨਹੀਂ ਹੁੰਦੀ। ਟੈਲੀਫੋਨ ਰਾਹੀਂ ਪ੍ਰਾਪਤ ਹੋਈ ਜਾਣਕਾਰੀ ਦੱਸਦੀ ਹੈ ਕਿ ਇਸ ਸਥਿਤੀ ਤੋਂ ਥੋੜ੍ਹੀ ਰਾਹਤ ਤਾਂ ਮਿਲੀ ਹੈ ਪਰ ਜਿਹੜਾ ਨੁਕਸਾਨ ਹੋ ਚੁਕਾ ਹੈ, ਉਸ ਨੂੰ ਕੌਣ ਭਰੇਗਾ? ਕੀ ਕਿਸੇ ਨੇ ਸੋਚਿਆ ਸੀ ਕਿ ਛੋਟੇ-ਵੱਡੇ ਕਿਰਸਾਨ ਇੱਕ ਵਿਅਕਤੀ ਦੀ ਹੈਂਕੜ ਦਾ ਸ਼ਿਕਾਰ ਹੋ ਜਾਣਗੇ। ਆਮੀਨ!
ਦੋ ਬਾਲ ਮਜ਼ਦੂਰਾਂ ਦੀ ਪ੍ਰਮਾਣਿਕ ਸਫਲਤਾ: ਪਿਛਲੇ ਦਿਨੀਂ ਮੈਨੂੰ ਦੋ ਬਾਲ ਮਜ਼ਦੂਰਾਂ ਦੀ ਅਦੁੱਤੀ ਸਫਲਤਾ ਦੇ ਕਿੱਸੇ ਪੜ੍ਹਨ ਨੂੰ ਮਿਲੇ। ਇਕ ਤਾਮਿਲਨਾਡੂ ਦਾ ਜੰਮਪਲ ਰਾਜਗੋਪਾਲ ਤੇ ਦੂਜਾ ਹਰਿਆਣਾ ਦਾ ਵਿਜੇ ਕੁਮਾਰ ਕਾਇਤ ਹੈ। ਰਾਜਗੋਪਾਲ ਤਾਮਿਲਨਾਡੂ ਦੇ ਨਿੱਕੇ ਜਿਹੇ ਪਿੰਡ ਪੁੰਨਿਆ ਵਿਖੇ ਸਾਲ 1947 ਵਿਚ ਪੈਦਾ ਹੋਇਆ। ਮਾਪਿਆਂ ਦੀ ਗਰੀਬੀ ਕਾਰਨ ਉਹ ਸੱਤ ਜਮਾਤਾਂ ਤੋਂ ਵਧ ਪੜ੍ਹਾਈ ਨਾ ਕਰ ਸਕਿਆ। ਉਸ ਨੂੰ ਆਪਣੇ ਗਰੀਬ ਮਾਪਿਆਂ ਦੀ ਮਦਦ ਲਈ ਇਕ ਹੋਟਲ ਵਿਚ ਭਾਂਡੇ ਮਾਂਜਣ ਦਾ ਕੰਮ ਕਰਨਾ ਪਿਆ। ਇਹ ਕੰਮ ਕਰਦਿਆਂ ਉਹਨੂੰ ਚਾਹ ਤੇ ਖਾਣਾ ਬਣਾਉਣ ਦੀ ਜਾਂਚ ਆ ਗਈ ਤੇ ਸਹਿਜੇ-ਸਹਿਜੇ ਉਸ ਨੂੰ ਇਕ ਕਰਿਆਨਾ ਸਟੋਰ ਵਾਲੇ ਨੇ ਸਾਫ-ਸਫਾਈ ਕਰਨ ਲਈ ਰੱਖ ਲਿਆ।
ਸਟੋਰ ‘ਤੇ ਕੰਮ ਕਰਦਿਆਂ ਉਸ ਨੇ ਸਟੋਰ ਕਰਮਚਾਰੀਆਂ ਲਈ ਚਾਹ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ ਤੇ ਸਮਾਂ ਪਾ ਕੇ ਉਸ ਨੇ Ḕਸਰਵਨਾ ਭਵਨḔ ਨਾਂ ਦਾ ਇਕ ਛੋਟਾ ਹੋਟਲ ਖੋਲ੍ਹ ਲਿਆ। ਰਾਜਗੋਪਾਲ ਦੇ ਹੋਟਲ ਦਾ ਖਾਣਾ ਨੇੜਲੇ ਸਾਰੇ ਹੋਟਲਾਂ ਨਾਲੋਂ ਸੁਆਦੀ ਤੇ ਸਿਹਤਮੰਦ ਹੋਣ ਕਾਰਨ ਉਹ ਨਿੱਕੇ ਹੋਟਲ ਦਾ ਵੱਡਾ ਮਾਲਕ ਬਣ ਗਿਆ। ਵਧੀਆ ਖਾਣੇ ਨਾਲੋਂ ਵੀ ਵਧ ਉਸ ਦਾ ਆਪਣੇ ਕੋਲ ਕੰਮ ਕਰਨ ਵਾਲਿਆਂ ਪ੍ਰਤੀ ਵਤੀਰਾ ਸੀ। ਉਹ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਦਾ। ਸਾਲ ਵਿਚ ਇੱਕ ਵਾਰੀ ਆਪਣੇ ਜੱਦੀ ਪਿੰਡ ਆਉਣ-ਜਾਣ ਦਾ ਖਰਚ ਹੀ ਨਹੀਂ ਸੀ ਦਿੰਦਾ, ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਪੂਰਾ ਕਰਦਾ। ਫੇਰ ਕੀ ਸੀ, ਉਸ ਨੇ Ḕਸਰਵਨਾ ਭਵਨḔ ਨਾਂ ਦਾ ਇੱਕ ਹੋਰ ਹੋਟਲ ਕਿਸੇ ਹੋਰ ਸ਼ਹਿਰ ਖੋਲ੍ਹ ਲਿਆ ਤੇ ਇਸੇ ਨਾਂ ਵਾਲਾ ਇੱਕ ਹੋਰ ਕਿਸੇ ਵਡੇਰੇ ਸ਼ਹਿਰ। ਨਤੀਜੇ ਵਜੋਂ ਅੱਜ Ḕਸਰਵਨਾ ਭਵਨḔ ਨਾਂ ਦੇ 33 ਹੋਟਲ ਦੇਸ਼ ਵਿਚ ਹਨ ਤੇ 47 ਬਾਹਰਲੇ ਦੇਸ਼ਾਂ ਵਿਚ।
ਹਰਿਆਣਾ ਦਾ ਵਿਜੇ ਕੁਮਾਰ ਕਾਇਤ ਇਕ ਰਾਜ ਮਿਸਤਰੀ ਦਾ ਪੁੱਤ ਹੈ ਜੋ ਆਪਣੇ ਬਚਪਨ ਵਿਚ ਆਪਣੇ ਮਾਪਿਆਂ ਵਾਂਗ ਮੰਡੀ ਵਿਚ ਦਿਹਾੜੀਆਂ ਕਰਕੇ ਰਾਤ ਵੇਲੇ ਪੜ੍ਹਾਈ ਕਰਦਾ ਰਿਹਾ। ਉਸ ਦਾ ਸਿਰੜ ਵੇਖੋ ਕਿ ਉਸ ਨੇ ਦੂਜੇ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾਉਣ ਦੇ ਨਾਲ-ਨਾਲ ਇਤਿਹਾਸ ਦੀ ਐਮæਏæ ਅਤੇ ਡਾਕਟਰੇਟ ਕੀਤੀ ਜਿਸ ਸਦਕਾ ਉਸ ਨੂੰ ਪ੍ਰੋਫੈਸਰ ਦੀ ਉਪਾਧੀ ਮਿਲ ਗਈ। ਆਪਣੇ ਅਧਿਆਪਕੀ ਕਾਲ ਵਿਚ ਉਸ ਨੇ ਇੱਕ Ḕਉਪੇਕਸ਼ਤ ਸਮਾਜ ਪਾਰਟੀḔ ਨਾਂ ਦੀ ਰਾਜਨੀਤਕ ਪਾਰਟੀ ਵੀ ਬਣਾਈ, ਜਿਸ ਨੇ ਉਸ ਨੂੰ ਏਨਾ ਹਰਮਨ ਪਿਆਰਾ ਬਣਾ ਦਿੱਤਾ ਕਿ ਹੁਣ ਹਰਿਆਣਾ ਸਰਕਾਰ ਨੇ ਉਸ ਨੂੰ ਚੌਧਰੀ ਦੇਵੀ ਲਾਲ ਯੂਨੀਵਰਸਟੀ ਦਾ ਵਾਈਸ ਚਾਂਸਲਰ ਲਾ ਦਿੱਤਾ। ਉਸ ਦਾ ਯਕੀਨ ਹੈ ਕਿ ਕਦਰਾਂ-ਕੀਮਤਾਂ ਵਿਚ ਦਿਨੋਂ ਦਿਨ ਆ ਰਹੇ ਨਿਘਾਰ ਨੂੰ ਰੋਕਣ ਲਈ ਅੱਜ ਦੇ ਵਿਦਿਆਰਥੀਆਂ ਨੂੰ ਸੂਚਨਾ ਤਕਨਾਲੋਜੀ ਦੇ ਨਾਲ-ਨਾਲ ਭਾਸ਼ਾਵਾਂ ਤੇ ਸਮਾਜਕ ਸਮੱਸਿਆਵਾਂ ਦਾ ਗਿਆਨ ਹੀ ਨਹੀਂ, ਮਨੋਵਿਗਿਆਨਕ ਗਿਆਨ ਦੇਣਾ ਵੀ ਬੇਹਦ ਜ਼ਰੂਰੀ ਹੈ।
ਬਾਲ ਮਜ਼ਦੂਰ ਤੋਂ ਵਡੀ ਹਸਤੀ ਬਣੇ ਦੋਵੇਂ ਜੀਵ ਵਧਾਈ ਦੇ ਹੱਕਦਾਰ ਹਨ।
ਅੰਤਿਕਾ:
ਡਾæ ਸੁਲਤਾਨ ਅੰਜੁਮ (ਮਲੇਰਕੋਟਲਾ)
ਤੂ ਹਮੇਂ ਅਮਨ ਕੀ ਫਾਖਤਾਏਂ ਨਾ ਦੇ,
ਸਰਹਦੋਂ ਕੀ ਮਗਰ ਬਦਦੁਆਏਂ ਨਾ ਦੇ।
ਜਿਨ ਕੇ ਚਲਨੇ ਸੇ ਕਾਂਪੇਂ ਗੁਲਾਬੋਂ ਕੇ ਦਿਲ,
ਗੁਲਸ਼ਨੋਂ ਕੋ ਖੁਦਾ ਵੁਹ ਹਵਾਏਂ ਨਾ ਦੇ।
ਜ਼ਖਮ ਆਧੀ ਸਦੀ ਕੇ ਹੀ ਕੁਛ ਕਮ ਨਹੀਂ,
ਜ਼ਿੰਦਗੀ! ਔਰ ਹਮ ਕੋ ਸਜ਼ਾਏਂ ਨਾ ਦੇ।