ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂਆਂ ਅਤੇ ਉਨ੍ਹਾਂ ਦੇ ਨੇੜਲਿਆਂ ਵੱਲੋਂ ਕੀਤੀ ਜਾ ਰਹੀ ਹੁੱਲੜਬਾਜ਼ੀ ਵਿਰੁੱਧ ਲੋਕਾਂ ਦੇ ਮਨਾਂ ਵਿਚ ਰੋਹ ਵਧ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਨਤਕ ਸਮਾਗਮਾਂ ਵਿਚ ‘ਅਕਾਲੀ ਜਰਨੈਲਾਂ’ ਦੀਆਂ ਸੱਤਾ ਦੇ ਨਸ਼ੇ ਵਿਚ ਵਧੀਕੀਆਂ ਦਾ ਜਵਾਬ ਦੇਣਾ ਔਖਾ ਹੋ ਗਿਆ ਹੈ। ਚੋਣਾਂ ਸਿਰ ਉਤੇ ਹੋਣ ਕਾਰਨ ਭਾਵੇਂ ਸ਼ ਬਾਦਲ ਵੱਲੋਂ ਇਨ੍ਹਾਂ ਆਗੂਆਂ ਨੂੰ ਜ਼ਾਬਤੇ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ, ਪਰ ਇਹ ਸਿਲਸਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਗੋਨਿਆਣਾ ਮੰਡੀ ਵਿਚ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਬਾਦਲ ਸਾਹਮਣੇ ਸਾਬਕਾ ਫੌਜੀ ਸੁਖਦੇਵ ਸਿੰਘ ਅਕਾਲੀ ਸਰਪੰਚ ਦੀ ਸ਼ਿਕਾਇਤ ਲੈ ਕੇ ਆਣ ਪੁੱਜਾ ਤੇ ਦੱਸਿਆ ਇਸ ਸਰਪੰਚ ਦੇ ਬੰਦਿਆਂ ਨੇ ਉਨ੍ਹਾਂ ਦੇ ਘਰ ਵੜ ਕੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਕੁੱਟਿਆ। ਉਹ ਸ਼ਿਕਾਇਤ ਲੈ ਕੇ ਡੀæਐਸ਼ਪੀæ ਗੁਰਮੀਤ ਸਿੰਘ ਕਿੰਗਰਾ ਕੋਲ ਗਿਆ ਤਾਂ ਉਸ ਨੂੰ ਕਿਹਾ ਗਿਆ ਕਿ ਉਸ ਉਤੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਦਬਾਅ ਹੈ। ਉਹ ਹੋਰ ਅਧਿਕਾਰੀਆਂ ਕੋਲ ਵੀ ਗਿਆ, ਪਰ ਉਸ ਨੂੰ ਕੇਸ ਵਾਪਸ ਲੈਣ ਲਈ ਕਿਹਾ ਗਿਆ। ਜਵਾਬ ਵਿਚ ਬਾਦਲ ਨੇ ਇੰਨਾ ਹੀ ਕਹਿ ਕੇ ਸਾਰ ਦਿੱਤਾ ਕਿ ‘ਡੀæਐਸ਼ਪੀæ ਦੀ ਬਦਲੀ ਕਰ ਦਿੱਤੀ ਹੈ, ਹੋਰ ਉਸ ਨੂੰ ਫਾਂਸੀ ਦੇ ਦਈਏ।’ ਇਸ ਤੋਂ ਬਾਅਦ ਸੰਗਤ ਦਰਸ਼ਨ ਵਿਚੋਂ ਇਸ ਫੌਜੀ ਨੂੰ ਧੱਕੇ ਮਾਰ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।
ਮੁੱਖ ਮੰਤਰੀ ਦੇ ਸੰਗਤ ਦਰਸ਼ਨ ਵਿਚ ਇਹ ਕੋਈ ਨਵਾਂ ਮਾਮਲਾ ਨਹੀਂ ਹੈ, ਜਦ ਕੋਈ ਅਕਾਲੀ ਆਗੂਆਂ ਦੀਆਂ ਵਧੀਕੀਆਂ ਦੀਆਂ ਸ਼ਿਕਾਇਤ ਲੈ ਕੇ ਆਇਆ ਹੋਵੇ। ਅਜੇ ਦੋ ਹਫਤੇ ਪਹਿਲਾਂ ਹੀ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਵਿਚ ਇਕ ਕਿਸਾਨ, ਅਕਾਲੀ ਮੰਤਰੀ ਦੀ ਸ਼ਿਕਾਇਤ ਲੈ ਕੇ ਆ ਗਿਆ ਸੀ। ਅਕਾਲੀ ਆਗੂਆਂ ਦੀ ‘ਤਾਕਤ’ ਦਾ ਸ਼ਿਕਾਰ ਆਮ ਲੋਕ ਹੀ ਨਹੀਂ ਬਣ ਰਹੇ, ਸਗੋਂ ਪੁਲਿਸ ਮੁਲਾਜ਼ਮਾਂ ਨੂੰ ਵੀ ਸੱਤਾ ਦਾ ਰੋਹਬ ਦਿਖਾਇਆ ਜਾਂਦਾ ਹੈ। ਇਸੇ ਮਹੀਨੇ ਮੁੱਖ ਮੰਤਰੀ ਦੀ ਰੈਲੀ ਵਿਚ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇਕ ਹੌਲਦਾਰ ਨੂੰ ਸ਼ਰੇਆਮ ਗਾਲ਼ਾਂ ਕੱਢੀਆਂ ਤੇ ਉਸ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਹੌਲਦਾਰ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਮੰਤਰੀ ਨੂੰ ਗਲਤ ਗੱਡੀ ਪਾਰਕ ਕਰਨ ਉਤੇ ਟੋਕ ਦਿੱਤਾ ਸੀ। ਬਾਅਦ ਵਿਚ ਗੁੱਸੇ ਵਿਚ ਆਏ ਹੌਲਦਾਰਾਂ ਨੇ ਮਲੂਕਾ ਨੂੰ ਸਮਾਗਮ ਦੇ ਬਾਹਰ ਘੇਰ ਲਿਆ ਤੇ ਖੂਬ ਹੰਗਾਮਾ ਕੀਤਾ। ਸੁਰੱਖਿਆ ਗਾਰਡਾਂ ਨੇ ਬੜੀ ਮੁਸ਼ੱਕਤ ਨਾਲ ਮਲੂਕਾ ਨੂੰ ਬਚੇ ਕੇ ਸਮਾਗਮ ਤੋਂ ਬਾਹਰ ਲਿਆਂਦਾ।
ਇਸ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਦੇ ਅਕਾਲੀ ਸਰਪੰਚ ਦੇ ਮੁੰਡੇ ਅਤੇ ਉਸ ਦੇ ਸਾਥੀਆਂ ਵੱਲੋਂ ਡਿਊਟੀ ਉਤੇ ਤਾਇਨਾਤ ਪੰਜਾਬ ਪੁਲਿਸ ਦੇ ਇਕ ਹੌਲਦਾਰ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਨਿਰਵਸਤਰ ਕਰ ਕੇ ਪਿੰਡ ਵਿਚ ਘੁਮਾਇਆ। ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਜ਼ਿਲ੍ਹਾ ਪ੍ਰਧਾਨ ਦੇ ਭਰਾ ਨੇ ਇਕ ਸਥਾਨਕ ਗੁਰਦੁਆਰੇ ਦੇ ਬਜ਼ੁਰਗ ਗਰੰਥੀ ਦੀ ਇੰਨੀ ਕੁੱਟਮਾਰ ਕੀਤੀ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸੇ ਸਾਲ ਪੰਜ ਸਤੰਬਰ ਨੂੰ ਬਟਾਲੇ ਨੇੜਲੇ ਇਕ ਸਾਬਕਾ ਅਕਾਲੀ ਸਰਪੰਚ ਅਤੇ ਉਸ ਦੇ ਸਹਿਯੋਗੀਆਂ ਨੇ ਗੁਰਦਾਸਪੁਰ ਜਾਂਦੇ ‘ਕਾਊਂਟਰ ਇੰਟੈਲੀਜੈਂਸ’ ਦੇ ਹੈੱਡ ਕਾਂਸਟੇਬਲ ਨੂੰ ਘੇਰ ਕੇ ਲੋਹੇ ਦੀਆਂ ਰਾਡਾਂ ਨਾਲ ਕੁੱਟ ਕੇ ਮਰਨ ਕਿਨਾਰੇ ਪਹੁੰਚਾ ਦਿੱਤਾ ਸੀ। ਦਰਅਸਲ, ਅਕਾਲੀ-ਭਾਜਪਾ ਦੀ ਦੂਜੀ ਪਾਰੀ ਸ਼ੁਰੂ ਹੁੰਦਿਆਂ ਹੀ ਸੱਤਾਧਾਰੀ ਧਿਰ ਨਾਲ ਸਬੰਧਤ ਵਿਅਕਤੀਆਂ ਦੇ ਦਿਮਾਗ ਨੂੰ ਸੱਤਾ ਦੀ ਖੁਮਾਰੀ ਕੁਝ ਜ਼ਿਆਦਾ ਹੀ ਚੜ੍ਹਨੀ ਸ਼ੁਰੂ ਹੋ ਗਈ ਸੀ। ਫਰੀਦਕੋਟ ਵਿਚ ਇਕ ਨਾਬਾਲਗ ਲੜਕੀ ਨੂੰ ਉਧਾਲਣ ਤੋਂ ਲੈ ਕੇ ਲਗਾਤਾਰ ਅਕਾਲੀ ਦਲ ਨਾਲ ਸਬੰਧਤ ਵਿਅਕਤੀਆਂ ਵੱਲੋਂ ਆਮ ਲੋਕਾਂ ਨੂੰ ਸੱਤਾ ਦੀ ਧੌਂਸ ਦਿਖਾਉਣ ਦਾ ਵਰਤਾਰਾ ਬੇਰੋਕ ਜਾਰੀ ਹੈ। ਅੰਮ੍ਰਿਤਸਰ ਵਿਚ ਇਕ ਸਹਾਇਕ ਸਬ-ਇੰਸਪੈਕਟਰ ਨੂੰ ਉਸ ਦੀ ਆਪਣੀ ਧੀ ਨਾਲ ਛੇੜਖਾਨੀ ਕਰਨ ਤੋਂ ਰੋਕਣ ਉਤੇ ਅਕਾਲੀ ਦਲ ਨਾਲ ਸਬੰਧਤ ਹੁੱਲੜਬਾਜ਼ ਵੱਲੋਂ ਗੋਲੀ ਮਾਰ ਕੇ ਮਾਰ ਦੇਣ ਦੀ ਘਟਨਾ ਵੀ ਹਾਲੇ ਪੁਰਾਣੀ ਨਹੀਂ ਹੋਈ। ਸੱਤਾਧਾਰੀਆਂ ਦੀ ਮਾਲਕੀ ਵਾਲੀਆਂ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਅਤੇ ਹੋਰ ਅਮਲੇ ਵੱਲੋਂ ਆਮ ਲੋਕ ਤਾਂ ਕੀ, ਕਈ ਰਸੂਖਦਾਰ ਵਿਅਕਤੀਆਂ ਨੂੰ ਵੀ ਮਾਮੂਲੀ ਤਕਰਾਰ ਉਤੇ ਕੁੱਟਣ ਮਾਰਨ ਦੀਆਂ ਦਰਜਨਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਸੱਤਾਧਾਰੀਆਂ ਦੇ ਸ਼ਰਾਬ ਦੇ ਠੇਕਿਆਂ ਦੇ ਕਾਰਿੰਦਿਆਂ, ਰੇਤਾ-ਬਜਰੀ ਦੀਆਂ ਖੱਡਾਂ ਦੇ ਸੰਚਾਲਕਾਂ ਅਤੇ ਨਸ਼ਿਆਂ ਦੇ ਤਸਕਰਾਂ ਦੇ ਮੋਹਰੀਆਂ ਵੱਲੋਂ ਆਪਣੇ ਕਾਲੇ ਧੰਦਿਆਂ ਵਿਚ ਥੋੜ੍ਹੀ-ਬਹੁਤੀ ਰੁਕਾਵਟ ਪਾਉਣ ਵਾਲਿਆਂ ਨੂੰ ਸਬਕ ਸਿਖਾਉਣਾ ਆਮ ਗੱਲ ਹੈ। ਪੰਜਾਬ ਦਾ ਦਲਿਤ ਭਾਈਚਾਰਾ ਵੀ ਇਨ੍ਹਾਂ ਦੇ ਕ੍ਰੋਧ ਤੋਂ ਬਚਿਆ ਨਹੀਂ। ਅਬੋਹਰ ਦੇ ਭੀਮ ਟਾਂਕ ਉਤੇ ਕੀਤਾ ਗਿਆ ਜਬਰ ਇਨ੍ਹਾਂ ਦੇ ਜ਼ੁਲਮ ਦੀ ਕਹਾਣੀ ਕਹਿੰਦਾ ਹੈ।
ਅਕਾਲੀ ਦਲ ਨਾਲ ਸਬੰਧਤ ਵਿਅਕਤੀਆਂ ਵੱਲੋਂ ਸੱਤਾ ਦੇ ਨਸ਼ੇ ਵਿਚ ਕੀਤੀਆਂ ਜਾ ਰਹੀਆਂ ਵਧੀਕੀਆਂ ਜ਼ਾਹਿਰ ਕਰਦੀਆਂ ਹਨ ਕਿ ਸੂਬੇ ਵਿਚ ਆਮ ਲੋਕ ਤਾਂ ਕੀ, ਪੁਲਿਸ ਕਰਮਚਾਰੀ ਵੀ ਮਹਿਫੂਜ਼ ਨਹੀਂ। ਵੱਡੀ ਗਿਣਤੀ ਵਿਚ ਗੈਂਗਸਟਰ ਅਤੇ ਗੁੰਡਾ-ਅਨਸਰ ਧੜੱਲੇ ਨਾਲ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ। ਸੱਤਾਧਾਰੀਆਂ ਵੱਲੋਂ ਆਪਣੇ ਨਜ਼ਦੀਕੀਆਂ ਨੂੰ ਖਿੱਲਾਂ ਵਾਂਗ ਦਿੱਤੇ ਗਏ ਹਥਿਆਰਾਂ ਦੇ ਲਾਇਸੈਂਸ ਲੋਕਾਂ ਦੀ ਜਾਨ ਅਤੇ ਮਾਲ ਲਈ ਖਤਰਾ ਬਣ ਚੁੱਕੇ ਹਨ। ਅਕਾਲੀ-ਭਾਜਪਾ ਸਰਕਾਰ ਵੱਲੋਂ ਪੁਲਿਸ ਥਾਣਿਆਂ ਦੀ ਪ੍ਰਬੰਧਕੀ ਆਧਾਰ ਦੀ ਥਾਂ ਵਿਧਾਨ ਸਭਾ ਹਲਕਿਆਂ ਅਨੁਸਾਰ ਕੀਤੀ ਗਈ ਦਰਜਾਬੰਦੀ ਨੇ ਪੁਲਿਸ ਪ੍ਰਸ਼ਾਸਨ ਦਾ ਹੇਠਲੀ ਪੱਧਰ ਤੱਕ ਸਿਆਸੀਕਰਨ ਕਰ ਦਿੱਤਾ ਹੈ।