ਨਵੀਆਂ ਵੋਟਾਂ ਦੀਆਂ ਖਬਰਾਂ ਤੋਂ ‘ਆਪ’ ਬਾਗੋ-ਬਾਗ

ਚੰਡੀਗੜ੍ਹ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਪਾਰਟੀਆਂ ਦੀ ਕਿਸਮਤ ਨੌਜਵਾਨ ਵੋਟਰਾਂ ਦੇ ਹੱਥ ਦਿਖਾਈ ਦੇ ਰਹੀ ਹੈ। ਰਾਜ ਭਰ ਦੇ ਵੋਟਰਾਂ ਦੀ ਉਮਰ ਗਰੁੱਪ ‘ਤੇ ਝਾਤੀ ਮਾਰਿਆਂ ਪਤਾ ਲੱਗਦਾ ਹੈ ਕਿ 18 ਤੋਂ 39 ਸਾਲ ਤੱਕ ਦੀ ਉਮਰ ਦੇ ਲੋਕਾਂ ਦੀਆਂ ਵੋਟਾਂ ਦੀ ਗਿਣਤੀ 1,00,80,747 ਹੈ। ਇਹ ਅੰਕੜਾ 50 ਫੀਸਦੀ ਤੋਂ ਵੀ ਵਧੇਰੇ ਹੈ।

ਪੰਜਾਬ ਵਿਚ ਇਸ ਸਮੇਂ ਵੋਟਰਾਂ ਦੀ ਕੁੱਲ ਗਿਣਤੀ 1,96,99,147 ਹੈ। ਇਸ ਵਿਚ 92,83,187 ਮਹਿਲਾ ਅਤੇ 1,04,15,091 ਪੁਰਸ਼ ਵੋਟਰ ਹਨ। ਕੁੱਲ 252 ਐਨæਆਰæਆਈæ ਵੋਟਰ ਹਨ। ਚੋਣ ਕਮਿਸ਼ਨ ਵੱਲੋਂ 18 ਤੋਂ 19 ਸਾਲ ਤੱਕ ਦੀ ਉਮਰ ਦੇ ਵੋਟਰਾਂ ਦੀਆਂ ਵੋਟਾਂ ਬਣਾਉਣ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਇਸ ਉਮਰ ਦੇ ਮੁੰਡੇ-ਕੁੜੀਆਂ ਦੀਆਂ ਵੋਟਾਂ ਬਹੁਤ ਘੱਟ ਬਣੀਆਂ ਹਨ। ਕਮਿਸ਼ਨ ਦਾ ਮੰਨਣਾ ਹੈ ਕਿ 18 ਤੇ 19 ਸਾਲ ਦੇ ਵੋਟ ਬਣਾਉਣ ਦੇ ਯੋਗ ਨੌਜਵਾਨਾਂ ਦੀ ਗਿਣਤੀ 9,66,128 ਹੈ ਜਦੋਂਕਿ ਵੋਟਾਂ ਸਿਰਫ਼ 3,43,751 ਬਣੀਆਂ ਹਨ। ਵੋਟਰਾਂ ਦਾ ਵੱਡਾ ਹਿੱਸਾ 20 ਤੋਂ 29 ਸਾਲ ਦੇ ਗੱਭਰੂਆਂ ਅਤੇ ਮੁਟਿਆਰਾਂ ਦਾ ਹੈ। ਇਨ੍ਹਾਂ ਵੋਟਰਾਂ ਦੀ ਗਿਣਤੀ 48,24,154 ਹੈ। ਇਸ ਉਮਰ ਦੇ ਵੋਟਰਾਂ ਨੂੰ ਹੀ ਰਵਾਇਤੀ ਪਾਰਟੀਆਂ ਖਾਸ ਕਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਡਾ ਖਤਰਾ ਮੰਨਦੀਆਂ ਹਨ। ਤਾਜ਼ਾ ਰੁਝਾਨ ਨੂੰ ਦੇਖਦਿਆਂ ਪੰਜਾਬ ਵਿਚ ਇਨ੍ਹੀਂ ਦਿਨੀਂ ਇਸ ਉਮਰ ਦੇ ਵਧੇਰੇ ਵੋਟਰਾਂ ਦਾ ਝੁਕਾਅ ਆਮ ਆਦਮੀ ਪਾਰਟੀ (ਆਪ) ਵੱਲ ਮੰਨਿਆ ਜਾ ਰਿਹਾ ਹੈ।ਪੰਜਾਬ ਦੇ ਵੋਟਰਾਂ ਦੇ ਉਮਰ ਵਰਗ ਨੂੰ ਘੋਖਦਿਆਂ ਸਪਸ਼ਟ ਹੁੰਦਾ ਹੈ ਕਿ ਰਵਾਇਤੀ ਪਾਰਟੀਆਂ ਵੱਲੋਂ ਨੌਜਵਾਨਾਂ ਨੂੰ ਰਿਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਤੱਕ ਦੇਣ ਦਾ ਵਾਅਦਾ ਕਰ ਦਿੱਤਾ ਹੈ। ਇਹ ਵਾਅਦਾ ਉਕਤ ਅੰਕੜਿਆਂ ਦੀ ਹੀ ਦੇਣ ਹੈ। ਕਮਿਸ਼ਨ ਮੁਤਾਬਕ 30 ਤੋਂ 39 ਸਾਲ ਦੀ ਉਮਰ ਤੱਕ ਦੇ ਵਿਅਕਤੀਆਂ ਦੀਆਂ ਵੋਟਾਂ ਦੀ ਗਿਣਤੀ ਪਹਿਲੇ ਨੰਬਰ ‘ਤੇ ਆਉਂਦੀ ਹੈ। ਇਸ ਉਮਰ ਵਰਗ ਦੇ 49,12,842 ਵੋਟਰ ਹਨ। ਇਸ ਤਰ੍ਹਾਂ 18 ਤੋਂ 39 ਸਾਲ ਤੱਕ ਦੇ ਉਮਰ ਵਰਗ ਦੇ ਵੋਟਰਾਂ ਦੀ ਗਿਣਤੀ 1 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ। ਇਸੇ ਤਰ੍ਹਾਂ 40 ਤੋਂ 49 ਸਾਲ ਦੇ ਉਮਰ ਦੇ ਵਿਅਕਤੀਆਂ ਦੀਆਂ 37,81,058 ਵੋਟਾਂ ਹਨ। 50 ਤੋਂ 59 ਸਾਲ ਦੀ ਉਮਰ ਵਰਗ ਦੇ 28,04,486 ਵੋਟਰ ਹਨ, 60 ਤੋਂ 69 ਸਾਲ ਦੇ ਉਮਰ ਦੇ 17,17,048 ਵੋਟਰ ਹਨ ਅਤੇ 70 ਤੋਂ 79 ਸਾਲ ਦੀ ਉਮਰ ਦੇ ਵੋਟਰਾਂ ਦੀ ਗਿਣਤੀ 9,65,336 ਹੈ। 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 3,50,472 ਹੈ।
‘ਆਪ’ ਵੱਲੋਂ ਨੌਜਵਾਨਾਂ ਦੇ ਪਾਰਟੀ ਵੱਲ ਝੁਕਾਅ ਨੂੰ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਵੀ ‘ਆਪ’ ਨੂੰ ਮਿਲੀਆਂ ਚਾਰ ਸੀਟਾਂ ਦਾ ਕਾਰਨ ਨੌਜਵਾਨ ਵੋਟਰ ਮੰਨੇ ਗਏ ਸਨ। ਇਸ ਤਰ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਜੇ ਕਾਂਗਰਸੀ ਤੇ ਅਕਾਲੀ ਨੌਜਵਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਿਚ ਕਾਮਯਾਬ ਨਹੀਂ ਹੁੰਦੇ ਤਾਂ ਸੱਤਾ ਦਾ ਸੰਤੁਲਨ ਵਿਗੜ ਸਕਦਾ ਹੈ।