ਅਰਦਾਸ ਦੇ ਭਗਵਾਂਕਰਨ ਦੇ ਮਾਮਲੇ ‘ਤੇ ਘਿਰਿਆ ਅਕਾਲੀ ਦਲ

ਅੰਮ੍ਰਿਤਸਰ: ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਚੋਣ ਸਬੰਧੀ ਸਮਾਗਮ ਵਿਚ ਰਾਮਾਇਣ ਦੇ ਅਖੰਡ ਪਾਠ ਅਤੇ ਸਿੱਖ ਧਰਮ ਵਰਗੀ ਅਰਦਾਸ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਮਗਰੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

ਸਿੱਖ ਜਥੇਬੰਦੀਆਂ ਨੇ ‘ਸਿੱਖ ਅਰਦਾਸ ਦਾ ਭਗਵਾਂਕਰਨ’ ਕੀਤੇ ਜਾਣ ਉਤੇ ਸਖਤ ਇਤਰਾਜ਼ ਜ਼ਾਹਰ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਸਮੇਂ ਮਲੂਕਾ ਸਮਾਗਮ ਵਿਚ ਮੌਜੂਦ ਸੀ।
ਵਾਇਰਲ ਹੋਏ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਸਮਾਗਮ ਵਿਚ ਕੈਬਨਿਟ ਮੰਤਰੀ ਸ੍ਰੀ ਮਲੂਕਾ ਤੇ ਉਨ੍ਹਾਂ ਦੇ ਹਮਾਇਤੀ ਹਾਜ਼ਰ ਹਨ। ਸਮਾਗਮ ਵਿਚ ਕੀਤੀ ਗਈ ਅਰਦਾਸ ਸਿੱਖ ਧਰਮ ਦੀ ਅਰਦਾਸ ਵਰਗੀ ਹੈ, ਜਿਸ ਦੀ ਸ਼ੁਰੂਆਤ ‘ਪ੍ਰਥਮ ਭਗੌਤੀ ਸਿਮਰੀਏ’ ਦੀ ਥਾਂ ‘ਸ੍ਰੀ ਦੁਰਗਾ ਭਗਵਤੀ ਸਿਮਰੀਏ ਘਰ ਨਾਉ ਨਿਧੁ ਆਵੇ ਧਾਏ’ ਕਿਹਾ ਗਿਆ। ‘ਧਿਆਨ ਧਰ ਬੋਲਣਾ ਜੀ ਵਾਹਿਗੁਰੂ’ ਦੀ ਥਾਂ ‘ਸ੍ਰੀ ਰਾਮ ਸ੍ਰੀ ਰਾਮ ਸ੍ਰੀ ਰਾਮ’ ਆਖਿਆ ਜਾਂਦਾ ਹੈ।
ਸਿੱਖ ਸ਼ਹੀਦਾਂ ਦੀ ਥਾਂ ‘ਜਿਨ੍ਹਾਂ ਧਰਮ ਵੀਰਾਂ ਨੇ ਸਨਾਤਨ ਧਰਮ ਦੀ ਰੱਖਿਆ ਲਈ ਸੀਸ ਕਟਵਾਏ, ਤਨ ਆਰਿਆਂ ਨਾਲ ਚੀਰਾਏ, ਚਰਖੜੀਆਂ ਉਤੇ ਚੜ੍ਹਾਏ ਗਏ, ਬੋਲੋ ਜੀ ਜੈ ਸ੍ਰੀ ਰਾਮ’ ਆਦਿ ਸ਼ਾਮਲ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੂੰ ਆਦੇਸ਼ ਦਿੱਤਾ ਹੈ ਕਿ ਇਸ ਕਲਿਪ ਦੀ ਪੂਰੀ ਵੀਡੀਓ ਮੰਗਵਾ ਕੇ ਪੜਤਾਲ ਕਰਨ। ਇਹ ਵੀ ਦੇਖਣ ਕਿ ਇਸ ਵਿਚ ਕੌਣ-ਕੌਣ ਸ਼ਾਮਲ ਹੈ ਤੇ ਰਿਪੋਰਟ ਸ੍ਰੀ ਅਕਾਲ ਤਖਤ ਨੂੰ ਭੇਜੀ ਜਾਵੇ। ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਇਹ ਮੰਦਭਾਗਾ ਹੈ ਕਿ ਅਕਾਲੀਆਂ ਵੱਲੋਂ ਹੀ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਆਦਮਪੁਰ ਹਵਾਈ ਅੱਡੇ ‘ਤੇ ਵੀ ਅਕਾਲੀ ਦਲ ਦੇ ਪ੍ਰਧਾਨ ਨੇ ਭੂਮੀ ਪੂਜਨ ਕੀਤਾ ਹੈ।