ਸ਼ਹੀਦੀ ਜੋੜ ਮੇਲਾ: ਸਿਆਸੀ ਧਿਰਾਂ ਵੱਲੋਂ ਜਥੇਦਾਰ ਦੇ ਹੁਕਮ ਨਜ਼ਰਅੰਦਾਜ਼

ਫਤਹਿਗੜ੍ਹ ਸਾਹਿਬ: ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸਮਰਪਤ ਸ਼ਹੀਦੀ ਜੋੜ ਮੇਲ ਵਿਚ ਸ੍ਰੀ ਅਕਾਲ ਤਖਤ ਦੇ ਆਦੇਸ਼ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜੰਮ ਕੇ ਸਿਆਸੀ ਦੂਸ਼ਣਬਾਜ਼ੀ ਹੋਈ। ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜੋੜ ਮੇਲ ਨੂੰ ਸਾਦਗੀ ਨਾਲ ਮਨਾਉਣ, ਲੰਗਰਾਂ ਵਿਚ ਮਿੱਠੇ ਪਕਵਾਨ ਨਾ ਪਕਾਉਣ ਤੇ ਸਿਆਸੀ ਕਾਨਫਰੰਸਾਂ ਮੌਕੇ ਸਿਆਸੀ ਦੂਸ਼ਣਬਾਜ਼ੀ ਨਾ ਕਰਨ ਦਾ ਆਦੇਸ਼ ਦਿੱਤਾ ਸੀ। ਸਿਆਸੀ ਕਾਨਫਰੰਸਾਂ ਦੌਰਾਨ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਹਰ ਸਿਆਸੀ ਸਟੇਜ ਤੋਂ ਰੱਜ ਕੇ ਉਲੰਘਣਾ ਹੋਈ।

ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਹੀਦਾਂ ਨੂੰ ਯਾਦ ਜ਼ਰੂਰ ਕੀਤਾ, ਪਰ ਆਪਣੀ ਤਕਰੀਰ ਦੌਰਾਨ ਉਹ ਸ਼੍ਰੋਮਣੀ ਅਕਾਲੀ ਦਲ ਦਾ ਗੁਣਗਾਣ ਕਰਨਾ ਤੇ ਵਿਰੋਧੀ ਪਾਰਟੀਆਂ ਉਤੇ ਤਵੇ ਲਾਉਣੇ ਵੀ ਨਹੀਂ ਭੁੱਲੇ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਗਿਆ ਸੀ। ਦੂਜੀਆਂ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਇਥੇ ਵੀ ਲੀਡਰ ਜ਼ੋਰ-ਸ਼ੋਰ ਨਾਲ ਸਿਆਸੀ ਦੂਸ਼ਣਬਾਜ਼ੀ ਕਰਦੇ ਸੁਣੇ ਗਏ। ਸੁਖਬੀਰ ਬਾਦਲ ਨੇ ਜਿਥੇ ‘ਰਾਜੇ’ ਨੂੰ ਨਿਸ਼ਾਨੇ ਉਤੇ ਲਿਆ ਤਾਂ ਉਧਰ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਾਦਲ ਪਿਉ-ਪੁੱਤਰ ਉਤੇ ਚੁਟਕੀਆਂ ਲਈਆਂ।
ਆਮ ਆਦਮੀ ਪਾਰਟੀ ਦੇ ਆਗੂਆਂ ਦੇ ਬੋਲ ਵੀ ਸ਼ਹਾਦਤ ਲਈ ਸ਼ਰਧਾਂਜਲੀ ਦੇਣ ਤੋਂ ਬਾਅਦ ਸਿਆਸੀ ਦੂਸ਼ਣਬਾਜ਼ੀ ਵਿਚ ਬਦਲ ਗਏ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵੀ ਹਰ ਸਾਲ ਸ਼ਹੀਦੀ ਜੋੜ ਮੇਲ ਮੌਕੇ ਸਿਆਸੀ ਸਟੇਜ ਸਜਾਈ ਜਾਂਦੀ ਹੈ। ਸਿਮਰਨਜੀਤ ਸਿੰਘ ਮਾਨ ਦੀ ਤਕਰੀਰ ਸੁਣਨ ਲਈ ਇਥੇ ਵੀ ਕਾਫੀ ਗਿਣਤੀ ਵਿਚ ਲੋਕ ਇਕੱਠੇ ਹੁੰਦੇ ਹਨ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਮਰਥਕਾਂ ਵੱਲੋਂ ‘ਖਾਲਿਸਤਾਨ’ ਦੇ ਨਾਅਰੇ ਲਾਏ ਗਏ। ਮਾਨ ਦੀ ਕਾਨਫਰੰਸ ਮੌਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਡਾਲ ਲਾਇਆ ਗਿਆ ਸੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਦੀ ਗੱਲ ਕਰ ਲਈਏ ਤਾਂ ਇਨ੍ਹਾਂ ਸਿਆਸੀ ਕਾਨਫਰੰਸਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਕੋਈ ਖਾਸ ਧਿਆਨ ਨਹੀਂ ਰੱਖਿਆ ਜਾਂਦਾ। ਇਨ੍ਹਾਂ ਸਿਆਸੀ ਪੰਡਾਲਾਂ ਵਿਚ ਜੋੜਿਆਂ ਸਮੇਤ ਦਾਖਲ ਹੁੰਦੀ ਸੰਗਤ ਆਮ ਦੇਖੀ ਜਾਂਦੀ ਹੈ। ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਸਿਆਸੀ ਲੋਕਾਂ ਜਾਂ ਪਾਰਟੀਆਂ ਦੇ ਨਾਂ ਉਤੇ ਸ਼ਰੇਆਮ ਸਿਆਸੀ ਨਾਅਰੇ ਲਾਏ ਜਾਂਦੇ ਹਨ, ਜੋ ਰਹਿਤ ਮਰਿਆਦਾ ਮੁਤਾਬਕ ਸ਼ਬਦ ਗੁਰੂ ਦੇ ਸਤਿਕਾਰ ਵਿਚ ਇਕ ਵੱਡੀ ਭੁੱਲ ਹੈ।
_______________________________________________
ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਤੇ ਅਕਾਲੀਆਂ ਨੂੰ ਲਾਂਭੇ ਕਰਨ ਦਾ ਸੱਦਾ
ਫਤਿਹਗੜ੍ਹ ਸਾਹਿਬ: ਆਪ ਦੇ ਐਮæਪੀæ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਸਿਰਫ ਆਪਣਾ ਨਿੱਜੀ ਕਾਰੋਬਾਰ ਵਧਾਉਣ ਲਈ ਪੁਰਾਣੀਆਂ ਸਨਅਤਾਂ ਨੂੰ ਤਬਾਹ ਕਰ ਰਹੀ ਹੈ, ਜਿਸ ਦੀ ਮਿਸਾਲ ਮੰਡੀ ਗੋਬਿੰਦਗੜ੍ਹ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਬਾਹ ਕਰਨ ਲਈ ਕਾਂਗਰਸ ਵੀ ਅਕਾਲੀਆਂ ਦੇ ਬਰਾਬਰ ਦੀ ਜ਼ਿੰਮੇਵਾਰ ਹੈ। ਆਮ ਆਦਮੀ ਪਾਰਟੀ ਦੇ ਵਧ ਰਹੇ ਪ੍ਰਭਾਵ ਨੂੰ ਦੇਖ ਕੇ ਦੋਵੇਂ ਬੁਖਲਾ ਗਏ ਹਨ ਤੇ ਆਪਸ ਵਿਚ ਮਿਲ ਚੁੱਕੇ ਹਨ। ਪੰਜਾਬ ਦੇ ਕੋ-ਇੰਚਾਰਜ ਜਰਨੈਲ ਸਿੰਘ ਨੇ ਲੋਕਾਂ ਨੂੰ ਗੁਰਬਾਣੀ ਦੀਆਂ ਤੁਕਾਂ ਸੁਣਾ ਕੇ ਜੀਵਨ ਵਿਚ ਸੇਧ ਲੈਣ ਅਤੇ ਜ਼ੁਲਮ ਖਿਲਾਫ ਡੱਟ ਕੇ ਖੜ੍ਹਨ ਲਈ ਉਤਸ਼ਾਹਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਬਨਾਉਣ ਲਈ ਆਪਣਾ ਪੁੱਤਰ ਅਤੇ ਨੂੰਹ ਹੀ ਮਿਲੇ ਹਨ। ਸੀਨੀਅਰ ਆਗੂ ਐਚæਐਸ਼ ਫੂਲਕਾ ਨੇ ਕਿਹਾ ਕਿ ਪਿਛਲੇ 32 ਸਾਲਾਂ ਤੋਂ ਅਸੀਂ ’84 ਦਾ ਸੰਤਾਪ ਭੋਗ ਰਹੇ ਹਾਂ, ਜਿਸ ਦੀ ਜ਼ਿੰਮੇਵਾਰ ਕਾਂਗਰਸ ਪਾਰਟੀ ਹੈ। ਪੰਜਾਬ ਦਾ ਰਖਵਾਲਾ ਬਣਨ ਵਾਲਾ ਕੈਪਟਨ ਅਮਰਿੰਦਰ ਸਿੰਘ ’84 ਦੇ ਕਥਿਤ ਦੋਸ਼ੀ ਜਗਦੀਸ਼ ਟਾਇਟਲਰ, ਸੱਜਣ ਕੁਮਾਰ ਅਤੇ ਕਮਲ ਨਾਥ ਨੂੰ ਨਿਰਦੋਸ਼ ਦੱਸ ਰਿਹਾ ਹੈ।
______________________________________________
ਕਾਂਗਰਸ ਵੱਲੋਂ ਬਾਦਲ ‘ਤੇ ਜਵਾਨੀ ਤਬਾਹ ਕਰਨ ਦੇ ਦੋਸ਼
ਫਤਿਹਗੜ੍ਹ ਸਾਹਿਬ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਗੁਰੂ ਗ੍ਰੰਥ ਸਾਹਿਬ, ਗੀਤਾ ਅਤੇ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਾਬੂ ਨਾ ਕੀਤੇ ਜਾਣ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਇਨ੍ਹਾਂ ਦੋਸ਼ੀਆਂ ਅਤੇ ਹੋਰ ਅਪਰਾਧ ਕਰਨ ਵਾਲਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟ ਕੇ ਸਖਤ ਸਜ਼ਾਵਾਂ ਦਿਵਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿਚ ਆਉਣ ਉਤੇ ਇਕ ਵੀ ਸਬਸਿਡੀ ਵਾਪਸ ਨਹੀਂ ਲਈ ਜਾਵੇਗੀ ਜਦੋਕਿ ਵਿਰੋਧੀਆਂ ਵੱਲੋਂ ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿੱਲ ਮੁੜ ਲਗਾਉਣ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੋਵੇਂ ਬਾਦਲਾਂ ਅਤੇ ਬਿਕਰਮ ਸਿੰਘ ਮਜੀਠੀਆ ਦੇ ‘ਜਬਰ’ ਤੋਂ ਬਚਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਲੋੜ ਹੈ। ਉਨ੍ਹਾਂ ਸ੍ਰੀ ਮਜੀਠੀਆ ਉਪਰ ਨਸ਼ੇ ਵੇਚਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਤੇ ਬਾਦਲਾਂ ਨੇ ਪੰਜਾਬ ਦੀ ਇਕ ਪੂਰੀ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਹੈ। ਸਰਕਾਰ ਉਤੇ ਆਪਣੇ ਲੋਕਾਂ ਨੂੰ ਉਚੇ ਅਹੁਦਿਆਂ ਉਤੇ ਬਿਠਾਉਣ ਵਾਸਤੇ ਸਾਰੇ ਕਾਇਦੇ-ਕਾਨੂੰਨ ਛਿੱਕੇ ਟੰਗਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੁਝ ਦਿਨਾਂ ‘ਚ ਧੜਾਧੜ 300 ਸਿਆਸੀ ਆਗੂਆਂ ਨੂੰ ਨਿਯੁਕਤੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਕਾਂਗਰਸ ਦੇ ਸੱਤਾ ਵਿਚ ਆਉਣ ‘ਤੇ ਅਹੁਦਿਆਂ ਤੋਂ ਉਤਾਰਿਆ ਜਾਵੇਗਾ।
_________________________________
ਬਾਦਲ ਵੱਲੋਂ ਪੰਜਾਬੀਆਂ ਦਾ ਸੱਚਾ ਹਮਦਰਦ ਹੋਣ ਦਾ ਦਾਅਵਾ
ਫਤਹਿਗੜ੍ਹ ਸਾਹਿਬ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਹੀਦੀ ਜੋੜ ਮੇਲ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬੀਆਂ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ‘ਝੂਠੇ ਅਤੇ ਬਨਾਵਟੀ’ ਪ੍ਰਚਾਰ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਸੱਤਾ ਦੀ ਲਾਲਸਾ ਵਿਚ ਲੋਕਾਂ ਨੂੰ ਸਬਜ਼ਬਾਗ ਵਿਖਾ ਰਹੀਆਂ ਹਨ। ਸ੍ਰੀ ਬਾਦਲ ਨੇ ਕਾਂਗਰਸ ਅਤੇ ਆਪ ਸਬੰਧੀ ਕਿਹਾ ਕਿ ਜੇ ਇਨ੍ਹਾਂ ਵਿਚੋਂ ਕੋਈ ਪਾਰਟੀ ਪੰਜਾਬ ਦੀ ਸੱਤਾ ਉਪਰ ਕਾਬਜ਼ ਹੋ ਗਈ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਖਤਮ ਕਰੇਗੀ। ਫਿਰ ਗਰੀਬਾਂ ਅਤੇ ਕਿਸਾਨਾਂ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਅਤੇ ਸਬਸਿਡੀਆਂ ਬੰਦ ਕਰਨਗੀਆਂ। ਉਨ੍ਹਾਂ ਚੇਤੇ ਕਰਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਵਾਰ ਪੰਜਾਬ ਦੀ ਸੱਤਾ ਵਿਚ ਆਉਂਦਿਆਂ ਹੀ ਕਿਸਾਨਾਂ ਦੀ ਮੁਫਤ ਬਿਜਲੀ ਅਤੇ ਕਈ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਸਨ।