ਦਸੰਬਰ ਮਹੀਨਾ ਸਿੱਖ ਇਤਿਹਾਸ ਵਿਚ ਖਾਸ ਸਥਾਨ ਰੱਖਦਾ ਹੈ। ਇਸ ਮਹੀਨੇ ਜੂਝਦੇ ਜਿਊੜਿਆਂ ਨੇ ਸ਼ਹਾਦਤਾਂ ਦੀ ਝੜੀ ਲਾ ਦਿੱਤੀ ਸੀ। ਇਨ੍ਹਾਂ ਸ਼ਹਾਦਤਾਂ ਦੇ ਮੱਦੇਨਜ਼ਰ ਹੀ ਸਿੱਖਾਂ ਦੇ ਨਾਲ-ਨਾਲ ਸਮੂਹ ਪੰਜਾਬੀ ਇਨ੍ਹਾਂ ਸ਼ਹਾਦਤਾਂ ਨੂੰ ਸਜਦਾ ਕਰਦੇ ਹਨ। ਇਸ ਮੌਕੇ ਹੁੰਦੇ ਇਕੱਠਾਂ ਮੌਕੇ ਸਿਆਸੀ ਪਾਰਟੀਆਂ ਵੀ ਆਪੋ-ਆਪਣਾ ਸੁਨੇਹਾ ਪਹੁੰਚਾਉਣ ਲਈ ਅਹੁਲਦੀਆਂ ਹਨ। ਪਿਛਲੇ ਕੁਝ ਸਮੇਂ ਤੋਂ ਇਹ ਵਿਚਾਰਾਂ ਹੋ ਰਹੀਆਂ ਹਨ ਕਿ ਅਜਿਹੇ ਸਮਾਗਮਾਂ ਮੌਕੇ ਸਿਆਸੀ ਸਰਗਰਮੀ ਦੀ ਥਾਂ ਸ਼ਹਾਦਤਾਂ ਨੂੰ ਸਜਦਾ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਕਾਰਨ ਸਿਰਫ ਇਹੀ ਸੀ ਕਿ ਅਜਿਹੇ ਮੌਕਿਆਂ ਉਤੇ ਅਕਸਰ ਸਿਆਸੀ ਏਜੰਡਾ ਮੁੱਖ ਬਣ ਜਾਂਦਾ ਰਿਹਾ ਹੈ ਅਤੇ ਸਮਾਗਮਾਂ ਦਾ ਅਸਲ ਮਕਸਦ ਗੌਣ ਰਹਿ ਜਾਂਦਾ ਹੈ। ਇਸ ਬਾਰੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਹਰ ਸਾਲ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਪਰ ਇਨ੍ਹਾਂ ਅਪੀਲਾਂ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਸਾਦਗੀ ਕਾਇਮ ਰੱਖਣ ਦੀਆਂ ਅਪੀਲਾਂ ਨੂੰ ਪਿਛਲੇ ਕੁਝ ਸਮੇਂ ਦੌਰਾਨ ਹੁੰਗਾਰਾ ਤਾਂ ਭਾਵੇਂ ਮਿਲਣਾ ਸ਼ੁਰੂ ਹੋਇਆ ਹੈ, ਪਰ ਇਹ ਹੁੰਗਾਰਾ ਅਜੇ ਇੰਨਾ ਪ੍ਰਚੰਡ ਰੂਪ ਅਖਤਿਆਰ ਨਹੀਂ ਕਰ ਸਕਿਆ ਕਿ ਇਸ ਨੂੰ ਮਹਿਸੂਸ ਕੀਤਾ ਜਾ ਸਕੇ। ਅਜੇ ਵੀ ਸਥਿਤੀ ਤਕਰੀਬਨ ਜਿਉਂ ਦੀ ਤਿਉਂ ਹੀ ਹੈ। ਕਾਰਨ ਇਕ ਹੀ ਹੈ ਕਿ ਵੱਖ-ਵੱਖ ਧਿਰਾਂ ਨਾਲ ਜੁੜੇ ਸਿਆਸੀ ਆਗੂਆਂ ਦੇ ਆਪੋ-ਆਪਣੇ ਹਿਤ ਹਨ ਅਤੇ ਬਹੁਤੇ ਆਗੂ ਸੰਜੀਦਗੀ ਨਾਲ ਇਸ ਪਾਸੇ ਹੰਭਲਾ ਨਹੀਂ ਮਾਰ ਰਹੇ ਜਾਪਦੇ। ਐਤਕੀਂ ਤਾਂ ਸਗੋਂ ਚੋਣਾਂ ਸਿਰ ਉਤੇ ਹੋਣ ਕਾਰਨ ਹਾਲ ਹੋਰ ਵੀ ਮਾੜਾ ਹੋ ਨਿਬੜਿਆ ਹੈ। ਸ਼ਹੀਦੀ ਜੋੜ ਮੇਲੇ ਮੌਕੇ ਸਿਆਸੀ ਕਾਨਫਰੰਸਾਂ ਕਰਨ ਵਾਲੀਆਂ ਤਕਰੀਬਨ ਸਾਰੀਆਂ ਹੀ ਧਿਰਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅਕੀਦਤ ਪੇਸ਼ ਕਰਨ ਨਾਲੋਂ ਸਿਆਸੀ ਭਾਸ਼ਣਾਂ ਨੂੰ ਹੀ ਪਹਿਲ ਦਿੱਤੀ ਹੈ। ਇਨ੍ਹਾਂ ਭਾਸ਼ਣਾਂ ਦੌਰਾਨ ਇਕ-ਦੂਜੇ ਉਤੇ ਇਸ ਕਦਰ ਦੂਸ਼ਣਬਾਜ਼ੀ ਕੀਤੀ ਗਈ ਕਿ ਲੱਗ ਹੀ ਨਹੀਂ ਸੀ ਰਿਹਾ ਕਿ ਇਹ ਜਲਸੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਸਜਦਾ ਕਰਨ ਲਈ ਜਥੇਬੰਦ ਕੀਤੇ ਗਏ ਹਨ। ਸੋਗ ਵਾਲੇ ਇਨ੍ਹਾਂ ਸਮਾਗਮਾਂ ਮੌਕੇ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਕਾਨਫਰੰਸਾਂ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦਾ ਮੰਚ ਬਣਾ ਦਿੱਤਾ ਗਿਆ। ਸ਼ਹੀਦੀ ਜੋੜ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੀਆਂ ਕਾਨਫਰੰਸਾਂ ਦੌਰਾਨ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਨ ਅਤੇ ਹਾਜ਼ਰ ਲੋਕਾਂ ਨੂੰ ਉਨ੍ਹਾਂ ਦੀ ਕੁਰਬਾਨੀ ਦੇ ਮੰਤਵ ਤੋਂ ਜਾਣੂ ਕਰਵਾਉਣ ਦੀ ਥਾਂ ਇਨ੍ਹਾਂ ਲੋਕਾਂ ਵੱਲੋਂ ਆਪਣੇ ਸਿਆਸੀ ਏਜੰਡੇ ਨੂੰ ਹੀ ਅੱਗੇ ਰੱਖਿਆ ਗਿਆ। ਅਜਿਹਾ ਕਰਦਿਆਂ ਇਨ੍ਹਾਂ ਪਾਰਟੀਆਂ ਦੇ ਵੱਖ-ਵੱਖ ਆਗੂਆਂ ਨੇ ਵਿਰੋਧੀ ਆਗੂਆਂ ਬਾਰੇ ਮਾੜੇ ਸ਼ਬਦ ਵੀ ਵਰਤੇ। ਸੱਤਾਧਾਰੀ ਅਕਾਲੀ ਦਲ ਦੇ ਆਗੂਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਵਿਰੋਧੀਆਂ ਨੂੰ ਕੋਸਿਆ ਗਿਆ, ਉਨ੍ਹਾਂ ਉਤੇ ਸਿੱਖ ਵਿਰਾਸਤ ਨੂੰ ਖਤਮ ਕਰਨ ਦੇ ਇਲਜ਼ਾਮ ਵੀ ਲਾਏ ਗਏ ਅਤੇ ‘ਪੰਥ ਖਤਰੇ ਵਿਚ ਹੈ’ ਦੀ ਦੁਹਾਈ ਦੇ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਵੀ ਕੀਤਾ ਗਿਆ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਇਸ ਮਾਮਲੇ ਵਿਚ ਪਿਛੇ ਨਹੀਂ ਰਹੇ। ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਵੀ ਆਪਣੀਆਂ ਕਾਨਫਰੰਸਾਂ ਵਿਚ ਚੋਣਾਂ ਦੇ ਏਜੰਡੇ ਨੂੰ ਹੀ ਮੁੱਖ ਰੱਖਿਆ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਅਜਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਨਹੀਂ ਕੀਤਾ।
ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਕਾਲੀ ਦਲ ਨੂੰ ਸਿੱਖਾਂ ਦੀ ਇਕੋ ਇਕ ਨੁਮਾਇੰਦਾ ਪਾਰਟੀ ਹੋਣ ਦਾ ਦਾਅਵਾ ਕਰਦੇ ਆ ਰਹੇ ਹਨ, ਪਰ ਇਹ ਆਏ ਸਾਲ ਅਕਾਲ ਤਖਤ ਦੀ ਅਪੀਲ ਨੂੰ ਦਰਕਿਨਾਰ ਕਰ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਨੂੰ ਨਿਰੋਲ ਸਿਆਸੀ ਹਿਤਾਂ ਲਈ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਹੋਰ ਤਾਂ ਹੋਰ, ਇਸ ਸੱਤਾਧਾਰੀ ਦਲ ਦੀ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਤਾਂ ਕੀ ਦੇਣੀ, ਇਹ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੀ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਇਸੇ ਕਰ ਕੇ ਲੋਕ-ਰੋਹ ਦਾ ਮੂੰਹ ਹੁਣ ਇਨ੍ਹਾਂ ਸੱਤਾਧਾਰੀਆਂ ਖਿਲਾਫ ਹੋਇਆ ਪਿਆ ਹੈ। ਇਸੇ ਕਰ ਕੇ ਸੰਗਤ ਦਰਸ਼ਨਾਂ ਤੋਂ ਲੈ ਕੇ ਹੋਰ ਛੋਟੇ-ਵੱਡੇ ਸਭ ਸਮਾਗਮਾਂ ਨੂੰ ਵੀ ਆਵਾਮ ਬਹੁਤਾ ਹੁੰਗਾਰਾ ਨਹੀਂ ਭਰ ਰਿਹਾ। ਫਿਰ ਵੀ ਸੱਤਾ ਦੇ ਜ਼ੋਰ ਨਾਲ ਇਹ ਆਗੂ ਲੋਕਾਂ ਨੂੰ ਆਪਣੇ ਹਿਤਾਂ ਮੁਤਾਬਕ ਵਰਤਣ ਦੇ ਯਤਨ ਲਗਾਤਾਰ ਕਰ ਰਹੇ ਹਨ। ਇਕ ਤਰ੍ਹਾਂ ਸੱਤਾ ਦਾ ਦਬਾਅ ਵੀ ਲੋਕਾਂ ਅਤੇ ਮੁਕਾਮੀ ਆਗੂਆਂ ਉਤੇ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਸਭ ਤੋਂ ਹਾਸੋਹੀਣੀ ਹਾਲਤ ਸਿੱਖਾਂ ਦੀ ਸਿਰਮੌਰ ਅਤੇ ਇਤਿਹਾਸਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣੀ ਹੋਈ ਹੈ। ਇਹ ਠੀਕ ਹੈ ਕਿ ਇਸ ਸੰਸਥਾ ਉਤੇ ਹੁਣ ਸਿਆਸੀ ਗਲਬਾ ਹੱਦ ਤੋਂ ਵੱਧ ਪਿਆ ਹੋਇਆ ਹੈ ਅਤੇ ਇਸ ਦੇ ਕਰਤਾ-ਧਰਤਾ ਕਈ ਮਾਮਲਿਆਂ ਵਿਚ ਸਿਆਸੀ ਆਗੂਆਂ ਦੀ ਮਰਜ਼ੀ ਤੋਂ ਬਾਹਰ ਜਾਣ ਤੋਂ ਅਸਮਰੱਥ ਹੀ ਜਾਪਦੇ ਹਨ, ਪਰ ਸ਼ਹੀਦੀ ਜੋੜ ਮੇਲੇ ਸਮੇਤ ਸਿੱਖਾਂ ਦੇ ਹੋਰ ਅਜਿਹੇ ਸਮਾਗਮ ਇਹ ਸੰਸਥਾ ਆਪਣੇ ਏਜੰਡੇ ਮੁਤਾਬਕ ਤਾਂ ਜਥੇਬੰਦ ਕਰ ਹੀ ਸਕਦੀ ਹੈ। ਮਿਸਾਲ ਵਜੋਂ ਸ਼ਹੀਦੀ ਜੋੜ ਮੇਲੇ ਦੌਰਾਨ ਸਾਦਗੀ ਦਾ ਹੀ ਮਸਲਾ ਹੈ। ਕੀ ਅਰਬਾਂ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਇਸ ਵਾਸਤੇ ਪ੍ਰਚਾਰ ਮੁਹਿੰਮਾਂ ਨਹੀਂ ਚਲਾ ਸਕਦੀ? ਕੀ ਸ਼ਹੀਦੀ ਜੋੜ ਮੇਲੇ ਤੋਂ ਦੋ ਮਹੀਨੇ ਪਹਿਲਾਂ ਹੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਜਾ ਸਕਦਾ? ਉਂਜ ਵੀ ਸਿੱਖੀ ਨਾਲ ਸਬੰਧਤ ਪਵਿੱਤਰ ਸਥਾਨਾਂ ਦੀ ਦੇਖ-ਰੇਖ ਅਤੇ ਸੇਵਾ-ਸੰਭਾਲ ਲਈ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਤਾਂ ਹੈ, ਫਿਰ ਇਹ ਸੰਸਥਾ ਆਪਣੀ ਇਸ ਖਾਸ ਜ਼ਿੰਮੇਵਾਰੀ ਤੋਂ ਪਿਛੇ ਕਿਵੇਂ ਹਟ ਸਕਦੀ ਹੈ? ਇਸ ਸਬੰਧ ਵਿਚ ਸਿੱਖ ਸ਼ਖਸੀਅਤਾਂ ਨੂੰ ਬਣਦੀ-ਸਰਦੀ ਪਹਿਲ ਕਰਨੀ ਚਾਹੀਦੀ ਹੈ। ਅਜਿਹਾ ਕਰ ਕੇ ਹੀ ਜੋੜ ਮੇਲੇ ਅਤੇ ਹੋਰ ਸਮਾਗਮਾਂ ਉਤੇ ਚੜ੍ਹਿਆ ਸਿਆਸੀ ਰੰਗ ਫਿੱਕਾ ਪਾਇਆ ਜਾ ਸਕਦਾ ਹੈ।