ਬਾਗੀਆਂ ਨੇ ਕੀਤਾ ਪੰਜਾਬ ਦਾ ਸਿਆਸੀ ਦ੍ਰਿਸ਼ ਗੁੰਝਲਦਾਰ

ਚੰਡੀਗੜ੍ਹ: ਪੰਜਾਬ ਵਿਚ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਵੇਂ ਕਿਸੇ ਵੇਲੇ ਵੀ ਚੋਣ ਜ਼ਾਬਤਾ ਲੱਗ ਸਕਦਾ ਹੈ, ਪਰ ਇਸ ਦੇ ਬਾਵਜੂਦ ਵੀ ਪੰਜਾਬ ਦਾ ਸਿਆਸੀ ਦ੍ਰਿਸ਼ ਬੇਹੱਦ ਗੁੰਝਲਦਾਰ ਤੇ ਧੁੰਦਲਾ ਬਣਿਆ ਹੋਇਆ ਹੈ। ਪ੍ਰਮੁੱਖ ਪਾਰਟੀਆਂ ਵਿਚ ਅਕਾਲੀ-ਭਾਜਪਾ ਗਠਜੋੜ ਤੋਂ ਇਲਾਵਾ ਕਾਂਗਰਸ ਤੇ ਆਮ ਆਦਮੀ ਪਾਰਟੀ ਹਾਲ ਦੀ ਘੜੀ ਜਿਥੇ ਉਮੀਦਵਾਰਾਂ ਦੇ ਨਾਂ ਐਲਾਨਣ ਵਿਚ ਉਲਝੀਆਂ ਹੋਈਆਂ ਹਨ, ਉਥੇ ਟਿਕਟਾਂ ਨਾ ਮਿਲਣ ਕਾਰਨ ਵੱਖ-ਵੱਖ ਹਲਕਿਆਂ ‘ਚ ਰੁੱਸ ਰਹੇ ਆਗੂ ਵੀ ਇਨ੍ਹਾਂ ਤਿੰਨਾਂ ਧਿਰਾਂ ਲਈ ਸਿਰਦਰਦੀ ਬਣ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ 117 ਵਿਚੋਂ ਆਪਣੇ ਹਿੱਸੇ ਦੀਆਂ 94 ਸੀਟਾਂ ‘ਚੋਂ 85 ਸੀਟਾਂ ਐਲਾਨ ਚੁੱਕਾ ਹੈ ਜਦਕਿ ਇਸ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਆਪਣੇ ਕੋਟੇ ਦੀਆਂ 23 ਸੀਟਾਂ ‘ਤੇ ਉਮੀਦਵਾਰ ਐਲਾਨਣ ਦੇ ਮਾਮਲੇ ਵਿਚ ਖਾਤਾ ਵੀ ਨਹੀਂ ਖੋਲ੍ਹ ਸਕੀ। ਇਸੇ ਤਰ੍ਹਾਂ ਕਾਂਗਰਸ ਹੁਣ ਤੱਕ ਦੋ ਸੂਚੀਆਂ ਜਾਰੀ ਕਰ ਕੇ 77 ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰ ਚੁੱਕੀ ਹੈ ਜਦਕਿ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਸ਼ੁਰੂਆਤ ਕਰ ਕੇ ਹੁਣ ਤੱਕ ਕਰੀਬ 101 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਭੇਜ ਚੁੱਕੀ ਹੈ। ਇਸੇ ਤਰ੍ਹਾਂ ਆਪਣਾ ਪੰਜਾਬ ਪਾਰਟੀ ਵੀ ਹੁਣ ਤੱਕ 30 ਉਮੀਦਵਾਰਾਂ ਦਾ ਨਾਂ ਐਲਾਨ ਚੁੱਕੀ ਹੈ।
ਇਸ ਦੇ ਬਾਅਦ ਤਕਰੀਬਨ ਸਾਰੀਆਂ ਹੀ ਪਾਰਟੀਆਂ ਵੱਲੋਂ ਉਨ੍ਹਾਂ ਹਲਕਿਆਂ ਦੇ ਉਮੀਦਵਾਰਾਂ ਦੇ ਨਾਂ ਐਲਾਨਣ ਵਿਚ ਦੇਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ‘ਤੇ ਟਿਕਟਾਂ ਦੇ ਦਾਅਵੇਦਾਰਾਂ ਦੀ ਗਿਣਤੀ 1 ਤੋਂ ਜ਼ਿਆਦਾ ਹੋਣ ਕਰ ਕੇ ਸਥਿਤੀ ਬੇਹੱਦ ਵਿਵਾਦਤ ਬਣੀ ਹੋਈ ਹੈ। ਇਸ ਦੇ ਚੱਲਦਿਆਂ ਅਕਾਲੀ ਦਲ ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਪਹਿਲਾਂ ਸੰਭਾਵੀ ਬਾਗੀਆਂ ਤੇ ਰੁੱਸੇ ਆਗੂਆਂ ਨੂੰ ਦਿਲ ਲੁਭਾਵੇਂ ਲਾਲਚ ਦੇ ਕੇ ਮਨਾਉਣ ਦੀ ਕੋਸ਼ਿਸ਼ ਵਿਚ ਰੁੱਝਾ ਹੋਇਆ ਹੈ, ਜਿਸ ਤਹਿਤ ਪਿਛਲੇ ਕੁਝ ਹੀ ਦਿਨਾਂ ਵਿਚ ਅੱਧੀ ਦਰਜਨ ਦੇ ਕਰੀਬ ਆਗੂਆਂ ਨੂੰ ਚੇਅਰਮੈਨ ਤੇ ਹੋਰ ਪ੍ਰਮੁੱਖ ਅਹੁਦੇ ਦੇ ਕੇ ਖੁਸ਼ ਕੀਤਾ ਗਿਆ ਹੈ।
ਇਸੇ ਤਰ੍ਹਾਂ ਜਿਹੜੇ ਹਲਕਿਆਂ ਵਿਚ ਅਕਾਲੀ ਦਲ ਨੇ ਉਮੀਦਵਾਰ ਐਲਾਨ ਦਿੱਤੇ ਹਨ, ਉਨ੍ਹਾਂ ਉਮੀਦਵਾਰਾਂ ਦੇ ਇਲਾਵਾ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਵੱਲੋਂ ਚੋਣ ਜ਼ਾਬਤੇ ਤੋਂ ਪਹਿਲਾਂ-ਪਹਿਲਾਂ ਹਰ ਹੀਲੇ ਅੱਧ ਅਧੂਰੇ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਲਈ ਵੀ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ, ਪਰ ਦੂਜੇ ਪਾਸੇ ਕਾਂਗਰਸ ਵੱਲੋਂ ਜਿਨ੍ਹਾਂ ਹਲਕਿਆਂ ਵਿਚ ਉਮੀਦਵਾਰ ਉਤਾਰੇ ਗਏ, ਉਨ੍ਹਾਂ ਵਿਚੋਂ ਜ਼ਿਆਦਾਤਰ ਉਮੀਦਵਾਰ ਹੋਰ ਪਾਰਟੀਆਂ ਦੇ ਉਮੀਦਵਾਰਾਂ ਨਾਲ ਮੁਕਾਬਲਾ ਕਰਨ ਤੋਂ ਪਹਿਲਾਂ ਆਪਣੀ ਹੀ ਪਾਰਟੀ ਦੇ ਰੁੱਸੇ ਹੋਏ ਆਗੂਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਵੱਲੋਂ ਅਜੇ ਤੱਕ ਪ੍ਰਭਾਵੀ ਢੰਗ ਨਾਲ ਚੋਣ ਮੁਹਿੰਮ ਸ਼ੁਰੂ ਨਹੀਂ ਕੀਤੀ ਜਾ ਸਕੀ।
_______________________________________
ਯਾਮਿਨੀ ਗੋਮਰ ਨੇ ਕਾਂਗਰਸ ਦਾ ਹੱਥ ਫੜਿਆ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪ੍ਰਮੁੱਖ ਆਗੂ ਯਾਮਿਨੀ ਗੋਮਰ ਨੇ ਆਮ ਆਦਮੀ ਪਾਰਟੀ ਦਾ ਝਾੜੂ ਛੱਡ ਕੇ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਕਾਂਗਰਸ ਦਾ ਹੱਥ ਫੜਿਆ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਦੇ ਸੱਜੇ ਹੱਥ ਮੰਨੇ ਜਾਂਦੇ ਆਤਮ ਨਗਰ ਤੋਂ ਸਾਬਕਾ ਅਕਾਲੀ ਆਗੂ ਤੇ ਕੌਂਸਲਰ ਕਮਲਜੀਤ ਸਿੰਘ ਕੜਵਲ ਤੋਂ ਇਲਾਵਾ ਆਪ ਆਗੂਆਂ ਵਿਚ ਸਾਬਕਾ ਚੀਫ ਕਮਿਸ਼ਨਰ (ਆਮਦਨ ਕਰ) ਆਰæਐਲ਼ ਨਈਅਰ ਤੇ ਪਾਰਟੀ ਅਬਜ਼ਰਵਰ ਗਗਨ ਸਾਹਨੀ ਵੀ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ।
______________________________________
ਘੁਬਾਇਆ ਦਾ ਲੜਕਾ ਤੇ ਭਰਾ ਕਾਂਗਰਸ ਵਿਚ ਸ਼ਾਮਲ
ਚੰਡੀਗੜ੍ਹ: ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਲੜਕਾ ਦਵਿੰਦਰ ਸਿੰਘ ਘੁਬਾਇਆ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਆਪਣੇ ਚਾਚੇ ਮੁਨਸ਼ਾ ਸਿੰਘ ਘੁਬਾਇਆ ਤੇ ਹੋਰਨਾਂ ਸਾਥੀਆਂ ਸਮੇਤ ਬਿਨਾਂ ਸ਼ਰਤ ਕਾਂਗਰਸ ਵਿਚ ਸ਼ਾਮਲ ਹੋ ਗਿਆ। ਕਾਂਗਰਸ ਵੱਲੋਂ ਦਵਿੰਦਰ ਸਿੰਘ ਘੁਬਾਇਆ ਨੂੰ ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਸੀਟ ਦਾ ਫੈਸਲਾ ਹੋਣ ਮਗਰੋਂ ਹੀ ਉਹ ਕਾਂਗਰਸ ਵਿਚ ਸ਼ਾਮਲ ਹੋਏ ਹਨ। ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਤੇ ਖਾਸ ਕਰ ਕੇ ਜਲਾਲਾਬਾਦ ਕਸਬੇ ਦੀ ਅਫਸਰਸ਼ਾਹੀ ਵਿਚ ਕੋਈ ਸੁਣਵਾਈ ਨਾ ਹੋਣ ਕਰਕੇ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਸਨ ਤੇ ਇਸੇ ਕਰ ਕੇ ਹੀ ਉਨ੍ਹਾਂ ਦੇ ਲੜਕੇ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ।
_______________________________________
ਕਾਮਰੇਡ ਬੰਤ ਸਿੰਘ ਝੱਬਰ ‘ਆਪ’ ਵਿਚ ਸ਼ਾਮਲ
ਮਾਨਸਾ: ਸੀæਪੀæਆਈæ (ਐਮæਐਲ਼) ਲਿਬਰੇਸ਼ਨ ਦੇ ਆਗੂ ਕਾਮਰੇਡ ਬੰਤ ਸਿੰਘ ਝੱਬਰ ਲਿਬਰੇਸ਼ਨ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਕਾਮਰੇਡ ਝੱਬਰ ਦਾ ਪਾਰਟੀ ਵਿਚ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਤਕਰੀਬਨ ਇਕ ਦਹਾਕਾ ਪਹਿਲਾਂ ਆਪਣੀ ਬੱਚੀ ਨਾਲ ਹੋਏ ਜਬਰ ਜਨਾਹ ਵਿਰੁੱਧ ਪਿੰਡ ਝੱਬਰ ਵਿਚ ਹੋਈ ਲੜਾਈ ਦੌਰਾਨ ਕਾਮਰੇਡ ਬੰਤ ਸਿੰਘ ਦੇ ਸੱਟਾਂ ਮਾਰੀਆਂ ਗਈਆਂ ਸਨ, ਜਿਸ ਤੋਂ ਬਾਅਦ ਗੈਂਗਰੀਨ ਫੈਲਣ ਕਾਰਨ ਡਾਕਟਰਾਂ ਨੂੰ ਉਨ੍ਹਾਂ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਕੱਟਣੀਆਂ ਪਈਆਂ ਸਨ।