ਪੱਤਰਕਾਰੀ ਵੀ ਹੁਣ ਬਣ ਗਿਆ ਹੈ ਜੋਖਮ ਵਾਲਾ ਕਿੱਤਾ

ਨਵੀਂ ਦਿੱਲੀ: ਪੱਤਰਕਾਰੀ ਦਾ ਖੇਤਰ ਜ਼ੋਖਮ ਭਰਿਆ ਬਣਦਾ ਜਾ ਰਿਹਾ ਹੈ। ਖਾਨਾਜੰਗੀ ਦਾ ਸ਼ਿਕਾਰ ਦੇਸ਼ਾਂ ਵਿਚ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਭਾਰੀ ਕੀਮਤ ਤਾਰਨੀ ਪੈਂਦੀ ਹੈ। ਪਿਛਲੇ ਦੋ ਸਾਲਾਂ ਵਿਚ 120 ਪੱਤਰਕਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਵਰ੍ਹੇ 48 ਪੱਤਰਕਾਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ, ਜਦ ਕਿ ਪਿਛਲੇ ਵਰ੍ਹੇ 72 ਪੱਤਰਕਾਰਾਂ ਨੂੰ ਕਤਲ ਕਰ ਦਿੱਤਾ ਗਿਆ।

ਸੰਸਾਰ ਭਰ ਵਿਚ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ‘ਪੱਤਰਕਾਰ ਸੁਰੱਖਿਆ ਕਮੇਟੀ’ ਦੀ ਤਾਜ਼ਾ ਰਿਪੋਰਟ ਅਨੁਸਾਰ ਇਸ ਵਰ੍ਹੇ 48 ਪੱਤਰਕਾਰ ਮਾਰੇ ਗਏ ਹਨ। ਇਨ੍ਹਾਂ ਵਿਚੋਂ 18 ਪੱਤਰਕਾਰਾਂ ਦਾ ਕਤਲ, 26 ਆਹਮੋ-ਸਾਹਮਣੀ ਦੁਸ਼ਮਣਾਂ ਦੀ ਦੋਤਰਫੀ ਗੋਲਾਬਾਰੀ ਅਤੇ ਬਾਕੀ 4 ਖਤਰਨਾਕ ਅਤੇ ਤਣਾਅਪੂਰਨ ਥਾਵਾਂ ਜਾਂ ਇਲਾਕਿਆਂ ਵਿਚ ਰਿਪੋਰਟਿੰਗ ਕਰਦੇ ਮਾਰੇ ਗਏ। ਇਨ੍ਹਾਂ ਵਿਚੋਂ 2 ਪੱਤਰਕਾਰ ਇਸ ਵਰ੍ਹੇ ਭਾਰਤ ਵਿਚ ਵੀ ਮਾਰੇ ਗਏ ਹਨ। ਬਾਕੀ ਦੇਸ਼ਾਂ ਵਿਚ ਸਭ ਤੋਂ ਵੱਧ ਸੀਰੀਆ ਵਿਚ 16, ਇਰਾਕ ਵਿਚ 6, ਯਮਨ 6, ਅਫਗਾਨਿਸਤਾਨ 4, ਸੋਮਾਲੀਆ 3, ਲਿਬੀਆ 3, ਪਾਕਿਸਤਾਨ, ਮੈਕਸੀਕੋ, ਤੁਰਕੀ ਅਤੇ ਭਾਰਤ ਵਿਚ ਦੋ-ਦੋ ਅਤੇ ਬਰਾਜ਼ੀਲ, ਮੀਆਂਮਾਰ, ਗਿਨੀ ਅਤੇ ਯੁਕਰੇਨ ਵਿਚ ਇਕ-ਇਕ ਪੱਤਰਕਾਰ ਮਾਰਿਆ ਗਿਆ।
ਪਿਛਲੇ ਵਰ੍ਹੇ 2015 ਵਿਚ ਇਸ ਵਰ੍ਹੇ ਨਾਲੋਂ 50 ਫੀਸਦੀ ਵਧੇਰੇ (72) ਪੱਤਰਕਾਰ ਮਾਰੇ ਗਏ ਸਨ। ਪਿਛਲੇ 24 ਵਰ੍ਹਿਆਂ ਤੋਂ ਜਦੋਂ ਤੋਂ ‘ਪੱਤਰਕਾਰ ਸੁਰੱਖਿਆ ਕਮੇਟੀ’ ਪੱਤਰਕਾਰਾਂ ਦੇ ਵੇਰਵੇ ਸਾਂਭ ਰਹੀ ਹੈ, (1992) ਤੋਂ ਹੁਣ ਤੱਕ ਸੰਸਾਰ ਭਰ ਵਿਚ 1228 ਪੱਤਰਕਾਰ ਮਾਰੇ ਗਏ ਹਨ, ਜਿਨ੍ਹਾਂ ਵਿਚੋਂ 800 ਪੱਤਰਕਾਰ ਦੋਤਰਫੀ ਗੋਲਾਬਾਰੀ ਜਾਂ ਦੋ-ਦੇਸ਼ੀ ਸਰਹੱਦੀ ਜੰਗ ਵਿਚ ਰਿਪੋਰਟਿੰਗ ਕਰਦੇ ਮਾਰੇ ਗਏ ਅਤੇ 152 ਪੱਤਰਕਾਰ ਖਤਰਨਾਕ ਥਾਵਾਂ ਉਤੇ ਰਿਪੋਰਟਿੰਗ ਕਰਦੇ ਜਾਂ ਫੋਟੋਆਂ ਖਿੱਚਦੇ ਮਾਰੇ ਗਏ ਹਨ। ਪੰਜਾਬ ਵਿਚ ਭਾਵੇਂ 1992-93 ਵਿਚ ਤਿੰਨ ਪੱਤਰਕਾਰ ਜਲੰਧਰ, ਰਾਜਪੁਰਾ ਅਤੇ ਪਟਿਆਲਾ ਵਿਖੇ ਮਾਰੇ ਗਏ ਸਨ, ਪਰ ਹੈਦਰਾਬਾਦ ਅਤੇ ਕਸ਼ਮੀਰ ਵਿਚ ਵਧੇਰੇ ਪੱਤਰਕਾਰ ਆਪਣੀ ਡਿਊਟੀ ਨਿਭਾਉਂਦੇ ਜਾਂ ਅਖਬਾਰਾਂ ਤੇ ਟੈਲੀਵਿਜ਼ਨ ਚੈਨਲਾਂ ਉਤੇ ਸੇਵਾ ਕਰਦੇ ਮਾਰੇ ਗਏ ਹਨ।
___________________________________________
ਭਾਰਤੀ ਪੱਤਰਕਾਰੀ ਲਈ ਚੰਗਾ ਨਹੀਂ ਰਿਹਾ 2016
ਨਵੀਂ ਦਿੱਲੀ: ਭਾਰਤ ਵਿਚ ਵੀ ਪੱਤਰਕਾਰੀ ਲਈ ਸਾਲ 2016 ਬਹੁਤਾ ਚੰਗਾ ਨਹੀਂਂ ਰਿਹਾ ਹੈ। ਇਸ ਵਰ੍ਹੇ ਦੋ ਪੱਤਰਕਾਰਾਂ ਦਾ ਕਤਲ ਕਰ ਦਿੱਤਾ ਗਿਆ। ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐਨæਡੀæਏæ ਸਰਕਾਰ ਵੱਲੋਂ ਹਿੰਦੀ ਦੇ ਮਹੱਤਵਪੂਰਨ ਨਿਊਜ਼ ਚੈਨਲ ਐਨæਡੀæਟੀæਵੀæ ਇੰਡੀਆ ਦਾ ਪ੍ਰਸਾਰਨ ਇਕ ਦਿਨ ਲਈ ਬੰਦ ਕਰਨ ਦੇ ਹੁਕਮ ਦੀ ਕਾਫੀ ਨਿੰਦਾ ਹੋਈ। ਸਰਕਾਰ ਨੇ ਇਹ ਹੁਕਮ ਇਸੇ ਸਾਲ ਜਨਵਰੀ ਮਹੀਨੇ ਪਠਾਨਕੋਟ ਅਤਿਵਾਦੀ ਹਮਲੇ ਦੀ ਕਵਰੇਜ ਕਰਦੇ ਸਮੇਂ ਇਸ ਚੈਨਲ ਵੱਲੋਂ ਯੁੱਧਨੀਤਕ ਪੱਖੋਂ ਸੰਵੇਦਨਸ਼ੀਲ ਜਾਣਕਾਰੀ ਜੱਗ-ਜ਼ਾਹਿਰ ਕਰਨ ਦੇ ਸਬੰਧ ਵਿਚ ਦਿੱਤੇ ਹਨ।
____________________________
ਪੱਤਰਕਾਰੀ ਲਈ ਇਰਾਕ ਸਭ ਤੋਂ ਖਤਰਨਾਕ
ਬਗਦਾਦ: ਸਭ ਤੋਂ ਵੱਧ ਖਤਰਨਾਕ ਤੇ ਤਣਾਅ ਭਰਪੂਰ ਇਰਾਕ ਹੈ ਜਿਥੇ 178 ਪੱਤਰਕਾਰ ਮਾਰੇ ਗਏ ਹਨ। ਇਸ ਤੋਂ ਬਾਅਦ ਸੀਰੀਆ ਵਿਚ 107, ਫਿਲੀਪਾਈਨ ਵਿਚ 77, ਸੋਮਾਲੀਆ ਵਿਚ 62, ਅਲਜੀਰੀਆ ਵਿਚ 60, ਪਾਕਿਸਤਾਨ ਵਿਚ 59, ਰੂਸ ਵਿਚ 56, ਕੋਲੰਬੀਆ ਵਿਚ 47, ਭਾਰਤ 40, ਬਰਾਜ਼ੀਲ 39, ਮੈਕਸੀਕੋ 37, ਅਫਗਾਨਿਸਤਾਨ 31, ਤੁਰਕੀ 25, ਬੰਗਲਾਦੇਸ਼ 20, ਸ੍ਰੀਲੰਕਾ 19, ਬੋਸਨੀਆ 19, ਰਵਾਂਡਾ 17, ਤਜਾਕਿਸਤਾਨ ਵਿਚ 17, ਸੀਰਾ-ਲਿਓਨ ਵਿਚ 16 ਅਤੇ ਇਸਰਾਈਲ ਵਿਚ 16 ਪੱਤਰਕਾਰ ਮਾਰੇ ਗਏ ਹਨ। ਸਾਲ 2016 ਵਿਚ ਪਿਛਲੇ ਵਰ੍ਹਿਆਂ ਨਾਲੋਂ ਸਭ ਤੋਂ ਵੱਧ ਕੁੱਲ 259 ਪੱਤਰਕਾਰਾਂ ਨੂੰ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਜਿਹੜੇ ਸਭ ਤੋਂ ਵੱਧ ਪੱਤਰਕਾਰਾਂ ਨੂੰ ਜੇਲ੍ਹਾਂ ਵਿਚ ਡੱਕਣ ਵਾਲੇ ਹੋਰ 12 ਦੇਸ਼ ਹਨ, ਉਨ੍ਹਾਂ ਵਿਚੋਂ ਪਹਿਲੇ ਨੰਬਰ ਉਤੇ ਤੁਰਕੀ ਹੈ, ਜਿਥੇ 81 ਪੱਤ੍ਰਿਕਾ ਅਤੇ ਮੀਡੀਆ ਕਰਮਚਾਰੀ ਜੇਲ੍ਹਾਂ ਵਿਚ ਨਜ਼ਰਬੰਦ ਹਨ। ਬਾਕੀ ਦੇਸ਼ਾਂ ਵਿਚੋਂ ਚੀਨ ਵਿਚ 38, ਮਿਸਰ ਵਿਚ 25, ਐਰੀਟਿਰੀਆ ਵਿਚ 17, ਇਥੋਪੀਆ ਵਿਚ 16, ਈਰਾਨ ਵਿਚ 8, ਵੀਅਤਨਾਮ ਵਿਚ 8, ਸੀਰੀਆ ਵਿਚ 7, ਬਹਿਰੀਨ ਵਿਚ 7, ਸਾਊਦੀ ਅਰਬ ਵਿਚ 6 ਅਤੇ ਐਜ਼ਰਬਾਈਜਾਨ ਤੇ ਉਜ਼ਬੇਕਿਸਤਾਨ ਵਿਚ 5-5 ਪੱਤਰਕਾਰ ਜੇਲ੍ਹਾਂ ਵਿਚ ਬੰਦ ਹਨ।