ਭਾਰਤੀ ਅਰਥਵਿਵਸਥਾ ਦਾ ਲੱਕ ਤੋੜੇਗੀ ਮੋਦੀ ਦੀ ਨੋਟਬੰਦੀ

ਨਵੀਂ ਦਿੱਲੀ: ਨਾਮੀ ਅਮਰੀਕੀ ਬਿਜ਼ਨਸ ਮੈਗਜ਼ੀਨ ਨੇ ਦਾਅਵਾ ਕੀਤਾ ਹੈ ਕਿ ਨਰੇਂਦਰ ਮੋਦੀ ਸਰਕਾਰ ਦੇ ਨੋਟਬੰਦੀ ਵਾਲੇ ਫੈਸਲੇ ਨਾਲ ਦੇਸ਼ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਫੋਰਬਜ਼ ਮੈਗਜ਼ੀਨ ਵਿਚ ਛਪੇ ਲੇਖ ਵਿਚ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਭਾਰਤ ਦੇ ਪਹਿਲਾਂ ਤੋਂ ਹੀ ਗਰੀਬ ਲੱਖਾਂ ਲੋਕਾਂ ਦੀ ਹਾਲਤ ਹੋਰ ਖਰਾਬ ਹੋ ਸਕਦੀ ਹੈ। ਫੋਰਬਜ਼ ਮੈਗਜ਼ੀਨ ਦੇ ਚੇਅਰਮੈਨ ਅਤੇ ਐਡੀਟਰ-ਇਨ-ਚੀਫ ਸਟੀਵ ਫੋਰਬਜ਼ ਨੇ ਲਿਖਿਆ ਹੈ ਕਿ ਦੇਸ਼ ਦੀ ਜ਼ਿਆਦਾਤਰ ਨਕਦੀ ਨੂੰ ਬੰਦ ਕਰ ਦਿੱਤਾ ਗਿਆ ਹੈ।

ਹੈਰਾਨ ਨਾਗਰਿਕਾਂ ਨੂੰ ਨੋਟ ਬਦਲਣ ਲਈ ਕੁਝ ਹੀ ਹਫਤਿਆਂ ਦਾ ਸਮਾਂ ਦਿੱਤਾ ਗਿਆ। ਉਨ੍ਹਾਂ ਨੇ ਨੋਟਬੰਦੀ ਦੀ ਤੁਲਨਾ 1970 ਦੇ ਦਹਾਕੇ ਵਿਚ ਲਾਗੂ ਕੀਤੀ ਗਈ ਨਸਬੰਦੀ ਨਾਲ ਕੀਤੀ
ਆਰਥਿਕ ਉਥਲ-ਪੁਥਲ ਨੂੰ ਇਸ ਗੱਲੋਂ ਵੀ ਹੁਲਾਰਾ ਮਿਲਿਆ ਕਿ ਸਰਕਾਰ ਲੋੜੀਂਦੀ ਮਾਤਰਾ ਵਿਚ ਨਵੇਂ ਨੋਟ ਨਹੀਂ ਛਾਪ ਸਕੀ। ਨਵੇਂ ਨੋਟਾਂ ਦਾ ਅਕਾਰ ਵੀ ਪੁਰਾਣੇ ਨੋਟਾਂ ਤੋਂ ਵੱਖਰਾ ਹੈ, ਜਿਸ ਕਾਰਨ ਏæਟੀæਐਮæ ਲਈ ਵੱਡੀ ਦਿੱਕਤ ਖੜ੍ਹੀ ਹੋ ਗਈ। ਲੇਖ ਵਿਚ ਕਿਹਾ ਗਿਆ ਕਿ ਭਾਰਤ ਹਾਈ-ਟੈਕ ਪਾਵਰ ਹਾਊਸ ਹੈ, ਪਰ ਦੇਸ਼ ਦੇ ਲੱਖਾਂ ਲੋਕ ਅਜੇ ਵੀ ਅਤਿ ਦੀ ਗਰੀਬੀ ਨਾਲ ਜੂਝ ਰਹੇ ਹਨ। ਨੋਟਬੰਦੀ ਦੇ ਫੈਸਲੇ ਕਾਰਨ ਭਾਰਤੀ ਸ਼ਹਿਰਾਂ ਵਿਚ ਕੰਮ ਕਰਨ ਵਾਲੇ ਕਾਮੇ ਆਪਣੇ ਪਿੰਡਾਂ ਨੂੰ ਮੁੜ ਗਏ ਹਨ, ਕਿਉਂਕਿ ਬਹੁਤ ਸਾਰੇ ਕਾਰੋਬਾਰ ਬੰਦ ਹੋ ਰਹੇ ਹਨ।
ਫੋਰਬਜ਼ ਨੇ ਭਾਰਤੀ ਅਰਥਵਿਵਸਥਾ ਦੇ ਨਕਦ ‘ਤੇ ਵਧੇਰੇ ਨਿਰਭਰ ਹੋਣ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਥੇ ਜ਼ਿਆਦਾਤਰ ਲੋਕ ਨਿਯਮਾਂ ਅਤੇ ਟੈਕਸਾਂ ਦੀ ਭਰਮਾਰ ਕਾਰਨ ਲੁਕਵੇਂ ਤਰੀਕੇ ਅਪਣਾਉਂਦੇ ਹਨ।
ਫੋਰਬਜ਼ ਨੇ ਨੋਟਬੰਦੀ ਦੇ ਫੈਸਲੇ ਨੂੰ ਜਨਤਾ ਦੀ ਜਾਇਦਾਦ ਦੀ ਲੁੱਟ ਦੱਸਿਆ ਹੈ। ਫੋਰਬਜ਼ ਨੇ ਲਿਖਿਆ, “ਭਾਰਤ ਸਰਕਾਰ ਨੇ ਢੁਕਵੀਂ ਪ੍ਰਤੀਕਿਰਿਆ ਦੇ ਪਾਲਣ ਦਾ ਦਿਖਾਵਾ ਵੀ ਨਹੀਂ ਕੀਤਾ। ਕਿਸੇ ਲੋਕਤੰਤਰਿਕ ਸਰਕਾਰ ਦਾ ਅਜਿਹਾ ਕਦਮ ਹੈਰਾਨ ਕਰ ਦੇਣ ਵਾਲਾ ਹੈ। ਭਾਰਤ ਸਰਕਾਰ ਇਨ੍ਹਾਂ ਤੱਥਾਂ ਨੂੰ ਦਬਾ ਰਹੀ ਹੈ ਕਿ ਨੋਟਬੰਦੀ ਦੇ ਫੈਸਲੇ ਨਾਲ ਭਾਰਤ ਨੂੰ ਸੈਂਕੜੇ ਅਰਬ ਡਾਲਰਾਂ ਦਾ ਨੁਕਸਾਨ ਹੋ ਸਕਦਾ ਹੈ। ਫੋਰਬਜ਼ ਨੇ ਨੋਟਬੰਦੀ ਦੀ ਤੁਲਨਾ 1970 ਪੱਧਰ ਦੇ ਦਹਾਕੇ ਵਿਚ ਲਾਗੂ ਕੀਤੀ ਗਈ ਨਸਬੰਦੀ ਨਾਲ ਕੀਤੀ ਹੈ। ਫੋਰਬਜ਼ ਨੇ ਲਿਖਿਆ ਹੈ ਕਿ 1970 ਦੇ ਦਹਾਕੇ ਵਿਚ ਲਾਗੂ ਕੀਤੀ ਨਸਬੰਦੀ ਦੇ ਬਾਅਦ ਸਰਕਾਰ ਨੇ ਅਜਿਹਾ ਅਨੈਤਿਕ ਫੈਸਲਾ ਨਹੀਂ ਲਿਆ ਸੀ।
_______________________________________
ਸੂਰਤ ਵਿਚ 2000 ਫੈਕਟਰੀਆਂ ਬੰਦ
ਅਹਿਮਦਾਬਾਦ: ਨੋਟਬੰਦੀ ਦੇ ਫੈਸਲੇ ਨੇ ਹੀਰੇ ਦੀ ਚਮਕ ਫਿੱਕੀ ਪਾ ਦਿੱਤੀ ਹੈ। ਗੁਜਰਾਤ ਦੇ ਸੂਰਤ ਵਿਚ 2000 ਹੀਰੇ ਦੇ ਛੋਟੇ ਕਾਰਖਾਨੇ ਬੰਦ ਹੋ ਗਏ ਹਨ। ਫੈਕਟਰੀਆਂ ਦੇ ਬੰਦ ਹੋਣ ਕਾਰਨ ਲੋਕ ਬੇਰੁਜ਼ਗਾਰ ਹੋਏ ਹਨ ਤੇ ਭਾਰੀ ਮੁਸ਼ਕਲ ਦੌਰ ਵਿਚੋਂ ਗੁਜ਼ਰ ਰਹੇ ਹਨ। ਸੂਰਤ ਦੇ ਵਰਾਸ਼ਾ ਇਲਾਕੇ ਦਾ ਅਜੇ ਪੇਸ਼ੇ ਵਜੋਂ ਰਤਨ ਕਲਾਕਾਰ ਹੈ। ਉਹ ਪਿਛਲੇ 15 ਸਾਲ ਤੋਂ ਹੀਰਾ ਤਰਾਸ਼ਣ ਦਾ ਕੰਮ ਕਰਦਾ ਆ ਰਿਹਾ ਹੈ। ਹੁਣ ਉਸ ਕੋਲ ਕੰਮ ਨਹੀਂ। ਫੈਕਟਰੀ ਬੰਦ ਪਈ ਹੈ ਤੇ ਅਜੇ ਦੀ ਰੋਜ਼ਾਨਾ 600 ਰੁਪਏ ਦੀ ਹੋਣ ਵਾਲੀ ਆਮਦਨੀ ਬੰਦ ਹੋ ਗਈ ਹੈ। ਉਸ ਦੇ ਪਰਿਵਾਰ ਵਿਚ 6 ਮੈਂਬਰ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਵੀ ਸਿਰ ਉਤੇ ਹੈ। ਪ੍ਰੇਸ਼ਾਨ ਹੋਏ ਅਜੇ ਦਾ ਕਹਿਣਾ ਹੈ ਕਿ ਪਿਛਲੇ 15 ਸਾਲਾਂ ਵਿਚ ਕਦੇ ਅਜਿਹੇ ਹਾਲਾਤ ਨਹੀਂ ਬਣੇ। ਹਾਲਾਤ ਇਹ ਹਨ ਕਿ ਖੁਦਕੁਸ਼ੀ ਕਰਨ ਨੂੰ ਦਿਲ ਕਰ ਰਿਹਾ ਹੈ, ਪਰ ਨਹੀਂ ਕਰ ਸਕਦੇ।
ਜ਼ਿਕਰਯੋਗ ਹੈ ਕਿ ਭਾਰਤ ਤੋਂ ਹਰ ਸਾਲ ਤਕਰੀਬਨ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਹੀਰਾ ਨਿਰਯਾਤ ਹੁੰਦਾ ਹੈ। ਇਨ੍ਹਾਂ ਵਿਚੋਂ 80 ਫੀਸਦੀ ਤੋਂ ਵੱਧ ਦਾ ਕਾਰੋਬਾਰ ਸੂਰਤ ਤੋਂ ਹੀ ਹੁੰਦਾ ਹੈ। ਸੂਰਤ ਵਿਚ ਹੀਰਾ ਤਰਾਸ਼ਣ ਤੇ ਪਾਲਿਸ਼ ਕਰਨ ਦੇ ਕਰੀਬ 4000 ਕਾਰਖਾਨੇ ਹਨ। ਇਨ੍ਹਾਂ ਕਾਰਖਾਨਿਆਂ ਵਿਚ 2 ਲੱਖ ਤੋਂ ਵੀ ਵੱਧ ਲੋਕ ਕੰਮ ਕਰਦੇ ਹਨ।
_______________________________________
ਮੋਦੀ ਵੱਲੋਂ ਹੋਰ ਸਖਤ ਆਰਥਿਕ ਸੁਧਾਰਾਂ ਦੇ ਸੰਕੇਤ
ਪਤਾਲਗੰਗਾ (ਮਹਾਰਾਸ਼ਟਰ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਖਬਰਦਾਰ ਕੀਤਾ ਹੈ ਕਿ ਆਰਥਿਕ ਮੁਹਾਜ਼ ਉਤੇ ਹੋਰ ਸਖਤ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਿਆਸੀ ਲਾਹਾ ਲੈਣ ਲਈ ਥੋੜ੍ਹੇ ਸਮੇਂ ਵਾਲੀਆਂ ਨੀਤੀਆਂ ਨਹੀਂ ਹੋਣਗੀਆਂ, ਸਗੋਂ ਦੇਸ਼ ਦੇ ਵਡੇਰੇ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਫੈਸਲੇ ਲਏ ਜਾਣਗੇ।