ਸ਼ਹੀਦ ਊਧਮ ਸਿੰਘ ਨਾਲ ਸਬੰਧਤ ਵਸਤਾਂ ਵਲੈਤ ‘ਚ

ਚੰਡੀਗੜ੍ਹ: ਬ੍ਰਿਟਿਸ਼ ਸਰਕਾਰ ਕੋਲ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਸਿਰਫ ਚਾਰ ਵਸਤਾਂ ਰਿਵਾਲਵਰ, ਗੋਲੀ-ਸਿੱਕਾ, ਚਾਕੂ ਅਤੇ ਡਾਇਰੀਆਂ ਹੀ ਨਹੀਂ ਸਗੋਂ ਕੁਲ 31 ਵਸਤਾਂ ਪਈਆਂ ਹਨ। ਇਹ ਖੁਲਾਸਾ ਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਜਾਣਕਾਰੀ ਤੋਂ ਹੋਇਆ ਹੈ।

ਤਕਰੀਬਨ 76 ਵਰ੍ਹਿਆਂ ਤੋਂ ਸ਼ਹੀਦ ਊਧਮ ਸਿੰਘ ਦੀਆਂ ਵਸਤਾਂ ਅੰਗਰੇਜ਼ ਸਰਕਾਰ ਸੰਭਾਲ ਕੇ ਬੈਠੀ ਹੋਈ ਹੈ। ਇਨ੍ਹਾਂ ਵਿਚ ਰੂਸੀ ਰੂਬਲ (ਕਰੰਸੀ), ਰੰਗਦਾਰ ਰੁਮਾਲ, ਕਾਰ ਦੀ ਚਾਬੀ, ਫਰਾਂਸ ਦਾ ਸਿੱਕਾ (ਫਰੈਂਕ), ਲੱਕੜ ਦੀ ਡੱਬੀ ਜਿਸ ਵਿਚ ਛੇ ਸਿਗਾਰ ਅਤੇ ਗੁਟ ਘੜੀ ਸ਼ਾਮਲ ਹਨ। ਬ੍ਰਿਟਿਸ਼ ਦਸਤਾਵੇਜ਼ਾਂ ‘ਚ ਕੈਦੀ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਕਬਜ਼ੇ ਵਿਚੋਂ ਮਿਲੀਆਂ ਵਸਤਾਂ ਦਾ ਜ਼ਿਕਰ ਕੀਤਾ ਗਿਆ ਹੈ। ਯੂਕੇ ਵਿਚ ਭਾਰਤੀ ਹਾਈ ਕਮਿਸ਼ਨ ਨੇ ਸ਼ਹੀਦ ਊਧਮ ਸਿੰਘ ਦੀਆਂ ਉਥੇ ਪਈਆਂ ਵਸਤਾਂ ਦੀ ਜਾਣਕਾਰੀ ਮੰਗੀ ਸੀ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਹੋਈ ਚਿੱਠੀ-ਪੱਤਰੀ ਦੇ ਵੇਰਵੇ ਦਿੱਤੇ ਹਨ।
ਵਿਦੇਸ਼ ਅਤੇ ਰਾਸ਼ਟਰ ਮੰਡਲ ਦਫਤਰ, ਲੰਡਨ ਦੇ ਦੱਖਣ ਏਸ਼ਿਆਈ ਵਿਭਾਗ ਵੱਲੋਂ 2004 ਵਿਚ ਭਾਰਤੀ ਹਾਈ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਗਈ ਕਿ ਡਾਇਰੀਆਂ, ਰਿਵਾਲਵਰ, ਚਾਕੂ ਅਤੇ ਗੋਲੀ-ਸਿੱਕਾ ਹੀ ਮੈਟਰੋਪਾਲਿਟਨ ਪੁਲਿਸ ਦੇ ਕਬਜ਼ੇ ਵਿਚ ਹੈ ਅਤੇ ਬਾਕੀ ਵਸਤਾਂ ਦਾ ਉਨ੍ਹਾਂ ਨੂੰ ਕੁਝ ਪਤਾ ਨਹੀਂ ਹੈ। ਸ੍ਰੀ ਥੰਮਨ ਨੇ ਕਿਹਾ ਕਿ ਰਿਵਾਲਵਰ ਅਤੇ ਤਿੰਨ ਹੋਰ ਵਸਤਾਂ ਅਹਿਮ ਹਨ, ਪਰ ਦਸਤਾਵੇਜ਼ਾਂ ਵਿਚ ਹੋਰ ਕਈ ਵਸਤਾਂ ਦਾ ਵੀ ਖੁਲਾਸਾ ਕੀਤਾ ਗਿਆ ਹੈ, ਜਿਨ੍ਹਾਂ ਬਾਬਤ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹੀਦ ਊਧਮ ਸਿੰਘ ਦੀਆਂ ਵਸਤਾਂ ਮੁਲਕ ‘ਚ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਉਤੇ ਦਬਾਅ ਪਾਉਣਗੇ। ਇਸ ਸਬੰਧੀ ਉਨ੍ਹਾਂ ਹਾਈ ਕੋਰਟ ਵਿਚ ਪਟੀਸ਼ਨ ਵੀ ਪਾਈ ਹੋਈ ਹੈ।
_________________________________________
ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਉਤੇ ਸਵਾਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੀਆਂ ਵਸਤਾਂ ਇੰਗਲੈਂਡ ਤੋਂ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਸਬੰਧੀ ਦਾਅਵੇ ਝੂਠੇ ਦਿਖਾਈ ਦੇ ਰਹੇ ਹਨ। ਸੁਨਾਮ ਆਧਾਰਿਤ ਆਰæਟੀæਆਈæ ਕਾਰਕੁਨ ਜਤਿੰਦਰ ਜੈਨ ਵੱਲੋਂ ਹਾਸਲ ਕੀਤੀ ਗਈ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਨੇ 14 ਸਾਲ ਪਹਿਲਾਂ 2004 ਸ਼ਹੀਦ ਦੀਆਂ ਵਸਤਾਂ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਇਸ ਤੋਂ ਬਾਅਦ ਯੂæਕੇæ ਸਰਕਾਰ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਚਿੱਠੀ ਨਹੀਂ ਭੇਜੀ ਗਈ।