ਬਾਦਲ ਵੱਲੋਂ ਸਰਕਾਰੀ ਖਜ਼ਾਨੇ ਸਹਾਰੇ ਰੁੱਸਿਆਂ ਨੂੰ ਮਨਾਉਣ ਦੇ ਯਤਨ

ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਗਤ ਦਰਸ਼ਨਾਂ ਰਾਹੀਂ ਸਰਕਾਰੀ ਖਜ਼ਾਨੇ ‘ਚੋਂ ਗ੍ਰਾਂਟਾਂ ਨਾਲ ਰੁੱਸਿਆਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸ਼ ਬਾਦਲ ਵੱਲੋਂ ਸੰਗਤ ਦਰਸ਼ਨ ਪ੍ਰੋਗਰਾਮਾਂ ਲਈ ਹੁਣ ਅਜਿਹੇ ਵਿਧਾਨ ਸਭਾ ਹਲਕਿਆਂ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਅਦਲਾ-ਬਦਲੀ ਕੀਤੀ ਗਈ ਹੈ। ਇਨ੍ਹਾਂ ਹਲਕਿਆਂ ਵਿਚ ਪਾਰਟੀ ਦੇ ਉਮੀਦਵਾਰਾਂ ਨੂੰ ਦਰਪੇਸ਼ ਅੰਦਰੂਨੀ (ਬਗਾਵਤ) ਅਤੇ ਬਾਹਰੀ ਚੁਣੌਤੀਆਂ ਨੂੰ ਸ੍ਰੀ ਬਾਦਲ ਵੱਲੋਂ ਗ੍ਰਾਂਟਾਂ ਦੇ ਜ਼ੋਰ ਨਾਲ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਸਥਾਪਤੀ ਵਿਰੋਧੀ ਲਹਿਰ ਦੇ ਚੱਲਦਿਆਂ ਚੋਣ ਦੌਰਾਨ ਬੇੜੀ ਪਾਰ ਲਾਉਣ ਲਈ ਵੱਡੀ ਪੱਧਰ ‘ਤੇ ਉਮੀਦਵਾਰਾਂ ਦੀ ਅਦਲਾ-ਬਦਲੀ ਕੀਤੀ ਹੈ। ਖਾਸ ਕਰ ਕੇ ਰਾਖਵੇਂ ਹਲਕਿਆਂ ਵਿਚ ਇਹ ਤੌਰ ਤਰੀਕਾ ਵਧੇਰੇ ਅਪਣਾਇਆ ਗਿਆ ਹੈ। ਪਾਰਟੀ ਪ੍ਰਧਾਨ ਵੱਲੋਂ ਨਿੱਜੀ ਸਰਵੇਖਣਾਂ ਨੂੰ ਆਧਾਰ ਬਣਾ ਕੇ ਕਈ ਅਨੁਸੂਚਿਤ ਜਾਤੀ ਉਮੀਦਵਾਰਾਂ ਦੀਆਂ ਤਾਂ ਇਸ ਵਾਰੀ ਟਿਕਟਾਂ ਵੀ ਕੱਟ ਦਿੱਤੀਆਂ ਗਈਆਂ ਹਨ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਿਨ੍ਹਾਂ ਹਲਕਿਆਂ ਵਿਚ ਹੁਣ ਤੱਕ ਸੰਗਤ ਦਰਸ਼ਨ ਪ੍ਰੋਗਰਾਮਾਂ ਰਾਹੀਂ ਗ੍ਰਾਂਟਾਂ ਵੰਡ ਕੇ ਲੋਕਾਂ ਦਾ ਰੁਖ ਪਾਰਟੀ ਵੱਲ ਮੋੜਨ ਦਾ ਯਤਨ ਕੀਤਾ ਗਿਆ ਹੈ, ਉਨ੍ਹਾਂ ਹਲਕਿਆਂ ਵਿਚ ਨਾਭਾ, ਚਮਕੌਰ ਸਾਹਿਬ, ਬੱਸੀ ਪਠਾਣਾਂ, ਜਲੰਧਰ ਕੈਂਟ, ਸ੍ਰੀ ਹਰਗੋਬਿੰਦਪੁਰ ਅਤੇ ਕਪੂਰਥਲਾ ਆਦਿ ਸ਼ਾਮਲ ਹਨ। ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਜਿਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਉਮੀਦਵਾਰ ਬਦਲੇ ਗਏ ਹਨ ਜਾਂ ਟਿਕਟ ਕੱਟ ਦਿੱਤੀ ਗਈ ਹੈ, ਉਥੇ ਪਹਿਲੇ ਉਮੀਦਵਾਰਾਂ ਜਾਂ ਮੌਜੂਦਾ ਵਿਧਾਇਕ ਦੇ ਜਿੱਤਣ ਦੀ ਸਮਰੱਥਾ ਨਾ ਹੋਣ ਕਾਰਨ ਹੀ ਅਜਿਹਾ ਫੈਸਲਾ ਲਿਆ ਗਿਆ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਨ੍ਹਾਂ ਹਲਕਿਆਂ ਵਿਚ ਪਾਰਟੀ ਦੇ ਨਵੇਂ ਉਮੀਦਵਾਰਾਂ ਨੂੰ ਬਗਾਵਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਅਕਾਲੀ ਦਲ ਦੇ ਕਈ ਵਿਧਾਇਕ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ ਤੇ ਕਈਆਂ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ, ਜਿਸ ਕਰਕੇ ਪਾਰਟੀ ਦੀ ਸਿਰਦਰਦੀ ਵਧੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰੀ ਬਹੁਗਿਣਤੀ ਵਿਧਾਨ ਸਭਾ ਹਲਕਿਆਂ’ਚ ਭਾਰੀ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੇਂ ਉਮੀਦਵਾਰਾਂ ਦੇ ਹਲਕਿਆਂ ਵਿਚ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਵੀ ਇਸੇ ਰਣਨੀਤੀ ਦਾ ਹਿੱਸਾ ਹੈ। ਸ੍ਰੀ ਬਾਦਲ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਰੋਟੀ ਟੁੱਕ ਖਾਣ ਲਈ ਅਜਿਹੇ ਆਗੂਆਂ ਦੇ ਘਰ ਚੁਣਦੇ ਹਨ, ਜਿਨ੍ਹਾਂ ਨੇ ਬਾਗੀ ਰੁਖ ਅਖਤਿਆਰ ਕੀਤਾ ਹੋਇਆ ਹੈ। ਸ੍ਰੀ ਹਰਗੋਬਿੰਦਪੁਰ ਹਲਕੇ ਦੇ ਰੁੱਸੇ ਆਗੂ ਤੇ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੂੰ ਸ੍ਰੀ ਬਾਦਲ ਹੀ ਮੁੱਖ ਧਾਰਾ ‘ਚ ਲੈ ਕੇ ਆਏ।
_________________________________________
ਦਲ ਬਦਲੀ ਰੋਕੂ ਕਾਨੂੰਨ ਹੋਵੇ ਹੋਰ ਸਖਤ: ਬਾਦਲ
ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਟਿਕਟਾਂ ਖਾਤਰ ਦਲ ਬਦਲਣ ਦੇ ਵਧ ਰਹੇ ਰੁਝਾਨ ‘ਤੇ ਨੱਥ ਪਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਦਲ ਬਦਲੀ ਰੋਕੂ ਕਾਨੂੰਨ ਸਖਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਨੂੰ ਚਾਰ-ਚਾਰ, ਪੰਜ-ਪੰਜ ਵਾਰ ਵਿਧਾਇਕ ਬਣਾਇਆ ਗਿਆ ਹੋਵੇ ਅਤੇ ਉਹ ਫਿਰ ਵੀ ਟਿਕਟ ਨਾ ਮਿਲਣ ਉਤੇ ਪਾਰਟੀ ਛੱਡ ਜਾਵੇ ਤਾਂ ਬਹੁਤ ਮਾੜੀ ਗੱਲ ਹੈ। ਘੁਬਾਇਆ ਪਰਿਵਾਰ ਵੱਲੋਂ ਅਕਾਲੀ ਦਲ ਤੋਂ ਮੂੰਹ ਮੋੜੇ ਜਾਣ ‘ਤੇ ਰਾਏ ਸਿੱਖ ਵੋਟ ਨਾਰਾਜ਼ ਹੋਣ ਬਾਰੇ ਪੁੱਛੇ ਜਾਣ ਉਤੇ ਸ੍ਰੀ ਬਾਦਲ ਨੇ ਕਿਹਾ ਕਿ ਵੋਟ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਬੱਝੀ ਹੁੰਦੀ, ਸਗੋਂ ਬਿਰਾਦਰੀ ਨੇ ਇਹ ਵੀ ਦੇਖਣਾ ਹੁੰਦਾ ਹੈ ਕਿ ਕਿਹੜੀ ਸਰਕਾਰ ਉਨ੍ਹਾਂ ਲਈ ਕੀ ਕਰ ਰਹੀ ਹੈ।