ਗੁਜਰਾਤ ਫਾਈਲਾਂ: ਬ੍ਰਾਹਮਣੀ ਦਾਬੇ ‘ਚ ਪਛੜਿਆਂ ਦੀ ‘ਲੜਾਈ’

‘ਗੁਜਰਾਤ ਫਾਈਲਾਂ’ ਪੱਤਰਕਾਰ ਰਾਣਾ ਅਯੂਬ ਦੀ ਅਜਿਹੀ ਲਿਖਤ ਹੈ ਜਿਸ ਵਿਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦਾ ਖੁਲਾਸਾ ਹੋਇਆ ਹੈ। ਇਸ ਖੁਲਾਸੇ ਲਈ ਉਸ ਨੇ ਅੰਤਾਂ ਦਾ ਜੋਖਮ ਉਠਾਉਂਦਿਆਂ ਫਰਜ਼ੀ ਫਿਲਮਸਾਜ਼ ਮੈਥਿਲੀ ਤਿਆਗੀ ਦਾ ਭੇਸ ਵਟਾਇਆ। ਜਦੋਂ ਇਹ ਕਿਤਾਬ ਛਾਪਣ ਲਈ ਕਿਸੇ ਪ੍ਰਕਾਸ਼ਕ ਨੇ ਹਾਮੀ ਨਹੀਂ ਭਰੀ ਤਾਂ ਉਹਨੇ ਇਹ ਕਿਤਾਬ ਆਪੇ ਛਾਪ ਲਈ। ਇਸ ਕਿਤਾਬ ਦਾ ਪੰਜਾਬੀ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਉਨ੍ਹਾਂ ਨੇ ਵੀ ਇਹ ਕਿਤਾਬ ਖੁਦ ਹੀ ਛਪਵਾਈ ਹੈ।

-ਸੰਪਾਦਕ
ਗਿਰੀਸ਼ ਸਿੰਘਲ ਦੇ ਸਭ ਤੋਂ ਵੱਡੇ ਪੁੱਤਰ ਹਾਰਦਿਕ ਨੇ 2012 ਵਿਚ ਖ਼ੁਦਕੁਸ਼ੀ ਕਰ ਲਈ। ਉਸ ਦੇ ਨਜ਼ਦੀਕੀ ਕਹਿੰਦੇ ਹਨ ਕਿ ਇਸ ਨਾਲ ਉਸ ਦੇ ਬਾਪ ਦਾ ਦਿਲ ਟੁੱਟ ਗਿਆ।æææ
æææਖੈਰ! ਟੈਲੀਫ਼ੋਨ ਉਪਰ ਗੱਲ ਹੋਣ ਤੋਂ ਬਾਅਦ ਮੈਂ 2010 ਦੀ ਉਸ ਸਵੇਰ ਨੂੰ ਸਿੰਘਲ ਨੂੰ ਮਿਲੀ। ਹਾਲਾਤ ਦੀ ਨਜ਼ਾਕਤ ਬਾਬਤ ਬਾਰੀਕੀ ‘ਚ ਸਮਝਾਉਣ ਤੋਂ ਬਾਅਦ ਮਾਈਕ ਵੀ ਮੇਰੇ ਨਾਲ ਚਲਾ ਗਿਆ। ਸਿੰਘਲ ਕੋਈ ਸਾਧਾਰਨ ਬੰਦਾ ਨਹੀਂ ਸੀ, ਉਹ ਗੁਜਰਾਤ ਏæਟੀæਐਸ਼ ਦਾ ਮੁਖੀ ਸੀ।
ਇਸ ਵਕਤ ‘ਸਿੱਟ’ ਵਲੋਂ ਕੀਤੀ ਜਾ ਰਹੀ ਜਾਂਚ ਕਾਰਨ ਸਿੰਘਲ ਦੀ ਹਰ ਨਕਲੋ-ਹਰਕਤ ਉਪਰ ਤਾੜਵੀਂ ਨਜ਼ਰ ਰੱਖੀ ਜਾ ਰਹੀ ਸੀ, ਤੇ ਜਿਨ੍ਹਾਂ ਲੋਕਾਂ ਨੂੰ ਉਹ ਮਿਲਦਾ ਸੀ, ਉਨ੍ਹਾਂ ਬਾਰੇ ਉਸ ਨੂੰ ਸੁਚੇਤ ਕੀਤਾ ਜਾ ਰਿਹਾ ਸੀ। ਉਸ ਦੀ ਗ੍ਰਿਫ਼ਤਾਰੀ ਅਟੱਲ ਸੀ। ‘ਸਿੱਟ’ ਆਪਣੀ ਜਾਂਚ ਵਿਚ ਤੇਜ਼ੀ ਲਿਆ ਰਹੀ ਸੀ। ਦੋ ਜੂਨੀਅਰ ਅਫ਼ਸਰ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਸਨ। ਅਗਲੀ ਵਾਰੀ ਸਿੰਘਲ ਦੀ ਆ ਸਕਦੀ ਸੀ। ਉਸ ਦੇ ਅਤੇ ਹੋਰ ਅਫ਼ਸਰਾਂ ਉਪਰ ਹੋਰ ਇਲਜ਼ਾਮਾਂ ਦੇ ਨਾਲ ਇਹ ਇਲਜ਼ਾਮ ਵੀ ਸੀ ਕਿ ਉਨ੍ਹਾਂ ਨੇ ਦਹਿਸ਼ਤਗਰਦੀ ਦੇ ਨਾਂ ‘ਤੇ ਬੇਕਸੂਰ ਕੁੜੀ ਦੀ ਹੱਤਿਆ ਕਰਨ ਦੀ ਸਾਜ਼ਿਸ਼ ਘੜੀ, ਇਸ ਨੂੰ ਅੰਜਾਮ ਦਿੱਤਾ ਅਤੇ ਉਸ ਦੀ ਹੱਤਿਆ ਕੀਤੀ।
ਇਹ ਵਰਤਾਰਾ ਗੁਜਰਾਤ ਲਈ ਨਵਾਂ ਨਹੀਂ ਸੀ। ਹਿੰਸਾ ਤੋਂ ਬਾਅਦ ਉਥੇ ਦੁਸ਼ਮਣੀ ਦਾ ਮਾਹੌਲ ਸੀ। ਸਪਸ਼ਟ ਸੀ ਕਿ ਦੋਹਾਂ ਫਿਰਕਿਆਂ ਦਰਮਿਆਨ ਸਦਭਾਵਨਾ ਵਾਲਾ ਰਿਸ਼ਤਾ ਖ਼ਰਾਬ ਹੋ ਚੁੱਕਾ ਸੀ। ਨਰੇਂਦਰ ਮੋਦੀ ਨੂੰ ਹਿੰਦੂ ਆਗੂ ਵਜੋਂ ਦੇਖਿਆ ਜਾ ਰਿਹਾ ਸੀ ਜਿਸ ਨੇ ਗੁਜਰਾਤ ਦੀ ‘ਅਸਮਿਤਾ’ ਨੂੰ ਬਚਾ ਲਿਆ ਸੀ। ਗੋਧਰਾ ਰੇਲ ਕਾਂਡ ਅਤੇ ਇਸ ਪਿੱਛੋਂ ਹੋਏ ਕਤਲੇਆਮ ਨਾਲ ਦੋਹਾਂ ਫਿਰਕਿਆਂ ਦਾ ਨੁਕਸਾਨ ਹੋਇਆ ਸੀ। ਨੌਕਰਸ਼ਾਹਾਂ ਅਤੇ ਅਫ਼ਸਰਾਂ ਉਪਰ ਇਲਜ਼ਾਮ ਤਾਂ ਸਨ, ਪਰ ਉਨ੍ਹਾਂ ਖ਼ਿਲਾਫ਼ ਕੁਝ ਵੀ ਸਾਬਤ ਨਹੀਂ ਸੀ ਕੀਤਾ ਜਾ ਸਕਦਾ। ਜਾਂਚ ਕਮਿਸ਼ਨਾਂ ਨੇ ਉਸ ਵਕਤ ਸਬੰਧਤ ਅਫਸਰਾਂ ਅਤੇ ਉਨ੍ਹਾਂ ਦੀਆਂ ਕਾਰਵਾਈਆਂ, ਜਾਂ ਹਰਕਤ ਵਿਚ ਨਾ ਆਉਣ ਨੂੰ ਲੈ ਕੇ ਸਖ਼ਤ ਤੋਂ ਸਖ਼ਤ ਨੁਕਤਾਚੀਨੀ ਕੀਤੀ ਸੀ, ਪਰ ਕੁਝ ਹੇਠਲੇ ਅਫਸਰਾਂ ਨੂੰ ਛੱਡ ਕੇ ਜ਼ਿਆਦਾਤਰ ਆਪਣੇ ਅਹੁਦਿਆਂ ‘ਤੇ ਬਿਰਾਜਮਾਨ ਰਹੇ। ਸ਼ਾਇਦ ਇਸੇ ਤੋਂ ਹੌਸਲੇ ਵਿਚ ਆ ਕੇ, ਗੁਜਰਾਤ ਵਿਚ ਮੁਕਾਬਲਿਆਂ ਦਾ ਸਿਲਸਿਲਾ ਚੱਲਿਆ ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਹੋਰ ਕਿਸੇ ਵਲੋਂ ਨਹੀਂ, ਅਸਲ ਵਿਚ ਹਿੰਦੁਸਤਾਨ ਦੀ ਸੁਪਰੀਮ ਕੋਰਟ ਵਲੋਂ ਫਰਜ਼ੀ ਕਰਾਰ ਦਿੱਤਾ ਗਿਆ। ਮੁਕਾਬਲੇ ਇਹ ਦੱਸਣ ਦੇ ਯਤਨਾਂ ਦਾ ਹਿੱਸਾ ਸਨ ਕਿ ਗੁਜਰਾਤ ਦੀ ਅਸਮਿਤਾ ਉਪਰ ਖ਼ਤਰਾ ਮੰਡਲਾ ਰਿਹਾ ਹੈ।
ਗੁਜਰਾਤ ਦੇ ਫਰਜ਼ੀ ਮੁਕਾਬਲੇ ਘਿਨਾਉਣੇ ਨਮੂਨੇ ‘ਤੇ ਬਣਾਏ ਗਏ। ਸਮੀਰ ਖ਼ਾਨ ਪਠਾਣ, ਸਦੀਕ ਜਮਾਲ, ਇਸ਼ਰਤ ਜਹਾਂ, ਜਾਵੇਦ ਉਰਫ਼ ਪ੍ਰਾਨੇਸ਼ ਪਿਲੇ, ਸੋਹਰਾਬੂਦੀਨ, ਤੁਲਸੀ ਰਾਮ ਪ੍ਰਜਾਪਤੀ। ਇਹ ਗੁਜਰਾਤ ਦੇ ਮੁਕਾਬਲਿਆਂ ਨਾਲ ਸਬੰਧਤ ਕੁਝ ਕੁ ਮਾਮਲੇ ਹਨ ਜਿਨ੍ਹਾਂ ਦੀ ਮੁਲਕ ਦੀਆਂ ਸਭ ਤੋਂ ਆਹਲਾ ਜੁਡੀਸ਼ੀਅਲ ਸੰਸਥਾਵਾਂ ਵਲੋਂ ਨਜ਼ਰਸਾਨੀ ਕੀਤੀ ਜਾ ਰਹੀ ਹੈ। ਬਹੁਤ ਬਾਰੀਕੀ ਨਾਲ ਵਿਉਂਤੇ ਅਤੇ ਅੰਜਾਮ ਦਿੱਤੇ ਕਤਲਾਂ ਦੀ ਇਸ ਦਾਸਤਾਨ ਨੂੰ ਬੇਨਕਾਬ ਕਰਨ ਲਈ ਇਨ੍ਹਾਂ ਮਾਮਲਿਆਂ ਉਪਰ ਸੰਖੇਪ ਜਿਹੀ ਨਜ਼ਰ ਮਾਰਨੀ ਹੀ ਕਾਫ਼ੀ ਹੈ। ਦਸੰਬਰ 2011 ਵਿਚ ‘ਤਹਿਲਕਾ’ ਵਿਚ ਕੀਤੇ ਭਰਵੇਂ ਖ਼ੁਲਾਸੇ ਵਿਚ ਮੈਂ ਲਿਖਿਆ,
ਜੋ ਚੀਜ਼ ਗੁਜਰਾਤ ਦੇ ਫਰਜ਼ੀ ਮੁਕਾਬਲਿਆਂ ਨੂੰ ਖ਼ਾਸ ਤੌਰ ‘ਤੇ ਪ੍ਰੇਸ਼ਾਨ ਕਰਨ ਵਾਲੇ ਬਣਾ ਦਿੰਦੀ ਹੈ, ਉਹ ਹੈ ਇਨ੍ਹਾਂ ਦੇ ਆਲੇ-ਦੁਆਲੇ ਖੜ੍ਹਾ ਕੀਤਾ ਸਨਕੀ ਅਤੇ ਝੂਠਾ ਪ੍ਰਚਾਰ। ਇਨ੍ਹਾਂ ਮੁਕਾਬਲਿਆਂ ਵਿਚ ਮਾਰੇ ਗਏ ਬੰਦਿਆਂ ਬਾਰੇ ਸ਼ਰੇਆਮ ਇਹ ਪ੍ਰਚਾਰਿਆ ਗਿਆ ਕਿ ਉਹ ਲਸ਼ਕਰ-ਏ-ਤਾਇਬਾ ਦੇ ਦਹਿਸ਼ਤਗਰਦ ਸਨ ਜੋ ਮੁੱਖ ਮੰਤਰੀ ਮੋਦੀ, ਤੱਤਕਾਲੀ ਡਿਪਟੀ ਪ੍ਰਧਾਨ ਮੰਤਰੀ ਐਲ਼ਕੇæ ਅਡਵਾਨੀ ਅਤੇ ਪ੍ਰਵੀਨ ਤੋਗੜੀਆ ਤੇ ਜੈਦੀਪ ਪਟੇਲ ਵਰਗੇ ਘੋਰ ਹਿੰਦੂਤਵੀ ਗਰਮ-ਮਿਜ਼ਾਜ ਆਗੂਆਂ ਨੂੰ ਮਾਰਨ ਦੀ ਮੁਹਿੰਮ ‘ਤੇ ਸਨ। 2002 ਦੀ ਗੁਜਰਾਤ ਹਿੰਸਾ ਤੋਂ ਪਿੱਛੋਂ ਦੀ ਫਿਰਕੂ ਪਾਲਾਬੰਦੀ ਅੰਦਰ ਐਸਾ ਝੂਠਾ ਪ੍ਰਚਾਰ ਬਾਰੂਦ ਨੂੰ ਪਲੀਤਾ ਲਾਉਣ ਦੇ ਤੁਲ ਸੀ। ਕੋਈ ਵੀ ਇਹ ਨਹੀਂ ਕਹੇਗਾ ਕਿ ਮੁਲਕ ਵਿਚ ਹੋਏ ਦਹਿਸ਼ਤਗਰਦ ਬੰਬ-ਧਮਾਕਿਆਂ ਵਿਚ ਕਿਸੇ ਮੁਸਲਮਾਨ ਲੜਕੇ ਦਾ ਬਿਲਕੁਲ ਕੋਈ ਹੱਥ ਨਹੀਂ ਹੋ ਸਕਦਾ ਸੀ, ਪਰ ਸਨਕੀ ਤਰੀਕੇ ਨਾਲ ਜਾਅਲੀ ਖ਼ਤਰੇ ਬਣਾਉਣਾ ਅਤੇ ਮਾਮੂਲੀ ਮੁਜਰਿਮਾਂ ਉਪਰ ‘ਦਹਿਸ਼ਤਗਰਦ’ ਦੇ ਠੱਪੇ ਲਾਉਣਾ ਸਿਰਫ਼ ਸਮੁੱਚੇ ਮੁਸਲਿਮ ਫਿਰਕੇ ਨੂੰ ਰਾਸ਼ਟਰ-ਵਿਰੋਧੀ ਬਣਾ ਕੇ ਪੇਸ਼ ਕਰਦਾ ਸੀ ਅਤੇ ਮੋਦੀ ਦੀ ‘ਹਿੰਦੂ ਹਿਰਦੇ ਸਮਰਾਟ’ ਦੇ ਅਕਸ ਨੂੰ ਮਜ਼ਬੂਤ ਕਰਦਾ ਸੀ- ਐਸਾ ਬੰਦਾ ਜੋ ਨਾ ਸਿਰਫ਼ ‘ਹਿੰਦੂਆਂ ਦੇ ਦੁਸ਼ਮਣਾਂ’ ਨੂੰ ਸਬਕ ਸਿਖਾਉਣ ਦੇ ਸਮਰੱਥ ਸੀ, ਸਗੋਂ ਜਿਸ ਦੀ ਜਾਨ ਨੂੰ ਜਹਾਦੀ ਧੜਿਆਂ ਤੋਂ ਖ਼ਤਰਾ ਸੀ।
‘ਤਹਿਲਕਾ’ ਦੀ ਇਕ ਪਹਿਲੀ ਸਟੋਰੀ ਨੇ ਦਿਖਾਇਆ ਸੀ ਕਿ ਸੋਹਰਾਬੂਦੀਨ ਜੋ ਮਾਮੂਲੀ ਮੁਜਰਿਮ ਅਤੇ ਫਿਰੌਤੀਬਾਜ਼ ਸੀ, ਮਾਰੇ ਜਾਣ ਤੋਂ ਪਹਿਲਾਂ ਅਮਿਤ ਸ਼ਾਹ ਦਾ ਚੰਗਾ ਜਾਣਕਾਰ ਸੀ, ਤੇ ਇਸ ਨੂੰ ਲੈ ਕੇ ਨਾ-ਖੁਸ਼ਗਵਾਰ ਸਵਾਲ ਉਠਾਏ ਗਏ ਸਨ ਕਿ ਸੋਹਰਾਬੂਦੀਨ ਨੂੰ ਮਾਰ ਕੇ ਦਹਿਸ਼ਤਗਰਦ ਦਾ ਠੱਪਾ ਕਿਉਂ ਲਗਾਇਆ ਗਿਆ ਸੀ। ਇਹ ਚੇਤੇ ਰੱਖਣ ਵਾਲਾ ਤੱਥ ਹੈ ਕਿ ਸ਼ਾਹ ਨਾ ਸਿਰਫ਼ ਉਸ ਵਕਤ ਗ੍ਰਹਿ ਮੰਤਰੀ ਸੀ ਅਤੇ ਸੂਬੇ ਦੇ ਪੁਲਿਸ ਦੇ ਕਾਰ-ਵਿਹਾਰ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਸੀ, ਸਗੋਂ ਐਸਾ ਬੰਦਾ ਵੀ ਸੀ ਜੋ ਮੋਦੀ ਦੇ ਐਨਾ ਨੇੜੇ ਸੀ ਕਿ ਉਸ ਕੋਲ ਦਰਜਨ ਤੋਂ ਵੱਧ ਮੰਤਰਾਲੇ ਸਨ। ਦੂਜੇ ਪਾਸੇ, ਬਦਨਾਮ ਪੁਲਿਸ ਅਧਿਕਾਰੀ ਵਨਜਾਰਾ ਸ਼ਾਹ ਦੇ ਬਹੁਤ ਨੇੜੇ ਸੀ।
ਪਰ 19 ਸਾਲਾ ਇਸ਼ਰਤ ਜਹਾਂ ਦੇ ਕਤਲ ਨੂੰ ਲੈ ਕੇ ਸਿੰਘਲ ਸਵਾਲਾਂ ਦੇ ਘੇਰੇ ਵਿਚ ਸੀ। ਸਬੰਧਤ ਸੰਸਥਾ ਵਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਹੋਰ ਫਰਜ਼ੀ ਮੁਕਾਬਲਿਆਂ ਵਿਚ ਉਸ ਦੀ ਭੂਮਿਕਾ ਮਾਮਲੇ ਨੂੰ ਧੁੰਦਲਾ ਕਰਦੀ ਸੀ।
ਗਿਰੀਸ਼ ਸਿੰਘਲ ਨੂੰ ਮੈਂ ਪਹਿਲੀ ਵਾਰ ਉਦੋਂ ਮਿਲੀ ਜਦੋਂ ਮਾਈਕ ਨੂੰ ਨਾਲ ਲੈ ਕੇ ਅਹਿਮਦਾਬਾਦ ਦੇ ਸ਼ਾਹੀਬਾਗ਼ ਇਲਾਕੇ ਅੰਦਰ ਉਸ ਦੇ ਸਖਤ ਸੁਰੱਖਿਆ ਵਾਲੇ ਦਫ਼ਤਰ ਗਈ। ਸਿੰਘਲ ਦੀ ਪਿਛਲੀ ਕੀਰਤੀ ਵਿਚ ਸ਼ਾਮਲ ਸੀ ਉਸ ਦਾ ਅਕਸ਼ਰਧਾਮ ਹਮਲੇ ਨੂੰ ਕਾਮਯਾਬੀ ਨਾਲ ਨਜਿੱਠਣਾ ਜਿਸ ਕਰ ਕੇ ਉਸ ਨੂੰ ਸਟੇਟ ਦਾ ਬਹਾਦਰੀ ਸਨਮਾਨ ਮਿਲਿਆ। ਸਿੰਘਲ ਦੀ ਉਮਰ ਦੇ ਕਿਸੇ ਅਫ਼ਸਰ ਨੂੰ ਉਸ ਤਰ੍ਹਾਂ ਦੀ ਮਾਨਤਾ ਮਿਲਣ ਦੀ ਬਹੁਤੀ ਸੰਭਾਵਨਾ ਨਹੀਂ ਹੁੰਦੀ ਜੋ ਉਸ ਨੂੰ ਹਾਸਲ ਹੋਈ, ਪਰ ਉਸ ਦੇ ਮਹਿਕਮੇ ਦੇ ਜ਼ਿਆਦਾਤਰ ਲੋਕ ਇਸ ਦੀ ਹਾਮੀ ਭਰਨਗੇ।
ਏæਟੀæਐਸ਼ ਦਫ਼ਤਰ ਵਿਚ ਤਾਇਨਾਤ ਸੁਰੱਖਿਆ ਗਾਰਡ ਚੱਕਰਾਂ ਵਿਚ ਪੈ ਗਿਆ। ਸਿਰ ‘ਤੇ ਰੁਮਾਲ ਬੰਨ੍ਹੀ ਲਹਿੰਗੇ ਵਾਲੀ ਮੁਟਿਆਰ ਅਤੇ ਫਿਰੰਗੀ, ਏæਟੀæਐਸ਼ ਮੁਖੀ ਨੂੰ ਕਿਉਂ ਮਿਲਣਾ ਚਾਹੁੰਦੇ ਸਨ? ਅੰਦਰ ਪਰਚੀ ਭੇਜ ਦਿੱਤੀ ਗਈ।
ਮਿੰਟਾਂ ਵਿਚ ਹੀ ਸਿਪਾਹੀ ਗਾਰਡ ਕੋਲ ਆਇਆ ਅਤੇ ਗੁਜਰਾਤੀ ਵਿਚ ਉਸ ਨਾਲ ਘੁਸਰ-ਮੁਸਰ ਕੀਤੀ ਕਿ ਇਹ ਕੋਈ ਵਿਦੇਸ਼ੀ ਫਿਲਮਸਾਜ਼ ਨੇ ਜੋ ਸਾਹਿਬ ਨੂੰ ਮਿਲਣ ਆਏ ਸਨ। ਜਦੋਂ ਮੈਨੂੰ ਅਤੇ ਮਾਈਕ ਨੂੰ ਅੰਦਰ ਲਿਜਾਇਆ ਗਿਆ ਤਾਂ ਗਾਰਡ ਦੇ ਚਿਹਰੇ ਉਪਰ ਭੈਅ ਨਜ਼ਰ ਆ ਰਿਹਾ ਸੀ। ਮਾਈਕ ਆਪਣੇ ਆਮ ਖੁਸ਼ ਰੌਂਅ ਵਿਚ ਸੀ। ਐਸੀ ਹਾਲਤ ਵਿਚ ਕੋਈ ਹੋਰ 19 ਸਾਲ ਦਾ ਲੜਕਾ ਹੁੰਦਾ ਤਾਂ ਬੌਂਦਲ ਜਾਂਦਾ, ਪਰ ਉਹ ਨਹੀਂ ਘਬਰਾਇਆ। ਮੈਨੂੰ ਉਸ ਬਾਰੇ ਥੋੜ੍ਹਾ ਡਰ ਸੀ। ਕੀ ਉਹ ਹਾਲਾਤ ਦੀ ਨਜ਼ਾਕਤ ਅਤੇ ਇਸ ਨਾਲ ਜੁੜੇ ਖ਼ਤਰੇ ਨੂੰ ਪੂਰੀ ਤਰ੍ਹਾਂ ਸਮਝਦਾ ਸੀ? ਜਦੋਂ ਅਸੀਂ ਵੇਟਿੰਗ ਰੂਮ ਵਿਚ ਦਾਖ਼ਲ ਹੋਏ ਤਾਂ ਮੇਰੇ ਅੰਦਰ ਜੋ ਸ਼ੱਕ ਸਨ, ਉਹ ਦੂਰ ਹੋ ਗਏ। ਅਸੀਂ ਉਥੇ ਸਿਪਾਹੀਆਂ ਅਤੇ ਸਿਵਲ ਕੱਪੜਿਆਂ ਵਾਲੇ ਸੀਨੀਅਰ ਪੁਲਿਸ ਅਫਸਰਾਂ ਨਾਲ ਬੈਠ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੇ; ਚਿੱਟੇ, ਮਜ਼ਬੂਤ ਸਪੋਰਟਸ ਸ਼ੂ ਉਨ੍ਹਾਂ ਨੂੰ ਸਿਵਲੀਅਨਾਂ ਤੋਂ ਨਿਖੇੜਦੇ ਸਨ। ਟੈਲੀਵਿਜ਼ਨ ਉਪਰ ਬਾਲੀਵੁੱਡ ਦੀ ਕੋਈ ਫਿਲਮ ਚੱਲ ਰਹੀ ਸੀ, ਮਾਈਕ ਉਸ ਨੂੰ ਦੇਖਣ ਵਿਚ ਮਗਨ ਹੋ ਗਿਆ। ਗੋਵਿੰਦਾ ਦੀ ਫਿਲਮ ਸੀ, ਕੁਝ ਅਫਸਰ ਇਸ ਨੂੰ ਦੇਖਣ ਵਿਚ ਮਗਨ ਸਨ ਜਦਕਿ ਬਾਕੀ ਆਪਣੇ ਆਮ ਕੰਮਾਂ ਵਿਚ ਮਸਰੂਫ਼ ਸਨ। ਉਨ੍ਹਾਂ ਵਿਚੋਂ ਇਕ ਵਧੇਰੇ ਉਤਸੁਕ ਪੁਲਸੀਆ ਆ ਕੇ ਮਾਈਕ ਲਾਗੇ ਬੈਠ ਗਿਆ ਜਿਸ ਨੇ ਉਸ ਨੂੰ ਹਲੀਮੀ ਨਾਲ ਨਮਸਤੇ ਕਹੀ। ਟੁੱਟੀ-ਫੁੱਟੀ ਅੰਗਰੇਜ਼ੀ ਵਿਚ, ਗੱਲਬਾਤ ਸ਼ੁਰੂ ਹੋ ਗਈ ਜਿਸ ਦਾ ਘੇਰਾ ਗੁਜਰਾਤੀ ਭੋਜਨ ਲਈ ਉਸ ਦੀ ਖਿੱਚ ਤੋਂ ਲੈ ਕੇ ਉਸ ਦੀ ਵਿਦੇਸ਼ੀ ਧਰਤੀ ਦੇ ਵੇਰਵਿਆਂ ਤਕ ਫੈਲਿਆ ਹੋਇਆ ਸੀ। ਮਾਈਕ ਦਾ ਹਾਲਾਤ ਉਪਰ ਪੂਰਾ ਕਾਬੂ ਸੀ, ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਵਧਵੇਂ ਉਤਸ਼ਾਹ ਦਾ ਨਾਂ-ਨਿਸ਼ਾਨ ਵੀ ਉਸ ਦੇ ਚਿਹਰੇ ਉਪਰ ਨਹੀਂ ਸੀ।
‘ਮੈਥਿਲੀ ਤਿਆਗੀ, ਆਪ ਕੋ ਸਾਹਿਬ ਬੁਲਾਤੇ ਹੈਂ।’ ਅਰਦਲੀ ਨੇ ਆਵਾਜ਼ ਦਿੱਤੀ। ਪਹਿਲੀ ਝਾਕੀ ਸ਼ੁਰੂ ਹੋ ਗਈ ਸੀ।
ਗਿਰੀਸ਼ ਸਿੰਘਲ, 40ਵਿਆਂ ਦੇ ਸ਼ੁਰੂ ਦੀ ਉਮਰ ਦਾ, ਸਲੀਕੇਦਾਰ ਵਰਦੀ ਵਿਚ ਸਜਿਆ, ਸਲੀਕੇਦਾਰ ਬੰਦਾ। ਜਦੋਂ ਉਸ ਨੇ ਸਾਨੂੰ ਤਸ਼ਰੀਫ਼ ਲੈਣ ਲਈ ਕਿਹਾ ਤਾਂ ਉਸ ਦੀਆਂ ਉਂਗਲਾਂ ਦਰਮਿਆਨ ਅੱਧੀ ਕੁ ਸਿਗਰਟ ਫੜੀ ਹੋਈ ਸੀ। ਉਹ ਆਪਣੇ ਲੈਪਟਾਪ ਉਪਰ ਕੋਈ ਵੀਡੀਓ ਦੇਖ ਰਿਹਾ ਸੀ। ਮੇਜ਼ ਉਪਰ ਓਸ਼ੋ ਦੀਆਂ ਦੋ ਕਿਤਾਬਾਂ ਪਈਆਂ ਸਨ। ‘ਤੁਸੀਂ ਓਸ਼ੋ ਦੇ ਚੇਲੇ ਹੋ?’ ਮੈਂ ਆਪਣੀ ਡਾਇਰੀ ਮੇਜ਼ ਉਪਰ ਸਾਵਧਾਨੀ ਨਾਲ ਰੱਖਦਿਆਂ ਬੈਠਦੇ ਹੋਏ ਪੁੱਛ ਲਿਆ, ਇਸ ਨਾਲ ਮੇਰਾ ਵੀਡੀਓ ਰਿਕਾਰਡਰ ਜੁੜਿਆ ਹੋਇਆ ਸੀ। ਪਹਿਲਾਂ ਮੈਂ ਇਹ ਤੈਅ ਕੀਤਾ ਸੀ ਕਿ ਉਨ੍ਹਾਂ ਦੀ ਗੱਲਬਾਤ ਖੁਫ਼ੀਆ ਤਰੀਕੇ ਨਾਲ ਰਿਕਾਰਡ ਕਰਨ ਤੋਂ ਪਹਿਲਾਂ ਮੈਂ ਆਪਣੇ ਵਿਸ਼ੇ ਦਾ ਤੁਆਰਫ਼ ਕਰਾਵਾਂਗੀ, ਪਰ ਸਿੰਘਲ ਬਾਰੇ ਮਸ਼ਹੂਰ ਸੀ ਕਿ ਉਹ ਮਨਮੌਜੀ ਬੰਦਾ ਹੈ। ਫਿਰ ਕੀ ਹੋਵੇਗਾ, ਜੇ ਉਸ ਨੇ ਕੋਈ ਅਹਿਮ ਗੱਲ ਕਹੀ ਅਤੇ ਮੇਰੇ ਕੋਲ ਰਿਕਾਰਡਰ ਨਾ ਹੋਇਆ? ਫਿਰ ਕੀ ਹੋਵੇਗਾ, ਜੇ ਉਸ ਨੇ ਮੈਨੂੰ ਮਿਲਣ ਲਈ ਹੋਰ ਵਕਤ ਨਾ ਦਿੱਤਾ?
ਮੈਂ ਸਿੰਘਲ ਨਾਲ ਮਾਈਕ ਦਾ ਤੁਆਰਫ਼ ਕਰਾਇਆ, ਸੰਖੇਪ ਜਿਹੀ ਤਾਰੀਫ਼ ਹੋਈ ਅਤੇ ਫਿਰ ਮੈਂ ਆਪਣੇ ਬਨਾਉਟੀ ਅੰਦਾਜ਼ ‘ਚ ਉਸ ਨੂੰ ਸਾਡੀ ਫੇਰੀ ਦੀ ਵਜ੍ਹਾ ਦੱਸਣ ਜੁਟ ਗਈ। ਸਿੰਘਲ ਨੇ ਇਕ ਇਕ ਲਫ਼ਜ਼ ਨੂੰ ਆਤਮਸਾਤ ਕਰਦੇ ਹੋਏ ਮੇਰੀ ਗੱਲ ਸੰਜੀਦਗੀ ਨਾਲ ਸੁਣੀ ਅਤੇ ਵਿਚ-ਵਿਚ ਸਿਰ ਹਿਲਾ ਕੇ ਹਾਮੀ ਭਰਦਾ ਰਿਹਾ। ਜਦੋਂ ਮੈਂ ਇਹ ਜਾਣ ਲਿਆ ਕਿ ਉਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ, ਮੈਂ ਕੁਝ ਜਾਣੇ-ਪਛਾਣੇ ਨਾਵਾਂ ਦਾ ਜ਼ਿਕਰ ਸ਼ੁਰੂ ਕਰ ਦਿੱਤਾ। ‘ਦਰਅਸਲ ਮਾਇਆਬੇਨ ਤੁਹਾਥੋਂ ਬਹੁਤ ਪ੍ਰਭਾਵਿਤ ਸਨ ਅਤੇ ਸੋਚਦੇ ਸਨ ਕਿ ਤੁਸੀਂ ਸੂਬੇ ਦੇ ਬੁੱਧੀਮਾਨ ਅਫ਼ਸਰਾਂ ਵਿਚੋਂ ਇਕ ਹੋ। ਅਸੀਂ ਆਪਣੀ ਫਿਲਮ ਲਈ ਉਨ੍ਹਾਂ ਦਾ ਰੇਖਾ ਚਿੱਤਰ ਵੀ ਬਣਾ ਰਹੇ ਹਾਂ।’ ਇਸ ਦਾ ਲੋੜੀਂਦਾ ਪ੍ਰਭਾਵ ਪਿਆ। ਉਸ ਦੇ ਚਿਹਰੇ ਉਪਰਲੇ ਉਦਾਸ, ਗੰਭੀਰ ਹਾਵ-ਭਾਵ ਢੈਲੇ ਪੈ ਗਏ, ਉਸ ਨੇ ਚਿਹਰੇ ਉਪਰ ਰਜ਼ਾਮੰਦੀ ਵਾਲੀ ਮੁਸਕਰਾਹਟ ਲਿਆ ਕੇ ਕਿਹਾ, ‘ਉਹ ਬਹੁਤ ਚੰਗੀ ਔਰਤ ਹੈ, ਬਹੁਤ ਰੂਹਾਨੀ।’
ਮੈਨੂੰ ਵਿਵਾਦਾਂ ਨਾਲ ਸਬੰਧਤ ਕਿਸੇ ਗੱਲ ਉਪਰ ਕੇਂਦਰਤ ਨਾ ਕਰਨਾ ਬਿਹਤਰ ਲੱਗਿਆ ਜਿਨ੍ਹਾਂ ਵਿਚ ਉਹ ਇਸ ਵਕਤ ਘਿਰਿਆ ਹੋਇਆ ਸੀ। ਭੋਲੇਪਣ ਅਤੇ ਹੈਰਾਨੀ ਦਾ ਆਡੰਬਰ ਹੀ ਭੇਤ ਕੱਢਣ ਦਾ ਜ਼ਿਆਦਾ ਸੁਖਾਲਾ ਤਰੀਕਾ ਜਾਪਦਾ ਸੀ। ਉਸ ਨੇ ਆਪਣੇ ਬਚਪਨ, ਉਚ ਜਮਾਤ ਨਾਲ ਭਿੜਨ ਦੀ ਖ਼ਾਹਸ਼, ਉਸ ਦੇ ਦਲਿਤ ਪਰਿਵਾਰ ਪ੍ਰਤੀ ਗੁਆਂਢੀਆਂ ਦਾ ਬ੍ਰਾਹਮਣਵਾਦੀ ਰਵੱਈਆ, ਤੇ ਟੱਬਰ ਦਾ ਕਮਾਊ ਜੀਅ ਹੋਣ ਦੇ ਕਿੱਸੇ ਸੁਣਾਏ। ਕੀ ਪੁਲਿਸ ਵਿਚ ਭਰਤੀ ਹੋਣਾ ਇਸ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਸੀ? ਜਵਾਬ ਸੀ-ਨਾ-ਬਰਾਬਰੀ ਹਰ ਥਾਂ ਪੈਦਾ ਹੁੰਦੀ ਹੈ, ਜਿਸ ਵਿਵਸਥਾ ਦਾ ਮੈਂ ਹਿੱਸਾ ਹਾਂ, ਇਥੇ ਵੀ।
ਗੱਲਬਾਤ ਪੰਦਰਾਂ ਮਿੰਟ ਲਈ ਸ਼ੁਰੂ ਹੋਈ ਸੀ, ਘੰਟੇ ਤਕ ਲੰਮੀ ਹੋ ਗਈ। ਹਰ ਵਕਤ ਜਦੋਂ ਮੈਂ ਕਹਿੰਦੀ, ਮਾਈਕ ਫੁਰਤੀ ਨਾਲ ਵੇਰਵੇ ਨੋਟ ਕਰਦਾ ਰਿਹਾ, ਤੇ ਗਿਰੀਸ਼ ਸਿੰਘਲ ਉਹ ਕਹਾਣੀਆਂ ਸੁਣਾਉਂਦਾ ਰਿਹਾ ਜਿਨ੍ਹਾਂ ਨੇ ਉਸ ਨੂੰ ਉਹ ਕੁਝ ਬਣਾਇਆ ਸੀ ਜੋ ਉਹ ਇਸ ਵਕਤ ਹੈ।
ਜਦੋਂ ਉਸ ਨੇ ਇਕ ਦੁਕਾਨ ਉਪਰ ਕਿਸੇ ਨੂੰ ਚੀਜ਼ ਹੱਥ ਲਾਉਣਾ ਚਾਹਿਆ ਤਾਂ ਦੁਕਾਨਦਾਰ ਵਲੋਂ ਉਸ ਨੂੰ (ਉਸ ਦੀ ਨੀਵੀਂ ਜਾਤ ਕਾਰਨ) ਡੰਡੇ ਨਾਲ ਕੁੱਟਣ ਤੋਂ ਲੈ ਕੇ ਅਕਸ਼ਰਧਾਮ ਮੰਦਰ ਵਿਚ ਦਾਖ਼ਲ ਹੋਣ ਵਾਲੇ ਦਹਿਸ਼ਤਗਰਦਾਂ ਦਾ ਮੁਕਾਬਲਾ ਕਰਨ ਦੀਆਂ ਬਹਾਦਰੀ ਦੀਆਂ ਕਹਾਣੀਆਂ ਤਕ ਦੀਆਂ ਗੱਲਾਂ ਜਦੋਂ ਉਹ ਬਿਆਨ ਕਰ ਰਿਹਾ ਸੀ, ਉਸ ਦੇ ਚਿਹਰੇ ਉਪਰ ਮਾਣ ਡੁੱਲ੍ਹ ਡੁੱਲ੍ਹ ਪੈ ਰਿਹਾ ਸੀ। ਜਦੋਂ ਮੈਂ ਪ੍ਰਾਪਤੀਆਂ ਦੀ ਤਾਰੀਫ਼ ਕੀਤੀ ਤਾਂ ਉਸ ਦੇ ਮੂੰਹ ‘ਤੇ ਲਾਲੀ ਦੌੜ ਗਈ। ਉਸ ਵਕਤ ਜਦੋਂ ਚਾਰੇ ਪਾਸੇ ਹਰ ਚੀਜ਼ ਪ੍ਰੇਸ਼ਾਨੀਆਂ ਦਾ ਹੜ੍ਹ ਬਣੀ ਹੋਈ ਸੀ, ਜਦੋਂ ਉਸ ਦਾ ਕਰੀਅਰ ਹੀ ਦਾਅ ‘ਤੇ ਲੱਗ ਚੁੱਕਾ ਸੀ, ਸ਼ਾਇਦ ਕਿਸੇ ਵਿਦੇਸ਼ੀ ਦੇ ਮੂੰਹੋਂ ਉਸ ਦੇ ਕੰਮਾਂ ਨੂੰ ਪ੍ਰਵਾਨਗੀ ਨੇ ਉਸ ਨੂੰ ਤਣਾਓ ਮੁਕਤ ਕਰ ਦਿੱਤਾ। ਜਦੋਂ ਅਸੀਂ ਇਸ ਬਨਾਉਟੀ ਕਵਾਇਦ ਵਿਚ ਮਸਰੂਫ਼ ਸੀ, ਸਾਨੂੰ ਅਦਰਕ ਵਾਲੀ ਚਾਹ ਪਿਆਈ ਗਈ।
ਇਸ ਮਿਲਣੀ ਨੇ ਫਾਟਕ ਚੌਪਟ ਖੋਲ੍ਹ ਦਿੱਤੇ। ਸਾਨੂੰ ਅਗਲੇ ਹਫ਼ਤੇ ਮਿਲਣ ਦਾ ਹੋਰ ਵਕਤ ਮਿਲ ਗਿਆ, ਪਰ ਗੱਲਬਾਤ ਵਿਚ ਕੁਝ ਅਜਿਹਾ ਵੀ ਸੀ ਜੋ ਵਧੇਰੇ ਆਸ ਬੰਨਾਊ ਸੀ; ਜਦੋਂ ਅਸੀਂ ਜਾਤ ਵਿਵਸਥਾ ਬਾਰੇ ਗੱਲ ਕਰ ਰਹੇ ਸੀ, ਖ਼ਾਸ ਕਰ ਕੇ ਉਨ੍ਹਾਂ ਬਾਰੇ ਜੋ ਪਛੜੀ ਸ਼੍ਰੇਣੀ ਨਾਲ ਸਬੰਧਤ ਹੋਣ ਦੇ ਬਾਵਜੂਦ ਬੁਲੰਦੀਆਂ ‘ਤੇ ਪਹੁੰਚਣ ਵਿਚ ਕਾਮਯਾਬ ਹੋ ਗਏ, ਸਿੰਘਲ ਨੇ ਅਜਿਹੇ ਬੰਦੇ ਦਾ ਜ਼ਿਕਰ ਕੀਤਾ ਜਿਸ ਨੂੰ ਉਸ ਨੇ ਆਪਣਾ ਗੁਰੂ ਕਿਹਾ। ਗੁਜਰਾਤ ਏæਟੀæਐਸ਼ ਦਾ ਸਾਬਕਾ ਮੁਖੀ ਰਾਜਨ ਪ੍ਰਿਯਾਦਰਸ਼ੀ ਜਿਸ ਦੇ ਲਈ ਉਸ ਦੇ ਮਨ ਵਿਚ ਬੇਹੱਦ ਸਤਿਕਾਰ ਸੀ। ਉਸ ਨੇ ਸਾਨੂੰ ਦੱਸਿਆ ਕਿ ਪ੍ਰਿਯਾਦਰਸ਼ੀ ਵੀ ਓæਬੀæਸੀæ ਸ਼੍ਰੇਣੀ ਨਾਲ ਸਬੰਧਤ ਸੀ ਅਤੇ ਉਹ ਸਾਡੀ ਦਸਤਾਵੇਜ਼ੀ ਫਿਲਮ ਤਰਾਸ਼ਣ ਅਤੇ ਇਸ ਨੂੰ ਭਵਿੱਖਨਕਸ਼ਾ ਦੇਣ ਵਿਚ ਸਹਾਈ ਹੋਵੇਗਾ। ਉਹ ਸਾਲ ਪਹਿਲਾਂ ਸੇਵਾ-ਮੁਕਤ ਹੋ ਗਿਆ ਸੀ ਅਤੇ ਆਪਣੇ ਪਰਿਵਾਰ ਨਾਲ ਅਹਿਮਦਾਬਾਦ ਵਿਚ ਰਹਿ ਰਿਹਾ ਸੀ। ਸ਼ਾਇਦ ਉਸ ਨੇ ਸਾਡੀ ਨੀਅਤ ਤਾੜ ਲਈ ਸੀ, ਉਸ ਨੇ ‘ਸਰ’ ਕੋਲ ਸਾਡੀ ਸਿਫ਼ਾਰਸ਼ ਕਰਨ ਦੀ ਪੇਸ਼ਕਸ਼ ਵੀ ਕੀਤੀ ਤਾਂ ਜੋ ਉਸ ਨੂੰ ਮਿਲਣ ਵਿਚ ਸਾਨੂੰ ਸੌਖ ਰਹੇ।
ਸਿੰਘਲ ਨਾਲ ਇਕ ਘੰਟਾ ਗੱਲਬਾਤ ਤੋਂ ਬਾਅਦ ਮੈਂ ਤੇ ਮਾਈਕ ਭਾਰੀ ਸੁਰੱਖਿਆ ਵਾਲੇ ਏæਟੀæਐਸ਼ ਸਦਰ-ਮੁਕਾਮ ਵਿਚੋਂ ਬਾਹਰ ਆ ਗਏ। ਅਸੀਂ ਦੋਵੇਂ ਖ਼ਾਮੋਸ਼ ਸੀ, ਤੇ ਸੁਰੱਖਿਆ ਗਾਰਡ ਕੋਲੋਂ ਗੁਜ਼ਰਨ ਸਮੇਂ ਅਸੀਂ ਉਸ ਨੂੰ ਨਮਸਕਾਰ ਕੀਤੀ ਜਿਸ ਨੇ ਹੁਣ ਸਾਨੂੰ ਦੇਖ ਕੇ ਚਿਹਰੇ ‘ਤੇ ਮੁਸਕਾਨ ਲੈ ਆਂਦੀ ਅਤੇ ਸਾਨੂੰ ਆਟੋ ਵੀ ਕਰ ਕੇ ਦਿੱਤਾ। ਇਕ ਕਿਲੋਮੀਟਰ ਜਾ ਕੇ ਅਸੀਂ ਇਕ ਦੂਜੇ ਵੱਲ ਦੇਖਿਆ ਅਤੇ ਮੁਸਕਰਾ ਪਏ।
‘ਗੱਲ ਸਹੀ ਪਾਸੇ ਜਾ ਰਹੀ ਹੈ, ਹੈ ਨਾ?’ ਮਾਈਕ ਪੁੱਛ ਰਿਹਾ ਸੀ।
ਮੈਂ ਸਿਰ ਹਿਲਾ ਕੇ ਹਾਮੀ ਭਰੀ।
ਅਗਲੇ ਕੁਝ ਦਿਨਾਂ ਲਈ ਅਸੀਂ ਸਿੰਘਲ ਨੂੰ ਛੁੱਟੀ ਦੇਣ ਦਾ ਫ਼ੈਸਲਾ ਕਰ ਲਿਆ; ਉਸ ਨੂੰ ਫ਼ੋਨ ਖੜਕਾਈ ਜਾਣਾ ਬੁਰਾ ਵੀ ਲੱਗਣਾ ਸੀ ਅਤੇ ਸ਼ੱਕੀ ਵੀ ਜਾਪਣਾ ਸੀ। ਇਸ ਦੌਰਾਨ ਅਸੀਂ ਉਸ ਨੂੰ ਕੁਝ ਟੈਕਸਟ ਮੈਸੇਜ ਭੇਜ ਕੇ ਇਹ ਦੱਸਦੇ ਰਹੇ ਕਿ ਉਸ ਬਾਰੇ ਅਸੀਂ ਕਿਹੋ ਜਿਹੀ ਜਾਣਕਾਰੀ ਲੱਭ ਲਈ ਸੀ ਅਤੇ ਨਾਲ ਹੀ ਇਹ ਕਿ ਅਸੀਂ ਸੂਬੇ ਪ੍ਰਤੀ ਉਸ ਦੀ ਸਮਰਪਣ ਭਾਵਨਾ ਤੇ ਵਚਨਬੱਧਤਾ ਤੋਂ ਕਿੰਨੇ ਪ੍ਰਭਾਵਿਤ ਸੀ। ਸਾਨੂੰ ਅਗਲੀ ਮਿਲਣੀ ਦਾ ਵਕਤ ਛੇਤੀ ਹੀ ਮਿਲ ਗਿਆ।
ਇਸ ਵਾਰ ਮੈਂ ਫ਼ੈਸਲਾ ਕੀਤਾ ਕਿ ਮਾਈਕ ਨੂੰ ਨਾਲ ਨਹੀਂ ਲਿਜਾਣਾ। ਸਿਆਸਤਦਾਨਾਂ ਨਾਲ ਇੰਟਰਵਿਊ ਕਰਦਿਆਂ ਜਾਂ ਅਫਸਰਾਂ ਨਾਲ ‘ਆਫ-ਦ-ਰਿਕਾਰਡ’ ਗੱਲਬਾਤ ਕਰਦਿਆਂ ਇਹ ਸਬਕ ਸਿੱਖਿਆ ਸੀ। ਇਹ ਲੋਕ ਹਮੇਸ਼ਾ ਉਦੋਂ ਹੀ ਸੌਖ ਮਹਿਸੂਸ ਕਰਦੇ ਜਦੋਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਥੋੜ੍ਹੇ ਜਣੇ ਹੁੰਦੇ ਅਤੇ ਕੋਈ ਜਣਾ ਬਸ ਸਹਿਜ ਨਾਲ ਨੋਟ ਕਰੀ ਜਾ ਰਿਹਾ ਹੁੰਦਾ। ਜਿਥੋਂ ਤਕ ਗੱਲਬਾਤ ਦੇ ਰਿਕਾਰਡ ਦਾ ਸਵਾਲ ਸੀ, ਉਸ ਦਿਨ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਤਿਆਰੀ ਵਿਚ ਸੀ। ਸਾਡੀ ਪਹਿਲੀ ਮਿਲਣੀ ਵਿਚ ਸਿੰਘਲ ਦੇ ਰਵੱਈਏ ਨਾਲ ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਅਗਲੀ ਮਿਲਣੀ ਵੱਡੇ ਖ਼ੁਲਾਸੇ ਕਰਨ ਵਾਲੀ ਹੋ ਸਕਦੀ ਸੀ।
ਮੈਨੂੰ ਨਿਰਾਸ਼ ਨਹੀਂ ਸੀ ਹੋਣਾ ਪਿਆ।
ਉਸ ਦੁਪਹਿਰ ਮੈਂ ਆਪਣਾ ਉਚੇਚੇ ਤੌਰ ‘ਤੇ ਬਣਵਾਇਆ ਹਰਾ ਕੁੜਤਾ ਚਾਰਜਿੰਗ ਪੁਆਇੰਟ ਤੋਂ ਲਾਹਿਆ। ਕੁੜਤੇ ਦੇ ਉਪਰਲੇ ਹਿੱਸੇ ਉਪਰ ਗੂੜ੍ਹੀ ਕਸ਼ਮੀਰੀ ਕਢਾਈ ਕੀਤੀ ਹੋਈ ਸੀ ਜਿਸ ਦੇ ਅੰਦਰ ਨਿੱਕਾ ਜਿਹਾ ਛੇਕ ਛੁਪਿਆ ਹੋਇਆ ਸੀ। ਇਹ ਉਸ ਖੁਫ਼ੀਆ ਕੈਮਰੇ ਦਾ ਪ੍ਰਵੇਸ਼ ਦੁਆਰ ਸੀ ਜੋ ਅੰਦਰਲੇ ਪਾਸੇ ਫਿੱਟ ਕੀਤਾ ਹੋਇਆ ਸੀ। ਪਤਲੀ ਜਿਹੀ ਤਾਰ ਹੇਠਾਂ ਤਕ ਜਾਂਦੀ ਸੀ ਜਿਸ ਨੂੰ ਨਿੱਕਾ ਜਿਹਾ ਬਟਨ ਲੱਗਿਆ ਹੋਇਆ ਸੀ। ਹਰ ਵਾਰ ਜਦੋਂ ਮੈਂ ਕੋਈ ਗੱਲ ਰਿਕਾਰਡ ਕਰਦੀ ਤਾਂ ਇਹ ਬਟਨ ਮੈਨੂੰ ਚਲਾਉਣਾ ਤੇ ਬੰਦ ਕਰਨਾ ਪੈਂਦਾ ਸੀ। ਇਹ ਜੋਖ਼ਮ ਵਾਲਾ ਕੰਮ ਸੀ, ਹਰ ਵਾਰ ਜਦੋਂ ਵੀ ਕੈਮਰੇ ਦਾ ਬਟਨ ਦਬਾ ਕੇ ਇਸ ਨੂੰ ਚਲਾਇਆ ਜਾਂਦਾ, ਲਾਲ ਰੋਸ਼ਨੀ ਜਗਦੀ ਸੀ। ਮੈਂ ਭਾਵੇਂ ਇਸ ਦਾ ਵਾਹਵਾ ਅਭਿਆਸ ਕਰ ਲਿਆ ਸੀ, ਫਿਰ ਵੀ ਹਮੇਸ਼ਾ ਖਦਸ਼ਾ ਰਹਿੰਦਾ ਸੀ ਕਿ ਰੋਸ਼ਨੀ ਜਗੀ ਵੀ ਹੈ ਜਾਂ ਨਹੀਂ। ਯਕੀਨੀ ਬਣਾਉਣ ਲਈ ਮੈਂ ਆਪਣਾ ਪੈੱਨ ਮੇਜ਼ ਤੋਂ ਹੇਠਾਂ ਡਿਗ ਜਾਣ ਦਿੰਦੀ। ਫਿਰ ਚੁੱਕਣ ਲਈ ਝੁਕਣ ਸਮੇਂ ਫਟਾਫਟ ਕੁੜਤੇ ਅੰਦਰ ਝਾਕ ਕੇ ਇਹ ਪਤਾ ਲਾ ਲੈਂਦੀ ਕਿ ਕੈਮਰੇ ਦੀ ਲਾਲ ਰੌਸ਼ਨੀ ਜਗ ਵੀ ਰਹੀ ਸੀ।
ਉਸ ਦਿਨ ਜਦੋਂ ਮੈਂ ਸਦਰ-ਮੁਕਾਮ ਦੇ ਅੰਦਰ ਕਦਮ ਰੱਖੇ, ਸੁਰੱਖਿਆ ਗਾਰਡ ਵਲੋਂ ਅੰਦਰ ਜਾਣ ਦੀ ਇਜਾਜ਼ਤ ਨੇ ਮੇਰਾ ਸਵਾਗਤ ਕੀਤਾ ਜਿਸ ਨੇ ਮੈਨੂੰ ਪਰਵਾਸੀ ਹਿੰਦੁਸਤਾਨੀ ਫਿਲਮਸਾਜ਼ ਨੂੰ ਝੱਟ ਪਛਾਣ ਲਿਆ ਸੀ (ਅਰਦਲੀ ਨੇ ਜ਼ਿਆਦਾਤਰ ਅਫ਼ਸਰਾਂ ਵਿਚ ਮੇਰੇ ਬਾਰੇ ਇਹੀ ਪ੍ਰਭਾਵ ਬਣਾਇਆ ਹੋਇਆ ਸੀ) ਅਤੇ ਉਸ ਨੇ ਪ੍ਰਸੰਨਤਾ ਦਿਖਾਉਂਦੇ ਹੋਏ ਪੁੱਛਿਆ ਸੀ- ‘ਮੈਡਮ, ਸ਼ੂਟਿੰਗ ਨਹੀਂ ਕਰੋਗੀ ਕਯਾ?’ ਮੈਂ ਸਿਰ ਹਿਲਾ ਕੇ ਹਾਮੀ ਭਰੀ ਕਿ ਛੇਤੀ ਹੀ ਕੰਮ ਸ਼ੁਰੂ ਕਰ ਦਿਆਂਗੀ।
ਮੈਂ ਇਸ ਉਮੀਦ ਨਾਲ ਸਿੰਘਲ ਦੇ ਕੈਬਿਨ ਵਿਚ ਦਾਖ਼ਲ ਹੋਈ ਕਿ ਖੁਸ਼ਮਿਜ਼ਾਜ ਹੈਲੋ ਨਾਲ ਮੇਰਾ ਸਵਾਗਤ ਕੀਤਾ ਜਾਵੇਗਾ, ਪਰ ਉਸ ਦੇ ਚਿਹਰੇ ਦੀ ਝਲਕ ਤੋਂ ਜ਼ਾਹਿਰ ਸੀ ਕਿ ਕੁਝ ਗ਼ਲਤ ਜ਼ਰੂਰ ਸੀ। ਉਹ ਕੋਈ ਵੀਡੀਓ ਫੁਟੇਜ ਦੇਖ ਰਿਹਾ ਸੀ ਜੋ ਉਸ ਨੂੰ ਦੇਖਣ ਲਈ ਦਿੱਤੀ ਗਈ ਸੀ, ਇਹ ਉਸ ਦੇ ਰਿਹਾਇਸ਼ੀ ਇਲਾਕੇ ਵਿਚ ਬਦਮਾਸ਼ਾਂ ਦੀ ਸਟਿੰਗ ਫੁਟੇਜ ਸੀ। ਏæਟੀæਐਸ਼ ਮੁਖੀ ਪੱਧਰ ਦੇ ਅਫਸਰ ਲਈ ਇਹ ਕੋਈ ਮੁੱਦਾ ਨਹੀਂ ਸੀ। ਇਹ ਕੋਈ ਹੋਰ ਗੱਲ ਸੀ, ਪੁਲਿਸ ਦੇ ਕੁਝ ਅਫਸਰ ਉਸ ਲਈ ਮੁਸ਼ਕਿਲ ਖੜ੍ਹੀ ਕਰ ਰਹੇ ਸਨ।
ਫਿਰ ਉਸ ਨੇ ਇਹ ਛੇਤੀ ਹੀ ਮੁਕਾ ਲਈ। ਉਹ ਆਪਣੇ ਖ਼ਾਸ ਖ਼ੁਸ਼ਮਿਜ਼ਾਜ ਅੰਦਾਜ਼ ਵਿਚ ਪਰਤ ਆਇਆ। ਉਹ ਜਾਣਨਾ ਚਾਹੁੰਦਾ ਸੀ ਕਿ ਮੈਂ ਹੋਰਨਾਂ ਤੋਂ ਉਸ ਦੇ ਬਾਰੇ ਪੁੱਛਗਿੱਛ ਕਰ ਲਈ ਸੀ, ਤੇ ਮੈਨੂੰ ਉਸ ਬਾਰੇ ਹਾਂ-ਪੱਖੀ ਰਿਪੋਰਟਾਂ ਮਿਲੀਆਂ ਸਨ। ਮੇਰੇ ਲਈ ਹੁਣ ਲਾਸ ਏਂਜਲਸ ਰਹਿੰਦੀ ਭੋਲੀਭਾਲੀ ਕੁੜੀ ਦੀ ਭੂਮਿਕਾ ਨਿਭਾਉਣ ਦਾ ਵੇਲਾ ਸੀ ਜਿਸ ਨੂੰ ਪਿੱਛੇ ਵਤਨ ਦੀ ਕੋਈ ਉਘ-ਸੁਘ ਨਹੀਂ ਸੀ। ਜੋ ਆਪਣੇ ਅੱਗੇ ਬੈਠੇ ਬੰਦੇ ਦੀ ਸ਼ਖਸੀਅਤ ਦੀ ਕੀਲੀ ਹੋਈ ਸੀ ਜਿਸ ਨੇ ਮੁਲਕ ਉਪਰ ਹੋਏ ਬਹੁਤ ਭਿਆਨਕ ਹਮਲੇ ਵਿਚ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ। ‘ਤੁਸੀਂ ਬਹੁਤ ਬਹਾਦਰ ਹੋ। ਅੱਛਾ, ਦਰਅਸਲ ਮੈਂ ਅਕਸ਼ਰਧਾਮ ਹਮਲੇ ਬਾਰੇ ਗੂਗਲ ਉਪਰ ਖੋਜ ਕੀਤੀ ਅਤੇ ਦੇਖਿਆ, ਬੜਾ ਹੈਰਾਨੀਜਨਕ ਸੀ।’ ਉਸ ਨੇ ਸਿਗਰਟ ਸੁਲਗਾਈ ਅਤੇ ਮੈਨੂੰ ਆਪਣੀ ਗੱਲ ਅੱਗੇ ਤੋਰਨ ਲਈ ਕਿਹਾ। ਜਦੋਂ ਇਹ ਗੁੱਥੀ ਖੁੱਲ੍ਹਣੀ ਸ਼ੁਰੂ ਹੋ ਗਈ, ਮੈਨੂੰ ਉਸ ਦੀ ਮੁਸ਼ਕਿਲਾਂ ਵਿਚ ਘਿਰੀ ਜ਼ਿੰਦਗੀ ਦੀ ਝਲਕ ਮਿਲ ਗਈ। ਜਵਾਬ ਜ਼ਿਆਦਾਤਰ ਭੇਤ ਭਰੇ ਸਨ; ਪਰ ਲੰਮੀ ਖ਼ਾਮੋਸ਼ੀ, ਘੋਖਵੀਂ ਤੇ ਪ੍ਰੇਸ਼ਾਨ ਤੱਕਣੀ ਨਾਲ ਮੇਜ਼ ਉਪਰ ਵੱਜਦੀਆਂ ਉਂਗਲਾਂ ਬੜਾ ਕੁਝ ਕਹਿ ਰਹੀਆਂ ਸਨ। ਮੈਂ ਤਾਂ ਸਿੰਘਲ ਤੋਂ ਇਹ ਉਮੀਦ ਕੀਤੀ ਸੀ ਕਿ ਉਹ ਬਹੁਤ ਬੋਚ ਕੇ ਆਪਣੇ ਖ਼ਿਆਲ ਜ਼ਾਹਿਰ ਕਰੇਗਾ ਅਤੇ ਸੰਕੋਚ ਨਾਲ ਜਵਾਬ ਦੇਵੇਗਾ, ਜਾਪਦਾ ਸੀ ਕਿ ਆਪਣੇ ਅੱਗੇ ਕਿਸੇ ਨੁਕਸਾਨ-ਰਹਿਤ ਮੁਲਾਕਾਤੀ ਦੇ ਬੈਠੀ ਹੋਣ ਦੀ ਕਲਪਨਾ ਨਾਲ ਉਸ ਦਿਨ ਉਹ ਇਸ ਕਦਰ ਖੁੱਲ੍ਹ ਗਿਆ ਸੀ।
ਮੈਂ ਉਸ ਦੇ ਘਰ ਜਾ ਕੇ ਉਸ ਦੇ ਪਰਿਵਾਰ ਅਤੇ ਉਸ ਦੇ ਬੱਚਿਆਂ ਤੇ ਪਤਨੀ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ‘ਅਰੇ ਰੱਬ ਦਾ ਵਾਸਤਾ ਈ, ਇਹ ਨਾ ਕਰਿਓ। ਉਹ ਪਹਿਲਾਂ ਹੀ ਮੁਸ਼ਕਿਲ ਵਿਚ ਨੇ। ਜੋ ਮੈਂ ਕਰਦਾ ਹਾਂ, ਉਨ੍ਹਾਂ ਨੂੰ ਪਸੰਦ ਨਹੀਂ। ਉਨ੍ਹਾਂ ਨੇ ਮੇਰੀ ਨੌਕਰੀ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲਿਸ ਦੀ ਕੋਈ ਗੱਡੀ ਘਰ ਆਉਂਦੀ ਹੈ, ਮੈਂ ਉਨ੍ਹਾਂ ਨੂੰ ਕਿਤੇ ਦੂਰ ਪਾਰਕ ਕਰਨ ਲਈ ਕਹਿ ਦਿੰਦਾ ਹਾਂ।’ ਛੇਤੀ ਹੀ ਉਸ ਨੇ ਮੁਕਾਬਲਿਆਂ ਦਾ ਜ਼ਿਕਰ ਕੀਤਾ ਜਿਸ ਨਾਲ ਮੇਰੇ ਲਈ ਉਸ ਨੂੰ ਇਸ ਬਾਰੇ ਸਵਾਲ ਕਰਨਾ ਸੌਖਾ ਹੋ ਗਿਆ। ਜਦੋਂ ਮੈਂ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਕਿਤਾਬ ਲਿਖ ਰਹੀ ਹਾਂ, ਸਿੰਘਲ ਨੇ ਸੀæਬੀæਆਈæ ਕੋਲ ਆਪਣੀ ਭੂਮਿਕਾ ਦਾ ਪਹਿਲਾਂ ਹੀ ਇਕਬਾਲ ਕਰ ਲਿਆ ਹੈ। ਨਿਰਾ ਏਨਾ ਹੀ ਨਹੀਂ, ਉਸ ਨੇ ਆਪਣੇ ਬਿਆਨਾਂ ਅਤੇ ਟੇਪ ਕੀਤੀ ਗੱਲਬਾਤ ਦੀਆਂ ਆਡੀਓ ਰਿਕਾਰਡਿੰਗ ਦੁਆਰਾ ਇਸ਼ਰਤ ਜਹਾਂ ਦੇ ਮਾਮਲੇ ਵਿਚ ਸੂਬੇ ਦੇ ਕਈ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਵੀ ਸਾਬਤ ਕਰ ਦਿੱਤੀ ਹੈ। ਗੁਜਰਾਤ ਹਾਈ ਕੋਰਟ ਵਲੋਂ ਨਾਮਜ਼ਦ ਕੀਤੀ ਸੀæਬੀæਆਈæ ਜਾਂਚ ਨੇ ਆਪਣੀ ਚਾਰਜਸ਼ੀਟ ਵਿਚ ਸਿੱਟਾ ਕੱਢਿਆ ਕਿ ਇਸ਼ਰਤ ਲਸ਼ਕਰ-ਏ-ਤਾਇਬਾ ਦੀ ਕਾਰਕੁਨ ਨਹੀਂ ਸੀ ਅਤੇ ਮੁਕਾਬਲਾ ਫਰਜ਼ੀ ਸੀ।
ਅਦਾਲਤ ਵਿਚ ਜੋ ਚਾਰਜਸ਼ੀਟ ਪੇਸ਼ ਕੀਤੀ ਗਈ, ਉਸ ਵਿਚ ਸਿੰਘਲ ਵਲੋਂ ਸੀæਬੀæਆਈæ ਨੂੰ ਦਿੱਤੀ ਗਵਾਹੀ ਨੂੰ ਧਿਆਨ ਵਿਚ ਰੱਖਿਆ ਗਿਆ ਸੀ। ਇਹ ਗ਼ੌਰ ਕਰਨਾ ਅਹਿਮ ਹੈ ਕਿ ਉਸ ਦਾ ਇਕਬਾਲੀਆ ਬਿਆਨ ਅਤੇ ਉਸ ਦੀ ਗ੍ਰਿਫ਼ਤਾਰੀ, ਉਸ ਦੇ ਵੱਡੇ ਪੁੱਤਰ ਹਾਰਦਿਕ ਦੀ ਬੇਵਕਤ ਮੌਤ ਤੋਂ ਛੇਤੀ ਬਾਅਦ ਵਾਪਰ ਗਏ ਜਿਸ ਬਾਰੇ ਸਿੰਘਲ ਨੇ ਮੇਰੇ ਨਾਲ ਮੁਲਾਕਾਤ ਵਿਚ ਬਹੁਤ ਮੋਹ ਨਾਲ ਜ਼ਿਕਰ ਕੀਤਾ ਸੀ। ਪ੍ਰੈਸ ਵਿਚ ਆਪਣੇ ਬਾਪ ਦੀ ਬਦਨਾਮੀ ਤੋਂ ਪ੍ਰੇਸ਼ਾਨ ਉਸ ਦੇ ਪੁੱਤਰ ਨੇ 2012 ਵਿਚ ਖ਼ੁਦਕੁਸ਼ੀ ਕਰ ਲਈ ਅਤੇ ਸਿੰਘਲ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਇਸ ਨੇ ਉਸ ਨੂੰ ਬਦਲ ਦਿੱਤਾ। ਉਸ ਬਾਰੇ ਤਾਜ਼ਾ ਖ਼ਬਰ ਇਹ ਹੈ ਕਿ ਉਸ ਨੇ ਪੁਲਿਸ ਮਹਿਕਮੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਸਰਕਾਰ ਵਲੋਂ ਉਸ ਨੂੰ ਅਸਤੀਫ਼ਾ ਵਾਪਸ ਲੈਣ ਲਈ ਪ੍ਰੇਰਨ ਦੇ ਬਾਵਜੂਦ ਉਸ ਨੇ ਇਨਕਾਰ ਕਰ ਦਿੱਤਾ ਹੈ।
(ਚਲਦਾ)