ਸੁਖਦੇਵ ਮਾਦਪੁਰੀ
ਫੋਨ: 91-94630-34472
ਲੋਕ ਗੀਤ ਪੰਜਾਬੀਆਂ ਦੇ ਜੀਵਨ ਵਿਚ ਮਿਸ਼ਰੀ ਵਾਂਗ ਘੁਲੇ ਹੋਏ ਹਨ। ਪੰਜਾਬ ਦਾ ਜਨ ਜੀਵਨ ਇਨ੍ਹਾਂ ਵਿਚ ਧੜਕਦਾ ਸਾਫ ਦਿਸ ਆਉਂਦਾ ਹੈ। ਲੋਕ ਗੀਤ ਕਿਸੇ ਵਿਸ਼ੇਸ਼ ਭੂਗੋਲਿਕ ਖਿੱਤੇ ਵਿਚ ਵਸਦੇ ਲੋਕਾਂ ਦੇ ਹਾਵ-ਭਾਵ, ਉਦਗਾਰਾਂ, ਖੁਸ਼ੀਆਂ ਅਤੇ ਗਮੀਆਂ ਦਾ ਪ੍ਰਗਟਾਵਾ ਹੀ ਨਹੀਂ ਬਲਕਿ ਉਨ੍ਹਾਂ ਦੇ ਸਭਿਆਚਾਰਕ ਅਤੇ ਸਮਾਜਕ ਜੀਵਨ ਦੀ ਗਾਥਾ ਵੀ ਹਨ। ਸਮੇਂ ਦਾ ਸੱਚ ਅਤੇ ਇਤਿਹਾਸ ਵੀ ਇਨ੍ਹਾਂ ਵਿਚ ਵਿਦਮਾਨ ਹੁੰਦਾ ਹੈ।
ਪੰਜਾਬੀ ਲੋਕ ਮਾਨਸ ਨੇ ਜਿੱਥੇ ਆਪਣੇ ਹਾਵ-ਭਾਵ ਦੇ ਪ੍ਰਗਟਾਵੇ ਲਈ ਲੋਕ ਗੀਤਾਂ ਦੀ ਸਿਰਜਣਾ ਕੀਤੀ ਹੈ, ਉਥੇ ਆਪਣੇ ਗੁਰੂਆਂ, ਪੀਰਾਂ-ਫਕੀਰਾਂ, ਸੂਰਬੀਰ ਯੋਧਿਆਂ ਅਤੇ ਲੋਕ ਨਾਇਕਾਂ ਨੂੰ ਵੀ ਆਪਣੀ ਦਿਲ ਤਖਤੀ ‘ਤੇ ਬਿਠਾ ਕੇ ਬੇਪਨਾਹ ਮੁਹੱਬਤ ਅਤੇ ਅਕੀਦਤ ਨਾਲ ਗਾਵਿਆ ਹੈ। ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਦੀ ਤਲਿੱਸਮੀ ਸ਼ਖਸੀਅਤ, ਅਦੁੱਤੀ ਕੁਰਬਾਨੀ ਅਤੇ ਮਨੁੱਖਤਾ ਦੇ ਭਲੇ ਲਈ ਪਾਏ ਯੋਗਦਾਨ ਨੂੰ ਲੋਕ ਮਾਨਸ ਨੇ ਅਪਣੀ ਦ੍ਰਿਸ਼ਟੀ ਤੋਂ ਪੇਸ਼ ਕਰਨ ਲਈ ਅਨੇਕਾਂ ਲੋਕ ਗੀਤ ਸਿਰਜੇ ਹਨ।
ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜਿੱਥੇ ਇਕ ਮਹਾਨ ਯੋਧੇ ਸਨ, ਉਥੇ ਉਹ ਇੱਕ ਪ੍ਰਬੁਧ ਵਿਦਵਾਨ, ਵਿਚਾਰਵਾਨ ਅਤੇ ਚਿੰਤਕ ਵੀ ਸਨ। ਸਦੀਆਂ ਦਾ ਇਤਿਹਾਸ ਉਨ੍ਹਾਂ ਦੇ ਸਾਹਮਣੇ ਸੀ, ਸੈਂਕੜੇ ਵਰ੍ਹਿਆਂ ਤੋਂ ਸਮਾਜਿਕ, ਰਾਜਸੀ ਅਤੇ ਮਾਨਸਿਕ ਗੁਲਾਮੀ ਭੋਗ ਰਹੀ ਜਨਤਾ ਦੀ ਮਾਨਸਿਕਤਾ ਨੂੰ ਬਦਲ ਕੇ ਉਨ੍ਹਾਂ ਵਿਚ ਸਵੈ-ਵਿਸ਼ਵਾਸ਼, ਆਤਮ ਨਿਰਭਰਤਾ, ਨਿਡਰਤਾ, ਅਣਖ, ਸਵੈਮਾਨ ਅਤੇ ਮਨੋਬਲ ਨੂੰ ਬਲਵਾਨ ਰੱਖਣ ਦੀ ਭਾਵਨਾ ਦਾ ਸੰਚਾਰ ਕਰਨਾ ਅਹਿਮ ਸੀ। ਗੁਰੂ ਜੀ ਨੇ ਉਨ੍ਹਾਂ ਦੀ ਸੋਚ ਅਤੇ ਗੁਲਾਮਾਂ ਵਾਲੀ ਮਾਨਸਿਕਤਾ ਨੂੰ ਬਦਲਣ ਲਈ ਕਈ ਇਕ ਇਤਿਹਾਸਕ ਅਤੇ ਇਨਕਲਾਬੀ ਕਦਮ ਚੁੱਕੇ। ਖਾਲਸਾ ਪੰਥ ਦੀ ਸਾਜਨਾ ਉਨ੍ਹਾਂ ਵੱਲੋਂ ਪੁੱਟਿਆ ਗਿਆ ਪਹਿਲਾ ਇਤਿਹਾਸਕ ਕਦਮ ਸੀ। ਇਹ ਸੰਸਾਰ ਦੇ ਇਤਿਹਾਸ ਵਿਚ ਵਾਪਰੀ ਅਜਿਹੀ ਅਹਿਮ ਘਟਨਾ ਹੈ ਜਿਸ ਨੇ ਸਿੱਖ ਜਗਤ ਵਿਚ ਨਵੀਂ ਚੇਤਨਾ ਜਗਾਈ ਅਤੇ ਉਨ੍ਹਾਂ ਨੂੰ ਵਿਲੱਖਣ ਤੇ ਵੱਖਰੀ ਪਛਾਣ ਦੇ ਕੇ, ਜਾਤਾਂ-ਪਾਤਾਂ ਦਾ ਭੇਦ ਮਿਟਾ ਕੇ, ਸਦਾ ਚੜ੍ਹਦੀ ਕਲਾ ਵਿਚ ਰਹਿਣ, ਨਿਤਾਣਿਆਂ ਦਾ ਤਾਣ ਬਣਨ ਅਤੇ ਹੱਕ ਸੱਚ ਲਈ ਜੂਝਣ ਦਾ ਸਕੰਲਪ ਦਿੱਤਾ।
ਖਾਲਸੇ ਦੀ ਸਾਜਨਾ ਸਦਕਾ ਹਜ਼ਾਰਾਂ ਸ਼ਰਧਾਲੂ ਸਿੰਘ ਸਜੇ। ਲੋਕ ਮਾਨਸ ਨੇ ਇਸ ਕਾਰਜ ਨੂੰ ਭਵ ਸਾਗਰ ਪਾਰ ਕਰਾਉਣ ਵਾਲੇ ਜਹਾਜ਼ ਦੇ ਰੂਪਕ ਵਜੋਂ ਪੇਸ਼ ਕੀਤਾ ਹੈ:
ਸਾਡੇ ਗੁਰਾਂ ਨੇ ਜਹਾਜ਼ ਬਣਾਇਆ
ਆ ਜਾਓ ਜਿਸ ਪਾਰ ਲੰਘਣਾ।
ਚਲਦਾ ਹੈ ਬਿਨ ਬੰਬੇ
ਨਸੀਬਾਂ ਵਾਲੇ ਚੜ੍ਹ ਜਾਣਗੇ
ਰਹਿ ਜਾਣਗੇ ਨਕਰਮਣ ਬੰਦੇ।
ਗੁਰੂ ਗੋਬਿੰਦ ਸਿੰਘ ਦੇ ਜਾਹੋ-ਜਲਾਲ ਦਾ ਜਨ ਸਧਾਰਨ ‘ਤੇ ਡੂੰਘਾ ਪ੍ਰਭਾਵ ਸੀ। ਉਨ੍ਹਾਂ ਦੀ ਸਮੁੱਚੀ ਸ਼ਖਸੀਅਤ ਬਾਰੇ ਇਕ ਚਰਚਿਤ ਲੋਕ ਗੀਤ ਹੈ ਜੋ ਅਕਸਰ ਉਨ੍ਹਾਂ ਦੇ ਜਨਮ ਦਿਹਾੜੇ ਅਤੇ ਸਿੱਖ ਰਹੁ-ਰੀਤਾਂ ਅਨੁਸਾਰ ਹੋ ਰਹੇ ਵਿਆਹ ਸਮਾਗਮਾਂ ‘ਤੇ ਸਿੱਖ ਸੰਗਤਾਂ ਵੱਲੋਂ ਸ਼ਰਧਾਪੂਰਵਕ ਗਾਇਆ ਜਾਂਦਾ ਹੈ:
ਨੀਲਾ ਘੋੜਾ ਬਾਂਕਾ ਜੋੜਾ
ਹੱਥ ਵਿਚ ਬਾਜ ਸਜਾਏ ਨੇ।
ਚਲੋ ਸਿੰਘੋ ਚਲ ਦਰਸ਼ਨ ਕਰੀਏ
ਗੁਰੂ ਗੋਬਿੰਦ ਸਿੰਘ ਆਏ ਨੇ।
ਜਨਮ ਜਿਨ੍ਹਾਂ ਦਾ ਪਟਨੇ ਸਾਹਿਬ ਦਾ
ਮਾਤਾ ਗੁਜਰੀ ਜਾਏ ਨੇ।
ਚਲੋ ਸਿੰਘੋ ਚਲ ਦਰਸ਼ਨ ਕਰੀਏ
ਗੁਰੂ ਗੋਬਿੰਦ ਸਿੰਘ ਆਏ ਨੇ।
ਸੰਗਤਾਂ ਹੁੰਮ-ਹੁੰਮਾ ਕੇ ਗੁਰ ਦਰਸ਼ਨਾਂ ਲਈ ਵਹੀਰਾਂ ਘੱਤ ਲੈਂਦੀਆਂ ਹਨ:
ਦਰਸ਼ਨ ਦੇਹ ਗੁਰ ਮੇਰੇ
ਸੰਗਤਾਂ ਆਈਆਂ ਦਰਸ਼ਨ ਨੂੰ।
ਕਲਗੀਆਂ ਵਾਲੇ ਦੇ ਦਰਸ਼ਨ ਕਰਕੇ ਸੰਗਤਾਂ ਗਦ-ਗਦ ਹੋ ਜਾਂਦੀਆਂ ਹਨ। ਉਨ੍ਹਾਂ ਦੀ ਖੁਸ਼ੀ ਝੱਲੀ ਨਹੀਂ ਜਾਂਦੀ।
ਮੈਂ ਬਲਿਹਾਰੇ ਜਾਵਾਂ ਕਲਗੀਆਂ ਵਾਲੇ ਤੋਂ।
21-22 ਦਸੰਬਰ 1704 ਦੀ ਰਾਤ ਨੂੰ ਔਰੰਗਜ਼ੇਬ ਦੇ ਭਰੋਸੇ ‘ਤੇ ਅਨੰਦਗੜ੍ਹ ਦਾ ਕਿਲਾ ਛੱਡ ਕੇ ਗੁਰੂ ਗੋਬਿੰਦ ਸਿੰਘ ਦਾ ਮਾਲਵਾ ਖੇਤਰ ਵੱਲ ਨੂੰ ਜਾਣਾ ਅਤੇ ਮੁਗਲ ਫੌਜਾਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਅਚਾਨਕ ਸਰਸਾ ਨਦੀ ਦੇ ਕੰਡੇ ‘ਤੇ ਹਮਲਾ ਕਰਨ ਕਾਰਨ ਆਪਣੇ ਪਰਿਵਾਰ ਨਾਲੋਂ ਵਿਛੜਨਾ, ਚਮਕੌਰ ਦੀ ਜੰਗ ਵਿਚ ਆਪਣੇ ਹੱਥੀ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਦੇ ਜਾਮ ਪਿਲਾ ਕੇ ਸ਼ਹੀਦ ਕਰਵਾਉਣਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਹਿਨਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੂਬਾ ਸਰਹਿੰਦ ਵੱਲੋਂ ਨੀਂਹਾਂ ਵਿਚ ਜ਼ਿੰਦਾ ਚਿਣ ਕੇ ਸ਼ਹੀਦ ਕਰਨਾ, ਗੁਰੂ ਗੋਬਿੰਦ ਸਿੰਘ ਦੇ ਜੀਵਨ ਵਿਚ ਵਾਪਰੀਆਂ ਸੰਵੇਦਨਸ਼ੀਲ ਅਤੇ ਅਹਿਮ ਘਟਨਾਵਾਂ ਹਨ ਜਿਨ੍ਹਾਂ ਨੇ ਜਨ ਸਾਧਾਰਨ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਤਿੰਨ ਸਦੀਆਂ ਬੀਤਣ ਪਿਛੋਂ ਵੀ ਸਿੱਖ ਕੌਮ ਦੇ ਜ਼ਖਮ ਅੱਲੇ ਹਨ। ਲੋਕ ਮਾਨਸ ਨਿਮ ਅੱਖਾਂ ਨਾਲ ਸ਼ਰਧਾਪੂਰਵਕ ਗੁਰੂ ਅੱਗੇ ਅਰਜੋਈ ਕਰਦਾ ਹੈ:
ਸੱਚ ਦੱਸ ਕਲਗੀ ਵਾਲਿਆ
ਕਿੱਥੇ ਛੱਡ ਆਇਐਂ ਲਾਲ ਪਿਆਰੇ।
ਗੁਰੂ ਜੀ ਅਡੋਲ ਅਤੇ ਸ਼ਾਂਤ ਚਿਤ ਆਪਣੇ ਆਸਣ ‘ਤੇ ਬਰਾਜਮਾਨ ਹਨ। ਪੁੱਤਾਂ ਦੇ ਵਿਆਹ ਮਾਪਿਆਂ ਲਈ ਖੁਸ਼ੀ ਦੇ ਅਵਸਰ ਪ੍ਰਦਾਨ ਕਰਦੇ ਹਨ-ਲੋਕ ਮਾਨਸ ਉਨ੍ਹਾਂ ਦੇ ਮਨ ਦੀ ਵੇਦਨਾ ਆਪ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੌਤ ਰਾਣੀ ਨੂੰ ਵਿਆਹੁਣ ਦੇ ਪ੍ਰਤੀਕ ਵਜੋਂ ਪੇਸ਼ ਕਰਕੇ ਆਪਣੀ ਸੰਵੇਦਨਸ਼ੀਲਤਾ ਦਾ ਇਜ਼ਹਾਰ ਕਰਦਾ ਹੈ। ਕਿੰਨਾ ਦਰਦ ਹੈ ਇਨ੍ਹਾਂ ਬੋਲਾਂ ਵਿਚ:
ਲਾਲ ਤੇਰੇ ਜੰਞ ਚੜ੍ਹਗੇ
ਜੰਞ ਚੜ੍ਹਗੇ ਮੌਤ ਵਾਲੀ ਘੋੜੀ।
ਗੁਰੂ ਗੋਬਿੰਦ ਸਿੰਘ ਦੀ ਚਰਨ ਛੂਹ ਪ੍ਰਾਪਤ ਅਸਥਾਨਾਂ ਪਟਨਾ ਸਾਹਿਬ, ਆਨੰਦਪੁਰ ਸਾਹਿਬ, ਪਾਉਂਟਾ ਸਾਹਿਬ, ਮਾਛੀਵਾੜਾ ਸਾਹਿਬ, ਚਮਕੌਰ ਸਾਹਿਬ, ਮੁਕਤਸਰ ਸਾਹਿਬ ਅਤੇ ਤਲਵੰਡੀ ਸਾਬੋ ਆਦਿ ਅਨੇਕਾਂ ਸਥਾਨਾਂ ‘ਤੇ ਉਨ੍ਹਾਂ ਦੀ ਯਾਦਗਾਰ ਵਜੋਂ ਸੁਸ਼ੋਭਿਤ ਇਤਿਹਾਸਕ ਗੁਰਧਾਮਾਂ ‘ਤੇ ਸੈਂਕੜੇ ਸ਼ਰਧਾਲੂ ਹਰ ਰੋਜ਼ ਨਤਮਸਤਕ ਹੋ ਕੇ ਜਿੱਥੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹਨ, ਉਥੇ ਉਨ੍ਹਾਂ ਦਾ ਗੁਣ-ਗਾਣ ਵੀ ਕਰਦੇ ਹਨ:
ਜਿੱਥੇ ਬੈਠਗੇ ਕਲਗੀਆਂ ਵਾਲੇ
ਧਰਤੀ ਨੂੰ ਭਾਗ ਲਗ’ਗੇ।
ਲੋਕ ਗੀਤਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀਆਂ ਘਟਨਾਵਾਂ ਨਾਲ ਸਬੰਧਤ ਅਨੇਕਾਂ ਸਾਖੀਆਂ ਅਤੇ ਲੋਕ ਕਥਾਵਾਂ ਮੌਖਿਕ ਰੂਪ ਵਿਚ ਪ੍ਰਚਲਿਤ ਹਨ ਜਿਨ੍ਹਾਂ ਨੂੰ ਸਾਂਭਣ ਤੇ ਇਤਿਹਾਸਕ ਦ੍ਰਿਸ਼ਟੀ ਤੋਂ ਵਾਚਣ ਦੀ ਬੇਹੱਦ ਲੋੜ ਹੈ। ਇਹ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਅਤੇ ਲੋਕ ਧਾਰਾ ਦਾ ਅਨਿੱਖੜਵਾਂ ਅੰਗ ਹਨ।